ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਹੋਰ ਅਹੁਦੇਦਾਰ ਗੁਰਦੁਆਰਾ ਰਕਾਬਗੰਜ ਵਿਖੇ ਮੀਡੀਆ ਨਾਲ ਗੱਲ ਕਰਦੇ ਹੋਏ

ਸਿਆਸੀ ਖਬਰਾਂ

1984 ਸਿੱਖ ਕਤਲੇਆਮ: ਦਿੱਲੀ ਕਮੇਟੀ ਨੇ ਕੇਜਰੀਵਾਲ ‘ਤੇ ਜਗਦੀਸ਼ ਟਾਈਟਲਰ ਨੂੰ ਬਚਾਉਣ ਦੇ ਲਾਏ ਦੋਸ਼

By ਸਿੱਖ ਸਿਆਸਤ ਬਿਊਰੋ

October 27, 2017

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ 1984 ਸਿੱਖ ਕਤਲੇਆਮ ਦੇ ਦੋਸ਼ੀ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਕਾਨੂੰਨੀ ਪੁਸ਼ਤਪਨਾਹੀ ਦੇਣ ਦਾ ਗੰਭੀਰ ਦੋਸ਼ ਲਾਏ ਹਨ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਕੜਕੜਡੂਮਾ ਕੋਰਟ ਵੱਲੋਂ ਹਥਿਆਰ ਡੀਲਰ ਤੇ ਟਾਈਟਲਰ ਦੇ ਪੁਰਾਣੇ ਕਰੀਬੀ ਅਭਿਸ਼ੇਕ ਵਰਮਾ ਦਾ ਪਾੱਲੀਗ੍ਰਾਫ ਟੈਸਟ ਕਰਵਾਉਣ ਦਾ ਸੀ.ਬੀ.ਆਈ. ਨੂੰ ਆਦੇਸ਼ ਦਿੱਤਾ ਗਿਆ ਸੀ। ਜਿਸਤੋਂ ਬਾਅਦ ਸੀ.ਬੀ.ਆਈ. ਅਧਿਕਾਰੀ ਇਮਰਾਨ ਆਸ਼ਿਕ ਨੇ ਵਰਮਾ ਨੂੰ 24 ਤੋਂ 27 ਅਕਤੂਬਰ ਦੇ ਵਿਚਕਾਰ ਪਾੱਲੀਗ੍ਰਾਫ ਟੈਸਟ ਕਰਵਾਉਣ ਲਈ ਦਿੱਲੀ ਸਰਕਾਰ ਦੀ ਰੋਹਿਣੀ ਵਿਖੇ ਫਾਰਿੰਸਕ ਸਾਈਂਸ ਲੈਬ ’ਚ ਜਾਣ ਲਈ ਕਿਹਾ ਸੀ।

ਜੀ.ਕੇ. ਨੇ ਦੱਸਿਆ ਕਿ ਲੈਬ ਦੇ ਵਿਗਿਆਨਕਾਂ ਤੇ ਤਕਨੀਸ਼ੀਅਨਾਂ ਨੇ ਵਰਮਾਂ ਦੇ ਨਾਲ ਗੈਰ-ਵਿਵਹਾਰਿਕ ਤੇ ਪੱਖਪਾਤੀ ਵਿਹਾਰ ਕਰਦੇ ਹੋਏ ਲਗਾਤਾਰ 2 ਦਿਨਾਂ ਤਕ ਵਰਮਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ “ਟਾਈਟਲਰ ਦੇ ਖਿਲਾਫ ਇਨ੍ਹੇ ਸਾਲਾਂ ਦੇ ਬਾਅਦ ਤੁਹਾਡੇ ਬੋਲਣ ਦੇ ਪਿੱਛੇ ਕੀ ਸੋਚ ਹੈ, ਤੁਸੀਂ ਟਾਈਟਲਰ ਦੇ ਪਿੱਛੇ ਕਿਉਂ ਪਏ ਹੋਏ ਹੋ, ਸਾਨੂੰ ਸਮਝ ਨਹੀਂ ਆ ਰਿਹਾ ਹੈ।” ਜੀ.ਕੇ. ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਦੀ ਸ਼ਹਿ ‘ਤੇ ਟਾਈਟਲਰ ਨੂੰ ਬਚਾਉਣ ਲਈ ਵਰਮਾ ਨੂੰ ਮਾਨਸਿਕ ਤੌਰ ‘ਤੇ ਇਨ੍ਹਾਂ ਪਰੇਸ਼ਾਨ ਕੀਤਾ ਗਿਆ ਕਿ ਸੀ.ਬੀ.ਆਈ. ਦੇ ਜਾਂਚ ਅਧਿਕਾਰੀ ਨੂੰ 26 ਅਕਤੂਬਰ ਨੂੰ ਲਿਖੇ ਪੱਤਰ ਵਿਚ ਵਰਮਾ ਨੇ 27 ਅਕਤੂਬਰ ਨੂੰ ਲੈਬ ਵਿਚ ਹਾਜ਼ਰ ਹੋਣ ’ਚ ਹੀ ਅਸਮਰਥਤਾ ਜ਼ਾਹਿਰ ਕਰ ਦਿੱਤੀ।

ਜੀ.ਕੇ. ਨੇ ਕਿਹਾ ਕਿ ਵਰਮਾ ਵੱਲੋਂ ਇਸ ਸੰਬੰਧ ਵਿਚ ਦਿੱਲੀ ਕਮੇਟੀ ਨੂੰ ਵੀ ਰਾਤ ਈ-ਮੇਲ ਜਰੀਏ ਸਾਰੀ ਜਾਣਕਾਰੀ ਦੇਣ ਦੇ ਨਾਲ ਹੀ ਕੋਰਟ ਵਿਚ ਵੀ ਲੈਬ ਦੇ ਵਿਗਿਆਨਕਾਂ ਦੇ ਪੱਖਪਾਤੀ ਵਿਹਾਰ ਖਿਲਾਫ ਅਰਜੀ ਦਾਇਰ ਕਰ ਦਿੱਤੀ ਹੈ। ਜਿਸ ’ਚ ਵਰਮਾ ਨੇ ਕੋਰਟ ਨੂੰ ਉਨ੍ਹਾਂ ਦੀ ਲੈਬ ਵਿਚ ਹੋਈ ਗੱਲਬਾਤ ਦਾ ਬਿਉਰਾ ਲੈਬ ਤੋਂ ਮੰਗਣ ਦੀ ਗੁਹਾਰ ਲਗਾਈ ਹੈ। ਵਰਮਾ ਨੇ ਪਟੀਸ਼ਨ ’ਚ ਕੋਰਟ ਵੱਲੋਂ ਨਿਯੁਕਤ ਕਮੇਟੀ ਦੇ ਸਾਹਮਣੇ ਦਿੱਲੀ ਦੇ ਰੋਗਾਂ ਦੇ ਮਾਹਿਰ ਡਾਕਟਰ ਦੀ ਮੌਜੂਦਗੀ ’ਚ ਨਵੇਂ ਸਿਰੇ ਤੋਂ ਪਾੱਲੀਗ੍ਰਾਫ਼ ਟੈਸਟ ਕਰਵਾਉਣ ਦੀ ਬੇਨਤੀ ਕੀਤੀ ਹੈ। ਜੀ.ਕੇ. ਨੇ ਵਰਮਾ ਕੋਲ ਟਾਈਟਲਰ ਦੇ ਕਈ ਲੁਕੇ ਰਾਜ ਹੋਣ ਦਾ ਦਾਅਵਾ ਕਰਦੇ ਹੋਏ ਵਰਮਾ ਦਾ ਪਾੱਲੀਗ੍ਰਾਫ ਟੈਸਟ ਏਮਸ ਵਰਗੇ ਕਿਸੇ ਵਡੇ ਅਦਾਰੇ ਵਿਚ ਕਰਵਾਉਣ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ 1984 ‘ਚ ਭਾਰਤ ਦੀ ਰਾਜਧਾਨੀ ਦਿੱਲੀ ਸਣੇ ਭਾਰਤ ਦੇ ਹੋਰ ਸ਼ਹਿਰਾਂ ‘ਚ ਯੋਜਨਾਬੱਧ ਤਰੀਕੇ ਨਾਲ ਸਰਕਾਰੀ ਸਰਪ੍ਰਸਤੀ ਹੇਠ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। 33 ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਸਗੋਂ ਕਤਲੇਆਮ ਦੇ ਜ਼ਿੰਮੇਵਾਰ ਦੋਸ਼ੀ ਸੱਤਾ ਵਿਚ ਆਪਣੀ ਪਹੁੰਚ ਸਦਕਾ ਉੱਚੇ ਅਹੁਦਿਆਂ ਦਾ ਅਨੰਦ ਮਾਣਦੇ ਰਹੇ। ਇਸ ਦੌਰਾਨ ਸਰਕਾਰ ਭਾਵੇਂ ਕਾਂਗਰਸ, ਬਾਦਲ-ਭਾਜਪਾ ਜਾਂ ਤੀਜਾ ਮੋਰਚਾ (ਜਨਤਾ ਦਲ, ਕਮਿਊਨਿਸਟਾਂ) ਆਦਿ ਕਿਸੇ ਵੀ ਸਿਆਸੀ ਦਲ ਦੀ ਰਹੀ ਹੋਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: