ਪਟਿਆਲਾ (22 ਅਗਸਤ, 2010)
ਕਰਮਜੀਤ ਸਿੰਘ ਚੰਡੀਗੜ੍ਹ
ਹਰੇਕ ਸ਼ਰਧਾਂਜਲੀ ਸਮਾਗਮ ਵਿਚ ਭਾਵੇਂ ਹਰ ਵਰਗ ਦੇ ਲੋਕ ਅਤੇ ਆਗੂ ਸ਼ਾਮਲ ਹੁੰਦੇ ਹਨ ਪਰ 22 ਅਗਸਤ ਨੂੰ ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਅੰਤਿਮ ਅਰਦਾਸ ਦੇ ਮੌਕੇ ਹੋਇਆ ਬੇਮਿਸਾਲ ਇਕੱਠ ਆਮ ਸ਼ਰਧਾਂਜਲੀ ਸਮਾਗਮਾਂ ਨਾਲੋਂ ਕਈ ਪੱਖਾਂ ਤੋਂ ਵਿਸ਼ੇਸ਼ ਵੀ ਸੀ ਤੇ ਵੱਖਰਾ ਵੀ। ਇਹ ਗੱਲ ਅੰਤਿਮ ਅਰਦਾਸ ਵਿਚ ਜੁੜੇ ਰਾਜਨੀਤਕ ਰੁਝਾਨਾਂ ਨੂੰ ਵੇਖਣ ਤੇ ਪਰਖਣ ਵਾਲੇ ਸੁਚੇਤ ਵਿਅਕਤੀਆਂ ਨੇ ਮਹਿਸੂਸ ਵੀ ਕੀਤੀ ਅਤੇ ਸਵੀਕਾਰ ਵੀ ਕੀਤੀ। ਪਰ ਕੁਝ ਹਲਕੇ ਇਸ ਰੁਝਾਨ ਨੂੰ ਪੰਚ ਪ੍ਰਧਾਨੀ ਦੀ ਵੱਧ ਰਹੀ ਲੋਕਪ੍ਰਿਯਤਾ ਨਾਲ ਜੋੜ ਕੇ ਵੀ ਵੇਖ ਰਹੇ ਸਨ ਅਤੇ ਇਸ ਪਾਰਟੀ ਦੇ ਰੌਸ਼ਨ ਭਵਿੱਖ ਵਰਗੀਆਂ ਗੱਲਾਂ ਕਰਨ ਦਾ ਵੀ ਦਾਅਵਾ ਕਰ ਰਹੇ ਸਨ।
ਇਹ ਇਸ ਕਰਕੇ ਵੀ ਵੱਖਰਾ ਤੇ ਵਿਸ਼ੇਸ਼ ਸੀ ਕਿਉਂਕਿ ਇਕ ਤਾਂ ਭਾਈ ਸੁਰਿੰਦਰਪਾਲ ਸਿੰਘ ਠਰੂਆ ਜੁਝਾਰੂ ਲਹਿਰ ਦੇ ਉਨ੍ਹਾਂ ਚੋਟੀ ਦੇ ਆਗੂਆਂ ਵਿਚੋਂ ਇਕ ਸੀ ਜੋ ਕਰੀਬ 18 ਮਹੀਨੇ ਪੁਲਿਸ ਦੀ ਗੈਰਕਾਨੂੰਨੀ ਹਿਰਾਸਤ ਵਿਚ ਰਹਿ ਕੇ ਅਤੇ ਆਪਣੇ ਸਰੀਰ ’ਤੇ ਪੁਲਿਸ ਦਾ ਭਾਰੀ ਤਸ਼ੱਦਦ ਝੱਲ ਕੇ ਸੰਘਰਸ਼ ਵਿਚੋਂ ਕੁੰਦਨ ਬਣ ਕੇ ਨਿਕਲਿਆ ਸੀ। ਇਸ ਤੋਂ ਇਲਾਵਾ ਜੇਲ ਤੋਂ ਰਿਹਾਈ ਤੋਂ ਮਗਰੋਂ ਉਹ ਨਾ ਤਾਂ ਚੁੱਪ ਕਰਕੇ ਬੈਠਾ, ਨਾ ਹੀ ਵਕਤ ਦੇ ਹਾਕਮਾਂ ਅੱਗੇ ਸਿਰ ਝੁਕਾਇਆ, ਨਾ ਹੀ ਤਾਨਿਆਂ-ਮਿਹਣਿਆਂ ਵਿਚ ਸਮਾਂ ਬਰਬਾਦ ਕੀਤਾ, ਜਿਵੇਂ ਕਿ ਲਹਿਰ ਦੇ ਡਿੱਗਣ ਪਿਛੋਂ ਕਈ ਵੀਰ ਇਹੋ ਜਿਹੇ ਕੰਮਾਂ ਵਿਚ ਖੁਭ ਗਏ ਸਨ ਅਤੇ ਅਜੇ ਵੀ ਖੁਭੇ ਹੋਏ ਹਨ। ਪਰ ਉਨ੍ਹਾਂ ਵੀਰਾਂ ਨੂੰ ਤਰਸ ਵਾਲੀ ਨਿਗ੍ਹਾ ਨਾਲ ਵੇਖਿਆ ਜਿਹੜੇ ‘ਦੂਜੇ ਪਾਸੇ’ ਖੇੜਿਆਂ ਦਾ ਭੱਠ ਝੋਕਣ ਲੱਗ ਪਏ ਸਨ।
ਦਸਮੇਸ਼ ਪਿਤਾ ਦੇ ਹੁਕਮ ਅਨੁਸਾਰ ਭਾਈ ਸੁਰਿੰਦਰਪਾਲ ਸਿੰਘ ਅੰਤ ਤੱਕ ‘ਯਾਰੜੇ ਦੇ ਸੱਥਰ’ ਅੱਗੇ ਹੀ ਸੀਸ ਨਿਵਾਉਂਦਾ ਰਿਹਾ ਅਤੇ ਉਸ ਕੋਲੋਂ ਹੀ ਅਸੀਸਾਂ ਮੰਗਦਾ ਰਿਹਾ।
ਭਾਈ ਸੁਰਿੰਦਰਪਾਲ ਸਿੰਘ ਨੇ ਬੁਰੀ ਤਰ੍ਹਾਂ ਖਿੰਡ ਚੁੱਕੀ ਲਹਿਰ ਨੂੰ ਮੁੜ ਪੈਰਾਂ ਉਤੇ ਖੜਾ ਕੀਤਾ ਅਤੇ ਇਸ ਲਹਿਰ ਨੂੰ ਰਾਜਨੀਤਕ ਤੇ ਬੌਧਿਕ ਰੰਗ ਦੇਣ ਵਿਚ ਇਤਿਹਾਸਕ ਰੋਲ ਅਦਾ ਕੀਤਾ। ਬੇਵਿਸ਼ਵਾਸ਼ੀ ਅਤੇ ਅਣਗਿਣਤ ਵਿਰੋਧਤਾਈਆਂ ਨਾਲ ਭਰੇ ਗੁੰਝਲਦਾਰ ਅਤੇ ਉਲਟ ਮਾਹੌਲ ਵਿਚ ਉਸ ਦੀ ਇਹ ਪ੍ਰਾਪਤੀ ਇਤਿਹਾਸ ਵਿਚ ਯਾਦ ਰੱਖੀ ਜਾਏਗੀ ਕਿ ਉਸ ਨੇ ਜੁਝਾਰੂ ਲਹਿਰ ਪਿਛੇ ਲੁਕੀ ਭਾਵਨਾ, ਉਸ ਦੇ ਅੰਤਰੀਵ ਜਜ਼ਬਿਆਂ ਅਤੇ ਹਥਿਆਰਬੰਦ ਜੰਗ ਸ਼ੁਰੂ ਕਰਨ ਦੇ ਠੋਸ ਕਾਰਨਾਂ ਅਤੇ ਮਨੋਰਥਾਂ ਨੂੰ ਰਾਜਨੀਤਕ ਅਤੇ ਬੌਧਿਕ ਸ਼ਬਦਾਵਲੀ ਪ੍ਰਦਾਨ ਕਰਨ ਲਈ ਕੋਈ ਕਸਰ ਨਾ ਛੱਡੀ ਤੇ ਇੰਜ ਲਹਿਰ ਦੀਆਂ ਟੁੱਟ ਚੁਕੀਆਂ ਕੜੀਆਂ ਨੂੰ ਰਾਜਨੀਤਕ ਕੜੀਆਂ ਨਾਲ ਜੋੜਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਆਪ੍ਰਸੰਗਕ ਬਣਾ ਦਿੱਤੀ ਲਹਿਰ ਨੂੰ ਸਾਰਥਿਕ ਅਰਥ ਮਿਲਣ ਲੱਗੇ।
ਇਹ ਇਕੱਠ ਇਕ ਹੋਰ ਪਹਿਲੂ ਤੋਂ ਵੀ ਵਰਣਨਯੋਗ ਹੈ, ਕਿਉਂਕਿ ਜੁਝਾਰੂ ਲਹਿਰ ਦੇ ਗੈਰ-ਸਰਗਰਮ, ਖਾਮੋਸ਼, ਥੱਕ ਚੁੱਕੇ, ਹਾਰੇ ਹੋਏ, ਉਦਾਸ ਅਤੇ ਢੇਰੀ ਢਾਹ ਚੁੱਕੇ ਵੀਰਾਂ ਨੇ ਵੀ ਹੁੰਮ ਹੁਮਾ ਕੇ ਇਸ ਉਮੀਦ ਨਾਲ ਇਸ ਸਮਾਗਮ ਵਿਚ ਹਾਜ਼ਰੀ ਲੁਆਈ ਤਾਂ ਜੋ ਸੁਰਿੰਦਰ ਪਾਲ ਸਿੰਘ ਦੀ ਰੂਹ ਨਾਲ ਜੁੜ ਕੇ ਅਤੇ ਭੁੱਲੀਆਂ ਵਿਸਰੀਆਂ ਯਾਦਾਂ ਨੂੰ ਤਾਜ਼ਾ ਕਰਕੇ ਆਪਣੀ ਗੁੰਮ ਹੋ ਚੁੱਕੀ ਜ਼ਮੀਰ ਨੂੰ ਮੁੜ ਲੱਭਿਆ ਜਾਵੇ। ਅਜਿਹਾ ਕਰਕੇ ਸ਼ਾਇਦ ਉਹ ਕਿਸੇ ਹੱਦ ਤੱਕ ਪਸ਼ਚਾਤਾਪ ਦੇ ਅਮਲ ਵਿਚੋਂ ਵੀ ਲੰਘ ਰਹੇ ਸਨ ਅਤੇ ਨਾਲ ਹੀ ਸਿੱਖ ਕੌਮ ਦੇ ਭਵਿੱਖ ਨਾਲ ਵੀ ਆਪਣਾ ਟੁੱਟਿਆ ਰਿਸ਼ਤਾ ਜੋੜਨਾ ਚਾਹੁੰਦੇ ਸਨ। ਇਕ ਸਾਬਕਾ ਖਾੜਕੂ ਤੇ ਹੁਣ ਬੁੱਧੀਜੀਵੀਆਂ ਵਿਚ ਗਿਣੇ ਜਾਣ ਵਾਲੇ ਇਸ ਵੀਰ ਨੇ ਇਹੋ ਜਿਹੀ ਮਨੋਵਿਗਿਆਨਕ ਅਤੇ ਅੰਤਰ ਵਿਰੋਧਤਾ ਨਾਲ ਭਰੀ ਹਾਲਤ ’ਤੇ ਕੁਝ ਇਸ ਤਰ੍ਹਾਂ ਦੀ ਟਿੱਪਣੀ ਕੀਤੀ: ‘ਇਹ ਉਹ ਬੇਚੈਨ ਰੂਹਾਂ ਹਨ ਜਿਨ੍ਹਾਂ ਅੰਦਰ ਚਾਹੁੰਦਿਆਂ ਹੋਇਆਂ ਵੀ ਹੁਣ ਜਾਗਣ ਤੇ ਜਗਣ ਦੀ ਹਿੰਮਤ ਨਹੀਂ । ਤੇਲ ਮੁੱਕ ਗਿਆ ਹੈ ਅਤੇ ਇਹ ਸਾਰੇ ਬੁਝ ਰਹੇ ਚਿਰਾਗ ਹੀ ਤਾਂ ਹਨ।’
ਪਰ ਇਕ ਨੁਕਤਾ ਹੋਰ ਵੀ ਹੈ ਜਿਸ ਨਾਲ ਇਹ ਇਕੱਠ ਭਰਵਾਂ ਹੋ ਗਿਆ। ਉਹ ਇਹ ਸੀ ਕਿ ਭਾਈ ਸੁਰਿੰਦਰ ਪਾਲ ਸਿੰਘ ਦੇ ਨਿੱਘੇ ਸੁਭਾਅ ਕਾਰਨ ਉਸ ਦਾ ਘੇਰਾ ਰਾਜਨੀਤਕ, ਸਭਿਆਚਾਰਕ ਅਤੇ ਧਾਰਮਿਕ ਸਮਾਜ ਦੀਆਂ ਅਨੇਕ ਪਰਤਾਂ ਤੱਕ ਵੀ ਫੈਲਿਆ ਹੋਇਆ ਸੀ। ਇਸ ਤੋਂ ਬਿਨਾਂ ਉਨ੍ਹਾਂ ਦੇ ਜਿਗਰੀ ਯਾਰਾਂ ਦੀ ਵੀ ਇਕ ਲੰਮੀ ਕਤਾਰ ਸੀ। ਇਥੋਂ ਤੱਕ ਉਸ ਦੀ ਪੰਮੀ ਬਾਈ ਵਰਗੇ ਗਾਇਕਾਂ ਨਾਲ ਵੀ ਗੂੜ੍ਹੀ ਸਾਂਝ ਸੀ ਜਿਹੜੇ ਉਸ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆਏ। ਅਮਰੀਕਾ ਤੋਂ ਉਸ ਦੇ ਚਾਰ ਦੋਸਤ ਵੀ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਸਨ।
ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੇ ਪੈਰੋਲ ’ਤੇ ਆਉਣ ਦੀ ਖ਼ਬਰ ਨੇ ਵੀ ਪਾਰਟੀ ਕੁਰਕੁੰਨਾਂ ਵਿਚ ਉਤਸ਼ਾਹ ਪੈਦਾ ਕਰ ਦਿਤਾ ਅਤੇ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਇਕੱਠ ਨੂੰ ਬੇਮਿਸਾਲ ਬਣਾਉਣ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ। ਇਸ ਤੋਂ ਇਹ ਪ੍ਰਭਾਵ ਵੀ ਪੈਂਦਾ ਸੀ ਕਿ ਪਾਰਟੀ ਦਾ ਅੰਦਰੂਨੀ ਢਾਂਚਾ ਅਜੇ ਵੀ ਮਜ਼ਬੂਤ ਹੈ ਅਤੇ ਪਾਰਟੀ ਵਰਕਰਾਂ ਵਿਚ ਜੋਸ਼ ਅਤੇ ਉਤਸ਼ਾਹ ਹੋਰ ਵੱਧ ਰਿਹਾ ਹੈ, ਹਾਲਾਂਕਿ ਪਾਰਟੀ ਨੂੰ ਖਿਡਾਉਣ ਲਈ ਸਰਕਾਰ ਨੇ ਅਸਿੱਧੇ ਅਤੇ ਸਿੱਧੇ ਯਤਨ ਕਰਨ ਲਈ ਪੂਰੀ ਵਾਹ ਲਾਈ ਹੋਈ ਸੀ।
ਭਾਈ ਦਲਜੀਤ ਸਿੰਘ ਬਿੱਟੂ ਨੇ ਵਿਸ਼ੇਸ਼ ਹਦਾਇਤ ਕੀਤੀ ਹੋਈ ਸੀ ਕਿ ਇਸ ਇਕੱਠ ਵਿਚ ਭਾਈ ਸੁਰਿੰਦਰ ਪਾਲ ਸਿੰਘ ਦੀ ਸਖ਼ਸ਼ੀਅਤ ਅਤੇ ਰੋਲ ਨੂੰ ਧੜਿਆਂ ਅਤੇ ਸੌੜੀਆਂ ਰਾਜਨੀਤੀਆਂ ਤੋਂ ਉਪਰ ਉਠ ਕੇ ਪੇਸ਼ ਕੀਤਾ ਜਾਵੇ ਅਤੇ ਪੰਚ ਪ੍ਰਧਾਨੀ ਦਾ ਕੋਈ ਵੀ ਆਗੂ ਭਾਸ਼ਣ ਨਾ ਦੇਵੇ ਅਤੇ ਕੇਵਲ ਇਕ ਆਗੂ ਹੀ ਅਖੀਰ ਵਿਚ ਸੰਗਤਾਂ ਦਾ ਧੰਨਵਾਦ ਕਰੇ। ਭਾਈ ਸਾਹਿਬ ਨੇ ਆਪ ਕੋਈ ਤਕਰੀਰ ਨਹੀਂ ਕੀਤੀ। ਪਾਰਟੀ ਦੇ ਸਕੱਤਰ ਜਨਰਲ ਸ. ਹਰਪਾਲ ਸਿੰਘ ਚੀਮਾ ਨੇ ਪੂਰੇ ਸਲੀਕੇ ਅਤੇ ਸੰਜਮ ਵਿਚ ਰਹਿ ਕੇ ਆਈ ਹੋਈ ਸੰਗਤ ਦਾ ਤੇ ਹੋਰ ਅਹਿਮ ਆਗੂਆਂ ਦਾ ਨਾਮ ਲੈ ਕੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਕੱਠ ਵਿਚ ਸੁਰਿੰਦਰ ਪਾਲ ਸਿੰਘ ਦੀ ਪਤਨੀ ਬੀਬੀ ਸਰਤਾਜ ਕੌਰ ਦੀ ਭਰਪੂਰ ਪ੍ਰਸੰਸ਼ਾ ਕੀਤੀ ਗਈ ਜਿਨ੍ਹਾਂ ਨੇ ਸੁਰਿੰਦਰ ਪਾਲ ਸਿੰਘ ਦੀ ਬੀਮਾਰੀ ਦੌਰਾਨ ਪੂਰੇ ਦੋ ਸਾਲ ਤਨਦੇਹੀ ਨਾਲ ਅਣਥੱਕ ਸੇਵਾ ਕੀਤੀ ਅਤੇ ਭਾਈ ਸਾਹਿਬ ਦਾ ਹਾਲ ਪੁੱਛਣ ਆਏ ਮਹਿਮਾਨਾਂ ਦੀ ਆਓ ਭਗਤ ਕਰਨ ਲਈ ਕਦੇ ਵੀ ਮੱਥੇ ’ਤੇ ਵੱਟ ਨਹੀਂ ਪਾਇਆ। ਸੁਖਦੇਵ ਸਿੰਘ ਢੀਂਡਸਾ ਅਤੇ ਸਤਨਾਮ ਸਿੰਘ ਬਹਿਰੂ ਦੇ ਭਾਸ਼ਣਾਂ ਦੀ ਸਰੋਤਿਆਂ ਨੇ ਵਿਸ਼ੇਸ਼ ਪ੍ਰਸ਼ੰਸ਼ਾ ਕੀਤੀ।
ਬਾਦਲ ਦਲ ਦੇ ਦੋ ਸੀਨੀਅਰ ਆਗੂ ਸ. ਸੁਖਦੇਵ ਸਿੰਘ ਢੀਂਡਸਾਂ ਅਤੇ ਸ. ਬਲਵਿੰਦਰ ਸਿੰਘ ਸੈਫਦੀਪੁਰ ਨੇ ਭਾਵਪੂਰਤ ਸ਼ਬਦਾਂ ਵਿਚ ਸੁਰਿੰਦਰ ਪਾਲ ਸਿੰਘ ਦੀਆਂ ਪੰਥਕ ਸੇਵਾਵਾਂ ਦੀ ਪ੍ਰਸੰਸ਼ਾ ਕੀਤੀ ਜਦਕਿ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਸਤਨਾਮ ਸਿੰਘ ਬਹਿਰੂ ਨੇ ਸ. ਸੁਰਿੰਦਰ ਪਾਲ ਸਿੰਘ ਵਲੋਂ ਕੌਮ ਪ੍ਰਤੀ ਕੀਤੀਆਂ ਘਾਲਣਾਵਾਂ ਦੀ ਸ਼ਲਾਘਾ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਉਤੇ ਪਾਏ ਝੂਠੇ ਕੇਸਾਂ ਨੂੰ ਵਾਪਸ ਲੈਣ ਦੀ ਵੀ ਮੰਗ ਕੀਤੀ। ਜੁਝਾਰੂ ਜਥੇਬੰਦੀਆਂ ਤੋਂ ਇਲਾਵਾ ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਸੁਖਵਿੰਦਰ ਸਿੰਘ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਭਾਸ਼ਣਾਂ ਨੇ ਸ਼ਰਧਾਂਜਲੀ ਸਮਾਗਮ ਨੂੰ ਧਾਰਮਿਕ ਰੰਗ ਵਿਚ ਰੰਗ ਕੀਤਾ। ਦਮਦਮੀ ਟਕਸਾਲ ਦੇ ਜਥੇਦਾਰ ਬਾਬਾ ਹਰਨਾਮ ਸਿੰਘ ਅਚਾਨਕ ਕਿਸੇ ਰੁਕਾਵਟ ਕਾਰਨ ਹਾਜ਼ਰੀ ਨਹੀਂ ਭਰ ਸਕੇ ਪਰ ਉਨ੍ਹਾਂ ਨੇ ਆਪਣੇ ਇਕ ਵਿਸ਼ੇਸ਼ ਪ੍ਰਤੀਨਿਧ ਭਾਈ ਕਸ਼ਮੀਰ ਸਿੰਘ ਰਾਹੀਂ ਸ਼ੋਕ ਸੰਦੇਸ਼ ਭੇਜਿਆ।
ਜਿਨ੍ਹਾਂ ਨੇ ਹਾਜ਼ਰੀ ਭਰੀ
ਇਸ ਮੌਕੇ ਉੱਤੇ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ, ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਚੇਅਰਮੈਨ, ਯੂਥ ਡਿਵੈਲਪਮੈਂਟ ਬੋਰਡ, ਸ. ਚਰਨ ਸਿੰਘ ਲੁਹਾਰਾ ਆਲ ਇੰਡੀਆ ਟਰਾਂਸਪੋਰਟ ਦਾ ਆਗੂ, ਪ੍ਰੋ. ਜਗਦੀਸ਼ ਸਿੰਘ ਮੁਕੇਰੀਆਂ, ਡਾ. ਗੁਰਤਰਨ ਸਿੰਘ, ਪ੍ਰੋ. ਹਰਪਾਲ ਸਿੰਘ ਪੰਨੂ, ਗਿਆਨੀ ਸੁਖਦੇਵ ਸਿੰਘ (ਮੁੱਖ ਗ੍ਰੰਥੀ, ਗੁ: ਦੂਖ ਨਿਵਾਰਨ ਸਾਹਿਬ) ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਫਤਿਹਗੜ੍ਹ ਸਾਹਿਬ, ਸੁਖਵਿੰਦਰ ਸਿੰਘ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ, ਸ. ਹਰਮਿੰਦਰ ਸਿੰਘ ਹਰਜੀ, ਸ. ਗੁਰਦੀਪ ਸਿੰਘ ਕਾਲਾ ਝਾੜ, ਸ. ਨਿਰਮਲ ਸਿੰਘ ਘਰਾਚੋਂ, ਸ. ਨਿਸ਼ਾਨ ਸਿੰਘ ਘੜਾਮ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਜਸਪਾਲ ਸਿੰਘ ਢਿੱਲੋ ਹਿਉਮਨ ਰਾਈਟਸ ਐਂਡ ਡੈਮੋਕਰੇਸੀ ਫੋਰਮ, ਸ. ਬਲਵਿੰਦਰ ਸਿੰਘ ਬੋਪਾਰਾਏ (ਐਮ. ਡੀ. ਰੋਜ਼ਾਨਾ ਪਹਿਰੇਦਾਰ), ਸ. ਗੁਰਮੀਤ ਸਿੰਘ ਰਾਣਾ ਸਿੱਖ ਯੂਥ ਆਫ ਅਮਰੀਕਾ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇ ਵਾਲਾ, ਬਾਬਾ ਬਲਜੀਤ ਸਿੰਘ ਦਾਦੂਵਾਲਾ, ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਕੰਵਰਪਾਲ ਸਿੰਘ ਬਿੱਟੂ, ਸਤਿਨਾਮ ਸਿੰਘ ਪਾਉਂਟਾ, ਸਰਬਜੀਤ ਸਿੰਘ ਘੁਮਾਣ ਦਲ ਖਾਲਸਾ, ਪ੍ਰੋ. ਕੁਲਬੀਰ ਸਿੰਘ ਢਿੱਲੋਂ (ਡੀਨ ਵਿਦਿਆਰਥੀ ਭਲਾਈ ਪੰਜਾਬੀ ਯੂਨੀਰਸਿਟੀ, ਪਟਿਆਲਾ) ਸ. ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਸਰਬਜੀਤ ਸਿੰਘ ਸੋਹਲ (ਸਾਬਕਾ ਫੈਡਰੇਸ਼ਨ ਆਗੂ), ਮਨਜੀਤ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ (ਭੋਮਾ), ਜਗਰੂਪ ਸਿੰਘ ਚੀਮਾ (ਜਨਰਲ ਸਕੱਤਰ, ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ – ਪੀਰ ਮੁਹੰਮਦ), ਸ. ਕੁਲਵੰਤ ਸਿੰਘ ਕੰਵਲ, ਸ. ਕੁਲਵੰਤ ਸਿੰਘ ਬਾਈ (ਤਖਾਣਬੱਧ), ਸ. ਭੋਲਾ ਸਿੰਘ ਅੰਮ੍ਰਿਤਸਰ, ਡਾ. ਭਗਵਾਨ ਸਿੰਘ, ਭਾਈ ਰਣਜੀਤ ਸਿੰਘ ਕੁੱਕੀ, ਭਾਈ ਸੁਖਮਿੰਦਰ ਸਿੰਘ ਸੁਖੀ, ਭਾਈ ਗੁਰਸ਼ਰਨ ਸਿੰਘ ਗਾਮਾ, ਸ. ਸਰੂਪ ਸਿੰਘ ਬਿਸ਼ਰਾਮਪੁਰ, ਜਥੇਦਾਰ ਮਾਨ ਸਿੰਘ ਲੁਧਿਆਣਾ, ਸ. ਪਰਮਜੀਤ ਸਿੰਘ ਮੰਡੌਲੀ, ਭਾਈ ਕੰਵਰ ਸਿੰਘ ਧਾਮੀ, ਐਡਵੋਕੇਟ ਨਵਕਿਰਨ ਸਿੰਘ, ਐਡਵੋਕੇਟ ਪੂਰਨ ਸਿੰਘ ਹੁੰਦਲ, ਸ. ਨਵਤੇਜ ਸਿੰਘ ਹਨੀ, ਸ. ਬੀਰਇੰਦਰਪਾਲ ਸਿੰਘ ਸ਼ਨੀ, ਸ. ਮਨਜੀਤ ਸਿੰਘ ਬੰਬ, ਸ. ਜਗੀਰ ਸਿੰਘ ਬਡਾਲਾ, ਸ. ਰਾਜਵਿੰਦਰ ਸਿੰਘ ਰਾਜੂ, ਬੀਬੀ ਸੋਹਣਜੀਤ ਕੌਰ ਮਾਤਾ ਗੁਜਰੀ ਟ੍ਰਸਟ ਕੱਲਰ ਭੈਣੀ, ਬਾਬਾ ਨਛੱਤਰ ਸਿੰਘ, ਬੀਬੀ ਸੰਦੀਪ ਕੌਰ ਭਾਈ ਧਰਮ ਸਿੰਘ ਟ੍ਰਸਟ, ਭਾਈ ਬਲਜੀਤ ਸਿੰਘ ਖਾਲਸਾ ਸੰਪਾਦਕ ‘ਖਾਲਸਾ ਫਤਿਹਨਾਮਾ’, ਸ. ਮਨਪ੍ਰੀਤ ਸਿੰਘ ਦਿੱਲੀ, ਪੰਜਾਬੀ ਗਾਇਕ ਪੰਮੀ ਬਾਈਵ ਅਤੇ ਸੁਖਵਿੰਦਰ ਸੁੱਖੀ, ਸ. ਬਲਵਿੰਦਰ ਸਿੰਘ ਸੈਫਦੀਪੁਰ, ਸ. ਹਰਜਿੰਦਰ ਸਿੰਘ ਮਾਂਗਟ, ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸ. ਅਨੂਪ ਸਿੰਘ ਸੰਧੂ, ਸ. ਹਰਭਜਨ ਸਿੰਘ ਕਸ਼ਮੀਰੀ, ਸ. ਹਰਭਜਨ ਸਿੰਘ ਭਾਈ ਘਨਈਆ ਸੇਵਾ ਮਿਸ਼ਨ, ਸ. ਰਜਿੰਦਰ ਸਿੰਘ ਖਾਲਸਾ ਪੰਚਾਇਤ, ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ, ਭਾਈ ਹਰਪਾਲ ਸਿੰਘ ਚੀਮਾ, ਕੁਲਬੀਰ ਸਿੰਘ ਬੜਾ ਪਿੰਡ, ਭਾਈ ਦਇਆ ਸਿੰਘ ਕੱਕੜ, ਸ. ਕਮਿੱਕਰ ਸਿੰਘ ਮਕੰਦਪੁਰ, ਸ. ਬਲਦੇਵ ਸਿੰਘ ਸਿਰਸਾ, ਸ. ਬਲਵਿੰਦਰ ਸਿੰਘ ਝਬਾਲ, ਸ. ਸੁਰਿੰਦਰ ਸਿੰਘ ਕਿਸ਼ਨਪੁਰਾ, ਸ. ਅਮਰੀਕ ਸਿੰਘ ਈਸੜੂ, ਸ. ਗੁਰਮੀਤ ਸਿੰਘ ਗੋਗਾ, ਸ. ਸੰਤੋਖ ਸਿੰਘ ਸਲਾਣਾ, ਸ. ਸੁਖਦੇਵ ਸਿੰਘ ਡੋਡ, ਸ. ਰਾਜਪਾਲ ਸਿੰਘ ਹਰਦਿਆਲੇਆਣਾ, ਸ. ਜਸਵੰਤ ਸਿੰਘ ਰਾਮਗੜ੍ਹ, ਸ. ਜਰਨੈਲ ਸਿੰਘ ਨਵਾਂਸ਼ਹਿਰ, ਸ. ਦਲਜੀਤ ਸਿੰਘ ਮੋਲਾ, ਸ. ਸਤਨਾਮ ਸਿੰਘ ਭਾਰਾਪੁਰ, ਸ. ਪਰਮਜੀਤ ਸਿੰਘ ਮੁੱਲਾਪੁਰ, ਸ. ਹਰਪ੍ਰੀਤ ਸਿੰਘ ਹੈਪੀ, ਸ. ਦਰਸ਼ਨ ਸਿੰਘ ਭੁੱਲਰ (ਭਰਾਤਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ) ਸ. ਸੇਵਕ ਸਿੰਘ (ਸਿੱਖ ਸ਼ਹਾਦਤ), ਸ. ਪਰਮਜੀਤ ਸਿੰਘ ਗਾਜ਼ੀ (ਸਿੱਖ ਸਟੂਡੈਂਟਸ ਫੈਡਰੇਸ਼ਨ) ਅਤੇ ਸ. ਮੱਖਣ ਸਿੰਘ ਗੰਢੂਆਂ ਤੋਂ ਇਲਾਵਾ ਸ. ਅਵਤਾਰ ਸਿੰਘ ਬਲਿੰਗ, ਸ. ਹਰਪ੍ਰੀਤ ਸਿੰਘ (ਮੁੱਕੇਬਾਜ਼ੀ ਕੋਚ), ਸ. ਜਸਵੰਤ ਸਿੰਘ (ਮੁੱਕੇਬਾਜ਼ੀ ਕੋਚ), ਸ. ਦਲਬੀਰ ਸਿੰਘ (ਫੁੱਟਬਾਲ ਕੋਚ) ਸਮਤੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੇ ਅਨੇਕਾ ਦੋਸਤ-ਮਿੱਤਰ ਅਤੇ ਸੁਨੇਹੀ ਹਾਜ਼ਰ ਹੋਏ।
ਜਿਨ੍ਹਾਂ ਨੇ ਸ਼ੋਕ ਮਤੇ ਅਤੇ ਸੰਦੇਸ਼ ਭੇਜੇ
ਪੰਜਾਬ ਅਤੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਹਰਨੇਕ ਸਿੰਘ ਭੱਪ, ਭਾਈ ਬਲਬੀਰ ਸਿੰਘ ਮੌਲਵੀਵਾਲਾ, ਭਾਈ ਜਸਵੀਰ ਸਿੰਘ ਮਾਣਕੀ, ਭਾਈ ਪਰਮਜੀਤ ਸਿੰਘ ਢਾਡੀ, ਭਾਈ ਪਲਵਿੰਦਰ ਸਿੰਘ ਛਤਰਾਣਾ, ਐਡਵੋਕੇਟ ਜਸਪਾਲ ਸਿੰਘ ਨੇ ਆਪਣਾ ਸੰਦੇਸ਼ ਪੰਚ ਪ੍ਰਧਾਨੀ ਦੇ ਦਫਤਰ ਸਕੱਤਰ ਸ. ਮੇਜਰ ਸਿੰਘ ਰਾਹੀਂ ਭੇਜਿਆ। ਇਸ ਤੋਂ ਬਿਨਾ ਡਾ. ਅਮਰਜੀਤ ਸਿੰਘ (ਖਾਲਸਤਾਨ ਅਫੇਅਰਜ਼ ਸੈਂਟਰ), ਡਾ. ਪ੍ਰਿਤਪਾਲ ਸਿੰਘ (ਕੋਆਰਡੀਨੇਟਰ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ), ਸ. ਇਕਬਾਲ ਸਿੰਘ ਟਿਵਾਣਾ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਮਾਨ), ਸ. ਹਰਚਰਨ ਸਿੰਘ ਬੁਰਜਹਰੀ ਮੈਂਬਰ ਸ਼੍ਰੋਮਣੀ ਕਮੇਟੀ, ਸ. ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ, ਬਾਬਾ ਹਰਦੀਪ ਸਿੰਘ ਮਹਿਰਾਜ, ਸ. ਰਾਮ ਸਿੰਘ ਢਪਾਲੀ, ਬਲਜਿੰਦਰ ਸਿੰਘ ਬੀਰ (ਮਾਨਸਾ), ਜਗਮੀਤ ਸਿੰਘ ਸਹੋਤਾ ਸਾਬਕਾ ਪ੍ਰਧਾਨ ਮਿਊਂਸੀਪਲ ਕੌਂਸਲ, ਗੋਬਿੰਦਗੜ੍ਹ, ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਅਤੇ ਬਾਬਾ ਹਰਦੇਵ ਸਿੰਘ ਵੱਲੋਂ ਵੀ ਸ਼ੋਕ ਮਤੇ ਭੇਜੇ ਗਏ।

SURINDERPAL SINGH WAS A REAL HERO IN OUR KOAM. [...]
ਭਾਈ ਸੁਰਿੰਦਰਪਾਲ ਸਿੰਘ ਠਰੂਆ ਇੱਕ ਅਜਿਹਾ ਅਡੋਲ ਪਰਵਤ ਸੀ ਜਿਸ ਨੂੰ ਵੱਡੇ ਤੋਂ ਵੱਡੇ ਭੁਚਾਲ ਵੀ ਨਾ ਡੁਲਾ ਸਕੇ। ਖਾੜਕੂ ਸੰਘਰਸ਼ ਮੌਕੇ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਅਤੇ ਸੀ. ਆਰ. ਪੀ. ਐਫ. ਨੇ ਡੇਢ ਸਾਲ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਅਕਹਿ ਸਰੀਰਕ ਅਤੇ ਮਾਨਸਿਕ ਤਸ਼ੱਦਦ ਕੀਤਾ ਗਿਆ। ਪੁਲਿਸ ਨੂੰ ਪਤਾ ਸੀ ਕਿ ਭਾਈ ਠਰੂਆ ਕੋਲ ਚੋਟੀ ਦੇ ਖਾੜਕੂਆਂ ਬਾਰੇ ਪੂਰੀ ਜਾਣਕਾਰੀ ਹੈ, ਪਰ ਉਹ ਭਾਈ ਠਰੂਆਂ ਕੋਈ ਜਾਣਕਾਰੀ ਵੀ ਨਾ ਹਾਸਿਲ ਕਰ ਸਕੇ। ਉਸ ਨੂੰ ਪੁਲਿਸ ਨੇ ਮਾਰਨ ਲਈ ਪੰਜ ਵਾਰ ਮਨ ਬਣਾ ਲਿਆ ਸੀ, ਪਰ ਅਕਾਲ ਪੁਰਖੁ ਦੀ ਐਸੀ ਬਖਸ਼ਿਸ਼ ਹੁੰਦੀ ਰਹੀ ਕਿ ਐਨ ਆਖਰੀ ਮੌਕੇ ਪੁਲਿਸ ਨੂੰ ਉਸ ਨੂੰ ਮਾਰਨ ਦਾ ਵਿਚਾਰ ਬਦਲਣਾ ਪੈਦਾ।
ਭਾਈ ਸਾਹਿਬ ਦੇ ਦਿਦਾਰ ਰੋਗੀਆਂ ਦੇ ਰੋਗ ਕੱਟ ਦਿੰਦੇ ਸਨ ਤੇ ਦਲਿੱਦਰ ਉਨ੍ਹਾਂ ਦੀ ਆਵਾਜ਼ ਸੁਣ ਕੇ ਹੀ ਹਵਾ ਹੋ ਜਾਂਦਾ ਸੀ। ਭਾਈ ਸਾਹਿਬ ਦਾ ਇੰਝ ਤੁਰ ਜਾਣਾ ਸੱਚ-ਮੁੱਚ ਹੀ ਵੱਡਾ ਘਾਟਾ ਹੈ।
ਹਰਜੋਤ ਸਿੰਘ