ਕੋਟਧਰਮੂੰ, ਮਾਨਸਾ (20 ਫਰਵਰੀ, 2012 – ਸਿੱਖ ਸਿਆਸਤ) ਸੌਦਾ ਸਾਧ ਤੇ ਨੀਲੋਖੇੜੀ (ਕਰਨਾਲ) ਵਿਖੇ ਹਮਲਾ ਕਰਨ ਦੇ ਕੇਸ ਵਿਚ ਕਰਨਾਲ ਜੇਲ ਵਿਚ ਨਜ਼ਰਬੰਦ ਭਾਈ ਸਵਰਣ ਸਿੰਘ ਕੋਟਧਰਮੂੰ ਦੇ ਪਿਤਾ ਬਾਪੂ ਕਰਨੈਲ ਸਿੰਘ ਦੀ ਅੰਤਿਮ ਅਰਦਾਸ ਪਿੰਡ ਕੋਟ ਧਰਮੂੰ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਜਿਸ ਵਿਚ ਜਿੱਥੇ ਵੱਖ ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਬਾਪੂ ਕਰਨੈਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉਥੇ ਇਲਾਕੇ ਦੀਆਂ ਸੰਗਤਾਂ ਵਿਚ ਭਾਈ ਸਵਰਣ ਸਿੰਘ ਨੂੰ ਮਿਲਣ ਦਾ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ।

ਸੈਸ਼ਨ ਜੱਜ ਕਰਨਾਲ ਵਲੋਂ ਪਿਤਾ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਭਾਈ ਸਵਰਣ ਸਿੰਘ ਨੂੰ ਸੁਰੱਖਿਆ ਗਾਰਡ ਸਮੇਤ ਇਕ ਦਿਨਾਂ ਇਜਾਜ਼ਤ ਦਿੱਤੀ ਗਈ ਸੀ ਜਿਸ ਤਹਿਤ ਸੁਰੱਖਿਆ ਗਾਰਡ ਭਾਈ ਸਵਰਣ ਸਿੰਘ ਨੂੰ ਕਰਨਾਲ ਜੇਲ਼ ਤੋਂ ਲੈ ਕੇ ਥਾਣਾ ਕੋਟਧਰਮੂੰ ਵਿਖੇ ਲੈ ਕੇ ਆਈ ਅਤੇ ਸੁਰੱਖਿਆ ਗਾਰਦ ਦੇ ਇੰਚਾਰਜ ਤੇ ਕੋਟਧਰਮੂੰ ਦੇ ਥਾਣੇਦਾਰ ਤੇ ਡੀ.ਐਸ.ਪੀ. ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਅੰਤਿਮ ਅਰਦਾਸ ਸਮੇਂ ਕੇਵਲ ਦਸ ਮਿੰਟ ਲਈ ਪਿੰਡ ਦੇ ਗੁਰੂ ਘਰ ਵਿਖੇ ਲਿਆਂਦਾ ਜਾਵੇਗਾ। ਪਰ ਮੌਕੇ ‘ਤੇ ਪੁੱਜੇ ਪੰਥਕ ਆਗੂਆਂ ਨੇ ਕੋਟਧਰਮੂੰ ਦੇ ਥਾਣੇ ਤੇ ਡੀ.ਐਸ.ਪੀ. ਨੂੰ ਜਦੋਂ ਕਿਹਾ ਕਿ ਕਰਨਾਲ ਕੋਰਟ ਵਲੋਂ ਭਾਈ ਸਵਰਣ ਸਿੰਘ ਨੂੰ ਸਵੇਰ ਤੋਂ ਸ਼ਾਮ ਤਕ ਅੰਤਿਮ ਅਰਦਾਸ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਜੇਕਰ ਉਨਾਂ ਵਲੋਂ ਕਿਸੇ ਤਰਾਂ ਦੀ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ ਤਾਂ ਡੀ.ਐਸ.ਪੀ., ਥਾਣੇਦਾਰ ਤੇ ਸੁਰੱਖਿਆ ਇੰਚਾਰਜ ਸਮੇਤ ਸਾਰੇ ਕਰਮਚਾਰੀਆਂ ਉਤੇ ਕੋਰਟ ਦੇ ਆਦੇਸ਼ਾਂ ਦੀ ਉਲੰਘਣਾਂ ਦਾ ਕੇਸ ਦਰਜ ਕਰਵਾਇਆ ਜਾਵੇਗਾ ਤਾਂ ਪੁਲਿਸ ਵਾਲੇ ਭਾਈ ਸਵਰਣ ਸਿੰਘ ਨੂੰ ਤੁਰੰਤ ਕੋਟਧਰਮੂੰ ਦੇ ਗੁਰੂ ਘਰ ਵਿਖੇ ਲੈ ਕੇ ਪਹੁੰਚ ਗਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਉਸਤੋਂ ਉਪਰੰਤ ਅੰਤਿਮ ਅਰਦਾਸ ਤੋਂ ਬਾਅਦ ਬਾਪੂ ਕਰਨੈਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਈ ਬਲਜਿੰਦਰ ਸਿੰਘ ਖਾਲਸਾ (ਪ੍ਰਧਾਨ ਏਕਨੂਰ ਖਾਲਸਾ ਫੌਜ), ਬਾਬਾ ਹਰਦੀਪ ਸਿੰਘ ਮਹਿਰਾਜ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ), ਭਾਈ ਭਰਪੂਰ ਸਿੰਘ ਮਾਲਵਾ ਇੰਚਾਰਜ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਭਾਈ ਦਰਸ਼ਨ ਸਿੰਘ ਜਗਾ ਰਾਮ ਤੀਰਥ ਜਥੇਬੰਦਕ ਸਕੱਤਰ (ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ), ਭਾਈ ਹਰਦੇਵ ਸਿੰਘ (ਸਕੱਤਰ ਜਨਰਲ ਭਾਰਤੀ ਕਿਸਾਨ ਯੁਨੀਅਨ ਲੱਖੋਵਾਲ), ਭਾਈ ਸੁਖਵਿੰਦਰ ਸਿੰਘ ਖਾਲਸਾ (ਮੁੱਖ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ), ਭਾਈ ਮੱਖਣ ਸਿੰਘ ਗੰਢੂਆਂ (ਸੀਨੀਅਰ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ) ਅਤੇ ਭਾਈ ਮਨਧੀਰ ਸਿੰਘ (ਕੌਮੀ ਪੰਚ ਯੂਥ ਅਕਾਲੀ ਦਲ ਪੰਚ ਪ੍ਰਧਾਨੀ) ਨੇ ਜਿੱਥੇ ਬਾਪੂ ਕਰਨੈਲ ਸਿੰਘ ਦੀ ਸਿਦਕਦਿਲੀ ਤੇ ਸਿੱਖੀ ਦ੍ਰਿੜਤਾ ਬਾਰੇ ਚਾਨਣਾ ਪਾਇਆ ਉਥੇ ਭਾਈ ਸਵਰਣ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਰਸਾਏ ਮਾਰਗ ਉਤੇ ਚੱਲਦਿਆਂ ਸੌਦਾ ਸਾਧ ਨੂੰ ਸੋਧਣ ਦੇ ਇਰਾਦੇ ਨਾਲ ਕੀਤੇ ਹਮਲੇ ਨੂੰ ਸਿੱਖ ਪ੍ਰੰਪਰਾ ਮੁਤਾਬਕ ਦੱਸਿਆ। ਪੰਥਕ ਆਗੂਆਂ ਨੇ ਇਸ ਦੁੱਖ ਦੀ ਘੜੀ ਪਰਿਵਾਰ ਦੇ ਨਾਲ ਖੜੇ ਹੋਣ ਦਾ ਬਚਨ ਦੁਹਰਾਇਆ।

ਸ: ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਅੰਤਿਮ ਅਰਦਾਸ ਦੀ ਇਕ ਵਿਸ਼ੇਸ਼ ਗੱਲ ਇਹ ਸੀ ਕਿ ਜਿੱਥੇ ਸਾਰੇ ਇਲਾਕਾ ਨਿਵਾਸੀਆਂ ਦੇ ਮਨਾਂ ਵਿਚ ਬਾਪੂ ਕਰਨੈਲ ਸਿੰਘ ਦੇ ਵਿਛੋੜੇ ਦੇ ਸੱਲ ਸੀ ਉਥੇ ਉਨਾਂ ਦੇ ਮਨਾਂ ਵਿਚ ਇਕ ਚਾਅ ਤੇ ਉਤਸ਼ਾਹ ਵੀ ਸੀ ਕਿ ਉਹ ਅੱਜ ਕਰੀਬ ਚਾਰ ਸਾਲ ਬਾਅਦ ਆਪਣੇ ਇਲਾਕੇ ਦੇ ਓਸ ਜੁਝਾਰੂ ਨੌਜਵਾਨ ਦੇ ਦਰਸ਼ਨ ਕਰ ਸਕਣਗੇ ਜਿਸਨੇ ਗੁਰੂ ਦਸਮ ਪਾਤਸ਼ਾਹ ਦੇ ਸਪੁੱਤਰ ਹੋਣ ਦਾ ਪ੍ਰਮਾਣ ਦਿੱਤਾ ਸੀ। ਭਾਈ ਸਵਰਣ ਸਿੰਘ ਦੇ ਗੁਰੂ ਘਰ ਵਿਚ ਆਉਣ ਤੋਂ ਲੈ ਕੇ ਵਾਪਸ ਜਾਣ ਤਕ ਲਗਾਤਾਰ ਬਜ਼ੁਰਗ ਮਾਤਾਵਾਂ, ਭੈਣਾਂ, ਨੌਜਵਾਨਾਂ ਤੇ ਮਿਲਣ ਵਾਲੇ ਹੋਰ ਲੋਕਾਂ ਦਾ ਤਾਂਤਾ ਲੱਗਿਆ ਰਿਹਾ ਅਤੇ ਸਮਾਂ ਤਾਂ ਅਜਿਹਾ ਬਣ ਆਇਆ ਕਿ ਸੁਰੱਖਿਆ ਗਾਰਦਾਂ ਨੂੰ ਲੱਗਿਆ ਕਿ ਭਾਈ ਸਵਰਣ ਸਿੰਘ ਨੂੰ ਇਥੋਂ ਲੈ ਜਾਣ ਵਿਚ ਹੀ ਭਲਾਈ ਹੋਵੇਗੀ। ਉਨਾਂ ਨੂੰ ਡਰ ਪੈ ਗਿਆ ਕਿ ਕਿਤੇ ਇਲਾਕੇ ਦੀਆਂ ਸੰਗਤਾਂ ਭਾਈ ਸਵਰਣ ਸਿੰਘ ਨੂੰ ਅੱਜ ਪਿੰਡ ਹੀ ਨਾ ਰੱਖ ਲੈਣ ਤਾਂ ਫਿਰ ਉਹ ਕਾਹਲੀ ਨਾਲ ਭਾਈ ਸਵਰਣ ਸਿੰਘ ਨੂੰ ਪੁਲਿਸ ਗੱਡੀ ਵਿਚ ਬਿਠਾ ਕੇ ਵਾਪਸ ਕਰਨਾਲ ਜੇਲ ਲੈ ਗਏ ਤੇ ਨੌਜਵਾਨਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਭਾਈ ਸਵਰਣ ਸਿੰਘ ਨੂੰ ਅਲਵਿਦਾ ਕੀਤੀ।

ਇਸ ਮੌਕੇ ਗੁਰਦੁਆਰਾ ਸਾਹਿਬ ਕੋਟਧਰਮੂੰ ਦੀ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸ. ਅਵਤਾਰ ਸਿੰਘ ਦੀ ਅਗਵਾਈ ਹੇਠ ਭਾਈ ਸਵਰਣ ਸਿੰਘ ਖਾਲਸਾ ਤੇ ਮਾਤਾ ਦਲਬੀਰ ਕੌਰ ਜੀ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਪੰਥਕ ਜਥੇਬੰਦੀਆਂ ਵਲੋਂ ਵੀ ਮਾਤਾ ਦਲਬੀਰ ਕੌਰ ਤੇ ਭਾਈ ਸਵਰਣ ਸਿੰਘ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਸਿੱਖ ਫੈਡਰੇਸ਼ਨ ਯੁ.ਕੇ ਵਲੋਂ ਪਰਿਵਾਰ ਨੂੰ 25,000/- ਰੁਪਏ ਦੀ ਸੇਵਾ ਭੇਜੀ ਗਈ ਜੋ ਪੰਥਕ ਆਗੂਆਂ ਵਲੋਂ ਮਾਤਾ ਬਲਵੀਰ ਕੌਰ ਜੀ ਨੂੰ ਸੌਂਪੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਬੀਰ ਸਿੰਘ ਦਿੱਲੀ ਵਾਲੇ, ਡਾ. ਸੇਵਕ ਸਿੰਘ (ਸਾਬਕਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਹਿ-ਸੰਪਾਦਕ ਸਿੱਖ ਸ਼ਹਾਦਤ), ਭਾਈ ਮੱਖਣ ਸਿੰਘ ਗੰਢੂਆਂ (ਕੌਮੀ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ), ਭਾਈ ਤਰਲੋਚਨ ਸਿੰਘ ਜੀਂਦ, ਭਾਈ ਰਿਖੀਰਾਜ ਸਿੰਘ ਅਤੇ ਹੋਰਨਾਂ ਨੇ ਵੀ ਹਾਜ਼ਰੀ ਲਵਾਈ। ਸਟੇਜ ਦੀ ਸੇਵਾ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਨਿਭਾਈ।

 

Tags: , ,