ਚੰਡੀਗੜ੍ਹ (13 ਫਰਵਰੀ 2012): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਨਵੰਬਰ 1984 ਦੌਰਾਨ ਕਈ ਸਿਖਾਂ ਨੂੰ ਕਤਲ ਕਰਨ ਦੇ ਦੋਸ਼ੀ ਕਿਸ਼ੋਰੀ ਲਾਲ ਦੀ ਸਜ਼ਾ ਘਟਾਉਣ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਇਸ ਫੈਸਲੇ ਨੂੰ ਚੁਣੌਤੀ ਦੇਵੇਗੀ। ਇੱਥੇ ਦਸਣਯੋਗ ਹੈ ਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਤੇਜਿੰਦਰ ਖੰਨਾ ਨੇ ਸੈਂਟੈਂਸ ਰਿਵਿਊ ਬੋਰਡ (ਐਸ ਆਰ ਬੀ) ਦੀ ਸਿਫਾਰਿਸ਼ ’ਤੇ ਕਿਸ਼ੋਰੀ ਲਾਲ ਦੀ ਉਮਰ ਕੈਦ ਦੀ ਸਜ਼ਾ ਨੂੰ ਘਟਾ ਦਿੱਤਾ ਹੈ। ਪੁਰਬੀ ਦਿੱਲੀ ਦੇ ਤਿਰਲੋਕਪੁਰੀ ਇਲਾਕੇ ਦਾ ਰਹਿਣ ਵਾਲੇ ਕਸਾਈ ਕਿਸ਼ੋਰੀ ਲਾਲ ਨੂੰ ਨਵੰਬਰ 1984 ਦੌਰਾਨ ਕਈ ਸਿਖਾਂ ਦੇ ਕਤਲ ਲਈ ਅਦਾਲਤ ਨੇ 7 ਵਾਰ ਮੌਤ ਦੀ ਸਜ਼ਾ ਸੁਣਾਈ ਹੈ।

ਦਾਇਰ ਕੀਤੀ ਜਾਣ ਵਾਲੀ ਜਨਹਿਤ ਪਟੀਸ਼ਨ ਇਸ ਅਧਾਰ ’ਤੇ ਦਾਇਰ ਕੀਤੀ ਜਾਵੇਗੀ ਕਿ ਅਜਿਹੇ ਖਤਰਨਾਕ ਅਪਰਾਧੀ ਕਿਸ਼ੋਰੀ ਲਾਲ, ਜਿਸ ਨੇ ਤਿਰਲੋਕਪੁਰੀ ਵਾਸੀ ਤਿੰਨ ਭਰਾ ਦਰਸ਼ਨ ਸਿੰਘ, ਅਮਰ ਸਿੰਘ ਤੇ ਨਿਰਮਲ ਸਿੰਘ ਸਮੇਤ ਕਈ ਸਿਖਾਂ ਨੂੰ ਟੋਟੇ ਟੋਟੇ ਕਰਕੇ ਕਤਲ ਕੀਤਾ ਸੀ, ਦੀ ਸਜ਼ਾ ਘਟਾਉਣ ਜਾਂ ਉਸ ਨੂੰ ਰਿਹਾਅ ਕਰਨ ਨਾਲ ਕਿਸ਼ੋਰੀ ਲਾਲ ਦੇ ਖਿਲਾਫ ਗਵਾਹੀ ਦੇਣ ਵਾਲੇ ਗਵਾਹਾਂ ਦੀ ਸੁਰਖਿਆ ਨੂੰ ਗੰਭੀਰ ਖਤਰਾ ਪੈਦਾ ਹੋ ਜਾਵੇਗਾ।

ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਕਿਸ਼ੋਰੀ ਲਾਲ ਵਰਗੇ ਸਿਖਾਂ ਦੇ ਕਾਤਲ ਦੀ ਸਜ਼ਾ ਘਟਾਉਣੀ ਨਵੰਬਰ 1984 ਸਿਖ ਕਤਲੇਆਮ ਦੇ ਪੀੜਤਾਂ ਨਾਲ ਇਕ ਹੋਰ ਨਾਇਨਸਾਫੀ ਹੈ। ਕਿਸ਼ੋਰੀ ਲਾਲ ਦੀ ਸਜ਼ਾ ਉਸ ਵੇਲੇ ਘਟਾਈ ਜਾ ਰਹੀ ਹੈ ਜਦੋਂ ਨਵੰਬਰ 1984 ਦੇ ਪੀੜਤ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦੇਣ ਦੇ ਖਿਲਾਫ ਅਤੇ ਸਜਣ ਕੁਮਾਰ ਨੂੰ ਦੋਸ਼ੀ ਠਹਿਰਾਉਣ ਦੇ ਯਤਨ ਲਈ ਕਾਨੂੰਨੀ ਲੜਾਈ ਲੜ ਰਹੇ ਹਨ। ਪ੍ਰੋਫੈਸਰ ਭੁਲਰ ਦੀ ਮੌਤ ਦੀ ਸਜ਼ਾ ਨਾ ਘਟਾਉਣ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਪੀਰ ਮੁਹੰਮਦ ਨੇ ਕਿਹਾ ਕਿ ਸਿਖਾਂ ਦੇ ਕਾਤਲਾਂ ਦੀ ਸਜ਼ਾ ਘਟਾਈ ਜਾ ਰਹੀ ਹੈ ਜਦ ਕਿ ਬੇਕਸੂਰ ਸਿਖਾਂ ਨੂੰ

ਇਨਸਾਫ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ ਤੇ ਇਸ ਤਰਾਂ ਪੀੜਤਾਂ ਦਾ ਦੇਸ਼ ਦੀ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਖਤਮ ਹੋ ਜਾਵੇਗਾ।

ਕੈਲੀਫੋਰਨੀਆ ਯੂ ਐਸ ਏ ਤੋਂ ਜਾਰੀ ਇਕ ਬਿਆਨ ਵਿਚ ਮੁਹਿੰਦਰ ਸਿੰਘ ਜਿਸ ਨੇ ਨਵੰਬਰ 1984 ਵਿਚ 32-7 ਤਿਰਲੋਕਪੁਰੀ ਦੇ ਵਾਸੀ ਆਪਣੇ ਪਿਤਾ ਦਰਸ਼ਨ ਨੂੰ ਕਿਸ਼ੋਰੀ ਲਾਲ ਵਲੋਂ ਟੋਟੇ ਟੋਟੇ ਕਰਦਿੱਆਂ ਵੇਖਿਆ ਸੀ, ਨੇ ਕਿਹਾ ਕਿ ਕਿਸ਼ੋਰੀ ਲਾਲ ਦੀ ਸਜ਼ਾ ਘਟਾਉਣਾ ਘੋਰ ਨਾਇਨਸਾਫੀ ਹੈ ਤੇ ਇਸ ਨਾਲ ਉਸ ਨੂੰ ਉਹ ਕਾਲੇ ਦਿਨ ਫਿਰ ਯਾਦ ਆ ਗਏ ਜਦੋਂ ਕਿਸ਼ੋਰੀ ਲਾਲ ਨੇ ਉਸ ਦੀਆਂ ਅੱਖਾਂ ਦਾ ਸਾਹਮਣੇ ਉਸ ਦੇ ਪਿਤਾ ਨੂੰ ਕਸਾਈਆਂ ਵਾਂਗ ਟੋਟੇ ਟੋਟੇ ਕਰਕੇ ਕਤਲ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਹੁਣ ਵੀ ਜਦੋਂ ਮੈਂ ਸੌਂਦਾ ਹਾਂ ਤਾਂ ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਪਿਤਾ ਦਾ ਡੁਲਿਆ ਖੂਨ ਵਿਖਾਈ ਦਿੰਦਾ ਹੈ। ਮੁਹਿੰਦਰ ਸਿੰਘ ਨੇ ਕਿਹਾ ਕਿ ਅਸੀ ਪਿਛਲੇ 27 ਸਾਲਾਂ ਤੋਂ ਇਨਸਾਫ ਲਈ ਜਦੋ ਜਹਿਦ ਕਰ ਰਹੇ ਹਾਂ ਤੇ ਇਸ ਫੈਸਲੇ ਨਾਲ ਸਾਡਾ ਸਾਰਾ ਭਰੋਸਾ ਖਤਮ ਹੋ ਗਿਆ ਹੈ ਕਿ ਭਾਰਤ ਵਿਚ ਨਵੰਬਰ 1984 ਦੇ ਪੀੜਤਾਂ ਨੂੰ ਕਦੀ ਇਨਸਾਫ ਨਹੀਂ ਮਿਲ ਸਕਦਾ।

ਮੁਹਿੰਦਰ ਸਿੰਘ ਮਨੁੱਖੀ ਅਧਿਕਾਰ ਸੰਸਤਾ ਸਿਖਸ ਫਾਰ ਜਸਟਿਸ ਵਲੋਂ ਨਵੰਬਰ 1984 ਸਿਖ ਨਸਲਕੁਸ਼ੀ ਕੇਸ ਵਿਚ ਕੇਂਦਰੀ ਮੰਤਰੀ ਕਮਲ ਨਾਥ ਤੇ ਕਾਂਗਰਸ (ਆਈ) ਦੇ ਖਿਲਾਫ ਮੁਦਾਲਿਆਂ ਵਿਚੋਂ ਇਕ ਹੈ। ਇਸ ਕੇਸ ਅਮਰੀਕਾ ਦੀ ਸੰਘੀ ਅਦਾਲਤ ਵਿਚ ਚਲ ਰਿਹਾ ਹੈ।

ਕਿਸ਼ੋਰੀ ਲਾਲ ਦੀ ਸਜ਼ਾ ਘਟਾਉਣ ਵਿਰੁਧ ਰੋਸ ਪ੍ਰਗਟਾਉਣ ਅਤੇ ਸਿਖਾਂ ਨਾਲ ਹੁੰਦੇ ਪੱਖਪਾਤੀ ਰਵਈਏ ਨੂੰ ਜਗ ਜਾਹਿਰ ਕਰਨ ਲਈ ਏ ਆਈ ਐਸ ਐਸ ਐਫ ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ 16 ਫਰਵਰੀ ਨੂੰ ਦਿੱਲੀ ਵਿਚ ਇਨਸਾਫ ਰੈਲੀ ਕਰੇਗੀ। ਕਰਨੈਲ ਸਿੰਘ ਪੀਰ ਮੁਹੰਮਦ ਨੇ ਸਾਰੀਆਂ ਸਿਖ ਜਥੇਬੰਦੀਆਂ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਬੁਲੰਦ ਕਰਨ ਵਾਸਤੇ ਇਸ ਰੈਲੀ ਵਿਚ ਸ਼ਾਮਿਲ ਜੋਰਸ਼ੋਰ ਨਾਲ ਹੋਣ। ਇਸ ਮੋਕੇ ਦਵਿੰਦਰ ਸਿੰਘ ਸੋਢੀ, ਪਰਮਿੰਦਰ ਸਿੰਘ ਢੀਂਗਰਾ, ਗੁਰਮੁੱਖ ਸਿੰਘ ਸੰਧੂ, ਕਾਰਜ ਸਿੰਘ ਆਦਿ ਹਾਜ਼ਿਰ ਸਨ।

 

Tags: , ,