ਚੰਡੀਗੜ੍ਹ (13 ਅਪ੍ਰੈਲ, 2012): ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਪੀਰਮੁਹੰਮਦ) ਵਲੋਂ 14 ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਵਿਸ਼ਵ ਦਸਤਾਰ ਦਿਵਸ’ ਮਨਾਇਆ ਜਾਵੇਗਾ। ਸਿੱਖ ਕੌਮ ਦੀ ਆਨ, ਸ਼ਾਨ ਅਤੇ ਬਾਨ ਦੀ ਪ੍ਰਤੀਕ ਦਸਤਾਰ ਦੀ ਮਹੱਤਤਾ ਸਬੰਧੀ ਵਿਸ਼ਵ ਭਰ ਵਿਚ ਚੇਤਨਾ ਅਤੇ ਜਾਗਰੂਕਤਾ ਪੈਦਾ ਕਰਨ ਅਤੇ ਵਿਰਸੇ ਤੋਂ ਦੂਰ ਜਾ ਰਹੀ ਸਿੱਖ ਨੌਜਵਾਨੀ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨ ਲਈ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ 14 ਅਪ੍ਰੈਲ ਨੂੰ ਸਵੇਰੇ 11 ਵਜੇ ਦਸਤਾਰ ਮਾਰਚ ਸ਼ੁਰੂ ਕੀਤਾ ਜਾਵੇਗਾ।

ਇਹ ਜਾਣਕਾਰੀ ਫ਼ੈਡਰੇਸ਼ਨ (ਪੀਰਮੁਹੰਮਦ) ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸਕੱਤਰ ਜਨਰਲ ਸ. ਦਵਿੰਦਰ ਸਿੰਘ ਸੋਢੀ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਦਸਤਾਰ ਸਿੱਖ ਧਰਮ ਦੀ ਵਿਲੱਖਣ ਪਛਾਣ ਦੀ ਪ੍ਰਤੀਕ ਹੈ ਅਤੇ ਦੁਨੀਆ ਵਿਚ ਸਿੱਖ ਧਰਮ ਹੀ ਅਜਿਹਾ ਇਕੋ-ਇਕ ਧਰਮ ਹੈ, ਜਿਸ ਵਿਚ ਮਰਦ ਤੇ ਇਸਤਰੀ ਨੂੰ ਦਸਤਾਰ ਸਜਾਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਵਿਦੇਸ਼ਾਂ ਵਿਚ ਸਿੱਖਾਂ ਨੂੰ ਦਸਤਾਰ ਸਜਾਉਣ ਸਬੰਧੀ ਸਰਕਾਰੀ ਕਾਨੂੰਨਾਂ ਕਾਰਨ ਆਈਆਂ ਸਮੱਸਿਆਵਾਂ ਤੋਂ ਬਾਅਦ ਇਹ ਵੱਡੀ ਲੋੜ ਬਣ ਗਈ ਸੀ ਕਿ ਦੁਨੀਆ ਨੂੰ ਸਿੱਖ ਧਰਮ ਵਿਚ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇ, ਇਸੇ ਮਕਸਦ ਨਾਲ ਫ਼ੈਡਰੇਸ਼ਨ (ਪੀਰਮੁਹੰਮਦ) ਨੇ 13 ਅਪ੍ਰੈਲ, 2004 ਨੂੰ ਵਿਸਾਖੀ ਵਾਲੇ ਦਿਨ ‘ਵਿਸ਼ਵ ਦਸਤਾਰ ਦਿਵਸ’ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਧਰਮ ਵਿਚ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਕੌਮੀ ਪਛਾਣ ਦਾ ਪਵਿੱਤਰ ਤੇ ਅਨਿੱਖੜਵਾਂ ਅੰਗ ਹੈ, ਇਸ ਕਰਕੇ ਜਿਥੇ ਅੱਜ ਦੁਨੀਆ ਭਰ ਵਿਚ ਦਸਤਾਰ ਬੰਨ੍ਹਣ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਾਨੂੰ ਦਸਤਾਰ ਬਾਰੇ ਵਿਸ਼ਵ ਚੇਤਨਾ ਪੈਦਾ ਕਰਨ ਦੀ ਲੋੜ ਹੈ, ਉਥੇ ਅੱਜ ਪੱਛਮੀ ਸੱਭਿਅਤਾ ਦੇ ਮਾਰੂ ਪ੍ਰਭਾਵ ਕਾਰਨ ਸਿੱਖੀ ਸਰੂਪ ਨੂੰ ਤਿਆਗ ਚੁੱਕੇ ਸਿੱਖ ਨੌਜਵਾਨਾਂ ਨੂੰ ਵੀ ਮੁੜ ਦਸਤਾਰ ਧਾਰਨ ਕਰਨ ਲਈ ਪ੍ਰੇਰਿਤ ਕਰਨ ਦੀ ਅਹਿਮ ਲੋੜ ਹੈ। ਉਨ੍ਹਾਂ ਆਖਿਆ ਕਿ ਇਸੇ ਚੇਤਨਾ ਨੂੰ ਪੈਦਾ ਕਰਨ ਲਈ ਹੀ ਫ਼ੈਡਰੇਸ਼ਨ (ਪੀਰਮੁਹੰਮਦ) ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਵਿਸ਼ਵ ਦਸਤਾਰ ਦਿਵਸ’ ਮਨਾਇਆ ਜਾਵੇਗਾ, ਜਿਸ ਵਿਚ ਸਿੱਖ ਨੌਜਵਾਨਾਂ ਨੂੰ ਹੁੰਮ-ਹੁੰਮਾ ਕੇ ਨੀਲੀਆਂ ਅਤੇ ਖ਼ਾਲਸਈ ਰੰਗ ਦੀਆਂ ਖੱਟੀਆਂ ਦਸਤਾਰਾਂ ਬੰਨ੍ਹ ਕੇ ਇਸ ਮਾਰਚ ਵਿਚ ਸ਼ਾਮਲ ਹੋਣਾ ਚਾਹੀਦਾ ਹੈ।