ਤਸਵੀਰਾਂ » ਲੇਖ

ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਵਿਖਾਈ ਦ੍ਰਿੜਤਾ ਦੀ ਬਦੌਲਤ, ਪੰਜਾਬ ਕੇਸਰੀ ਝੰਡਿਆਂ ਦੇ ਰੰਗ ਵਿੱਚ ਰੰਗਿਆ

April 10, 2012 | By | By

- ਡਾ. ਅਮਰਜੀਤ ਸਿੰਘ ਵਾਸ਼ਿੰਗਟਨ*

ਇੱਕ ਪਾਸੇ ਭਾਰਤ ਦੇ ਹਿੰਦੂਤਵੀ ਅਦਾਲਤੀ ਸਿਸਟਮ ਦੀ ਨੁਮਾਇੰਦਾ, ਚੰਡੀਗੜ੍ਹ ਦੀ ਸੈਸ਼ਨ ਜੱਜ ਸ਼ਾਲਿਨੀ ਨਾਗਪਾਲ ਵਲੋਂ, 31 ਮਾਰਚ ਨੂੰ ਭਾਈ ਰਾਜੋਆਣਾ ਨੂੰ ਫਾਂਸੀ ’ਤੇ ਲਟਕਾਉਣ ਲਈ ਹੁਕਮ-ਦਰ-ਹੁਕਮ ਚਾੜ੍ਹੇ ਜਾ ਰਹੇ ਹਨ ਪਰ ਦੂਸਰੇ ਪਾਸੇ ਪੰਜਾਬ ਦੇ ਦੂਰ-ਦੁਰਾਡੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਜਿੱਥੇ ਘਰ-ਘਰ ’ਤੇ ਕੇਸਰੀ ਝੰਡੇ ਝੁੱਲ ਰਹੇ ਹਨ, ਉਥੇ ‘ਖਾਲਿਸਤਾਨ -ਜ਼ਿੰਦਾਬਾਦ’ ਦੀ ਆਵਾਜ਼ ਵੀ ਕੇਸਰੀ-ਗੁੰਜਾਰਾਂ ਪਾ ਰਹੀ ਹੈ। ਭਾਰਤੀ ਹਾਕਮ ਅਤੇ ਉਨ੍ਹਾਂ ਦੀਆਂ ਖੁਫੀਆ ਏਜੰਸੀਆਂ, ਜਿਨ੍ਹਾਂ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰਤਾ ਨਾਲ ਸਿੱਖ ਨਸਲਕੁਸ਼ੀ ਦੀ ਨੀਤੀ ਨੂੰ ਪੂਰੀ ਗਰਮਜੋਸ਼ੀ ਨਾਲ ਲਾਗੂ ਕਰਕੇ, ਇਹ ਭਰਮ ਪਾਲ ਲਿਆ ਸੀ ਕਿ ਖਾਲਿਸਤਾਨ ਦੀ ਲਹਿਰ ਦਾ ਭੋਗ ਪਾ ਦਿੱਤਾ ਗਿਆ ਹੈ, ਇਸ ਵੇਲੇ ਬੜੀ ਪ੍ਰੇਸ਼ਾਨੀ ਅਤੇ ਭੰਬਲਭੂਸੇ ਦੀ ਸਥਿਤੀ ਵਿੱਚ ਹਨ। ਕਲ ਤੱਕ, ਜਿਹੜੇ ਅਧਿਕਾਰੀ ਮੀਡੀਆ-ਕਾਨਫਰੰਸਾਂ ਕਰਕੇ ਇਹ ਦਾਅਵਾ ਕਰਿਆ ਕਰਦੇ ਸਨ ਕਿ ਪੰਜਾਬ ਵਿੱਚ ‘ਅਤਿਵਾਦੀਆਂ’ ਦਾ ਕੋਈ ਹਮਾਇਤੀ ਨਹੀਂ ਹੈ, ਅੱਜ ਉਨ੍ਹਾਂ ਦੇ ਹੁਕਮਾਂ ਥੱਲੇ ਪੰਜਾਬ ਵਿੱਚ ਪੁਲਿਸ, ਪੈਰਾ-ਮਿਲਟਰੀ ਦਸਤੇ ਅਤੇ ਕੇਂਦਰੀ ਫੋਰਸਾਂ ਦਾ ਜਵਾਨ ‘ਫਲੈਗ ਮਾਰਚ’ ਕਰ ਰਹੇ ਹਨ। ‘ਇੰਗਲਿਸ਼ ਟ੍ਰਿਬਿਊਨ’ ਵਰਗਾ ਫਿਰਕੂ ਅਖਬਾਰ, ਇਹ ਲਿਖਣ ’ਤੇ ਮਜ਼ਬੂਰ ਹੈ ਕਿ ਇਨ੍ਹਾਂ ‘ਫਲੈਗ ਮਾਰਚਾਂ’ ਦਾ ਲੋਕਾਂ ਦੀ ਸਿਹਤ ’ਤੇ ਕੋਈ ਅਸਰ ਨਹੀਂ ਹੈ, ਅਤੇ ਲੋਕ ਧੜਾ ਧੜ ਆਪਣੇ ਘਰਾਂ ’ਤੇ ਕੇਸਰੀ ਝੰਡੇ ਲਹਿਰਾ ਰਹੇ ਹਨ। ਟ੍ਰਿਬਿਊਨ ਅਨੁਸਾਰ, ਇੱਕ ਦੁਕਾਨਦਾਰ ਨੇ ਦਾਅਵਾ ਕੀਤਾ ਕਿ ਉਸ ਨੇ 30 ਹਜ਼ਾਰ ਤੋਂ ਜ਼ਿਆਦਾ ਝੰਡੇ ਵੇਚੇ ਹਨ ਅਤੇ ਇਨ੍ਹਾਂ ਦੀ ਅਜੇ ਭਾਰੀ ਮੰਗ ਹੈ।

ਪੰਜਾਬ ਵਿੱਚ, ਖਾਲਿਸਤਾਨ ਦੀ ਪ੍ਰਾਪਤੀ ਲਈ ਆਈ ਇਸ ਨਵ-ਜਾਗ੍ਰਿਤੀ ਲਹਿਰ ਦਾ ਨਾਇਕ, ਭਾਈ ਬਲਵੰਤ ਸਿੰਘ ਰਾਜੋਆਣਾ ਹੈ, ਜਿਸ ਵਲੋਂ ਖਾਲਿਸਤਾਨ ਦੀ ਪ੍ਰਾਪਤੀ ਲਈ ਵਿਖਾਈ ਵਚਨਬੱਧਤਾ, ਈਮਾਨਦਾਰੀ ਅਤੇ ਦ੍ਰਿੜਤਾ ਨੇ ਸਮੁੱਚੀ 28 ਮਿਲੀਅਨ ਸਿੱਖ ਕੌਮ ਨੂੰ ਜੋਸ਼-ਓ-ਖਰੋਸ਼ ਨਾਲ ਭਰ ਦਿੱਤਾ ਹੈ। ਭਾਵੇਂ, ਇਸ ਵਾਰ ਵੀ ਤਖਤ ਸਾਹਿਬਾਨ ਦੇ ਜਥੇਦਾਰਾਂ ਨੇ ਸੌਦਾ ਸਾਧ ਵਿਰੁੱਧ ਲਹਿਰ ਨੂੰ ਗੁੱਠੇ ਲਾਉਣ ਦੀ ਨੀਤੀ ਵਾਂਗ, ਇਸ ਖਾਲਿਸਤਾਨੀ ਲਹਿਰ ਨੂੰ ‘ਅਕਾਲੀ ਲਹਿਰ (ਬਾਦਲ)’ ਬਣਾਉਣ ਦਾ ਭਰਪੂਰ ਯਤਨ ਕੀਤਾ ਪਰ ਭਾਈ ਰਾਜੋਆਣਾ ਦੀ ਤਿੱਖੀ ਬਾਜ ਅੱਖ ਨੇ, ਇਸ ਨੂੰ ਸਫਲ ਨਾ ਹੋਣ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਮ੍ਰਿਤਕ ਬੇਅੰਤੇ ਦੇ ਟੱਬਰ ਨੂੰ ਅੱਗੇ ਲਾ ਕੇ, ਕਾਂਗਰਸ ਪਾਰਟੀ ਨੂੰ ‘ਦਰਿਆ ਦਿਲ’ ਅਤੇ ‘ਮਾਫ ਕਰਨ ਵਾਲੀ’ ਜਮਾਤ ਦੱਸਣ ਦਾ ਯਤਨ ਕੀਤਾ ਪਰ ਭਾਈ ਰਾਜੋਆਣਾ ਨੇ, ਇਨ੍ਹਾਂ ਦੀ ਵੀ ਨਾਲ ਹੀ ਭੁਗਤ ਸੁਆਰ ਦਿੱਤੀ। ਬਾਦਲ-ਦਲੀਆਂ ’ਤੇ ਤਾਂ ਭਾਈ ਰਾਜੋਆਣਾ ਬਿਜਲੀ ਬਣ ਕੇ ਡਿੱਗੇ ਅਤੇ ਉਨ੍ਹਾਂ ਨੂੰ ਅਸਮਾਨੀ ਬਿਜਲੀ ਦੇ ਚਾਨਣ ਵਿੱਚ ਆਪਣੇ ਕਰੂਪ ਚਿਹਰੇ ਵੇਖਣ ’ਤੇ ਮਜਬੂਰ ਕੀਤਾ। ਸੱਚੀ ਗੱਲ ਤਾਂ ਇਹ ਹੈ ਕਿ ਭਾਈ ਰਾਜੋਆਣੇ ਨੇ ਇੱਕ ਬਲਕਾਰ ਯੋਧੇ ਵਾਂਗ, ਆਪਣੇ ਬਿਗਾਨੇ ਦੁਸ਼ਮਣਾਂ ਦੇ ਵਾਰਾਂ ਨੂੰ ਨਾ-ਸਿਰਫ ਸਫਲਤਾ ਨਾਲ ਢਾਲ ’ਤੇ ਰੋਕਿਆ ਬਲਕਿ ਆਪਣੇ ‘ਸਚਾਈ’ ਦੇ ਦੋ-ਧਾਰੇ ਖੰਡੇ ਦੇ ਵਾਰ ਨਾਲ ‘ਮਾਫੀ ਬ੍ਰਿਗੇਡ’ ਵਾਲੇ ਇਨ੍ਹਾਂ ਸੱਤਾ-ਦਲਾਲਾਂ ਨੂੰ ਚਾਰੋਂ ਖਾਨੇ ਚਿੱਤ ਵੀ ਕੀਤਾ।

26 ਮਾਰਚ ਨੂੰ ਸਿੱਖ ਕੌਮ ਦੇ ਨਾਮ ਦਿੱਤੇ ਸੁਨੇਹੇ ਵਿੱਚ ਭਾਈ ਸਾਹਿਬ ਨੇ ਕਿਹਾ, ‘ਖਬਰਦਾਰ! ਰੁਕੋ!! ਮੇਰੇ ਲਈ ਕਾਤਲਾਂ ਤੋਂ ਰਹਿਮ ਮੰਗ ਕੇ, ਖਾਲਸਾ ਪੰਥ ਦੇ ਸਵੈਮਾਣ ਨੂੰ ਦਿੱਲੀ ਦੇ ਪੈਰਾਂ ਵਿੱਚ ਰੋਲਣ ਦੀ ਕੋਸ਼ਿਸ਼ ਨਾ ਕਰਨਾ… ਹੁਣ ਇਨ੍ਹਾਂ ਨੂੰ ਖਾਲਸਾ ਪੰਥ ਦੀ ਜਾਗੀ ਅਣਖ ਅਤੇ ਗੈਰਤ ਦੀ ਹਨ੍ਹੇਰੀ ਵਿੱਚ, ਖਾਲਸੇ ਦੀ ਧਰਤੀ ਤੇ ਝੂਲੇ ਕੇਸਰੀ ਨਿਸ਼ਾਨਾ ਦੀ ਹਨ੍ਹੇਰੀ ਵਿੱਚ, ਆਪਣਾ ਆਪਾ ਇੱਕ ਤਿਨਕੇ ਦੀ ਤਰ੍ਹਾਂ ਉਡਦਾ ਹੋਇਆ ਨਜ਼ਰ ਆ ਰਿਹਾ ਹੈ। ਖਾਲਸਾ ਜੀ! ਇਨ੍ਹਾਂ ਮਖੌਟਾ ਧਾਰੀ ਨੀਲੀ ਪੱਗ ਵਾਲੇ ਨੇਤਾਵਾਂ ਨੂੰ ਮੇਰਾ ਇਹੀ ਕਹਿਣਾ ਹੈ ਕਿ ਜੇਕਰ ਉਹ ਦਿੱਲੀ ਤੋਂ, ਉਨ੍ਹਾਂ ਜ਼ੁਲਮ ਦੇ ਸ਼ਿਕਾਰ ਹੋਏ ਹਜ਼ਾਰਾਂ ਨਿਰਦੋਸ਼ ਸਿੱਖਾਂ ਲਈ ਇਨਸਾਫ ਦੀ ਮੰਗ ਨਹੀਂ ਕਰ ਸਕਦੇ, ਆਪਣੇ ਹੱਕ ਨਹੀਂ ਮੰਗ ਸਕਦੇ ਤਾਂ ਉਹ ਖਾਲਸੇ ਦੀ ਧਰਤੀ ’ਤੇ ਇਨਸਾਫ ਲਈ ਝੂਲਦੇ ਕੇਸਰੀ ਨਿਸ਼ਾਨਾਂ ਦੇ ਮਾਣ-ਸਨਮਾਨ ਨੂੰ, ਖਾਲਸੇ ਦੀ ਅਣਖ ਅਤੇ ਗੈਰਤ ਨੂੰ, ਦਿੱਲੀ ਦੇ ਪੈਰਾਂ ਵਿੱਚ ਰੋਲਣ ਦੀ ਕੋਸ਼ਿਸ਼ ਨਾ ਕਰਨ। … ਮੇਰਾ ਇਨ੍ਹਾਂ ਨੀਲੀ ਪੱਗ ਵਾਲੇ ਨੇਤਾਵਾਂ ਨੂੰ ਇਹੀ ਕਹਿਣਾ ਹੈ ਕਿ ਜੇਕਰ ਉਨ੍ਹਾਂ ਵਿੱਚ ਦਿੱਲੀ ਤੋਂ ਇਨਸਾਫ ਮੰਗਣ ਦੀ ਹਿੰਮਤ ਨਹੀਂ ਹੈ ਤਾਂ ਉਹ ਆਪਣੀਆਂ ਪੱਗਾਂ ਅਤੇ ਕ੍ਰਿਪਾਨਾਂ ਲਾਹ ਕੇ ਖਾਕੀ ਨਿੱਕਰ ਅਤੇ ਟੋਪੀ ਪਹਿਨ ਲੈਣ। ਖਾਲਸੇ ਦੇ ਮਨਾਂ ਵਿੱਚ ਉ¤ਠੀ ਸਵੈਮਾਣ ਦੀ ਹਨ੍ਹੇਰੀ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਖਾਲਸਾ ਹੁਣ ਜਾਗ ਚੁੱਕਾ ਹੈ…ਖਾਲਸਾ ਪੰਥ ਦੀ ਚੜ੍ਹਦੀ ਕਲਾ ਹੀ ਮੇਰੇ ਜੀਵਨ ਦਾ ਮਨੋਰਥ ਹੈ।’’

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਿੰਘ ਗਰਜ ਨੇ ਜਿੱਥੇ ਆਪਣਿਆਂ ਦੇ ਸੀਨੇ ਵਿੱਚ ਚਾਅ ਭਰਿਆ ਹੈ, ਉਥੇ ‘ਦੁਸ਼ਮਣ’ (ਭਾਰਤੀ ਸਟੇਟ) ਦੀਆਂ ਸਫਾਂ ਵਿੱਚ ਹਲਚਲ ਮਚੀ ਹੋਈ ਹੈ। ਭਾਰਤੀ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ, 35 ਲੱਖ ਪ੍ਰਦੇਸੀ ਖਾਲਸਾ ਜੀ ਵਲੋਂ ਜਿਵੇਂ ਥਾਓਂ-ਥਾਈਂ ਜ਼ੋਰਦਾਰ ਰੋਸ ਵਿਖਾਵਿਆਂ ਰਾਹੀਂ, ਆਪਣੀ ਖਾਲਿਸਤਾਨ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਇਹ ਮਾਹੌਲ ਜੂਨ1984 ਦੇ ਘੱਲੂਘਾਰੇ ਤੋਂ ਬਾਅਦ ਆਈ ਸਿੱਖ ਚੇਤਨਾ ਵਾਂਗ ਹੈ। ਬਾਹਰ ਸਥਾਪਤ ਸਮੁੱਚੇ ਪੰਥਕ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਸਮੇਤ ਸੋਸ਼ਲ ਨੈ¤ਟਵਰਕ ਸਾਈਟਾਂ ’ਤੇ ਸਰਗਰਮ ਪੰਥ ਦਰਦੀਆਂ ਵਲੋਂ ਇਸ ਰੋਸ-ਲਹਿਰ ਦੀ ਸਿਰਜਣਾ ਵਿੱਚ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਫੇਸ ਬੁੱਕ, ਟਵਿੱਟਰ ਅਤੇ ਇੰਟਰਨੈ¤ਟ ਰਾਹੀਂ ਹਜ਼ਾਰਾਂ ਨੌਜਵਾਨ ਵਿਦਿਆਰਥੀ ਵੀ ਇਸ ਲਹਿਰ ਨਾਲ ਆ ਜੁੜੇ ਹਨ। ਇਸ ‘ਗਲੋਬਲ ਲਹਿਰ’ ਵਲੋਂ ਦੁਨੀਆ ਭਰ ਵਿੱਚ ਜਥੇਬੰਦ ਕੀਤੇ ਜਾ ਰਹੇ ਰੋਸ ਵਿਖਾਵਿਆਂ (ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸੋਚ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ) ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਵਿਦਿਆਰਥੀ ਸ਼ਾਮਲ ਹੋ ਰਹੇ ਹਨ। ਇਨ੍ਹਾਂ ਰੋਸ ਵਿਖਾਵਿਆਂ ਦੇ ਸਥਾਨਾਂ ਵਿੱਚ ਵਾਸ਼ਿੰਗਟਨ (ਡੀ. ਸੀ.), ਨਿਊਯਾਰਕ, ਸੈਨ-ਫਰਾਂਸਿਸਕੋ, ਸਿਆਟਲ, ਡੀਟਰਾਇਟ, ਵੈਨਕੂਵਰ, ਓਟਵਾ, ¦ਡਨ, ਫਰੈਂਕਫਰਟ, ਜਨੇਵਾ, ਬਰੱਸਲਜ਼, ਕੈਨਬਰਾ, ਨਨਕਾਣਾ ਸਾਹਿਬ ਆਦਿ ਸ਼ਾਮਲ ਹਨ। ਪੰਜਾਬ ਦਾ ਤਾਂ ਹਰ ਗਲੀ-ਮੁਹੱਲਾ ਹੀ ਰੋਸ-ਵਿਖਾਵਾ ਸਥਾਨ ਬਣ ਗਿਆ ਹੈ। ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਬੰਦ ਦੇ ਸੱਦੇ ਦੇ ਨਾਲ-ਨਾਲ, ਤਿੰਨ ਤਖਤ ਸਾਹਿਬਾਂ (ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ) ਤੋਂ ਵੀ ਰੋਸ-ਮਾਰਚ ਪਟਿਆਲੇ ਵੱਲ ਚਾਲੇ ਪਾਉਣਗੇ। ਸਰਕਾਰੀ ਨੀਤੀ, ਸਿੱਖਾਂ ਨਾਲ ਹੁਣ ਸਿੱਧੇ ਟਕਰਾਅ ਦੀ ਹੋਵੇਗੀ ਜਾਂ ਫਾਂਸੀ ਦੀ ਸਜ਼ਾ ਨੂੰ ਮੁਲਤਵੀ ਕਰਕੇ ਇਸ ਲਹਿਰ ਨੂੰ ਭੰਬਲਭੂਸੇ ਵਿੱਚ ਪਾਉਣ ਦੀ? ਇਸ ਦਾ ਪਤਾ ਅਗਲੇ 2-3 ਦਿਨ ਵਿੱਚ ਲੱਗ ਜਾਵੇਗਾ। ਪਰ ਇੱਕ ਗੱਲ ਜ਼ਾਹਰ ਹੈ ਕਿ ਸਮੁੱਚੀ ਸਿੱਖ ਕੌਮ, ਗਫ਼ਲਤ ਦੀ ਨੀਂਦ ’ਚੋਂ ਜਾਗ ਪਈ ਲੱਗਦੀ ਹੈ ਅਤੇ ਸ਼ਾਹ ਮੁਹੰਮਦ ਦੇ ਸ਼ਬਦਾਂ ਵਿੱਚ ‘ਨਿਰਣਾਇਕ ਸ਼ਕਤੀ’ ਖਾਲਸਾ ਪੰਥ ਕੋਲ ਹੀ ਰਹੇਗੀ-

‘ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ
ਜਿਹੜੀ ਕਰੇਗਾ ਖਾਲਸਾ ਪੰਥ ਮੀਆਂ।’

* ਉਕਤ ਲਿਖਤ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਵੱਲੋਂ ਸਿੱਖ ਸਿਆਸਤ ਨੂੰ ਬਿਜਲ-ਸੁਨੇਹੇਂ ਰਾਹੀਂ ਭੇਜੀ ਗਈ ਹੈ, ਜਿਸ ਨੂੰ ਇਥੇ ਪਾਠਕਾਂ ਨਾਲ ਸਾਂਝਾ ਕੀਤਾ ਗਿਆ ਹੈ।

Email This Post Email This Post

Related Topics:


Readers Comments (0)

Please note: Comment moderation is enabled and may delay your comment. There is no need to resubmit your comment.