ਪੰਜਾਬ ਚੋਣਾਂ 2017 » ਸਿਆਸੀ ਖਬਰਾਂ

ਕਾਂਗਰਸ ਦਾ ਚੋਣ ਮਨੋਰਥ ਪੱਤਰ ਇੱਕ ਧੋਖੇ ਵਾਲਾ ਦਸਤਾਵੇਜ, ਜਿਸ ਦੀ ਕੋਈ ਅਹਿਮੀਅਤ ਨਹੀਂ: ਆਪ

January 10, 2017 | By

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਕਾਂਗਰਸ ਵੱਲੋਂ ਦਿੱਲੀ ਵਿੱਚ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਨੂੰ ਇੱਕ ਮਜ਼ਾਕ ਦੱਸਿਆ ਅਤੇ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਇਹ ਦਸਤਾਵੇਜ਼ ਕੁੱਝ ਵੀ ਨਹੀਂ ਹੈ।

ਫੂਲਕਾ ਨੇ ਕਿਹਾ ਕਿ ਜਿਸ ਵੇਲੇ ਕਾਂਗਰਸ ਵੱਲੋਂ ਦਿੱਲੀ ਵਿੱਚ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ, ਉਸ ਵੇਲੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਹੀਂ ਪਹੁੰਚੇ, ਕਿਉਂਕਿ ਉਹ ਐਸਵਾਈਐਲ ਉਤੇ ਸਵਾਲਾਂ ਤੋਂ ਬਚਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਪੰਜਾਬ ਦੇ ਪਾਣੀਆਂ ਦੀ ਰਾਖੀ ਬਾਰੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ, ਕਿਉਂਕਿ ਕਪੂਰੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਇੰਦਰਾ ਗਾਂਧੀ ਨੇ ਐਸਵਾਈਐਲ ਦਾ ਟੱਕ ਲਾਇਆ ਸੀ। ਕਾਂਗਰਸੀ ਆਗੂਆਂ ਨੂੰ ਚੁਣੌਤੀ ਦਿੰਦਿਆਂ ਫੂਲਕਾ ਨੇ ਕਿਹਾ ਕਿ ਜੇਕਰ ਕਾਂਗਰਸ ਐਸਵਾਈਐਲ ਦੇ ਮੁੱਦੇ ਉਤੇ ਗੰਭੀਰ ਹੈ ਤਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ 24 ਘੰਟਿਆਂ ਅੰਦਰ ਪੰਜਾਬ ਦੇ ਹੱਕ ਵਿੱਚ ਬਿਆਨ ਜਾਰੀ ਕਰਨਾ ਚਾਹੀਦਾ ਹੈ।

ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਅਤੇ ਹਲਕਾ ਦਾਖਾ ਤੋਂ ਉਮੀਦਵਾਰ ਐਡਵੋਕੇਟ ਐਚ.ਐਸ. ਫੂਲਕਾ

ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਅਤੇ ਹਲਕਾ ਦਾਖਾ ਤੋਂ ਉਮੀਦਵਾਰ ਐਡਵੋਕੇਟ ਐਚ.ਐਸ. ਫੂਲਕਾ

ਫੂਲਕਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਕਾਂਗਰਸ ਨੇ ਚੋਣ ਮਨੋਰਥ ਪੱਥਰ ਪੰਜਾਬ ਦੀ ਬਜਾਏ ਦਿੱਲੀ ਤੋਂ ਜਾਰੀ ਕੀਤਾ, ਜਦਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਚੋਣ ਮਨੋਰਥ ਪੱਤਰ ਲੋਕਾਂ ਵਿੱਚ ਜਾ ਕੇ ਪੰਜਾਬ ਵਿੱਚ ਹੀ ਜਾਰੀ ਕੀਤੇ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪਾਰਟੀ ਪੰਜਾਬ ਦੇ ਸੱਭਿਆਚਾਰ ਅਤੇ ਪ੍ਰੰਪਰਾਵਾਂ ਨਾਲ ਡੂੰਘਾਈ ਤੱਕ ਜੁੜੀ ਹੋਈ ਹੈ।

ਆਗਾਮੀ ਵਿਧਾਨ ਚੋਣਾਂ ਲਈ ਦਾਖਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੂਲਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਰ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਇਸ ਵਾਅਦੇ ਅਨੁਸਾਰ ਪੰਜਾਬ ਵਿੱਚ 55 ਲੱਖ ਨੌਕਰੀਆਂ ਮੁਹੱਈਆ ਕਰਵਾਉਣੀਆਂ ਪੈਣਗੀਆਂ, ਜੋ ਕਿ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਦੇਣ ਦੀ ਕੇਂਦਰ ਸਰਕਾਰ ਦੀ ਵੀ ਵੱਧ ਤੋਂ ਵੱਧ 50 ਲੱਖ ਨੌਕਰੀਆਂ ਪ੍ਰਦਾਨ ਕਰਵਾਉਣ ਦੀ ਸਮਰੱਥਾ ਅਤੇ ਦਾਇਰਾ ਹੈ, ਜਦੋਂ ਕਿ ਕੇਂਦਰ ਵੱਲੋਂ ਸਭ ਤੋਂ ਵੱਡੇ ਵਿਭਾਗਾਂ ਜਿਵੇਂ ਰੇਲਵੇ ਅਤੇ ਫੌਜ ਵਿੱਚ ਬਹੁਤ ਜ਼ਿਆਦਾ ਭਰਤੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਐਨਾ ਵੀ ਪਤਾ ਨਹੀਂ ਕਿ ਪੰਜਾਬ ਵਿੱਚ ਲਗਭਗ ਚਾਰ ਲੱਖ ਸਰਕਾਰੀ ਕਰਮਚਾਰੀ ਹਨ ਅਤੇ ਇੱਕ ਲੱਖ ਦੇ ਕਰੀਬ ਸੇਵਾਮੁਕਤ ਕਰਮਚਾਰੀ ਪੈਨਸ਼ਨ ਲੈਣ ਵਾਲੇ ਹਨ।

ਫੂਲਕਾ ਨੇ ਕਿਹਾ ਕਿ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਹੈ, ਜਿਸਨੇ 2002 ਵਿੱਚ ਸੱਤਾ ਸੰਭਾਲਦਿਆਂ ਹੀ ਨੌਕਰੀਆਂ ਉਤੇ ਪਾਬੰਦੀ ਲਗਾ ਦਿੱਤੀ ਸੀ। ਸਿਰਫ ਐਨਾ ਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਨੇ ਪੈਨਸ਼ਨ ਬੰਦ ਕਰਨ ਅਤੇ ਕਰਮਚਾਰੀਆਂ ਲਈ ਜਾਰੀ ਹੋਰ ਭਲਾਈ ਸਕੀਮਾਂ ਨੂੰ ਬੰਦ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਹੈ, ਜਿਸਨੇ ਸੱਤਾ ਸੰਭਾਲਦਿਆਂ ਹੀ ਕਿਸਾਨਾਂ ਨੂੰ ਮੁਫਤ ਵਿੱਚ ਦਿੱਤੀ ਜਾ ਰਹੀ ਬਿਜਲੀ ਦੀ ਸਹੂਲਤ ਨੂੰ ਵਾਪਿਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਸਨ।

ਫੂਲਕਾ ਨੇ ਕਿਹਾ ਕਾਂਗਰਸ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਓਆਰਓਪੀ ਸਕੀਮ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਜਦਕਿ 2004 ਤੋਂ 2014 ਤੱਕ ਦਸ ਸਾਲ ਕਾਂਗਰਸ ਕੇਂਦਰੀ ਸੱਤਾ ਉਤੇ ਕਾਬਜ਼ ਰਹੀ, ਤਾਂ ਕਾਂਗਰਸ ਵੱਲੋਂ ਉਸ ਸਮੇਂ ਓਆਰਓਪੀ ਸਕੀਮ ਲਾਗੂ ਕਿਓਂ ਨਾ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਵੱਲੋਂ ਲੋਕਾਂ ਨੂੰ ਮੂਰਖ ਸਮਝਿਆ ਜਾ ਰਿਹਾ ਹੈ।

ਫੂਲਕਾ ਨੇ ਕਿਹਾ ਕਿ ਉਨਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਹੈ ਕਿ ਜਿਹੜੀ ਪਾਰਟੀ ਨੇ ਭਾਰਤੀ ਸਿਆਸਤ ਵਿੱਚ ਵੀਆਈਪੀ ਕਲਚਰ ਸ਼ੁਰੂ ਕੀਤਾ ਅਤੇ ਹੁਣ ਉਹੀ ਪਾਰਟੀ ਇਸ ਨੂੰ ਬੰਦ ਕਰਨ ਦੀ ਗੱਲ ਕਹਿ ਰਹੀ ਹੈ। ਫੂਲਕਾ ਨੇ ਕਿਹਾ ਕਿ ਕਾਂਗਰਸ ਵੱਲੋਂ ਅਜਿਹੇ ਵਾਅਦੇ ਮਜਬੂਰੀ ਵਿੱਚ ਕਰਨੇ ਪੈ ਰਹੇ ਹਨ, ਕਿਉਂਕਿ ਆਮ ਆਦਮੀ ਪਾਰਟੀ ਵੀਆਈਪੀ ਕਲਚਰ ਵਿੱਚ ਯਕੀਨ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਚਮੁੱਚ ਇਸ ਮੁੱਦੇ ਨੂੰ ਲੈ ਕੇ ਗੰਭੀਰ ਹੈ ਤਾਂ ਕਾਂਗਰਸ ਨੂੰ ਇਸ ਦੀ ਸ਼ੁਰੂਆਤ ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਹੋਰਨਾਂ ਸੂਬਿਆਂ ਦੇ ਮੰਤਰੀਆਂ ਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਾਂਗਰਸ ਵੱਲੋਂ ਵੀਆਈਪੀ ਕਲਚਰ ਨੂੰ ਕਦੇ ਨਹੀਂ ਛੱਡਿਆ ਜਾ ਸਕਦਾ, ਕਿਉਂਕਿ ਇਹ ਉਨ੍ਹਾਂ ਦੇ ਖੂਨ ਵਿੱਚ ਸਮਾ ਚੁੱਕਿਆ ਹੈ।

ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਂਦਿਆਂ ਹੀ ਚਾਰ ਹਫਤੇ ਦੇ ਅੰਦਰ-ਅੰਦਰ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ,। ਫੂਲਕਾ ਨੇ ਕਿਹਾ ਕਿ ਉਹ ਵਿਅਕਤੀ ਜਿਸਨੇ ਆਪਣੇ ਭਤੀਜੇ ਅਤੇ ਬਿਕਰਮ ਸਿੰਘ ਮਜੀਠੀਆ ਨੂੰ 6000 ਕਰੋੜ ਰੁਪਏ ਦੇ ਡਰੱਗ ਰੈਕੇਟ ਵਿੱਚ ਸੀਬੀਆਈ ਜਾਂਚ ਤੋਂ ਬਚਾਇਆ ਹੋਵੇ, ਉਹੀ ਵਿਅਕਤੀ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕਹਿ ਰਿਹਾ ਹੈ, ਜੋ ਕਿ ਬਿਲਕੁਲ ਹਾਸੋਹੀਣਾ ਹੈ।

ਫੂਲਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੌਂਟੀ ਚੱਡਾ ਰਾਹੀਂ ਸ਼ਰਾਬ ਕਾਰੋਬਾਰ ਨੂੰ ਫੈਲਾਇਆ ਅਤੇ ਹੁਣ ਇਸ ਨੂੰ ਸੀਮਿਤ ਕਰਨ ਦੀ ਗੱਲ ਕਹਿ ਰਹੇ ਹਨ। ਡਰੱਸ ਤਸਕਰੀ ਦੇ ਮਾਮਲੇ ਵਿੱਚ ਨਾਂ ਆਉਣ ਵਾਲੇ ਸਰਵਣ ਸਿੰਘ ਫਿਲੌਰ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨ ਵੇਲੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਝਿਜਕ ਮਹਿਸੂਸ ਨਹੀਂ ਹੋਈ। ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਕਾਂਗਰਸ ਵਿੱਚ ਸ਼ਾਮਿਲ ਕਰ ਲਿਆ, ਜਿਸਨੂੰ ਕਿ ਮਜੀਠੀਆ ਦਾ ਸੱਜਾ ਹੱਥ ਸਮਝਿਆ ਜਾਂਦਾ ਸੀ। ਫੂਲਕਾ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਲੋਕ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ਉਤੇ ਕਿਵੇਂ ਯਕੀਨ ਕਰ ਸਕਦੇ ਹਨ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: