ਆਮ ਖਬਰਾਂ

ਉਤਕਲ ਐਕਸਪ੍ਰੈੱਸ ਦੇ 14 ਡੱਬੇ ਪਟੜੀ ਤੋਂ ਉਤਰੇ, 23 ਮੌਤਾਂ, 60 ਜ਼ਖ਼ਮੀ

August 20, 2017 | By

ਚੰਡੀਗੜ: ਕੱਲ ਸ਼ਾਮੀਂ ਖਤੌਲੀ ਨੇੜੇ ਪੁਰੀ-ਹਰਿਦੁਆਰ ਉਤਕਲ ਐਕਸਪ੍ਰੈੱਸ ਦੇ 14 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿੱਚ 23 ਸਵਾਰੀਆਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖ਼ਮੀ ਹੋ ਗਏ।ਇਹ ਹਾਦਸਾ ਮੁਜ਼ੱਫਰਨਗਰ ਤੋਂ ਤਕਰੀਬਨ 40 ਕਿਲੋਮੀਟਰ ਦੂਰ ਖਤੌਲੀ ਵਿੱਚ ਸ਼ਾਮੀਂ 5:45 ਵਜੇ ਵਾਪਰਿਆ।

ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਟੈਲੀਵਿਜ਼ਨ ਚੈਨਲਾਂ ਉਤੇ ਦਿਖਾਏ ਦ੍ਰਿਸ਼ਾਂ ਵਿੱਚ ਪਟੜੀ ਤੋਂ ਲੱਥੇ ਡੱਬੇ ਇਕ ਘਰ ਵਿੱਚ ਵੜੇ ਦਿਸ ਰਹੇ ਹਨ। ਜਿਸ ਮਕਾਨ ਵਿੱਚ ਰੇਲ ਗੱਡੀ ਦੇ ਡੱਬੇ ਵੜੇ, ਉਸ ਦੇ ਮਾਲਕ ਨੇ ਕਿਹਾ ਕਿ ਸਵੇਰ ਤੋਂ ਪਟੜੀ ਦੀ ਮੁਰੰਮਤ ਚੱਲ ਰਹੀ ਸੀ, ਜਿਸ ਬਾਰੇ ਰੇਲਵੇ ਸਟਾਫ਼ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਸ ਨੇ ਦੱਸਿਆ ਕਿ ਇਸ ਪਟੜੀ ਉਤੇ ਪੂਰੀ ਰਫ਼ਤਾਰ ਨਾਲ ਰੇਲ ਗੱਡੀ ਆ ਗਈ, ਜਿਸ ਕਾਰਨ ਹਾਦਸਾ ਵਾਪਰਿਆ।

ਮੁਜ਼ੱਫ਼ਰਨਗਰ ਵਿੱਚ ਸ਼ਨਿੱਚਰਵਾਰ ਨੂੰ ਖਤੌਲੀ ਨੇੜੇ ਪੁਰੀ-ਹਰਿਦੁਆਰ ਉਤਕਲ ਐਕਸਪ੍ਰੈੱਸ ਗੱਡੀ ਦੇ ਲੀਹੋਂ ਲੱਥੇ ਡੱਬੇ।

ਮੁਜ਼ੱਫ਼ਰਨਗਰ ਵਿੱਚ ਸ਼ਨਿੱਚਰਵਾਰ ਨੂੰ ਖਤੌਲੀ ਨੇੜੇ ਪੁਰੀ-ਹਰਿਦੁਆਰ ਉਤਕਲ ਐਕਸਪ੍ਰੈੱਸ ਗੱਡੀ ਦੇ ਲੀਹੋਂ ਲੱਥੇ ਡੱਬੇ।

ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸਥਿਤੀ ਉਤੇ ਨਜ਼ਰ ਰੱਖ ਰਹੇ ਹਨ ਅਤੇ ਜੇ ਕੋਈ ਕੁਤਾਹੀ ਸਾਹਮਣੇ ਆਈ ਤਾਂ ਸਖ਼ਤ ਕਦਮ ਚੁੱਕਿਆ ਜਾਵੇਗਾ। ਪ੍ਰਭੂ ਨੇ ਕਈ ਟਵੀਟ ਕਰ ਕੇ ਕਿਹਾ ਕਿ ਰਾਜ ਮੰਤਰੀ ਮਨੋਜ ਸਿਨਹਾ ਨੂੰ ਮੌਕੇ ਉਤੇ ਭੇਜਿਆ ਗਿਆ ਹੈ, ਜਦੋਂ ਕਿ ਰੇਲਵੇ ਬੋਰਡ ਦੇ ਚੇਅਰਮੈਨ ਤੇ ਮੈਂਬਰ ਟਰੈਫਿਕ ਨੂੰ ਵੀ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਕਿਹਾ ਗਿਆ ਹੈ। ‘ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ’ (ਐਨਡੀਆਰਐਫ) ਦੀਆਂ ਦੋ ਟੀਮਾਂ ਨੂੰ ਹਾਦਸੇ ਵਾਲੀ ਥਾਂ ਭੇਜਿਆ ਗਿਆ ਹੈ।ਮੈਡੀਕਲ ਵੈਨਾਂ ਨੂੰ ਵੀ ਮੌਕੇ ਉਤੇ ਤਾਇਨਾਤ ਕੀਤਾ ਗਿਆ।

ਲਖਨਊ ਵਿੱਚ ਉੱਤਰ ਪ੍ਰਦੇਸ਼ ਦੇ ਏਡੀਜੀ (ਕਾਨੂੰਨ ਵਿਵਸਥਾ) ਆਨੰਦ ਕੁਮਾਰ ਨੇ ਕਿਹਾ ਕਿ ਤੁਰਤ ਰਾਹਤ ਤੇ ਬਚਾਅ ਕਾਰਜ ਯਕੀਨੀ ਬਣਾਉਣੇ ਸਾਡੀ ਤਰਜੀਹ ਹਨ। ਉਨ੍ਹਾਂ ਕਿਹਾ ਕਿ ਪੀਏਸੀ ਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ਉਤੇ ਭੇਜੀਆਂ ਗਈਆਂ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ ਬਾਰੇ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਹਰ ਸੰਭਵ ਕਾਰਵਾਈ ਦਾ ਆਦੇਸ਼ ਦਿੱਤਾ। ਅਦਿੱਤਿਆਨਾਥ ਨੇ ਆਪਣੇ ਦੋ ਮੰਤਰੀਆਂ ਨੂੰ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਹਾਦਸੇ ਵਾਲੀ ਥਾਂ ਜਾਣ ਵਾਸਤੇ ਆਖਿਆ।

ਇਸ ਹਾਦਸੇ ਕਾਰਨ ਅੱਜ ਚੱਲਣ ਵਾਲੀਆਂ ਅੰਬਾਲਾ-ਦਿੱਲੀ, ਅੰਬਾਲਾ-ਇੰਟਰਸਿਟੀ ਐਕਸਪ੍ਰੈੱਸ ਤੇ ਹਰਿਦੁਆਰ-ਪੁਰੀ ਉਤਕਲ ਕਲੰਿਗਾ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਛੇ ਹੋਰ ਰੇਲ ਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: