ਸਿਆਸੀ ਖਬਰਾਂ

ਨਗਰ ਨਿਗਮ ਚੋਣਾਂ: ਨਾਮਜ਼ਦਗੀਆਂ ਦੇ ਆਖਰੀ ਦਿਨ ਕਾਂਗਰਸੀਆਂ ਅਤੇ ਬਾਦਲ ਦਲ ਦੇ ਹਮਾਇਤੀਆਂ ‘ਚ ਕਈ ਥਾਂਵਾਂ ‘ਤੇ ਟਕਰਾਅ

December 7, 2017 | By

ਚੰਡੀਗੜ੍ਹ: ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਕੱਲ੍ਹ (6 ਦਸੰਬਰ, 2017) ਵੱਖ-ਵੱਖ ਥਾਵਾਂ ‘ਤੇ ਬਾਦਲ ਦਲ-ਭਾਜਪਾ ਅਤੇ ਕਾਂਗਰਸੀ ਉਮੀਦਵਾਰਾਂ ਦੇ ਸਮਰਥਕਾਂ ‘ਚ ਝੜਪਾਂ ਹੋਣ ਦੀਆਂ ਖਬਰਾਂ ਮਿਲੀਆਂ ਹਨ। ਬਾਘਾ ਪੁਰਾਣਾ ‘ਚ ਐਸ. ਡੀ. ਐਮ. ਦਫ਼ਤਰ ਉਸ ਵੇਲੇ ਯੁੱਧ ਦਾ ਮੈਦਾਨ ਬਣ ਗਿਆ ਜਦੋਂ ਬਾਦਲ-ਭਾਜਪਾ ਅਤੇ ਕਾਂਗਰਸੀ ਉਮੀਦਵਾਰਾਂ ਦੇ ਸਮਰਥਕਾਂ ਵਿਚ ਬਹਿਸਬਾਜ਼ੀ ਕੁੱਟਮਾਰ ‘ਚ ਤਬਦੀਲ ਹੋ ਗਈ। ਇਸੇ ਤਰ੍ਹਾਂ ਮੱਲਾਂਵਾਲਾ ‘ਚ ਨਗਰ ਪੰਚਾਇਤ ਲਈ ਨਾਮਜ਼ਦਗੀ ਲਈ ਪੁੱਜੇ ਬਾਦਲ ਦਲ ਤੇ ਕਾਂਗਰਸੀ ਸਮਰਥਕਾਂ ਦਰਮਿਆਨ ਇੱਟਾਂ ਰੋੜੇ ਚੱਲੇ ਅਤੇ ਹਵਾ ‘ਚ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਬਾਦਲ ਦਲ ਦੇ ਕਈ ਆਗੂਆਂ ਤੇ ਵਰਕਰਾਂ ਦੀਆਂ ਗੱਡੀਆਂ ਵੀ ਭੰਨੇ ਜਾਣ ਦੀ ਖ਼ਬਰ ਹੈ। ਉਧਰ ਨਗਰ ਪੰਚਾਇਤ ਘਨੌਰ ਲਈ ਨਾਮਜ਼ਦਗੀ ਦਾਖਲ ਕਰਨ ਸਮੇਂ ਕਾਂਗਰਸ ਤੇ ਬਾਦਲ ਦਲ ਦੇ ਆਗੂ ਆਪਸ ‘ਚ ਉਲਝ ਗਏ ਅਤੇ ਹੱਥੋਪਾਈ ਵੀ ਹੋਈ।

badal dal and congress clash MC elections

ਮੱਲਾਂਵਾਲਾ ‘ਚ ਨਗਰ ਪੰਚਾਇਤ ਲਈ ਨਾਮਜ਼ਦਗੀ ਲਈ ਪੁੱਜੇ ਬਾਦਲ ਦਲ ਤੇ ਕਾਂਗਰਸੀ ਸਮਰਥਕਾਂ ਦਰਮਿਆਨ ਝਗੜੇ ਦੀ ਤਸਵੀਰ

ਬਾਘਾ ਪੁਰਾਣਾ ਨਗਰ ਕੌਂਸਲ ਲਈ ਐੱਸ. ਡੀ. ਐੱਮ ਦਫ਼ਤਰ ਵਿਚ ਅਮਰਬੀਰ ਸਿੰਘ ਸਿੱਧੂ ਕੋਲ 20 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਬਾਦਲ ਦਲ-ਭਾਜਪਾ ਦੇ ਸਿਰਫ਼ ਇੱਕ ਉਮੀਦਵਾਰ ਦੇ ਹੀ ਨਾਮਜ਼ਦਗੀ ਪੱਤਰ ਦਾਖਲ ਹੋ ਸਕੇ। ਐਸ. ਡੀ. ਐਮ. ਦਫ਼ਤਰ ਦੇ ਵਿਹੜੇ ਵਿਚ ਖੜ੍ਹੇ ਬਾਦਲ ਦਲ ਦੇ ਆਗੂ ਜਦੋਂ ਐੱਸ. ਡੀ. ਐੱਮ. ਦਫ਼ਤਰ ਅੰਦਰ ਦਾਖਲ ਹੋਣ ਲਈ ਯਤਨਸ਼ੀਲ ਸਨ ਤਾਂ ਕਾਂਗਰਸੀ ਆਗੂਆਂ ਅਤੇ ਅਕਾਲੀ ਆਗੂਆਂ ਵਿਚ ਨਾਅਰੇਬਾਜ਼ੀ ਸ਼ੁਰੂ ਹੋ ਗਈ ਅਤੇ ਗੱਲ ਵਧ ਕੇ ਕੁੱਟਮਾਰ ‘ਚ ਬਦਲ ਗਈ। ਖ਼ਬਰਾਂ ਮੁਤਾਬਕ ਜ਼ਿਲ੍ਹਾ ਐੱਸ.ਪੀ.(ਡੀ) ਵਜ਼ੀਰ ਸਿੰਘ ਨੇ ਲਾਠੀ ਚਾਰਜ ਕਰਨ ਦਾ ਹੁਕਮ ਦਿੱਤਾ ਤਾਂ ਇਸ ਮਾਰਕੁੱਟ ਵਿਚ ਬਾਦਲ ਦਲ ਦੇ ਸ਼ਹਿਰੀ ਪ੍ਰਧਾਨ ਪਵਨ ਢੰਡ ਦੀ ਬਾਹ ਟੁੱਟ ਗਈ। ਬਾਦਲ ਦਲ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਕਰਕੇ ਸਾਡੇ ਨਾਲ ਧੱਕੇਸ਼ਾਹੀ ਹੋਈ। ਇਸ ਮੌਕੇ ਰਿਟਰਨਿੰਗ ਅਫ਼ਸਰ ਕਮ ਐੱਸ. ਡੀ. ਐੱਮ ਅਮਰਬੀਰ ਸਿੰਘ ਸਿੱਧੂ ਨੇ ਵੀ ਚੋਣਾਂ ਸਬੰਧੀ ਆਪਣੇ ਦਫ਼ਤਰ ਦੇ ਅੱਗੇ ਹੋਈ ਮਾਰਕੁੱਟ ਬਾਰੇ ਅਗਿਆਨਤਾ ਪ੍ਰਗਟਾਈ ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਮਾਰਕੁੱਟ ਸਬੰਧੀ ਕੋਈ ਵੀ ਸ਼ਿਕਾਇਤ ਪੱਤਰ ਜੋ ਪੁਲਿਸ ਕੋਲ ਪੁੱਜਿਆ ਹੋਵੇ ਬਾਰੇ ਜਾਣਕਾਰੀ ਹਾਸਲ ਨਹੀਂ ਹੋਈ, ਜੇਕਰ ਕੋਈ ਵੀ ਜਾਣਕਾਰੀ ਮਿਲੀ ਤਾਂ ਉਸ ਬਾਰੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਬਾਘਾਪੁਰਾਣਾ ਵਿਖੇ ਬਾਦਲ ਦਲ ਦੇ ਸ਼ਹਿਰੀ ਪ੍ਰਧਾਨ ਪਵਨ ਢੰਡ

ਬਾਘਾਪੁਰਾਣਾ ਵਿਖੇ ਬਾਦਲ ਦਲ ਦੇ ਸ਼ਹਿਰੀ ਪ੍ਰਧਾਨ ਪਵਨ ਢੰਡ

ਨਗਰ ਪੰਚਾਇਤ ਮੱਲਾਂਵਾਲਾ ਲਈ ਨਾਮਜ਼ਦਗੀ ਪੱਤਰ ਭਰਨ ਦੇ ਆਖ਼ਰੀ ਦਿਨ ਬਾਦਲ ਦਲ ਅਤੇ ਕਾਂਗਰਸੀਆਂ ਵਿਚਕਾਰ ਇੱਟਾਂ-ਰੋੜੇ ਚੱਲੇ। ਬਾਦਲ ਦਲ ਦੇ ਆਗੂਆਂ ਨੇ ਹਵਾ ਵਿਚ ਗੋਲੀਆਂ ਚੱਲਣ ਦਾ ਵੀ ਦੋਸ਼ ਲਾਇਆ ਪਰ ਪ੍ਰਸ਼ਾਸਨ ਨੇ ਇਸਤੋਂ ਇਨਕਾਰ ਕੀਤਾ ਹੈ।

ਰਾਜਪੁਰਾ: ਸਿਵਲ ਅਦਾਲਤਾਂ ਰਾਜਪੁਰਾ ਵਿਖੇ ਵਕੀਲਾਂ ਦੇ ਚੈਂਬਰਾਂ ਵਿਚ ਨਗਰ ਪੰਚਾਇਤ ਘਨੌਰ ਸਬੰਧੀ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪੋ-ਆਪਣੇ ਨਾਮਜ਼ਦਗੀ ਪੇਪਰ ਭਰਨ ਲਈ ਆਏ ਹੋਏ ਸਨ। ਇਸ ਮੌਕੇ ਕਾਂਗਰਸ ਅਤੇ ਬਾਦਲ ਦਲ ਦੇ ਆਗੂ ਆਪਸ ਵਿਚ ਉਲਝ ਗਏ ਅਤੇ ਗੱਲ ਹੱਥੋਪਾਈ ਤੱਕ ਪੁੱਜ ਗਈ। ਸਿਵਲ ਅਦਾਲਤਾਂ ਵਿਚ ਵਕੀਲਾਂ ਦੇ ਚੈਂਬਰਾਂ ‘ਚ ਕਾਂਗਰਸ ਅਤੇ ਬਾਦਲ ਦਲ ਦੇ ਆਗੂ ਕਿਸੇ ਗੱਲ ਨੂੰ ਲੈ ਕੇ ਖਹਿਬੜ ਪਏ ਅਤੇ ਗੱਲ ਕਾਫ਼ੀ ਜ਼ਿਆਦਾ ਵੱਧ ਗਈ ਅਤੇ ਹੱਥੋਪਾਈ ਦੌਰਾਨ ਕਈ ਲੋਕਾਂ ਦੇ ਸੱਟਾਂ ਵੀ ਲੱਗੀਆਂ। ਇਸ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਆਗੂ ਅਤੇ ਉਮੀਦਵਾਰ ਰਿਟਰਨਿੰਗ ਅਫ਼ਸਰ ਸੰਜੀਵ ਕੁਮਾਰ ਦੀ ਅਦਾਲਤ ਵਿਚ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨ ਲਈ ਪੁੱਜ ਗਏ। ਪਰ ਮਾਹੌਲ ਇਸ ਵੇਲੇ ਵੀ ਪੂਰੀ ਤਰ੍ਹਾਂ ਗਰਮਾਇਆ ਹੋਇਆ ਸੀ। ਇਸ ਮੌਕੇ ਬਾਦਲ ਦਲ ਦੇ ਉਮੀਦਵਾਰ ਕੁਲਦੀਪ ਸਿੰਘ ਨੇ ਦੋਸ਼ ਲਾਇਆ ਕਿ ਉਸ ਨੂੰ ਕਾਗ਼ਜ਼ ਨਹੀਂ ਭਰਨ ਦਿੱਤੇ ਗਏ ਜਿਸ ਕਾਰਨ ਉਸ ਨੇ ਆਪਣੇ ਭਰਾ ਦੇ ਨਾਮਜ਼ਦਗੀ ਪੇਪਰ ਦਾਖਲ ਕੀਤੇ। ਥਾਣਾ ਮੁਖੀ ਗੁਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕੁਲਦੀਪ ਸਿੰਘ ਦੀ ਕੋਈ ਵੀ ਸ਼ਿਕਾਇਤ ਨਹੀਂ ਆਈ ਹੈ। ਪਰ ਉਲਟਾ ਕੁਲਦੀਪ ਸਿੰਘ ਵਗ਼ੈਰਾ ਦੇ ਖ਼ਿਲਾਫ਼ ਹੀ ਸ਼ਿਕਾਇਤ ਆਈ ਜਿਸ ‘ਤੇ ਅਮਲ ਕਰਦਿਆਂ ਉਨ੍ਹਾਂ ਨੇ ਬਣਦੀ ਕਾਰਵਾਈ ਕਰ ਦਿੱਤੀ ਹੈ।

ਸਬੰਧਤ ਖ਼ਬਰ:

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਚੋਣ ਹਿੰਸਾ ਮਗਰੋਂ ਨਗਰ ਨਿਗਮ ਚੋਣਾਂ ਰੱਦ ਕਰਨ ਦੀ ਕੀਤੀ ਮੰਗ …

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: