ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਦੇ ਘਰ ਦੇ ਬਾਹਰ ਧਰਨਾਕਾਰੀ ਸਿੱਖਾਂ ਨੇ ਇਸ਼ਤਿਹਾਰ ਜੋੜੇ

ਸਿੱਖ ਖਬਰਾਂ

ਸਿੱਖਾਂ ਨੇ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਨੂੰ ਬਰਗਾੜੀ ਤੇ ਬਹਿਬਲ ਕਲਾਂ ਬਾਰੇ ਭਾਸ਼ਣ ਤੇ ਵਾਅਦੇ ਚੇਤੇ ਕਰਵਾਏ

By ਸਿੱਖ ਸਿਆਸਤ ਬਿਊਰੋ

December 15, 2019

ਕਾਦੀਆਂ, ਗੁਰਦਾਸਪੁਰ: ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਬਰਗਾੜੀ ਤੇ ਹੋਰਨਾਂ ਥਾਵਾਂ ਉੱਤੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਾਕਾ ਬਹਿਬਲ ਕਲਾਂ ਦੋਸ਼ੀਆਂ ਨੂੰ ਸਜਾ ਦੇ ਵਿਚ ਨਾਕਾਮ ਰਹੀ ਪੰਜਾਬ ਸਰਕਾਰ ਵਿਰੁਧ ਸ਼ੁਰੂ ਕੀਤੇ ਸੰਘਰਸ਼ ਤਹਿਤ ਅੱਜ 51 ਜੀਆਂ ਦੇ ਜਥੇ ਵੱਲੋਂ ਪੰਜਾਬ ਸਰਕਾਰ ਵਿਚ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਦੇ ਕਾਦੀਆਂ ਸਥਿੱਤ ਘਰ ਦੇ ਬਾਹਰ ਧਰਨਾ ਲਾਇਆ ਗਿਆ।

ਜ਼ਿਕਰਯੋਗ ਹੈ ਕਿ ਪਿਛਲੇ ਐਤਵਾਰ ਅਲਾਇੰਸ ਵੱਲੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਦੇ ਬਾਹਰ ਧਰਨਾ ਦੇ ਕੇ ਮੰਤਰੀ ਨੂੰ ਉਸਦੇ ਵਾਅਦੇ ਤੇ ਤਕਰੀਰਾਂ ਚੇਤੇ ਕਰਵਾਈਆਂ ਗਈਆਂ ਸਨ।

ਅਲਾਇੰਸ ਵੱਲੋਂ ਅੱਜ ਦੇ ਧਰਨੇ ਬਾਰੇ ਜਾਣਕਾਰੀ ਦਿੰਦਿਆਂ ਸ. ਸੁਖਦੇਵ ਸਿੰਘ ਫਗਵਾੜਾ ਨੇ ਕਿਹਾ ਕਿ ਅੱਜ ਦੇ ਧਰਨੇ ’ਚ ਸਭ ਤੋਂ ਪਹਿਲਾਂ ਕੀਰਤਨੀਏ ਸਿੰਘਾਂ ਵੱਲੋਂ ‘ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ’ ਅਤੇ ‘ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ’ ਸ਼ਬਦਾਂ ਦਾ ਗਾਇਨ ਕੀਤਾ।

ਇਸ ਤੋਂ ਬਾਅਦ ਅਲਾਇੰਸ ਦੇ ਬੁਲਾਰੇ ਪਰਮਪਾਲ ਸਿੰਘ ਸਭਰਾ ਨੇ ਕੈਬਨਿਟ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਸ਼ਬਦ ਅੱਜ ਦੇ ਸਮੇਂ ਵਿਚ ਤੁਹਾਡੀ ਸਰਕਾਰ ਉੱਤੇ ਪੂਰੀ ਤਰ੍ਹਾਂ ਢੁੱਕਦੇ ਹਨ।

ਉਨ੍ਹਾਂ ਸੰਗਤੀ ਰੂਪ ਦੇ ਵਿੱਚ ਮੰਤਰੀ ਨੂੰ ਸਬੋਧਨ ਕਰਕੇ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ਤੁਸੀਂ ਬਰਗਾੜੀ ਮੋਰਚੇ ਦੀ ਸਮਾਪਤੀ ਅਤੇ ਪਿਛਲੇ ਸਾਲ 28 ਅਗਸਤ 2018 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਜਾਂਚ ਲੇਖੇ ਉੱਤੇ ਵਿਚਾਰ ਕਰਨ ਵੇਲੇ ਪੰਜਾਬ ਵਿਧਾਨ ਸਭਾ ਦੇ ਖਾਸ ਇਜਲਾਸ ਵਿੱਚ ਜਜ਼ਬਾਤੀ ਭਾਸ਼ਣ ਦਿੰਦਿਆਂ ਕਿਹਾ ਸੀ ਕਿ ਅਸੀਂ ਆਪਣੀ ਸਰਕਾਰ ਵਿੱਚ ਰਹਿੰਦਿਆਂ ਬਹਿਬਲ ਕਲਾਂ ਅਤੇ ਬਰਗਾੜੀ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਾਂਗੇ ਨਹੀਂ ਅਤੇ ਉਨ੍ਹਾਂ ਦੀ ਰਹਿੰਦੀ ਉਮਰ ਜੇਲ੍ਹਾਂ ਵਿੱਚ ਗੁਜ਼ਰੇਗੀ। ਅਲਾਇੰਸ ਆਗੂ ਨੇ ਮੰਤਰੀ ਨੂੰ ਯਾਦ ਕਰਵਾਇਆ ਕਿ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਬਰਗਾੜੀ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਵਾਪਸ ਲੈਣ ਦਾ ਮਤਾ ਪਕਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਹ ਮਤਾ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਨੇ ਹੀ ਪੜ੍ਹਿਆ ਸੀ ਪਰ ਹਾਲੀ ਤੱਕ ਵੀ ਉਸ ਮਾਮਲੇ ਦੀ ਜਾਂਚ ਸੀ.ਬੀ.ਆਈ. ਕੋਲ ਹੀ ਹੈ ਅਤੇ ਇਸ ਏਜੰਸੀ ਵੱਲੋਂ ਪਛਲੇ ਸਮੇਂ ਦੌਰਾਨ ਇਹ ਮਾਮਲਾ ਬੰਦ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।

ਪਰਮਪਾਲ ਸਿੰਘ ਸਭਰਾ ਨੇ ਮੰਤਰੀ ਤੋਂ ਪੁੱਛਿਆ ਕਿ ‘ਪਿਛਲੇ 16 ਮਹੀਨਿਆਂ ਵਿੱਚ ਤੁਸੀਂ ਕੋਈ ਇੱਕ ਵੀ ਕਦਮ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਪੁੱਟਿਆ ਹੈ ਤਾਂ ਦੱਸੋ’।

‘ਤੁਸੀਂ ਸਦਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਖਿਆ ਸੀ ਕਿ ਬਹਿਬਲ ਕਲਾਂ ਦੇ ਅਸਲ ਦੋਸ਼ੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸੁਮੇਧ ਸੈਣੀ ਅਤੇ ਪਰਮਰਾਜ ਉਮਰਾਨੰਗਲ ਆਦਿ ਹਨ ਪਰ ਇਹ ਲੋਕ ਤੁਹਾਡੀ ਸਰਕਾਰ ਦੀ ਬਣਾਈ ਹੋਈ ਕਿਸੇ ਵੀ ਸਿੱਟ ਦੇ ਜਾਂਚ ਦੇ ਘੇਰੇ ਵਿੱਚ ਵੀ ਕਿਉਂ ਨਹੀਂ ਹਨ’, ਉਹਨਾਂ ਪੁੱਛਿਆ।

ਉਹਨਾਂ ਮੰਤਰੀ ਤੋਂ ਪੁੱਛਿਆ ਕਿ ‘ਤੁਸੀਂ ਕਿਹਾ ਸੀ ਕਿ ਬੇਅਦਬੀਆਂ ਦੇ ਦੋਸ਼ੀ ਮਰਦੇ ਦਮ ਤੱਕ ਜੇਲ੍ਹਾਂ ਵਿੱਚ ਰਹਿਣਗੇ ਪਰ ਰਾਮ ਰਹੀਮ ਵਰਗੇ ਵੱਡੇ ਦੋਸ਼ੀਆਂ ਨੂੰ ਨਾਮਜ਼ਦ ਕਰਨਾ ਤਾਂ ਦੂਰ, ਫੜੇ ਗਏ ਦੋਸ਼ੀ ਕੁਝ ਦਿਨਾਂ ਵਿੱਚ ਹੀ ਜ਼ਮਾਨਤਾਂ ਤੇ ਬਾਹਰ ਕਿਵੇਂ ਆ ਗਏ’।

ਅਲਾਇੰਸ ਦੇ ਆਗੂ ਨੇ ਮੰਤਰੀ ਸਵਾਲ ਕੀਤਾ ਕਿ ਮੌੜ ਬੰਬ ਧਮਾਕੇ ਦੇ ਸਾਜਿਸ਼ਕਾਰਾਂ ਦਾ ਪਰਦਾਫਾਸ਼ ਹੋਣ ਦੇ ਬਾਵਜੂਦ ਅਤੇ ਪੰਜਾਬ ਪੁਲਿਸ ਦੋਸ਼ੀਆਂ ਦੀਆਂ ਬਰੂਹਾਂ ਤੱਕ ਪਹੁੰਚਣ ਦੇ ਬਾਵਜੂਦ ਵੀ ਇਸ ਮਾਮਲੇ ਦੀ ਜਾਂਚ ਠੱਪ ਕਰ ਦਿੱਤੀ ਗਈ ਹੈ।

ਇਸ ਮੌਕੇ ਹਾਜ਼ਰ ਸੰਗਤਾਂ ਨੇ ਮੰਤਰੀ ਨੂੰ ਪੁੱਛਿਆ ਕਿ ‘ਤੁਸੀਂ ਵਿਧਾਨ ਸਭਾ ਵਿੱਚ ਸੈਣੀ ਪੁਲਿਸ ਦਾ ਜਿਕਰ ਕਰਦਿਆਂ ਸੁਮੇਧ ਸੈਣੀ ਦੀਆਂ ਕਰਤੂਤਾਂ ਜੱਗ-ਜਾਹਿਰ ਕੀਤੀਆਂ ਸੀ ਪਰ 16 ਮਹੀਨੇ ਬੀਤਣ ਤੇ ਵੀ ਇਸ ਵਿਵਾਦਤ ਅਫਸਰ ਖਿਲਾਫ ਕਾਰਵਾਈ ਕੀ ਕੀਤੀ ਹੈ?’

ਇਸ ਤੋਂ ਬਾਅਦ ਅਲਾਇੰਸ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਵੱਲੋਂ ਮੰਤਰੀ ਤ੍ਰਿਪਤਰਜਿੰਦਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ “ਤੁਸੀਂ ਬਰਗਾੜੀ ਮੋਰਚੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਹਾ ਸੀ ਕਿ ‘ਜੇ ਅਸੀਂ ਦੋਸ਼ੀਆਂ ਨੂੰ ਸਜ਼ਾ ਨਾ ਦਿਵਾ ਪਾਏ ਤਾਂ ਸਾਡਾ ਹਸ਼ਰ ਵੀ ਬਾਦਲਾਂ ਵਰਗਾ ਜਾਂ ਉਸ ਤੋਂ ਵੀ ਮਾੜਾ ਹੋਵੇ’। ਤੁਸੀਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੋਲੇ ਸਨ ਅਤੇ ਜੇ ਤੁਸੀਂ ਇਨਸਾਫ਼ ਨਾ ਦਿਵਾ ਪਾਏ ਤਾਂ ਅਸੀਂ ਚਾਹਾਂਗੇ ਕਿ ਤੁਹਾਡੇ ਇਹ ਸ਼ਬਦ ਪੂਰੇ ਹੋਣ”।

ਅੰਤ ਵਿੱਚ ਜਥੇ ਵਿੱਚ ਸ਼ਾਮਲ ਸੰਗਤਾਂ ਨੇ ਹੱਥ ਵਿੱਚ ਫੜੇ ਪੋਸਟਰ ਜਿਨ੍ਹਾਂ ਵਿੱਚ ਬਰਗਾੜੀ ਤੇ ਬਹਿਬਲ ਕਲਾਂ ਦੇ ਇਨਸਾਫ ਲਈ ਨਾਅਰੇ ਲਿਖੇ ਹੋਏ ਸਨ, ਮੰਤਰੀ ਦੇ ਨਿੱਜੀ ਸਹਾਇਕ ਨੂੰ ਸੌਂਪੇ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਟੰਗ ਦਿੱਤੇ।

ਇਸ ਜਥੇ ਵਿੱਚ ਆਵਾਜ਼ ਏ ਕੌਮ ਜਥੇਬੰਦੀ ਦੇ ਆਗੂ ਨੋਬਲਜੀਤ ਸਿੰਘ ਹੁਸ਼ਿਆਰਪੁਰ, ਮਨਜੀਤ ਸਿੰਘ ਕਰਤਾਰਪੁਰ, ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਤੋਂ ਇਲਾਵਾ ਅਲਾਇੰਸ ਨਾਲ ਸਬੰਧਤ ਜਥੇਬੰਦੀਆਂ ਦੇ ਆਗੂ ਹਰਪ੍ਰੀਤ ਸਿੰਘ ਸੋਢੀ, ਸੁਖਜੀਤ ਸਿੰਘ, ਸਿਮਰਨਜੀਤ ਸਿੰਘ, ਗੁਰਮੀਤ ਸਿੰਘ, ਸਰਬਜੋਤ ਸਿੰਘ ਹਰਿਆਣਾ, ਅਮਰਜੀਤ ਸਿੰਘ ਸੁਰ ਸਿੰਘ, ਨਵਜੋਧ ਸਿੰਘ ਹਰੀਕੇ, ਮਨਬੀਰ ਸਿੰਘ ਹਰੀਕੇ ,ਐਡਵੋਕੇਟ ਸੁਖਵਿੰਦਰ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ ਲੁਧਿਆਣਾ, ਕਮਲਬੀਰ ਸਿੰਘ, ਕੁਲਦੀਪ ਸਿੰਘ, ਪ੍ਰਭਜੋਤ ਸਿੰਘ, ਇੰਦਰਪ੍ਰੀਤ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: