ਖਾਸ ਖਬਰਾਂ

ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ‘ਬੇਟੀ ਬਚਾਓ, ਬੇਟੀ ਪੜਾਓ’ ਦੇ ਨਾਅਰੇ ਲਾਉਣ ਵਾਲਿਆਂ ਦਾ ਚਿਹਰਾ ਬੇਨਕਾਬ: ਖਾਲੜਾ ਮਿਸ਼ਨ

By ਸਿੱਖ ਸਿਆਸਤ ਬਿਊਰੋ

September 07, 2017

ਚੰਡੀਗੜ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਅਤੇ ਬੁਲਾਰੇ ਸਤਵਿੰਦਰ ਸਿੰਘ ਪਲਾਸੌਰ ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਕੰਨੜ ਦੀ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਪਿੱਛੇ ਆਰ.ਐਸ.ਐਸ. ਦਾ ਹੱਥ ਹੈ। ਆਰ.ਐਸ.ਐਸ. ਪੱਤਰਕਾਰ ਗੌਰੀ ਲੰਕੇਸ਼ ਵੱਲੋਂ ਕੀਤੀ ਜਾ ਰਹੀ ਜਾਤ-ਪਾਤ ਅਤੇ ਹਿੰਦੂਤਵ ਦੀ ਵਿਰੋਧਤਾ ਬਰਦਾਸ਼ਤ ਨਹੀ ਕਰ ਸਕੀ।

ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਮਨੁੱਖਤਾ ਦੋਖੀ ਅਤੇ ਅੱਤਵਾਦੀ ਸੰਗਠਨ ਹੈ ਜੋ ਮਾਲੇਗਾਉਂ, ਅਜਮੇਰ ਸ਼ਰੀਫ ਅਤੇ ਸਮਝੋਤਾ ਐਕਸਪ੍ਰੈਸ ਵਿੱਚ ਬੰਬ ਧਮਾਕੇ ਕਰਾਉਂਦਾ ਹੈ।ਨਿਰਦੋਸ਼ ਮਨੁੱਖਤਾ ਦਾ ਕਤਲੇਆਮ ਕਰਾਉਂਦਾ ਹੈ ਅਤੇ ਦੋਸ਼ੀ ਪਾਏ ਗਏ ਕਰਨਲ ਪ੍ਰੋਹਿਤ ਅਤੇ ਪ੍ਰਗਿਆ ਠਾਕੁਰ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਉਂਦਾ ਹੈ।

ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦਾ ਕਤਲ ਅਤੇ ਹਜਾਰਾਂ ਸਿੱਖਾਂ ਦੇ ਝੂਠੇ ਮੁਕਾਬਲੇ ਸਿੱਖੀ ਨਾਲ ਦੁਸ਼ਮਣੀ ਕੱਢਣ ਲਈ ਬਣਾਏ ਗਏ ਅਤੇ ਵਿਚਾਰਧਾਰਕ ਵਿਰੋਧਤਾ ਕਾਰਨ ਬਣਾਏ ਗਏ। ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਵਾਲੀਆਂ ਧੀਆਂ-ਭੈਣਾਂ ਉੱਪਰ ਥਾਣਿਆ ਅੰਦਰ ਤਸ਼ਦੱਦ ਢਾਹਿਆ ਗਿਆ ਅਤੇ ਬਾਅਦ ਵਿੱਚ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਦਰਿਆਵਾ-ਨਹਿਰਾਂ ਵਿੱਚ ਰੋੜ ਦਿੱਤੀਆਂ ਗਈਆਂ। ਪੱਤਰਕਾਰ ਰਾਮ ਸਿੰਘ ਬਲੰਿਗ ਅਤੇ ਕੁਲਵੰਤ ਸਿੰਘ ਐਡਵੋਕੇਟ ਵਰਗੇ ਪਰਿਵਾਰ ਸਮੇਤ ਲਾਪਤਾ ਕਰ ਦਿੱਤੇ ਗਏ।

ਜ਼ਿਕਰਯੋਗ ਹੈ ਕਿ ਬੀਤੇਂ ਦਿਨੀ ਬੈਂਗਲੁਰੂ ‘ਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਉਸਦੇ ਘਰ ‘ਚ ਵੜ ਕੇ ਉਸਨੂੰ ਗੋਲੀਆਂ ਮਾਰੀਆਂ। ਗੌਰੀ ਲੰਕੇਸ਼ ਦੀ ਪਛਾਣ ਸਿਸਟਮ ਵਿਰੋਧੀ, ਗਰੀਬ ਸਮਰਥਕ ਅਤੇ ਦਲਿਤ ਸਮਰਥਕ ਵਜੋਂ ਕੀਤੀ ਜਾਂਦੀ ਹੈ। ਸਾਲ 1962 ‘ਚ ਪੈਦਾ ਹੋਈ ਦੇ ਪਿਤਾ ਪੀ. ਲੰਕੇਸ਼ ‘ਲੰਕੇਸ਼ ਪੱਤਰਿਕਾ’ ਪ੍ਰਕਾਸ਼ਿਤ ਕਰਦੇ ਸੀ। ਆਪਣੇ ਭਾਈ ਇੰਦਰਜੀਤ ਲੰਕੇਸ਼ ਨਾਲ ਮਤਭੇਦਾਂ ਤੋਂ ਬਾਅਦ ਉਸਨੇ ਲੰਕੇਸ਼ ਪੱਤਰਿਕਾ ਦੇ ਸੰਪਾਦਕ ਦਾ ਅਹੁਦਾ ਛੱਡ ਕੇ 2005 ‘ਚ ਆਪਣਾ ਕੰਨੜ ਟੈਬਲਾਇਡ ‘ਗੌਰੀ ਲੰਕੇਸ਼ ਪੱਤਰਿਕਾ’ ਸ਼ੁਰੂ ਕਰ ਲਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: