ਨਵੀਂ ਦਿੱਲੀ: ਸਿੱਖ ਸਿਧਾਂਤਾਂ ਵਿਰੁੱਧ ਜਾ ਕੇ ਬਣਾਈ ਗਈ ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਨੂੰ ਦਿੱਤੇ ਇਕ ਜਵਾਬ ਵਿਚ ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਕੀਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀਆਂ ਅਤੇ ਅਹੁਦੇਦਾਰਾਂ ਵਲੋਂ ਫਿਲਮ ਨੂੰ ਪ੍ਰਵਾਨਗੀ ਦੇਣ ਦੇ ਸਬੂਤ ਪੇਸ਼ ਕੀਤੇ ਹਨ।
ਸਿੱਖ ਹਲਕਿਆਂ ਵਿੱਚ ਵਿਵਾਦਾਂ ਦਾ ਕਾਰਨ ਬਣੀ ਫ਼ਿਲਮ ‘ਨਾਨਕ ਸ਼ਾਹ ਫਕੀਰ’ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਨੂੰ ਦਿੱਤੇ ਗਏ ਆਪਣੇ ਜਵਾਬ ਵਿੱਚ ਇਸ ਫ਼ਿਲਮ ਨੂੰ ਬਣਾਉਣ ਤੇ ਫਿਰ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਸ ਕਰਨ ਨਾਲ ਜੁੜੇ ਦਸਤਾਵੇਜ਼ ਪੇਸ਼ ਕੀਤੇ ਹਨ।
ਇਸ ਕਮਿਸ਼ਨ ਨੂੰ ਕਮਿਸ਼ਨ ਦੇ ਸਿੱਖ ਸਲਾਹਕਾਰ ਕਮੇਟੀ ਮੈਂਬਰ ਜਗਮਿੰਦਰ ਸਿੰਘ ਨੇ ਸਿੱਕਾ ਦੀ ਸ਼ਿਕਾਇਤ ਕੀਤੀ ਸੀ। ਕਮਿਸ਼ਨ ਦੇ ਮੈਂਬਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਉਹ ਸਿੱਕਾ ਵੱਲੋਂ ਮਿਲੇ ਜਵਾਬ ਨੂੰ ਘੋਖ ਰਹੇ ਹਨ ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਰਿੰਦਰ ਸਿੱਕਾ ਨੂੰ ਇਸ ਫ਼ਿਲਮ ਨੂੰ ਸਿੱਖ ਸੰਗਤਾਂ ਵਲੋਂ ਰੱਦ ਕੀਤੇ ਜਾਣ ਦੇ ਬਾਵਜੂਦ ਵਾਪਿਸ ਨਾ ਲੈਣ ਕਾਰਨ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ।
ਫ਼ਿਲਮ ਨਿਰਮਾਤਾ ਨੇ ਆਪਣੇ ਜਵਾਬ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ਼ਿਲਮ ਦੇ ਨਿਰਮਾਣ ਲਈ ਮਨਜ਼ੂਰੀਆਂ ਮਿਲਦੀਆਂ ਰਹੀਆਂ ਸਨ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਪੱਤਰ ਵੀ ਸਬੂਤ ਵਜੋਂ ਕਮਿਸ਼ਨ ਨੂੰ ਭੇਜੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਮਨਜ਼ੂਰੀ ਪੱਤਰ ਲੈਣ ਵੇਲੇ ਦੀ ਤਸਵੀਰ ਵੀ ਉਨ੍ਹਾਂ ਕਮਿਸ਼ਨ ਨਾਲ ਸਾਂਝੀ ਕੀਤੀ ਹੈ।
ਜਿਕਰਯੋਗ ਹੈ ਕਿ ਸਿੱਕਾ ਵਲੋਂ ਸਿੱਖ ਸਿਧਾਂਤ ਵਿਰੋਧੀ ਬਣਾਈ ਗਈ ਇਸ ਫਿਲਮ ਲਈ ਸਿੱਖ ਸੰਗਤਾਂ ਫਿਲਮ ਨੂੰ ਪ੍ਰਵਾਨਗੀਆਂ ਦੇਣ ਵਾਲੇ ਧਾਰਮਿਕ ਅਹੁਦੇਦਾਰਾਂ ਨੂੰ ਵੀ ਬਰਾਬਰ ਦਾ ਦੋਸ਼ੀ ਮੰਨ ਰਹੀਆਂ ਹਨ ਤੇ ਇਨ੍ਹਾਂ ਸਬੂਤਾਂ ਦੇ ਸਾਹਮਣੇ ਆਉਣ ਨਾਲ ਸਬੰਧਿਤ ਅਹੁਦੇਦਾਰਾਂ ਖਿਲਾਫ ਸੰਗਤ ਵਿਚ ਹੋਰ ਵਿਰੋਧ ਪੈਦਾ ਹੋਣ ਦੀ ਸੰਭਾਵਨਾ ਹੈ।