ਲੇਖ

5 ਫਰਵਰੀ 1762 ‘ਵੱਡਾ ਘੱਲੂਘਾਰਾ’

By ਸਿੱਖ ਸਿਆਸਤ ਬਿਊਰੋ

February 05, 2024

5 ਫਰਵਰੀ 1762 ਵਾਲਾ ਦਿਹਾੜਾ ,ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖੂਨੀ ਕਾਂਡ ਵਾਲਾ ਦਿਹਾੜਾ ਹੈ ਜਿਸਨੂੰ “ਵੱਡਾ ਘੱਲੂਘਾਰਾ” ਵਜੋਂ ਜਾਣਿਆ ਜਾਂਦਾ ਹੈ,ਜਿਸ ਵਿੱਚ 32 ਹਜ਼ਾਰ ਤੋਂ ਵੱਧ ਸਿੰਘ, ਸਿੰਘਣੀਆਂ ਅਤੇ ਬਚੇ ਸ਼ਹੀਦ ਹੋਏ।

ਅਹਿਮਦ ਸ਼ਾਹ ਅਬਦਾਲੀ, 1748 ਤੋਂ ਲੈਕੇ 1761, ਤਕ ਹਿੰਦੁਸਤਾਨ ਉਪਰ ਪੰਜ ਹਮਲੇ ਕਰ ਚੁੱਕਾ ਸੀ। ਇਸ ਤੋਂ ਬਾਅਦ ਦਾ ਉਸਦਾ ਛੇਵਾਂ ਹਮਲਾ ਨਿਰੋਲ ਸਿੱਖਾਂ ਦੀ ਹੋਂਦ ਹਸਤੀ ਨੂੰ ਨੇਸਤੋਨਾਬੂਦ ਕਰਨ ਦੇ ਲਈ ਕੀਤਾ ਗਿਆ ਸੀ। ਜਦੋਂ ਕਿ ਪੰਜਵਾ ਹਮਲਾ ਨਿਰੋਲ ਮਰਹੱਟਿਆਂ ਦੇ ਖਿਲਾਫ਼ ਸੀ। ਪਾਣੀਪਤ ਦੇ ਮੁਕਾਮ’ ਤੇ ਤੀਜੀ ਜੰਗ ਵੇਲੇ ਅਬਦਾਲੀ ਨੇ ਮਰਹੱਟਿਆਂ ਦਾ ਲਕ ਤੋੜ ਦਿੱਤਾ ਸੀ ਜਿਸ ਕਾਰਣ ਉਸਦੇ ਹੌਂਸਲੇ ਚੋਖੇ ਬੁਲੰਦ ਸਨ। 13 ਜਨਵਰੀ 1761 ਨੂੰ ਇਸ ਨੇ ਮਰਹੱਟਿਆਂ ਨੂੰ ਮੁਕੰਮਲ ਹਾਰ ਦਿੱਤੀ ਸੀ ਅਤੇ ਮਾਰਚ ਮਹੀਨੇ ਵਿੱਚ ਇਹ ਲੁੱਟ ਦੇ ਸਾਮਾਨ ਦੇ ਨਾਲ ਅਤੇ ਹਿੰਦੂਸਤਾਨੀ ਬਹੁ ਬੇਟੀਆਂ ਅਤੇ ਛੋਟੇ ਬੱਚਿਆਂ ਦੇ ਗੱਡੇ ਭਰ ਕੇ ਜਦੋਂ ਵਾਪਸ ਪਰਤ ਰਿਹਾ ਸੀ ਤਾਂ ਸਿੰਘਾਂ ਨੇ ਅਟਕ ਤਕ ਇਸ ਦਾ ਪਿੱਛਾ ਕੀਤਾ ਅਤੇ ਇਸ ਪਾਸੋ ਸਾਰਾ ਮਾਲ ਅਸਬਾਬ ਖੋਹ ਲਿਆ। ਇਸ ਹਾਰ ਤੋਂ ਗੁੱਸੇ ਵਿੱਚ ਆਏ ਅਬਦਾਲੀ ਨੇ, ਉਸ ਵਕਤ ਐਲਾਨੀਆਂ ਤੌਰ ਤੇ ਕਿਹਾ ਸੀ ਕੇ ਹੁਣ ਉਹ, ਸਿੱਖਾਂ ਦਾ ਖ਼ੁਰਾ ਖੋਜ ਮਿਟਾ ਕੇ ਹੀ ਚੈਨ ਲਵੇਗਾ।

ਅਬਦਾਲੀ ਨੇ ਸਿੱਖਾਂ ਦੀ ਵਧਦੀ ਤਾਕਤ ਨੂੰ ਠੱਲ ਪਾਉਣ ਦੇ ਲਈ ਖਵਾਜਾ ਮਿਰਜ਼ਾ ਖ਼ਾਨ ਚਾਹਾਰ ਮਹੱਲ ਵਾਲਾ, ਆਬਿਦ ਖਾਨ, ਸਾਦਕ ਖਾਨ  ਅਫਰੀਦੀ ਆਦਿ ਨੂੰ ਨਿਯੁੱਕਤ ਤਾਂ ਕੀਤਾ ਪਰ ਇਹ ਵੀ ਸਿੱਖਾਂ ਦੀ ਵਧਦੀ ਤਾਕਤ ਨੂੰ ਰੋਕ ਨਾ ਸਕੇ।

5 ਫਰਵਰੀ, 1762 ਈ: ਵਾਲਾ ਦਿਨ ਸਿੱਖ ਕੌਮ ਵਿੱਚ ਵੱਡੇ ਘੱਲੂਘਾਰੇ ਵਜੋਂ ਜਾਣਿਆ ਜਾਂਦਾ ਹੈ। ਇਹ ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਉਤੇ ਕੀਤੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਅਬਦਾਲੀ ਨੇ ਹਿੰਦੁਸਤਾਨ ‘ਤੇ 11 ਹਮਲੇ ਕੀਤੇ, ਪਰ ਕਿਸੇ ਵੀ ਹਮਲੇ ਵਿਚ ਉਸਦਾ, ਸਿੱਖਾਂ ਜਿਨ੍ਹਾਂ ਵੱਡਾ ਟਾਕਰਾ ਕਰਨ ਦੀ ਜ਼ੁਰਅਤ ਕੋਈ ਹੋਰ, ਹਿੰਦੁਸਤਾਨ ਦਾ ਮਾਈ ਕਾ ਲਾਲ ਆਪਣੇ ਅੰਦਰ ਪੈਦਾ ਨਹੀਂ ਕਰ ਸਕਿਆ। ਇਹ ਸਿੱਖ ਹੀ ਸਨ ਜਿਨ੍ਹਾਂ ਨੇ ਇਹਨਾਂ ਮੁਗਲ ਜਰਵਾਣਿਆਂ ਨੂੰ ਆਪਣੇ ਬੁਲੰਦ ਹੌਸਲੇ ਦੇ ਨਾਲ, ਗਿਣਤੀ ਵਿੱਚ ਘੱਟ ਹੁੰਦਿਆ ਹੋਇਆ ਵੀ ਮੁਕਾਬਲੇ ਦੀ ਟੱਕਰ ਦਿੱਤੀ ।

1761 ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਬਦਾਲੀ ਆਪਣੇ ਪੰਜਵੇਂ ਹਮਲੇ ਦੇ ਦੌਰਾਨ ਮਰਾਠਿਆਂ ਨੂੰ ਵੱਡੀ ਹਾਰ ਦੇਣ ਮਗਰੋਂ ਹਜ਼ਾਰਾ ਦੀ ਗਿਣਤੀ ਵਿੱਚ ਮਰਾਠਾ ਔਰਤਾਂ, ਬੱਚੀਆਂ ਅਤੇ ਬੱਚਿਆਂ ਦੇ ਗੱਡੇ ਭਰਕੇ ਕਾਬਲ ਨੂੰ ਚੱਲ ਪਿਆ ਪਰ ਜਦੋਂ ਪੰਜਾਬ ਵਿਚ ਦਾਖਲ ਹੋਇਆ ਤਾਂ ਸਿੱਖਾਂ ਨੇ ਇਸ ਦੀਆਂ ਫੌਜਾਂ ਤੇ ਗੁਰੀਲਾ ਹਮਲਾ ਕੀਤਾ ਅਤੇ ਇਸ ਵੱਲੋ ਲੁੱਟ ਕੇ ਲਿਜਾਂਦੇ ਜਾ ਰਹੇ ਲੱਖਾਂ ਰੁਪਏ ਦੇ ਮਾਲ ਅਸਬਾਬ ਨੂੰ ਵਾਪਿਸ ਖੋਹ ਲਿਆ ਅਤੇ ਹਜ਼ਾਰਾਂ ਹਿੰਦੂ ਕੰਨਿਆਵਾਂ ਨੂੰ ਅਬਦਾਲੀ ਦੇ ਪੰਜੇ ਵਿਚੋਂ ਨਾ ਸਿਰਫ ਛੁਡਵਾਇਆ ਸਗੋਂ ਉਨ੍ਹਾਂ ਨੂੰ ਬਾਇਜ਼ਤ ਉਨ੍ਹਾਂ ਦੇ ਘਰੋ-ਘਰੀ ਪਹੁੰਚਾਇਆ।

ਇਤਿਹਾਸ ਗਵਾਹ ਹੈ ਕਿ ਹਿੰਦੁਸਤਾਨ ਦੇ ਉੱਤੇ ਹਮਲਿਆਂ ਦੇ ਦੋਰਾਨ ਅਬਦਾਲੀ ਨੇ ਮੁਗ਼ਲਾਂ ਅਤੇ ਮਰਾਠਿਆਂ ਨੂੰ ਲੱਕ ਤੋੜਵੀ ਹਾਰ ਦਿੱਤੀ ਸੀ, ਜਿਸ ਕਾਰਣ ਉਹ ਬੇਖੌਫ ਹੋ ਚੁੱਕਾ ਸੀ ਅਤੇ ਉਸਦੇ ਹੌਂਸਲੇ ਪੂਰੇ ਬੁਲੰਦ ਸਨ। ਇਹ ਸਿਰਫ ਸਿੱਖ ਹੀ ਸਨ ਜੋ ਗਿਣਤੀ ਵਿੱਚ ਬਹੁਤ ਥੋੜੇ ਸਨ ਪਰ ਸਿੱਖਾਂ ਦੇ ਹੌਸਲਿਆਂ ਦੀ ਕੋਈ ਹੱਦ ਨਹੀਂ ਸੀ।

” ਦੇਖਨ ਮੈ ਥੋੜੇ ਦੀਸੈ ਲੜਤੇ ਘਣੇ ਦਿਸਾਹਿ।”

ਅਬਦਾਲੀ ਹੁਣ ਬਾਕੀਆਂ ਦੀ ਤਰ੍ਹਾਂ ਸਿੱਖਾਂ ਦਾ ਖ਼ੁਰਾ ਖੋਜ ਮਿਟਾਉਣ ਲਈ ਕਮਰ ਕਸੀ ਬੈਠਾ ਸੀ ਅਸਲ ਵਿੱਚ ਉਸ ਦਾ ਹਿੰਦੁਸਤਾਨ’ ਤੇ ਛੇਵਾਂ ਹਮਲਾ ਨਿਰੋਲ ਸਿੱਖਾਂ ਦੀ ਹੋਂਦ ਨੂੰ ਮਿਟਾਉਣ ਵਾਸਤੇ ਸੀ। ਸਿੱਖ ਇਸ ਗਲ ਨੂੰ ਜਾਣ ਚੁੱਕੇ ਸਨ ਇਸ ਲਈ ਅਬਦਾਲੀ ਦੇ ਕਾਬਲ ਵਾਪਿਸ ਪਰਤਦਿਆਂ ਹੀ, ਸਿੱਖਾਂ ਨੇ ਕਈ ਥਾਈ ਆਪਣੇ ਬੰਕਰ ਪੱਕੇ ਕਰ ਲਏ ਸਨ।

ਦੂਜੇ ਪਾਸੇ 1761 ਦੇ ਅਕਤੂਬਰ ਮਹੀਨੇ ਵਿੱਚ ਸਿੱਖਾਂ ਨੇ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਲਾਹੌਰ ਦੇ ਹਾਕਮ ਉਬੈਦ ਖਾਨ ਨੂੰ ਬੁਰੀ ਤਰ੍ਹਾਂ ਨਾਲ ਹਰਾ ਕੇ ਲਾਹੌਰ ‘ਤੇ ਆਪਣਾ ਕਬਜ਼ਾ ਜਮਾ ਲਿਆ ਸੀ। ਨਵਾਬ ਕਪੂਰ ਸਿੰਘ ਹੁਣਾਂ ਦੀ ਯੋਗ ਅਗਵਾਹੀ ਹੇਠ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਪੰਥ ਵਲੋਂ ਨਾ ਸਿਰਫ ਤਖ਼ਤ ‘ਤੇ ਹੀ ਬਿਠਾਇਆ ਗਿਆ ਸਗੋ ਉਨ੍ਹਾਂ ਨੂੰ ਸੁਲਤਾਨ-ਉਲ-ਕੌਮ ਦੀ ਉਪਾਧੀ ਨਾਲ ਸਨਮਾਨਤ ਵੀ ਕੀਤਾ ਗਿਆ।

ਲਾਹੌਰ ‘ਤੇ ਕਬਜ਼ਾ ਕਰਣ ਮਗਰੋਂ ਸਿੱਖਾਂ ਨੇ ਖਾਲਸਾਈ ਰਿਵਾਇਤ ਦੇ ਮੁਤਾਬਕ ਜੰਡਿਆਲੇ ਵਿਖੇ ਸਰਕਾਰੀ ਸੂਹੀਏ ਮਹੰਤ ਆਕਿਲ ਦਾਸ ਨਿਰੰਜਨੀਏ ਨੂੰ ਘੇਰਾ ਪਾ ਲਿਆ। ਇਹ ਉਹ ਚੁਗਲਖੋਰ ਸੀ ਜਿਸ ਨੇ ਭਾਈ ਤਾਰੂ ਸਿੰਘ ਜੀ ਅਤੇ ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟੀਏ ਵਰਗੇ ਕਈ ਯੋਧਿਆਂ ਨੂੰ ਮੁਖਬਰੀ ਕਰਕੇ ਸ਼ਹੀਦ ਕਰਵਾਇਆ ਸੀ। ਸਿੰਘਾਂ ਵੱਲੋਂ ਘੇਰਾ ਪਾਉਣ ਤੋਂ ਬਾਅਦ, ਮਹੰਤ ਆਕਿਲ ਦਾਸ ਨੇ ਆਪਣੇ ਭਰੋਸੇ ਵਾਲੇ ਬੰਦੇ ਅਬਦਾਲੀ ਵੱਲ ਦੋੜਾ ਦਿੱਤੇ। ਅਬਦਾਲੀ ਇਸ ਵੇਲੇ ਪੰਜਾਬ ਵੱਲ ਕੂਚ ਕਰ ਚੁੱਕਾ ਸੀ। ਮਹੰਤ ਦੇ ਬੰਦੇ ਅਬਦਾਲੀ ਨੂੰ ਰੁਹਤਾਸਗੜ੍ਹ ਦੇ ਮੁਕਾਮ ਤੇ ਜਾ ਮਿਲੇ ਅਤੇ ਅਬਦਾਲੀ ਨੂੰ ਸਿੱਖਾਂ ਵਲੋਂ ਘੇਰਾ ਘਤਣ ਦੀ ਖ਼ਬਰ ਦਸੀ। ਦੂਜੇ ਪਾਸੇ ਸਿੱਖਾਂ ਨੂੰ ਵੀ ਖਬਰ ਹੋ ਗਈ ਸੀ ਕੇ ਅਬਦਾਲੀ ਸਿੱਖਾਂ ਦੇ ਨਾਲ ਦੋ ਦੋ ਹੱਥ ਕਰਣ ਦੀ ਨੀਤ ਨਾਲ ਚਾਲੇ ਪਾ ਚੁੱਕਾ ਹੈ। ਸਿੰਘਾਂ ਨੇ ਗੁਰਮਤਾ ਕੀਤਾ ਕੇ ਆਪਣੇ ਟੱਬਰ ਇੱਥੋਂ ਮਾਲਵੇ ਦੇ ਰੇਤ-ਥਲਾਂ ਵੱਲ ਛੱਡਣ ਲਈ ਚਾਲੇ ਪਾਏ ਜਾਣ, ਅਤੇ ਫੇਰ ਬੇਫਿਕਰੀ ਦੇ ਨਾਲ ਅਬਦਾਲੀ ਦਾ ਮੁਕਾਬਲਾ ਕੀਤਾ ਜਾ ਸਕੇ। ਜਦੋਂ ਅਬਦਾਲੀ ਲਾਹੌਰ ਪਹੁੰਚਿਆ ਤਾਂ ਸਿੱਖ ਸਤਲੁਜ ਪਾਰ ਕਰ ਕੇ ਮਾਲੇਰਕੋਟਲੇ ਦੇ ਲਾਗੇ ਪਿੰਡ ਕੁੱਪ ਕੋਲ ਪੁੱਜ ਕੇ ਡੇਰਾ ਲਾ ਬੈਠੇ ਸਨ।  ਅੱਜਕਲ੍ਹ ਇਹ ਪਿੰਡ ਮਾਲੇਰਕੋਟਲਾ-ਲੁਧਿਆਣਾ ਦੀ ਜਰਨੈਲੀ ਸੜਕ ‘ਤੇ ਹੈ।

ਸਿੱਖਾਂ ਦੀ ਜੰਗਜੂ ਫੌਜ ਦੀ ਗਿਣਤੀ ਉਸ ਵਕਤ 50 ਹਜ਼ਾਰ ਦੇ ਲਾਗੇ ਦਸੀ ਜਾਂਦੀ ਸੀ। ਇਕ ਵਿਉਂਤ ਦੇ ਮੁਤਾਬਕ ਸਿੱਖ ਜਲਦੀ ਤੋਂ ਜਲਦੀ ਬਰਨਾਲੇ ਵੱਲ ਨਿਕਲਣਾ ਚਾਹੁੰਦੇ ਸਨ, ਅਸਲ ਵਿੱਚ ਇਥੇ ਉਹ ਬਾਬਾ ਆਲਾ ਸਿੰਘ ਪਾਸੋਂ ਮਦਦ ਦੀ ਭਾਲ ਵਿੱਚ ਸਨ ਪਰ ਬਾਬਾ ਆਲਾ ਸਿੰਘ ਨੇ ਅਬਦਾਲੀ ਤੋਂ ਡਰਦੇ ਹੋਏ ਨੇ,ਇਸ ਕੌਮੀ ਸੰਕਟ ਵਕਤ ਆਪਣੇ ਭਰਾਵਾਂ ਦੀ ਬਾਂਹ ਫੜ੍ਹਨ ਤੋਂ ਸਿਫ਼ਰ ਇਨਕਾਰ ਹੀ ਨਹੀਂ ਕੀਤਾ ਸਗੋਂ ਆਪਣਾ ਟਿਕਾਣਾ ਛੱਡ ਕੇ ਇਧਰ ਉਧਰ ਹੋ ਗਿਆ। ਅਬਦਾਲੀ ਨੂੰ ਜਦੋਂ ਸਿੱਖਾਂ ਦੇ ਮਾਲੇਰਕੋਟਲੇ ਲਾਗੇ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਮਾਲੇਰਕੋਟਲੇ ਦੇ ਨਵਾਬ ਭੀਖਣ ਸ਼ਾਹ ਅਤੇ ਸਰਹਿੰਦ ਦੇ ਸੂਬੇਦਾਰ ਜੈਨ ਖਾਨ ਨੂੰ ਹੁਕਮ ਭੇਜਿਆ ਕੇ ਸਿੰਘਾਂ ਨੂੰ ਤੁਰੰਤ ਆਪਣੇ ਘੇਰੇ ਵਿੱਚ ਲੈ ਲਿਆ ਜਾਏ ਅਤੇ ਆਪ ਵੀ ਇਸ ਨੇ ਤੁਰੰਤ ਬਿਜਲੀ ਵਰਗੀ ਫੁਰਤੀ ਦੇ ਨਾਲ ਸਿੰਘਾਂ ਵੱਲ ਨੂੰ ਕੂਚ ਕੀਤਾ। ਅਸਲ ਦੇ ਵਿੱਚ ਉਸ ਨੂੰ ਇਨੇ ਵੱਡੇ ਮੁਕਾਬਲੇ ਦਾ ਅੰਦਾਜ਼ਾ ਨਹੀਂ ਸੀ।

5 ਫਰਵਰੀ, 1762 ਨੂੰ ਸੂਰਜ ਦੀ ਪਹਿਲੀ ਕਿਰਨ ਦੇ ਨਿਕਲਣ ਤੋਂ ਪਹਿਲਾਂ ਹੀ ਅਬਦਾਲੀ ਨੇ ਦਲ ਖਾਲਸਾ ਦੀ ਸਰਪ੍ਰਸਤੀ ਹੇਠ ਇੱਕਠੇ ਹੋਏ ਇਨ੍ਹਾਂ ਸਿੰਘਾਂ ਉਪਰ ਬੜਾ ਵੱਡਾ ਕਹਿਰੀ ਹਮਲਾ ਕਰ ਦਿੱਤਾ। ਉਸ ਨੇ 8000 ਦੇ ਕਰੀਬ ਫੌਜ ਆਪਣੀ ਕਮਾਨ ਹੇਠ ਰੱਖੀ ਅਤੇ ਬਾਕੀ ਦੀ ਫੌਜ ਆਪਣੇ ਵਜ਼ੀਰ ਸ਼ਾਹਵਲੀ ਖਾਨ ਦੀ ਕਮਾਨ ਹੇਠ ਭੇਜੀ। ਜੈਨ ਖਾਨ, ਭੀਖਣ ਖਾਨ ਅਤੇ ਦੀਵਾਨ ਲੱਛਮੀ ਨਰਾਇਣ ਦੇ ਫੌਜੀ ਦਸਤੇ ਵੀ ਸ਼ਾਹਵਾਲੀ ਦੀ ਕਮਾਨ ਹੇਠ ਹੀ ਸਿੱਖਾਂ ਦੇ ਵਹੀਰ ‘ਤੇ ਹਮਲਾ ਕਰਨ ਲਈ ਭੇਜੇ ਗਏ।

ਸਿੱਖਾਂ ਨੇ ਆਪਣੇ ਬੁਜ਼ਰਗ, ਬੱਚੇ ਅਤੇ ਸਿੰਘਣੀਆ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਅਤੇ ਮੁਕਾਬਲੇ ਲਈ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ। ਇਸ ਜੰਗ ਵਿਚ ਸਾਰੀਆਂ ਮਿਸਲਾਂ ਦੇ ਸਰਦਾਰ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੁਣਾ ਦੀ ਕਮਾਨ ਹੇਠ ਇੱਕਠੇ ਹੋ ਚੁੱਕੇ ਸਨ।ਇਥੇ ਸਭ ਤੋਂ ਪਹਿਲਾਂ ਹਮਲਾ ਕਾਸਿਮ ਖਾਨ ਨੇ ਕੀਤਾ। ਜਥੇਦਾਰ ਜਰਨੈਲ਼ ਜੱਸਾ ਸਿੰਘ ਆਹੂਵਾਲੀਆ ਨੇ ਲੜਦੇ-ਲੜਦੇ ਸਿੰਘਾਂ ਨੂੰ ਬਰਨਾਲੇ ਵੱਲ ਵਧਣ ਦਾ ਹੁਕਮ ਦਿੱਤਾ। ਕਾਸਿਮ ਖਾਨ ਮੂੰਹ ਦੀ ਖਾ ਕੇ ਅਜੇ ਪਿੱਛੇ ਹਟਿਆ ਹੀ ਸੀ ਕਿ ਉਸਦੀ ਥਾਂ ਤੇ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਨਾਮਵਰ ਜਰਨੈਲਾਂ ਜਹਾਨ ਖਾਨ ਅਤੇ ਸਰਬੁਲੰਦ ਖਾਨ ਦੇ ਨਾਲ ਚੁਫੇਰਿਉਂ ਸਿੱਖਾਂ ‘ਤੇ ਹਮਲਾ ਕਰ ਦਿੱਤਾ। ਇਸ ਵਕਤ ਅਬਦਾਲੀ ਦੀ ਫ਼ੌਜ ਦੀ ਗਿਣਤੀ 48 ਹਜ਼ਾਰ ਦੇ ਕਰੀਬ ਦਸੀ ਗਈ ਹੈ। ਬਾਬਾ ਆਲਾ ਸਿੰਘ ਦੇ ਵਕੀਲ ਸੇਖੂ ਸਿੰਘ ਹੰਭਲਵਾਲ ਦੀ ਨਿਗਰਾਨੀ ਹੇਠ ਸਿੱਖਾਂ ਨੇ ਵਹੀਰ ਸਮੇਤ ਲੜਦੇ ਲੜਦੇ ਬਰਨਾਲੇ ਵੱਲ ਨੂੰ ਕੂਚ ਕਰ ਦਿੱਤਾ।

ਸ਼ਾਹਵਲੀ ਖਾਨ ਵਜ਼ੀਰ ਦੀ ਕਮਾਨ ਹੇਠ ਅਬਦਾਲੀ ਦੀਆਂ ਫੌਜਾਂ ਨੇ ਸਿੰਘਾਂ ਦੇ ਵਹੀਰ ਦਾ ਚੋਖਾ ਨੁਕਸਾਨ ਕੀਤਾ। ਹਜ਼ਾਰਾਂ ਬਿਰਧ ਔਰਤਾਂ ਅਤੇ ਬੱਚੇ ਸ਼ਹੀਦ ਕਰ ਦਿੱਤੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਬਜ਼ੁਰਗ, ਬੀਬੀਆਂ ਅਤੇ ਬੱਚੇ ਬੰਦੀ ਬਣਾ ਲਏ। ਜਦੋਂ ਸਰਦਾਰ ਜੱਸਾ ਸਿੰਘ ਹੁਣਾਂ ਨੂੰ ਅਬਦਾਲੀ ਦੀ ਇਸ ਹਰਕਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸਰਦਾਰ ਸ਼ਾਮ ਸਿੰਘ, ਸਰਦਾਰ ਕਰੋੜਾ ਸਿੰਘ, ਸਰਦਾਰ ਨਾਹਰ ਸਿੰਘ ਅਤੇ ਸਰਦਾਰ ਕਰਮ ਸਿੰਘ ਨੂੰ ਸਿੰਘਾਂ ਦੇ ਵੱਡੇ ਫੌਜੀ ਦਸਤੇ ਦੇ ਨਾਲ ਇਨ੍ਹਾਂ ਬੰਦੀ ਬਣਾਏ ਗਏ ਸਿੰਘਾਂ ਦੀ ਮਦਦ ਵਾਸਤੇ ਭੇਜਿਆ। ਇਹ ਸਿੰਘ ਪੂਰੀ ਸੂਰਬੀਰਤਾ ਨਾਲ ਲੜੇ ਅਤੇ ਬੰਦੀਆਂ ਨੂੰ ਛੁਡਵਾ ਲਿਆ। ਇਥੇ ਸਿੰਘਾਂ ਨੇ ਸ਼ਾਹਵਲੀ ਖਾਨ ਦੀ ਫੌਜ ਦਾ ਭਾਰਾ ਨੁਕਸਾਨ ਕੀਤਾ। ਹਾਰ ਖਾ ਕੇ ਵਜ਼ੀਰ ਸ਼ਾਹਵਲੀ ਖਾਂ ਪਿੱਛੇ ਹਟ ਗਿਆ।

ਸਰਦਰ ਚੜ੍ਹਤ ਸਿੰਘ ਸ਼ੁਕਰਚਕੀਆ (ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ) ਨੇ ਜਰਨੈਲ ਸਰਬੁਲੰਦ ਖਾਨ ਨੂੰ ਬੁਰੀ ਤਰ੍ਹਾਂ ਦੇ ਨਾਲ ਜਖਮੀਂ ਕਰ ਦਿੱਤਾ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਪ੍ਰਧਾਨ ਸੈਨਾਪਤੀ ਜਹਾਨ ਖਾਨ ਬੁਰੁ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ। ਅਬਦਾਲੀ ਕੋਲ ਇਸ ਵਕਤ ਤੇਜ਼ ਮਾਰ ਕਰਨ ਲਈ ਭਾਰੀਆਂ ਤੋਪਾਂ ਨਹੀਂ ਸਨ ਕਿਉਂਕਿ ਉਸ ਨੂੰ ਸਿੱਖਾਂ ਵਲੋਂ ਇਤਨੇ ਵੱਡੇ ਟਾਕਰੇ ਜਾਂ ਮੁਕਾਬਲੇ ਦਾ ਉੱਕਾ ਇਲਮ ਨਹੀਂ ਸੀ ਇਸ ਕਰਕੇ ਉਹ ਭਾਰੀ ਤੋਪਾਂ ਲਾਹੌਰ ਹੀ ਛੱਡ ਆਇਆ ਸੀ ਪਰ ਉਸ ਪਾਸ ਵੱਡੀ ਮਾਤਰਾ ਵਿਚ ਹਲਕੀਆਂ ਤੋਪਾਂ ਜ਼ਰੂਰ ਸਨ, ਜੋ ਕੇ ਹੱਥੋ-ਹੱਥ ਭਾਵ ਆਹਮੋ ਸਾਹਮਣੇ ਦੀ ਦੁਵੱਲੀ ਲੜਾਈ ਵੇਲੇ ਇਹ ਤੋਪਾਂ ਕੰਮ ਨਹੀਂ ਆਈਆਂ। ਇਸ ਘਮਸਾਨ ਜੰਗ ਵਿਚ ਦੋ ਪੁਰਾਤਨ ਪਵਿੱਤਰ ਬੀੜਾਂ, ਅੰਮ੍ਰਿਤਸਰ ਵਾਲੀ ਅਤੇ ਦਮਦਮਾ ਸਾਹਿਬ ਵਾਲੀ ਗੁੰਮ ਹੋ ਗਈਆਂ।

” ਤਿਨ ਮੇ ਗਰੰਥ ਤੁਰਤ ਥੇ ਦੋਇ। ਇਕ ਅੰਮ੍ਰਿਤਸਰੀਏ,ਦਮਦਮੀਏ ਜੋਇ।”

ਇਸ ਸਮੇਂ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵੀ ਛੱਡਣੀ ਪੈ ਗਈ। ਇਸ ਜੰਗ ਵਿਚ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਏ ਨੇ ਖਾਲੀ ਘੋੜਿਆਂ ਦੀ ਮਦਦ ਦੇ ਨਾਲ ਅਨੇਕਾਂ ਬਜ਼ੁਰਗਾਂ, ਸਿੰਘਣੀਆਂ ਅਤੇ ਭੁਝੰਗੀਆਂ ਨੂੰ ਸੁਰੱਖਿਅਤ ਜਗਾਹਾਂ ‘ਤੇ ਪਹੁੰਚਾਇਆ।

ਇਸ ਘਮਾਸਾਨ ਜੰਗ ਵਿੱਚ ਦੋਵੇਂ ਫ਼ੌਜਾਂ ਲੜਾਈ ਲੜਦੀਆਂ ਹੋਈਆਂ ਬਰਨਾਲੇ ਵੱਲ ਨੂੰ ਵੱਧਦੀਆਂ ਜਾ ਰਹੀਆਂ ਸਨ। ਸ਼ਾਮ ਹੁੰਦੇ ਹੁੰਦੇ ਪਿੰਡ ਕੁਤਬਾ ਅਤੇ ਬਾਹਮਣੀਆਂ ਲਾਗੇ ਸਿੰਘਾਂ ਦਾ ਘੇਰਾ ਟੁੱਟ ਗਿਆ। ਜਿਸ ਕਾਰਣ ਇਥੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ।

ਅਬਦਾਲੀ ਦੀ ਫੌਜ ਨੇ ਹਜ਼ਾਰਾਂ ਦੀ ਗਿਣਤੀ ਵਿਚ ਬਜ਼ੁਰਗ, ਇਸਤਰੀਆਂ ਅਤੇ ਬੱਚੇ ਸ਼ਹੀਦ ਕਰ ਦਿੱਤੇ। ਪਿੰਡ ਕੁਤਬੇ ਲਾਗੇ ਪਾਣੀ ਦੀ ਇਕ ਢਾਬ ਸੀ, ਜਿਸ ਉਪਰ ਸਿੱਖਾਂ ਨੇ ਕਬਜ਼ਾ ਕਰ ਲਿਆ। ਉਸ ਵਕਤ ਤਕ ਦੋਵੇਂ ਫੌਜਾਂ ਥੱਕ ਕੇ ਚੂਰ ਹੋ ਚੁੱਕੀਆਂ ਸਨ। ਪਿਆਸੇ ਭੁੱਖੇ ਫੌਜੀਆਂ ਦਾ ਬੁਰਾ ਹਾਲ ਸੀ। ਦੋਵੇਂ ਫੌਜਾਂ ਪਿਛਲੇ 48 ਘੰਟੇ ਤੋਂ ਲਗਾਤਾਰ ਚੱਲ ਰਹੀਆਂ ਸਨ ਅਤੇ 10 ਘੰਟੇ ਤੋਂ ਆਪਸ ਵਿਚ ਜੂਝ ਰਹੀਆਂ ਸਨ। ਸਿੱਖਾਂ ਨੇ ਇਥੇ ਰਜ ਕੇ ਪਿਆਸ ਬੁਝਾਈ ਅਤੇ ਜਦੋਂ ਤਕ ਸਿੱਖ ਇਥੋਂ ਚਲੇ ਨਾ ਗਏ ਉਨੀ ਦੇਰ ਤਕ ਅਬਦਾਲੀ ਦੀਆਂ ਫੌਜਾਂ ਦੀ ਨੇੜੇ ਆਣ ਦੀ ਹਿੰਮਤ ਨਹੀਂ ਪਈ। ਅਸਲ ਵਿੱਚ ਸਿੱਖਾਂ ਨੇ ਦੁਰਾਨੀਆਂ ਨੂੰ ਪਾਣੀ ਦੇ ਲਾਗੇ ਫਟਕਣ ਹੀ ਨਹੀੱ ਦਿੱਤਾ। ਸਿੱਖਾਂ ਦੇ ਪਾਣੀ ਪੀ ਕੇ ਚਾਲੇ ਪਾਣ ਮਗਰੋਂ ਅਬਦਾਲੀ ਦੀਆਂ ਪਿਆਸੀਆਂ ਫੌਜਾਂ ਪਾਣੀ ‘ਤੇ ਟੁੱਟ ਪਈਆਂ, ਏਨੇ ਨੂੰ ਸਿੱਖ ਦੂਰ ਨਿਕਲ ਚੁੱਕੇ ਸਨ। ਅਬਦਾਲੀ ਦੀਆਂ ਫੌਜਾਂ ਨੇ ਸਿੱਖਾਂ ਦਾ ਬਰਨਾਲੇ ਤੱਕ ਪਿੱਛਾ ਕੀਤਾ ਪਰ ਇਸ ਵਕਤ ਤਕ ਹਨੇਰਾ ਹੋ ਚੁੱਕਾ ਸੀ ਅਤੇ ਬਰਨਾਲਾ ਸਿੱਖ ਵਸੋਂ ਵਾਲਾ ਇਲਾਕਾ ਸੀ ਜਿਸ ਕਰਕੇ ਅਬਦਾਲੀ ਰੁਕ ਗਿਆ। ਸਿੱਖ ਅੱਗੇ ਕੋਟਕਪੂਰਾ, ਲੱਖੀ ਜੰਗਲ ਅਤੇ ਫਰੀਦਕੋਟ ਵੱਲ ਨੂੰ ਨਿਕਲ ਗਏ। ਕੁੱਪ ਤੋਂ ਲੈ ਕੇ ਬਰਨਾਲੇ ਤੱਕ ਹਰ ਪਾਸੇ ਲਾਸ਼ਾਂ ਵਿਛੀਆਂ ਪਈਆਂ ਸਨ।

ਇਸ ਘੱਲੂਘਾਰੇ ਵਿਚ ਸਿੱਖਾਂ ਦੇ ਨੁਕਸਾਨ ਦਾ ਵੱਡਾ ਕਾਰਨ ਪਰਿਵਾਰਾਂ ਦਾ ਨਾਲ ਹੋਣਾ ਸੀ। ਸੋ ਸਿੱਖਾਂ ਨੂੰ ਬਿਰਧ, ਬੀਬੀਆਂ ਅਤੇ ਬੱਚਿਆਂ ਨੂੰ ਬਚਾਉਣ ਦੀ ਵੀ ਫ਼ਿਕਰ ਸੀ, ਨਹੀਂ ਤਾਂ ਸਿੱਖ ਗੁਰੀਲਾ ਜੰਗ ਕਰਕੇ ਨਿਕਲ ਸਕਦੇ ਸਨ। ਦੂਸਰਾ ਸਿੱਖਾਂ ਦੀ ਫੌਜ 50 ਹਜ਼ਾਰ ਅਤੇ ਅਬਦਾਲੀ ਦੀਆਂ ਫੌਜਾਂ ਦੀ ਗਿਣਤੀ 2 ਲੱਖ ਸੀ। ਅਬਦਾਲੀ ਦੀ ਮਦਦ ਦੇ ਲਈ ਸਾਰੇ ਪੰਜਾਬ ਦੇ ਫੌਜਦਾਰਾਂ ਅਤੇ ਚੌਧਰੀਆਂ ਦੀ ਫੌਜ ਹਾਜ਼ਰ ਸੀ, ਜਦ ਕਿ ਸਿੱਖਾਂ ਨੂੰ ਤਾਂ ਬਾਬਾ ਆਲਾ ਸਿੰਘ ਵਰਗੇ ਵੀ ਛੱਡ ਕੇ ਚਲੇ ਗਏ ਸਨ, ਇਸ ਉਤੇ ਸਿੱਖਾਂ ਨੂੰ ਆਪਣੇ ਗੁਰੂ ਦਾ ਹੀ ਆਸਰਾ ਸੀ।ਦੋਨਾਂ ਫੌਜਾ ਦਾ ਚੋਖਾ ਨੁਕਸਾਨ ਹੋਇਆ ਸੀ। 10 ਤੋਂ 12 ਹਜ਼ਾਰ ਤਕ ਸਿੱਖ ਸ਼ਹੀਦ ਹੋਏ ਅਤੇ ਏਨੇ ਹੀ ਅਬਦਾਲੀ ਦੀ ਫੌਜ ਮਾਰੀ ਗਈ। ਇਥੇ 18 ਤੋਂ ਲੈ ਕੇ 20 ਹਜ਼ਾਰ ਦੇ ਕਰੀਬ ਸਿੱਖਾਂ ਦੀਆਂ ਬੀਬੀਆਂ,ਬਿਰਧ ਅਤੇ ਬੱਚੇ, ਸ਼ਹੀਦ ਕੀਤੇ ਗਏ। ਇਸ ਤਰ੍ਹਾਂ ਸਿੱਖਾਂ ਦਾ ਅੰਦਾਜ਼ਨ ਨੁਕਸਾਨ 30 ਤੋਂ 32 ਹਜ਼ਾਰ ਦੇ ਕਰੀਬ ਸੀ।

ਸਿੱਖਾਂ ਦੇ ਬਾਕੀ ਦੇ ਨੁਕਸਾਨ ਦੇ ਨਾਲੋ ਨਾਲ ਸ੍ਰੀ ਅੰਮ੍ਰਿਤਸਰ ਅਤੇ ਦਮਦਮਾ ਸਾਹਿਬ ਵਾਲੀਆਂ ਪੁਰਾਤਨ ਪਵਿੱਤਰ ਬੀੜਾਂ ਅਬਦਾਲੀ ਦੀ ਫੌਜ ਦੇ ਹੱਥ ਆ ਗਈਆਂ, ਜੋ ਉਸ ਨੇ ਸਿੱਖਾਂ ਨੂੰ ਵਾਪਿਸ ਨਹੀਂ ਕੀਤੀਆਂ ਸਗੋਂ ਨਸ਼ਟ ਕਰ ਦਿੱਤੀਆਂ।

” ਤਿਨ ਮੇ ਗਰੰਥ ਤੁਰਤ ਥੇ ਦੋਇ। ਇਕ ਅੰਮ੍ਰਿਤਸਰੀਏ, ਦਮਦਮੀਏ ਜੋਇ।”

ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਚੱਕੀਆ ਅਤੇ ਸਰਦਾਰ ਸ਼ਾਮ ਸਿੰਘ ਕਰੋੜਸਿੰਘਿਆ ਅਤੇ ਹੋਰ ਸਰਦਾਰਾਂ ਦੇ ਕਈ-ਕਈ ਫੱਟ ਲੱਗੇ।

“ਜਸਾ ਸਿੰਘ ਖਾਏ ਬਾਈ ਘਾਏ। ਤੈ ਭੀ ਸਿੰਘ ਜੀ ਲੜਤਾ ਜਾਇ।”

ਇੰਜ ਇਤਿਹਾਸ ਦੇ ਮੁਤਾਬਿਕ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ 22 ਜਖ਼ਮ ਆਏ ਸਰਦਾਰ ਚੜ੍ਹਤ ਸਿੰਘ ਸ਼ੁੱਕਰਚੱਕੀਆ ਨੂੰ 19 ਜਖ਼ਮ ਆਏ ਸਨ। ਕੋਈ ਐਸਾ ਸਿੱਖ ਸਿਪਾਹੀ ਨਹੀਂ ਸੀ ਬਚਿਆ, ਜਿਸ ਦੇ ਜਿਸਮ ਤੇ ਜ਼ਖਮ ਨਾ ਲੱਗਾ ਹੋਵੇ।

“ਲਹੂ ਰੰਗ ਸੱਭ ਕਪੜੇ ਭਏ, ਖੇਲ ਫ਼ਾਗ ਜਨ ਰੰਗ ਰੰਗਏ।”

ਪਰ ਸਿੱਖਾਂ ਦੇ ਮਨਾਂ ਵਿਚ ਇਸ ਘੱਲੂਘਾਰੇ ਦਾ ਵੱਡਾ ਲਾਭ ਇਹ ਹੋਇਆ ਕਿ ਸਿੱਖਾਂ ਦੇ ਦਿਲਾਂ ਵਿਚ ਜਿਹੜਾ ਥੋੜਾ ਮਾਸਾ ਵੀ ਅਬਦਾਲੀ ਦਾ ਡਰ ਸੀ, ਉਹ ਵੀ ਨਿਕਲ ਗਿਆ। ਜੇ ਸਿੱਖਾਂ ਦੀ ਜਗ੍ਹਾ ਕੋਈ ਹੋਰ ਕੌਮ ਹੁੰਦੀ ਤਾਂ ਮਰਹੱਟਿਆਂ ਵਾਂਗ ਮੁੜ ਉੱਠ ਨਾ ਸਕਦੀ। ਪਰ ਸਿੱਖਾਂ ਨੇ 6 ਮਹੀਨਿਆਂ ਦੇ ਅੰਦਰ ਹੀ ਅਬਦਾਲੀ ਨੂੰ ਪਿੱਪਲੀ ਸਾਹਿਬ ਵਿਖੇ ਫੇਰ ਘੇਰ ਲਿਆ।

ਅਬਦਾਲੀ ਨੇ ਦਰਬਾਰ ਸਾਹਿਬ ਦੀਆਂ ਨੀਹਾਂ ਵਿਚ ਬਰੂਦ ਰੱਖ ਕੇ ਇਸ ਮੁਕਦਸ ਪਵਿੱਤਰ ਅਸਥਾਨ ਦੀ ਬੇਅਦਬੀ ਕਰਣ ਦੀ ਜ਼ੁਰਅਤ ਕੀਤੀ। ਆਪਣੇ ਵੱਲੋਂ ਉਸ ਨੇ ਸਮਝ ਲਿਆ ਕੇ ਇੰਜ ਕਰਕੇ ਸ਼ਾਇਦ ਉਹ ਸਿੱਖਾਂ ਨੂੰ ਖਤਮ ਕਰ ਦੇਵੇਗਾ। ਸਿੱਖਾਂ ਦੇ ਮਨਾਂ ਵਿਚ ਘੱਲੂਘਾਰੇ ਵਿਚ ਹੋਏ ਕਤਲੇਆਮ ਦਾ ਬੜਾ ਰੋਸ ਅਤੇ ਰੰਜ ਸੀ।

5 ਫਰਵਰੀ, 1762 ਈ: ਨੂੰ ਇਹ ਘੱਲੂਘਾਰਾ ਹੋਇਆ ਅਤੇ ਮਈ 1762 ਨੂੰ ਸਿੱਖਾਂ ਨੇ ਸਰਹਿੰਦ ਨੂੰ ਘੇਰਾ ਪਾ ਲਿਆ। ਸਿੱਖਾਂ ਦੇ ਹੌਸਲੇ ਤੋਂ ਬਾਵਾਕਫ਼ ਜੈਨ ਖਾਨ ਨੇ ਮੁਕਾਬਲਾ ਤਾਂ ਕੀ ਕਰਣਾ ਸਗੋ 50 ਹਜ਼ਾਰ ਰੁਪਈਆ ਨਜ਼ਰਾਨਾ ਦੇ ਕੇ ਰਾਜ਼ੀਨਾਮਾ ਕਰ ਲਿਆ। ਆਉਂਦੀ ਦੀਵਾਲੀ ਤੱਕ 60 ਹਜ਼ਾਰ ਦੇ ਕਰੀਬ ਸਿੱਖ ਸ਼ਹੀਦੀ ਗਾਨੇ ਬੰਨ੍ਹ ਕੇ ਲਾੜੀ ਮੌਤ ਨੂੰ ਵਿਆਹੁਣ ਲਈ ਸ੍ਰੀ ਅੰਮ੍ਰਿਤਸਰ ਵਿਖੇ ਇਕੱਠੇ ਹੋ ਗਏ।

ਇਹ ਦੇਖ ਕੇ ਅਬਦਾਲੀ ਘਬਰਾ ਗਿਆ ਅਤੇ ਸਿੱਖਾਂ ਦੇ ਨਾਲ ਮੁਕ਼ਾਬਲਾ ਕਰਨ ਤੋਂ ਭੱਜਣ ਲਗਾ ਅਤੇ ਉਸ ਨੇ ਸਿੱਖਾਂ ਨਾਲ ਹੁਣ ਸਮਝੌਤਾ ਕਰਣ ਦਾ ਮਨ ਬਣਾ ਲਿਆ। ਉਸ ਨੇ ਸਿੱਖਾਂ ਨਾਲ ਮਿਲ ਕੇ ਰਾਜ ਕਰਨ ਦੇ ਸੁਨੇਹੇ ਨਾਲ ਆਪਣੇ ਕੁਝ ਦੂਤ ਸ੍ਰੀ ਅੰਮ੍ਰਿਤਸਰ ਵੱਲ ਭੇਜੇ, ਇਨ੍ਹਾਂ ਦੇ ਨਾਲ ਬਰਨਾਲੇ ਦਾ ਇਕ ਸਿੱਖ ਵਕੀਲ ਨਾਨੂ ਸਿੰਘ ਵੀ ਸੀ। ਉਸ ਵਕਤ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਸ਼ਾਮ ਸਿੰਘ ਕਰੋੜਸਿੰਘਿਆ ਅਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਨੇ ਆਪਸੀ ਸੁਲਾਹ ਤੋਂ ਬਾਅਦ ਅਬਦਾਲੀ ਦੀ ਆਫਰ ਨੂੰ ਮੁੱਢੋਂ ਠੁਕਰਾ ਦਿੱਤਾ।

17 ਅਕਤੂਬਰ, 1762 ਵਾਲੇ ਦੀਵਾਲੀ ਦੇ ਦਿਨ ਸਵੇਰੇ ਤੜਕੇ ਹੀ ਸਿੱਖ ਅਬਦਾਲੀ ਦੀ ਫੌਜ ਤੇ ਟੁੱਟ ਪਏ। ਸਾਰਾ ਦਿਨ ਲਹੂ ਡੋਲਵੀਂ ਜੰਗ ਹੋਈ। ਪਾਣੀਪਤ ਅਤੇ ਅਨੇਕਾਂ ਜੰਗਾਂ ਦਾ ਜੇਤੂ ਗਾਜ਼ੀ ਅਬਦਾਲੀ ਸ਼ਾਮ ਹੋਣ ਤੋਂ ਪਹਿਲਾਂ ਹੀ ਸਿੰਘਾਂ ਹੱਥੋਂ ਬੁਰੀ ਤਰ੍ਹਾਂ ਹਾਰ ਖਾ ਕੇ ਸਣੇ ਫ਼ੌਜ ਲਾਹੌਰ ਦੌੜ ਗਿਆ। ਇਸ ਜੰਗ ਤੋਂ ਬਾਅਦ ਫਿਰ ਅਬਦਾਲੀ ਦੇ ਹਿੰਦੁਸਤਾਨ ਵਿੱਚ ਪੈਰ ਨਾ ਟਿਕ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: