ਐੱਚ ਐੱਸ ਫੂਲਕਾ

ਸਿਆਸੀ ਖਬਰਾਂ

1984 ਸਿੱਖ ਕਤਲੇਆਮ ਕਾਰਨ ਕਾਂਗਰਸ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਵੋਟ ਨਹੀਂ ਪਾਵਾਂਗਾ: ਫੂਲਕਾ

By ਸਿੱਖ ਸਿਆਸਤ ਬਿਊਰੋ

July 15, 2017

ਲੁਧਿਆਣਾ: ਭਾਰਤ ਦੇ ਰਾਸ਼ਟਰਪਤੀ ਲਈ ਹੋਣ ਵਾਲੀ ਚੋਣ ਸਮੇਂ ਕਾਂਗਰਸ ਜਾਂ ਭਾਜਪਾ ਦੇ ਉਮੀਦਵਾਰ ਨੂੰ ਵੋਟ ਪਾਉਣ ਸਬੰਧੀ ਲੰਮੇ ਸਮੇਂ ਦੀ ਚੁੱਪੀ ਤੋੜਦਿਆਂ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਸਪੱਸ਼ਟ ਕੀਤਾ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਲਏ ਫੈਸਲੇ ਦੇ ਉਲਟ ਜ਼ਮੀਰ ਦੀ ਆਵਾਜ਼ ਨਾਲ ਕਾਂਗਰਸ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਵੋਟ ਨਹੀਂ ਪਾ ਸਕਦੇ। ਅਜਿਹੀ ਸਥਿਤੀ ‘ਚ ਉਹ ਰਾਸ਼ਟਰਪਤੀ ਦੀ ਚੋਣ ਲਈ ਕਿਸੇ ਨੂੰ ਵੀ ਵੋਟ ਪਾਉਣ ਤੋਂ ਪ੍ਰਹੇਜ਼ ਕਰਨਗੇ।

ਫੂਲਕਾ ਵੱਲੋਂ ਮੀਰਾ ਕੁਮਾਰ ਨੂੰ ਵੋਟ ਨਾ ਦੇਣ ਦੇ ਫੈਸਲੇ ਤੋਂ ਬਾਅਦ ਬਾਦਲ ਦਲ ਜਾਂ ਕਈ ਹੋਰਨਾਂ ਵੱਲੋਂ ਫੂਲਕਾ ਨੂੰ ਵੋਟ ਸਬੰਧੀ ਕੀਤੇ ਜਾ ਰਹੇ ਸਵਾਲਾਂ ‘ਤੇ ਰੋਕ ਲੱਗ ਗਈ ਹੈ। ਲੋਕਤੰਤਰੀ ਢਾਂਚਾ ਬਚਾਉਣ ਲਈ ਵੋਟ ਦੀ ਅਹਿਮ ਮਹੱਤਤਾ ਦੇ ਸਵਾਲ ‘ਚ ਫੂਲਕਾ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਕਾਂਗਰਸੀ ਉਮੀਦਵਾਰ ਮੀਰਾ ਕੁਮਾਰ ਨੂੰ ਵੋਟ ਦਾ ਫ਼ੈਸਲਾ ਹੋ ਚੁੱਕਾ ਹੈ ਪਰ ਮਨੁੱਖੀ ਹੱਕਾਂ ਦੀ ਲੜਾਈ ਲਈ 1984 ਸਿੱਖ ਕਤਲੇਆਮ ਲਈ ਜ਼ਿੰਮੇਵਾਰ ਪਾਰਟੀ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਨੂੰ ਮੇਰੇ ਵੱਲੋਂ ਵੋਟ ਨਹੀਂ ਦਿੱਤੀ ਜਾ ਸਕਦੀ।

ਫੂਲਕਾ ਨੇ ਕਿਹਾ ਕਿ ਮੀਰਾ ਕੁਮਾਰ ਆਜ਼ਾਦੀ ਘੁਲਾਟੀਏ ਬਾਬੂ ਜਗਜੀਵਨ ਰਾਮ ਦੀ ਧੀ ਹੋਣ ਅਤੇ ਵਕੀਲ ਹੋਣ ਕਾਰਨ ਮੇਰੇ ਲਈ ਬਹੁਤ ਸਤਿਕਾਰਤ ਹੈ ਪਰ ਕਾਂਗਰਸ ਨੂੰ ਵੋਟ ਨਹੀਂ। ਕਾਂਗਰਸੀ ਉਮੀਦਵਾਰ ਨੂੰ ਵੋਟ ਤੋਂ ਕੋਰੀ ਨਾਂਹ ਕਰਨ ਦੇ ਨਾਲ-ਨਾਲ ਫੂਲਕਾ ਨੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਬਾਰੇ ਬੋਲਦਿਆਂ ਕਿਹਾ ਦਰਜਨ ਮਾਮਲੇ ਫੈਸਲੇ ਦੇ ਅਹਿਮ ਮੋੜ ‘ਤੇ ਹੋਣ ਕਾਰਨ 15 ਜੁਲਾਈ ਤੋਂ 15 ਅਗਸਤ ਤੱਕ ਲਗਾਤਾਰ ਸੁਣਾਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਤੇ ਜੱਜ ਅਨੂ ਮਲਹੋਤਰਾ ਵੱਲੋਂ ਸੁਣਵਾਈ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: