ਖਾਸ ਖਬਰਾਂ

ਅਜੋਕੇ ਪੰਥਕ ਹਾਲਾਤ ਅਤੇ ਹੱਲ – ਭਾਈ ਅਜਮੇਰ ਸਿੰਘ ਦੀ ਮੱਲਪੁਰ (ਨਵਾਂਸ਼ਹਿਰ) ਵਿਖੇ ਤਕਰੀਰ (ਵੀਡੀਓ)

By ਸਿੱਖ ਸਿਆਸਤ ਬਿਊਰੋ

May 05, 2018

ਨਵਾਂਸ਼ਹਿਰ: ਪੰਥਕ ਫਰੰਟ ਨਵਾਂਸ਼ਹਿਰ ਵਲੋਂ 29 ਅਪ੍ਰੈਲ, 2018 ਨੂੰ ਰਾਹੋਂ ਨਜ਼ਦੀਕ ਮਾਲਪੁਰ ਪਿੰਡ ਵਿਖੇ ‘ਅਜੋਕੇ ਪੰਥਕ ਹਾਲਾਤ ਅਤੇ ਹੱਲ’ ਵਿਸ਼ੇ ‘ਤੇ ਇਕ ਵਿਚਾਰ ਚਰਚਾ ਕਰਵਾਈ ਗਈ। ਇਸ ਵਿਚਾਰ ਚਰਚਾ ਵਿਚ ਮੁੱਖ ਭਾਸ਼ਣ ਸਿੱਖ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਅਤੇ ਸਿੱਖ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਵਲੋਂ ਦਿੱਤੇ ਗਏ। ਇਸ ਮੌਕੇ ਬੋਲਦਿਆਂ ਭਾਈ ਅਜਮੇਰ ਸਿੰਘ ਨੇ ਕਿਹਾ ਕਿ ਇਹ ਇਕ ਆਮ ਧਾਰਨਾ ਬਣ ਚੁੱਕੀ ਹੈ ਕਿ ਅਸੀਂ ਸਮੱਸਿਆਵਾਂ ਨੂੰ ਸਮਝਦੇ ਹਾਂ ਪਰ ਅਸੀਂ ਹੱਲ ਲੱਭਣ ਵਿਚ ਕਾਮਯਾਬ ਨਹੀਂ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਧਾਰਨਾ ਸਹੀ ਨਹੀਂ ਹੈ। ਉਨ੍ਹਾਂ ਕਿਹਾ, “ਮੇਰੇ ਮੁਤਾਬਿਕ ਅਸੀਂ ਪੂਰੀ ਡੂੰਘਾਈ ਨਾਲ ਸਮੱਸਿਆਵਾਂ ਨੂੰ ਵੀ ਨਹੀਂ ਸਮਝ ਸਕੇ ਹਾਂ ਨਹੀਂ ਤਾਂ ਅਸੀਂ ਹੱਲ ਲੱਭ ਲੈਣੇ ਸੀ”। ਆਪਣੀ ਤਕਰੀਰ ਵਿਚ ਭਾਈ ਅਜਮੇਰ ਸਿੰਘ ਨੇ ਦੱਸਿਆ ਕਿ ਕਿਵੇਂ ਸੱਤਾ ਤਬਦੀਲੀ ਅਤੇ 1947 ਦੀ ਵੰਡ ਤੋਂ ਹੁਣ ਤਕ ਹਾਲਾਤ ਤਬਦੀਲ ਹੋਏ ਹਨ। ਉਨ੍ਹਾਂ ਕਿਹਾ ਕਿ ਮੋਜੂਦਾ ਭਾਰਤੀ ਨਿਜ਼ਾਮ ਵਿਚ ਸਿੱਖਾਂ ਦੀ ਰਾਜਨੀਤਕ ਗੁਲਾਮੀ ਨੇ ਉਨ੍ਹਾਂ ਦੀ ਅਜ਼ਾਦ ਅਤੇ ਖੁਦਮੁਖਤਿਆਰ ਸੋਚਣੀ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਿੱਖਾਂ ਦਾ ਇਕ ਵੱਡਾ ਹਿੱਸਾ ਭਾਰਤੀ ਰਾਸ਼ਟਰਵਾਦ ਦੀ ਨੁਕਤਾ ਨਿਗਾਹ ਤੋਂ ਹੀ ਸੋਚਣ ਲੱਗ ਪਿਆ ਹੈ। ਇਸ ਵਰਤਾਰੇ ਨੂੰ 13 ਅਪ੍ਰੈਲ, 1978 ਦੇ ਅੰਮ੍ਰਿਤਸਰ ਕਾਂਡ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਰਾਸ਼ਟਰਵਾਦ ਦਾ ਪ੍ਰਭਾਵ ਖਾਸ ਤੌਰ ‘ਤੇ ਭਾਰਤੀ ਨਿਜ਼ਾਮ ਅਧੀਨ ਉੱਚ ਵਿਦਿਆ ਪ੍ਰਾਪਤੀ ਵਾਲੇ ਅਤੇ ਰਸੂਖਦਾਰ ਸਿੱਖਾਂ ਵਿਚ ਐਨਾ ਜ਼ਿਆਦਾ ਘਰ ਕਰ ਚੁੱਕਿਆ ਸੀ ਕਿ ਉਹ ਜੂਨ 1984 ਵਿਚ ਦਰਬਾਰ ਸਾਹਿਬ ‘ਤੇ ਹੋਏ ਭਾਰਤੀ ਹਮਲੇ ਤੋਂ ਬਾਅਦ ਵੀ ਭਾਰਤੀ ਸਟੇਟ ਦੀ ਤਰਫਦਾਰੀ ਕਰਦੇ ਰਹੇ। ਉਨ੍ਹਾਂ ਕਿਹਾ ਕਿ 1984 ਤੋਂ ਬਾਅਦ ਉਹ ਸਮਾਂ ਆਇਆ ਸੀ ਜਦੋਂ ਅਕਾਲੀ ਦਲ ਦੇ ਆਗੂ ਆਪਣੇ ਕਿਰਦਾਰ ਦੀਆਂ ਕਮਜ਼ੋਰੀਆਂ ਸਾਹਮਣੇ ਆਉਣ ਕਾਰਨ ਆਪਣਾ ਪ੍ਰਭਾਵ ਗੁਆ ਬੈਠੇ ਸੀ। ਪਰ 1997 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦਾ ਦੁਬਾਰਾ ਉਭਰਨਾ ਇਕ ਵੱਡੀ ਤਬਦੀਲੀ ਸੀ। ਭਾਰਤੀ ਸਟੇਟ ਦੀ ਪੁਸ਼ਤਪਨਾਹੀ ਹੇਠ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀਆਂ ਵਿਲੱਖਣ ਜਮਹੂਰੀ ਰਵਾਇਤਾਂ ਦਾ ਘਾਣ ਕੀਤਾ। ਬਾਦਲਾਂ ਨੇ ਅਕਾਲੀ ਦਲ ਦੀ ਰਾਜਨੀਤਕ ਤਾਕਤ ‘ਤੇ ਅਜਾਰੇਦਾਰੀ ਸਥਾਪਿਤ ਕਰ ਲਈ ਅਤੇ ਵਿਰੋਧੀ ਵਿਚਾਰਾਂ ਲਈ ਕੋਈ ਥਾਂ ਨਹੀਂ ਛੱਡੀ। ਉਨ੍ਹਾਂ ਸਾਰੀਆਂ ਸਿੱਖ ਸੰਸਥਾਵਾਂ ਸਮੇਤ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ‘ਤੇ ਸਿੱਧਾ ਕਬਜ਼ਾ ਕਰ ਲਿਆ ਅਤੇ ਜਿਸ ਦੇ ਨਤੀਜੇ ਵਜੋਂ ਇਹਨਾਂ ਸੰਸਥਾਵਾਂ ਦੀ ਸਾਖ ਨੂੰ ਢਾਹ ਲੱਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਕਾਲੀ ਦਲ ਦੇ ਨਾਂ ਹੇਠ ਵਿਚਰਦੇ ਹੋਰ ਧੜੇ ਜੋ ਖੁਦ ਨੂੰ ਬਾਦਲਾਂ ਦੇ ਬਦਲ ਵਜੋਂ ਪੇਸ਼ ਕਰਦੇ ਹਨ, ਉਹ ਵੀ ਬਾਦਲਾਂ ਤੋਂ ਜ਼ਿਆਦਾ ਵੱਖਰੇ ਨਹੀਂ ਹਨ ਅਤੇ ਇਸ ਨਾਲ ਹਾਲਾਤ ਹੋਰ ਮਾੜੇ ਹੋਏ। ਉਨ੍ਹਾਂ ਕਿਹਾ ਕਿ ਸਾਡੀਆਂ ਅਜੋਕੀਆਂ ਸਮੱਸਿਆਵਾਂ ਦਾ ਹੱਲ ਬੰਦੇ ਬਦਲਣ ਨਾਲ ਨਹੀਂ ਹੋਵੇਗਾ ਅਤੇ ਇਸ ਦਾ ਹੱਲ ਸਿਰਫ ਸਿੱਖ ਸਮਾਜ ਵਿਚ ਸਿੱਖ ਸਿਧਾਂਤਾਂ ਨੂੰ ਮੁੜ ਪ੍ਰਕਾਸ਼ਮਾਨ ਕਰਕੇ ਹੀ ਹੋਵੇਗਾ ਜਿਸ ਨਾਲ ਗੁਰੂ ਲਿਵ ਨੇੜਲੀ ਨਵੀਂ ਸਿੱਖ ਅਗਵਾਈ ਦਾ ਉਭਾਰ ਹੋ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: