ਬਠਿੰਡਾ ਧਰਨੇ ਦਾ ਦ੍ਰਿਸ਼

ਸਿੱਖ ਖਬਰਾਂ

ਬਠਿੰਡਾ ਵਿੱਚ ਭਾਈ ਪੰਥਪ੍ਰੀਤ ਸਿੰਘ ਦੀ ਅਗਵਾਈ ਵਿੱਚ ਕੋਟਸ਼ਮੀਰ ਵਿੱਚ ਸਿੱਖ ਸੰਗਤਾਂ ਨੇ ਦਿੱਤਾ ਧਰਨਾ, ਮਾਨ ਅਤੇ ਯੂਨਾਈਟਿਡ ਦਲ ਨੇ ਅਲੱਗ ਦਿੱਤੇ ਧਰਨੇ

By ਸਿੱਖ ਸਿਆਸਤ ਬਿਊਰੋ

October 19, 2015

ਬਠਿੰਡਾ (18 ਅਕਤੂਬਰ, 2015): ਪਿੰਡ ਬਰਗਾੜੀ  ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਪੰਜਾਬ ਪੁਲਿਸ ਵੱਲੋਂ ਸਿੱਖਾਂ ਸੰਗਤਾਂ ‘ਤੇ ਕੀਤੇ ਤਸ਼ੱਦਦ, ਦੋ ਸਿੰਘਾਂ  ਨੂੰ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੇ ਵਿਰੋਧ ਵਿੱਚ ਸਿੱਖ ਕੌਮ ਦੇ ਮੋਢੀ ਪ੍ਰਚਾਰਕਾਂ ਭਾਈ ਪੰਥਪ੍ਰੀਤ ਸਿੰਘ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ, ਗਿਆਨੀ ਕੇਵਲ ਸਿੰਘ ਅਤੇ ਹੋਰਾਂ ਵੱਲੋਂ ਰੋਸ ਧਰਨਿਆਂ ਦੇ ਕੀਤੇ ਐਲਾਨ ਮੁਤਾਬਿਕ ਪੰਜਾਬ ਦੇ ਸਾਰੇ ਜਿਲਿਆਂ ਵਿੱਚ ਰੋਸ ਧਰਨੇ ਦਿੱਤੇ ਗਏ।

ਜਿਲਾਂ ਬੀਠੰਡਾ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਬਠਿੰਡਾ ਨੇੜੇ ਕੋਟਸ਼ਮੀਰ ‘ਚ ਸੜਕਾਂ ‘ਤੇ ਵਿਸ਼ਾਲ ਧਰਨੇ ਦਿੱਤੇ ਗਏ, ਜਿਨ੍ਹਾਂ ਨੂੰ ਭਾਈ ਪੰਥਪ੍ਰੀਤ ਸਿੰਘ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸੰਬੋਧਨ ਕੀਤਾ। ਇਹ ਧਰਨਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਦਿੱਤਾ ਗਿਆ, ਜਿਸ ‘ਚ ਬੁਲਾਰਿਆਂ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ। 1 ਵਜੇ ਤੋਂ ਬਾਅਦ ਬਹੁਤੇ ਲੋਕ ਚਲੇ ਗਏ, ਪਰ 300 ਤੋਂ ਵੱਧ ਲੋਕ ਸ਼ਾਮ 5 ਵਜੇ ਤੱਕ ਧਰਨੇ ‘ਤੇ ਬੈਠੇ ਰਹੇ।

ਭਗਤਾ ਭਾਈ ਕਾ ਵਿਖੇ ਭਾਵੇਂ ਸੰਤ ਸਮਾਜ ਵੱਲੋਂ ਸੜਕ ‘ਤੇ ਧਰਨੇ ਦੇਣ ਦਾ ਕੋਈ ਪ੍ਰੋਗਰਾਮ ਨਹੀਂ ਸੀ, ਪਰ ਫਿਰ ਵੀ ਉਥੇ ਸੜਕ ‘ਤੇ ਧਰਨੇ ਦੇ ਕੇ ਟ੍ਰੈਫਿਕ ਜਾਮ ਕੀਤਾ ਗਿਆ। ਇਸ ਧਰਨੇ ‘ਚ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਡ ਅਕਾਲੀ ਦਲ ਸੰਘਰਸ਼ ਦੇ ਦਿੱਤੇ ਪ੍ਰੋਗਰਾਮ ਤੋਂ ਵੱਖਰੀ ਸੁਰ ਅਲਾਪਦਿਆਂ ਅਲੱਗ ਤੌਰ ‘ਤੇ ਧਰਨਾ ਦਿੱਤਾ, ਜਿਸ ਵਿੱਚ  ਇਲਾਕੇ ਨਾਲ ਸਬੰਧਿਤ ਆਗੂ ਤੇ ਵਰਕਰ ਸ਼ਾਮਲ ਸਨ, ਜਿਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ, ਪਰ ਪੁਲਿਸ ਧਰਨਾਕਾਰੀਆਂ ਤੋਂ ਦੂਰ ਰਹੀ।

ਬਠਿੰਡਾ ਸ਼ਹਿਰ ‘ਚ ਨਹਿਰ ਦੇ ਪੁੱਲ ‘ਤੇ 2-3 ਘੰਟੇ ਧਰਨਾ ਦਿੱਤਾ ਗਿਆ, ਗੋਨਿਆਣਾ ਮੰਡੀ ਦੀ ਸੜਕ ‘ਤੇ ਵੀ 1 ਵਜੇ ਤੱਕ ਧਰਨਾ ਦਿੱਤਾ ਗਿਆ। ਬਰਗਾੜੀ ਵਿਖੇ ਧਰਨਾ ਜਾਰੀ ਰਹਿਣ ਕਰਕੇ ਬੱਸ ਸੇਵਾ ਮੁਅੱਤਲ ਰਹੀ, ਬਠਿੰਡਾ-ਮਾਨਸਾ-ਤਲਵੰਡੀ ਸਾਬੋ ਸੜਕ ‘ਤੇ ਵੀ 10 ਵਜੇ ਤੋਂ 1 ਵਜੇ ਰਾਮਾਂ ਮੰਡੀ-ਤਲਵੰਡੀ ਸਾਬੋ ਸੜਕ ‘ਤੇ ਧਰਨਾ ਦਿੱਤਾ ਗਿਆ।

ਪਿੰਡ ਜਗਾ ਰਾਮ ਤੀਰਥ ਵਿਖੇ 1 ਵਜੇ ਤੱਕ ਧਰਨਾ ਦਿੱਤਾ ਗਿਆ। ਮੌੜ ਮੰਡੀ ਵਿਖੇ ਵੀ ਧਰਨਾ ਲੱਗਣ ਦੀ ਰਿਪੋਰਟ ਹੈ, ਜਿਸ ਨੂੰ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਬਾਲਿਆਂਵਾਲੀ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਪੁਲਿਸ ਨੇ ਬਠਿੰਡਾ ਸ਼ਹਿਰ ਤੇ ਹੋਰ ਥਾਵਾਂ ਤੇ ਗੁਰਦੁਆਰਿਆਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਤੇ ਵਾਹਨਾਂ ਦੀ ਚੈਕਿੰਗ ਕੀਤੀ।

ਪੁਲਿਸ ਸੂਤਰਾਂ ਅਨੁਸਾਰ ਜ਼ਿਲ੍ਹੇ ਦੇ ਕੁਝ ਹਿੱਸਿਆਂ ‘ਚ ਜੋ ਧਰਨੇ ਦਿੱਤੇ ਗਏ, ਇਨ੍ਹਾਂ ‘ਚ ਜਿਆਦਾਤਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਤੇ ਸ੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਵਰਕਰਾਂ ਨੇ ਹਿੱਸਾ ਲਿਆ। ਰਾਮਪੁਰਾ ਫੂਲ, ਭੁੱਚੋ ਮੰਡੀ, ਨਥਾਣਾ, ਸੰਗਤ ਮੰਡੀ ਆਦਿ ਇਲਾਕੇ ‘ਚ ਧਰਨੇ ਨਹੀਂ ਲਾਏ ਜਾਣ ਦੀ ਰਿਪੋਰਟ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: