ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਦੀ ਤਸਵੀਰ।

ਚੋਣਵੀਆਂ ਲਿਖਤਾਂ

“ਭਾਈ ਤੇਜਾ ਸਿੰਘ ਸਮੁੰਦਰੀ” ਨੂੰ ਯਾਦ ਕਰਦਿਆਂ

By ਸਿੱਖ ਸਿਆਸਤ ਬਿਊਰੋ

February 20, 2019

ਲੇਖਕ – ਜਗਜੀਤ ਸਿੰਘ ਗਣੇਸ਼ਪੁਰ

ਤੇਜਾ ਸਿੰਘ ਸਮੁੰਦਰੀ ਦਾ ਨਾਂ ਉਨ੍ਹਾਂ ਸਿਰਮੌਰ ਸਿੱਖ ਸ਼ਖਸੀਅਤਾਂ ਵਿਚ ਬੜੀ ਇੱਜ਼ਤ ਅਤੇ ਮਾਣ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਦਾ ਸਾਰਾ ਜੀਵਨ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਮਰਪਣ ਕਰ ਦਿੱਤਾ। ਉਹ ਸੂਝਵਾਨ, ਨਿਧੜਕ, ਸਿਦਕੀ ਦੂਰ-ਅੰਦੇਸ਼ੀ ਪੂਰਨ ਗੁਰਸਿੱਖ ਸਨ। ਉਨ੍ਹਾਂ ਨੇ ਸਿੱਖ ਕੌਮ ਨੂੰ ਚੁਣੌਤੀਆਂ ਵਾਲੇ ਸਮੇਂ ਆਪਣੀ ਸਿਆਣਤ ਅਤੇ ਠਰ੍ਹਮੇ ਨਾਲ ਕਾਮਯਾਬੀ ਦੀਆਂ ਮੰਜ਼ਲਾਂ ਵੱਲ ਵਧਣ ਵਿਚ ਯੋਗ ਅਗਵਾਈ ਦਿੱਤੀ।

ਉਨ੍ਹਾਂ ਦਾ ਜਨਮ 20 ਫਰਵਰੀ,1882 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ(ਹੁਣ ਵੱਖਰਾ ਜ਼ਿਲ੍ਹਾ) ਦੇ ਪਿੰਡ ‘ਰਾਇ ਕਾ ਬੁਰਜ’ ਵਿਚ ਪਿਤਾ ਦੇਵਾ ਸਿੰਘ ਤੇ ਮਾਤਾ ਨੰਦ ਕੌਰ ਦੇ ਘਰ ਹੋਇਆ। ਜਦੋਂ ਅੰਗਰੇਜ਼ਾਂ ਨੇ ਬਾਰ ਦਾ ਇਲਾਕਾ ਵਸਾਇਆ ਤਾਂ ਉਸ ਵੇਲੇ ਉਸ ਵੇਲੇ ਉਨ੍ਹਾ ਦੇ ਪਿਤਾ ਨੂੰ ਜ਼ਿਲ੍ਹਾ ਲਾਇਲਪੁਰ, ਤਹਿਸੀਲ ਸਮੁੰਦਰੀ ਦੀ ਉਤਰ-ਪੱਛਮੀ ਹੱਦ ‘ਤੇ ਚੱਕ ਨੰਬਰ 140 ਗੋਗੇਰਾ ਬਰਾਂਚ ਵਿਚ ਪੰਜ ਮੁਰੱਬੇ ਜ਼ਮੀਨ ਦਿੱਤੀ ਗਈ॥ ਇਸ ਮਗਰੋਂ ਪੂਰਾ ਪਰਿਵਾਰ ਇੱਥੇ ਆ ਕੇ ਵੱਸ ਗਿਆ।

ਤੇਜਾ ਸਿੰਘ ਸਮੁੰਦਰੀ ਦਾ ਪਰਿਵਾਰ ਸਿੱਖੀ ਰਹਿਣੀ-ਬਹਿਣੀ ਦਾ ਧਾਰਨੀ ਸੀ। ਇਸ ਲਈ ਸੁਭਾਵਿਕ ਹੀ ਇਹ ਗੁਣ ਉਹਨਾਂ ਦੇ ਜੀਵਨ ਵਿਚ ਬਾਲਪਣ ਤੋਂ ਹੀ ਨਜ਼ਰ ਆਉਣ ਲੱਗ ਪਏ। ਉਹ ਹਮੇਸ਼ਾ ਹੀ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਉਂਦੇ। ਉਹ ਫੌਜ ਵਿਚ ਭਰਤੀ ਹੋ ਗਏ ਪਰ ਤਿੰਨ ਸਾਲ ਬਾਅਦ ਹੀ ਨੌਕਰੀ ਛੱਡ ਕੇ ਵਾਪਸ ਪਿੰਡ ਆ ਗਏ । ਉਹਨਾਂ ਨੇ ਆਪਣੇ ਪਿੰਡ ਖਾਲਸਾ ਮਿਡਲ ਸਕੂਲ, ਸਰਹਾਲੀ ਵਿਚ ਖਾਲਸਾ ਮਿਡਲ ਸਕੂਲ,ਸਰਹਾਲੀ ਵਿਚ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਦੀ ਸਥਾਪਨਾ ਕਰਵਾਈ।

ਉਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਵਿਚ ਅਹਿਮ ਭੂਮਿਕਾ ਨਿਭਾਈ। ਅੰਗਰੇਜ ਸਰਕਾਰ ਦੀਆਂ ਬੇਨਿਯਮੀਆਂ ਅਤੇ ਜਾਬਰ ਨੀਤੀਆਂ ਨੂੰ ਆਮ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚਾਉਣ ਦੀ ਰਜ਼ਨੀਤੀ ਤਹਿਤ ਉਨ੍ਹਾਂ ਨੇ ਹੋਰ ਸਿੱਖ ਆਗੂਆਂ ਨਾਲ ਮਿਲ ਕੇ “ਅਕਾਲੀ ਅਖਬਾਰ ਸ਼ੁਰੂ ਕੀਤਾ। ਗੁਰਦੁਆਰਾ ਰਕਾਬ ਗੰਜ ਦੇ ਮੋਰਚੇ ਵਿਚ ਉਨ੍ਹਾ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਤੇਜਾ ਸਿੰਘ ਵੱਲੋਂ ਸੁਚੱਜੀ ਅਗਵਾਈ ਨਿਭਾਉਣ ਕਾਰਨ ਹੀ ਮੋਰਚਾ ਗੁਰੂ ਕਾ ਬਾਗ ਫਤਿਹ ਹੋਣ ਵਿਚ ਕਾਮਯਾਬ ਹੋਇਆ।

ਚਾਬੀਆਂ ਦੇ ਮੋਰਚੇ ਦੌਰਾਨ ਗਿਰਫਤਰੀ ਮਗਰੋਂ ੳਨ੍ਹਾਂ ਨੂੰ ਜੇਲ੍ਹ ਵੀ ਕੱਟਣੀ ਪਈ। ਤੇਜਾ ਸਿੰਘ ਸਮੁੰਦਰੀ ਚੀਫ ਖਾਲਸਾ ਦੀਵਾਨ ਦੇ ਸਰਗਰਮ ਮੈਂਬਰ ਵੀ ਰਹੇ। ਉਹ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਉਥੋਂ ਦੀ ਪ੍ਰਬੰਧਕੀ ਮੈਂਬਰ ਵਜੋਂ ਵੀ ਸੇਵਾ ਨਿਭਾਉਂਦੇ ਰਹੇ। ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਵਜੋਂ ਨਿਭਾਈਆਂ ਸੇਵਾਵਾਂ ਨੂੰ ਭਲਾ ਕੌਣ ਭੁਲਾ ਸਕਦਾ ਹੈ।

ਜਦੋਂ ਜੈਤੋਂ ਕਾ ਮੋਰਚਾ ਲੱਗਿਆ ਹੋੲਆਂ ਸੀ ਤਾਂ ਉਨ੍ਹਾਂ ਨੇ 13 ਅਕਤੂਬਰ,1923 ਨੂੰ ਗ੍ਰਿਫਤਾਰੀ ਦਿੱਤੀ। 9 ਜੁਲਾਈ 1925 ਨੂੰ ਗੁਰਦੁਆਰਾ ਬਿੱਲ ਪੰਜਾਬ ਕੌਂਸਲ ਵਿਚ ਪਾਸ ਕਰ ਦਿੱਤਾ ਗਿਆ। ਇਹ ਬਿੱਲ ਪਾਸ ਹੋਣ ਮਗਰੋਂ ਜੈਤੋ ਦੇ ਮੋਰਚੇ ਦੇ ਪਹਿਲੇ ਸ਼ਹੀਦੀ ਜਥੇ ਤੋਂ ਇਲਾਵਾ ਬਾਕੀ ਸਾਰੇ ਕੈਦੀ ਰਿਹਾਅ ਕਰ ਦਿੱਤੇ ਗਏ ਪਰ ਕਿਲ੍ਹਾ ਲਾਹੌਰ ਵਾਲਿਆਂ ਕੈਦੀਆਂ ਲਈ ਇਹ ਸ਼ਰਤ ਰੱਖੀ ਗਈ ਕਿ ਭਵਿੱਖ ਵਿੱਚ ਉਹ ਕੋਈ ਸਿੱਧੀ ਕਾਰਵਾਈ ਨਗੀਂ ਕਰਨਗੇ। ਉਨ੍ਹਾਂ ਨੇ ਅੰਗਰੇਜ਼ੀ ਸਰਕਾਰ ਦੁਆਰਾ ਰਿਹਾਅ ਹੋਣ ਲਈ ਰੱਖੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ।

ਅੰਤ 17 ਜੁਲਾਈ ,1928 ਨੂੰ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸੈਂਟਲ ਜੇਲ੍ਹ ਲਾਹੌਰ ਵਿਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵਲੋਂ ਅੰਮ੍ਰਿਤਸਰ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਦੀ ਉਸਾਰੀ ਕਰਵਾਈ। ਉਨ੍ਹਾਂ ਦਾ ਨਾਂ ਚੜ੍ਹਦੇ ਸੂਰਜ ਵਾਂਗ ਸਿੱਖ ਪੰਥ ਦੇ ਇਤਿਹਾਸ ਵਿੱਚ ਸਦਾ ਚਮਕਦਾ ਰਹੇਗਾ।

ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: