ਚੰਡੀਗੜ੍ਹ: ਵਿਸ਼ਵ ਭਰ ਦੇ ਮਾਹਿਰਾਂ ਦੀ ਚੋਣ ਦੇ ਅਧਾਰ ‘ਤੇ ਕੱਢੇ ਗਏ ਨਤੀਜਿਆਂ ਮੁਤਾਬਿਕ ਭਾਰਤ ਔਰਤਾਂ ਦੇ ਰਹਿਣ ਲਈ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਹੈ।
ਇਸ ਸੂਚੀ ਵਿਚ ਜੰਗ ਦਾ ਸਾਹਮਣਾ ਕਰ ਰਹੇ ਅਫਗਾਨਿਸਤਾਨ ਅਤੇ ਸੀਰੀਆ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਹਨ। ਥਾਮਸਨ ਰਿਊਟਰਸ ਸੰਸਥਾ ਵਲੋਂ ਕਰਵਾਏ ਗਏ ਸਰਵੇਖਣ ਵਿਚ 550 ਤੋਂ ਵੱਧ ਮਾਹਿਰਾਂ ਦੇ ਵਿਚਾਰ ਲਏ ਗਏ।
ਇਸ ਸੂਚੀ ਵਿਚ ਪਹਿਲੇ ਦਸ ਦੇਸ਼ਾਂ ਵਿਚ ਸਿਰਫ ਇਕ ਪੱਛਮੀ ਦੇਸ਼ ਅਮਰੀਕਾ ਸ਼ਾਮਿਲ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਾਰਗਰ ਕਦਮ ਨਹੀਂ ਚੁੱਕੇ ਗਏ।
ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਿਕ 2007 ਤੋਂ 2016 ਦੇ ਦਰਮਿਆਨ ਔਰਤਾਂ ਖਿਲਾਫ ਜ਼ੁਰਮ ਦੇ ਦਰਜ ਕੇਸਾਂ ਦੀ ਗਿਣਤੀ ਵਿਚ 83 ਫੀਸਦੀ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਭਾਰਤ ਵਿਚ ਹਰ ਘੰਟੇ ਵਿਚ ਚਾਰ ਬਲਾਤਕਾਰ ਦੇ ਕੇਸ ਦਰਜ ਹੋਏ ਹਨ।
ਮਾਹਿਰਾਂ ਨੇ ਭਾਰਤ ਨੂੰ ਔਰਤਾਂ ਦੀ ਤਸਕਰੀ, ਦੇਹ ਗੁਲਾਮੀ, ਘਰੇਲੂ ਹਿੰਸਾ ਅਤੇ ਜ਼ਬਰਨ ਵਿਆਹ, ਭਰੂਣ ਹੱਤਿਆ ਵਰਗੀਆਂ ਰੀਤਾਂ ਕਾਰਨ ਔਰਤਾਂ ਲਈ ਸਭ ਤੋਂ ਖਤਰਨਾਕ ਦੇਸ਼ ਐਲਾਨਿਆ ਹੈ।
ਭਾਰਤ ਦੇ ਔਰਤ ਅਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਸਰਵੇਖਣ ਦੇ ਨਤੀਜਿਆਂ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।