ਸ੍ਰੀ ਅੰਮ੍ਰਿਤਸਰ: ਦਰਬਾਰ ਸਾਹਿਬ ਹਮਲੇ ਦੀ 36ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਡੇਢ ਦਹਾਕੇ ਤੋਂ ਦਲ ਖਾਲਸਾ ਵਲੋਂ ਹਰ ਸਾਲ 5 ਜੂਨ ਨੂੰ ਯਾਦਗਾਰੀ ਮਾਰਚ ਕੀਤਾ ਜਾਂਦਾ ਹੈ।
ਬੀਤੇ ਦਿਨ ਘੱਲੂਘਾਰਾ ਹਫਤਾ ਮਨਾਉਣ ਸਬੰਧੀ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿਗ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹਰਚਰਨਜੀਤ ਸਿੰਘ ਧਾਮੀ, ਅਮਰੀਕ ਸਿੰਘ ਈਸੜੂ, ਜਸਵੀਰ ਸਿੰਘ ਖੰਡੂਰ, ਰਣਬੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਸ਼ਾਮਿਲ ਹੋਏ।
ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਘੱਲੂਘਾਰਾ ਦੇ ਜ਼ਖਮ ਹਰ੍ਹੇ ਹਨ ਅਤੇ ਪੀੜ ਸੱਜਰੀ। ਉਹਨਾਂ ਕਿਹਾ ਕਿ ਭਾਰਤੀ ਸਟੇਟ ਵਲੋਂ ਸਿੱਖ ਧਰਮ ਅਤੇ ਸਵੈਮਾਨ ਉਤੇ ਕੀਤਾ ਇਹ ਹਮਲਾ ਭੁੱਲਣਾ ਨਾ-ਮੁਮਕਿਨ ਹੈ। ਉਹਨਾਂ ਕਿਹਾ ਕਿ ਜ਼ਿੰਦਾ ਕੌਮਾਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਸਾਰਦੀਆਂ ਨਹੀਂ ਹਨ ਸਗੋਂ ਇਤਿਹਾਸ ਦੇ ਇਸ ਦੌਰ ਦੀਆਂ ਯਾਦਾਂ ਨੂੰ ਹਰ ਹਰ ਹੀਲੇ ਸਾਂਭ ਕੇ ਰੱਖਦੀਆਂ ਹਨ।
ਉਹਨਾਂ ਕਿਹਾ ਕਿ ਮੀਟਿੰਗ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਅਤੇ ਤਾਲਾਬੰਦੀ ਕਰਕੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ, ਮੁਸੀਬਤਾਂ ਅਤੇ ਆਰਥਿਕ ਦੁਸ਼ਵਾਰੀਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਉਹਨਾਂ ਮੰਨਿਆ ਕਿ ਮਹਾਂਮਾਰੀ ਦਾ ਖਤਰਾ ਕਾਇਮ ਹੈ ਅਤੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ।ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਬਿਨਾਂ ਕਿਸੇ ਠੋਸ ਵਿਉਂਤਬੰਦੀ ਅਤੇ ਜਲਦਬਾਜ਼ੀ ਵਿੱਚ ਠੋਸੇ ਤਾਲਾਬੰਦੀ ਨੇ ਲੋਕਾਂ ਖਾਸਕਰ ਪ੍ਰਵਾਸੀਆਂ ਅਤੇ ਗਰੀਬਾਂ ਦੀਆਂ ਦੁਸ਼ਵਾਰੀਆਂ ਵਿੱਚ ਵਾਧਾ ਕੀਤਾ ਹੈ। ਉਹਨਾਂ ਪੀ.ਐਮ ਕੇਅਰਜ਼ ਫੰਡ ਉਤੇ ਤਿੱਖੀ ਟਿੱਪਣੀ ਕਰਦਿਆਂ ਇਸਨੂੰ ਭਾਜਪਾ ਦਾ ਨਿਜੀ ਸਰਮਾਇਆ ਦਸਿਆ।
ਉਹਨਾਂ ਕਿਹਾ ਕਿ ਮਹਾਂਮਾਰੀ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਫੈਸਲਾ ਲਿਆ ਗਿਆ ਹੈ ਕਿ ਮਾਰਚ ਵਿੱਚ ਗਿਣਤੀ ਸੀਮਤ ਰੱਖੀ ਜਾਵੇਗੀ ਅਤੇ ਇੱਕ-ਦੂਜੇ ਦਰਮਿਆਨ ਸਰੀਰਕ ਵਿੱਥ (ਦੂਰੀ ਬਣਾ) ਰੱਖ ਕੇ ਚਲਿਆ ਜਾਵੇਗਾ। ਉਹਨਾਂ ਕਿਹਾ ਕਿ ਜਿਥੇ ਉਹ ਸਮਾਜ ਅਤੇ ਸੂਬੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਖੂਬ ਸਮਝਦੇ ਹਨ, ਉਥੇ ਸ਼ਹੀਦਾਂ ਪ੍ਰਤੀ ਆਪਣੇ ਫਰਜ਼ ਨੂੰ ਵੀ ਪਛਾਣਦੇ ਹਨ। ਉਹਨਾਂ ਪੱਤਰਕਾਰਾਂ ਦੇ ਸਵਾਲ ਦੇ ਜੁਆਬ ਵਿੱਚ ਦਸਿਆ ਕਿ 6 ਦੇ ਅੰਮ੍ਰਿਤਸਰ ਬੰਦਾ ਦਾ ਅੰਤਿਮ ਫੈਸਲਾ 1 ਜੂਨ ਨੂੰ ਪੰਜਾਬ ਸਰਕਾਰ ਦੇ ਤਾਲਾਬੰਦੀ-5.0 ਦੇ ਨਿਯਮਾਂ ਦੇ ਮੱਦੇਨਜ਼ਰ ਲਿਆ ਜਾਵੇਗਾ।
ਦਲ ਖਾਲਸਾ ਆਗੂਆਂ ਨੇ ਨਰਿੰਦਰ ਮੋਦੀ ਸਰਕਾਰ ‘ਤੇ ਤਾਲਾਬੰਦੀ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਾਉਦਿਆਂ ਕਿਹਾ ਕਿ ਦਿੱਲੀ ਪੁਲਿਸ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਹਿਣ ਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਉਤੇ ਕਹਿਰ ਢਾਅ ਰਹੀ ਹੈ ਅਤੇ ਵਿਰੋਧੀ ਧਿਰ ਖਾਮੋਸ਼ ਤਮਾਸ਼ਾਈ ਬਣ ਦੇਖ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਬਦਲਾਖੋਰੀ ਦੀ ਨੀਤੀ ‘ਤੇ ਤੁਲੀ ਹੋਈ ਹੈ।
ਦਲ ਖਾਲਸਾ ਦੇ ਆਗੂਆਂ ਨੇ ਦਿੱਲੀ ਪੁਲਿਸ ਵਲੋਂ ਤਾਲਾਬੰਦੀ ਦੌਰਾਨ ਮਨਘੜਤ ਕੇਸਾਂ ਵਿੱਚ ਉਲ਼ਝਾ ਕੇ ਗ੍ਰਿਫਤਾਰ ਸੀ.ਏ.ਏ ਵਿਰੋਧੀ ਕਾਰਜਕਰਤਾਵਾਂ ਜਿਨਾਂ ਵਿੱਚ ਗਰਭਵਤੀ ਔਰਤ ਸਫੂਰਾ ਜ਼ਰਗਰ ਅਤੇ ਪਿੰਜਰਾਤੋੜ ਸੰਸਥਾ ਦੀਆਂ ਦੋ ਵਿਦਿਆਰਥਣਾਂ ਸ਼ਾਮਿਲ ਹਨ, ਨੂੰ ਰਿਹਾਅ ਕਰਨ ਦੀ ਮੰਗ ਕੀਤੀ।