ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਫਾਈਲ ਫੋਟੋ)

ਸਿਆਸੀ ਖਬਰਾਂ

ਬਾਦਲਾਂ ਦੀ ਸੁਰੱਖਿਆ ਲਈ ਮੁੱਖ ਚੋਣ ਕਮਿਸ਼ਨਰ ਅਤੇ ਪੁਲਿਸ ਅਧਿਕਾਰੀਆਂ ਦੀ ਹੋਈ ਮੀਟਿੰਗ

By ਸਿੱਖ ਸਿਆਸਤ ਬਿਊਰੋ

January 13, 2017

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲ ਲੰਬੀ ਵਿਧਾਨ ਸਭਾ ਹਲਕੇ ’ਚ ਜੁੱਤੀ ਸੁੱਟਣ ਦੀ ਘਟਨਾ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਰਾਜ ਸਰਕਾਰ ਨੂੰ ਬਾਦਲਾਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਵੀਰਵਾਰ ਨੂੰ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦੇ ਆਗੂ ਨੂੰ ਭੜਕਾਊ ਭਾਸ਼ਣ ਦੇਣ ਜਾਂ ਲੋਕਾਂ ਨੂੰ ਉਕਸਾਉਣ ਨਹੀਂ ਦਿੱਤਾ ਜਾਵੇਗਾ।

ਪੰਜਾਬ ਦੇ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ (ਗ੍ਰਹਿ), ਡੀਜੀਪੀ, ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਮੀਟਿੰਗਾਂ ਦੌਰਾਨ ਜ਼ੈਦੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਦੀਆਂ ਗਤੀਵਿਧੀਆਂ ’ਤੇ ਨਿਗਰਾਨੀ ਰੱਖਣ ਲਈ ਵੀ ਕਿਹਾ। ਉਨ੍ਹਾਂ ਸਪਸ਼ਟ ਕੀਤਾ ਕਿ ਆਟਾ-ਦਾਲ ਯੋਜਨਾ ਤਹਿਤ ਕਣਕ ਅਤੇ ਦਾਲ ਦੀ ਵੰਡ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਸਕਦੀ ਹੈ ਅਤੇ ਕੋਈ ਵੀ ਸਿਆਸਤਦਾਨ ਇਸ ਯੋਜਨਾ ਜਾਂ ਸਰਕਾਰ ਦੀ ਕਿਸੇ ਵੀ ਹੋਰ ਯੋਜਨਾ, ਜਿਵੇਂ ਤੀਰਥ ਯਾਤਰਾ ਸਕੀਮ ਆਦਿ, ਦਾ ਸਿਆਸੀ ਲਾਹਾ ਨਹੀਂ ਲੈ ਸਕਦਾ। ਜ਼ੈਦੀ ਨੇ ਅਕਾਲੀ-ਭਾਜਪਾ ਆਗੂਆਂ ਨੂੰ ਅਣ ਅਧਿਕਾਰਤ ਤੌਰ ’ਤੇ ਦਿੱਤੇ ਸੁਰੱਖਿਆ ਕਰਮਚਾਰੀਆਂ ਨੂੰ ਵੀ ਵਾਪਸ ਬੁਲਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ।

ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਕੁਝ ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਸਿਆਸੀ ਪਾਰਟੀਆਂ ਲਈ ਕੰਮ ਕਰਨ, ਸਰਕਾਰ ਵੱਲੋਂ ਹਾਲ ਹੀ ’ਚ ਬੋਰਡਾਂ ਤੇ ਨਿਗਮਾਂ ’ਚ ਤਾਇਨਾਤ ਕੀਤੇ ਅਹੁਦੇਦਾਰਾਂ ਦੀ ਗਤੀਵਿਧੀਆਂ ਸਬੰਧੀ ਵੀ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਦੇ ਨਿਵਾਰਣ ਲਈ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੰਤਰੀਆਂ ਵੱਲੋਂ ਕਾਫਲਿਆਂ ਦੇ ਰੂਪ ’ਚ ਵਿਚਰਨ ’ਤੇ ਵੀ ਪਾਬੰਦੀ ਲਾਉਣ ਲਈ ਕਿਹਾ ਹੈ। ਉਨ੍ਹਾਂ ਹਦਾਇਤ ਕੀਤੀ ਕਿ ਗੈਰ ਸਮਾਜੀ ਅਨਸਰਾਂ/ ਗੁੰਡਿਆਂ/ ਭਗੌੜਿਆਂ ਖਿਲਾਫ਼ ਕਾਰਵਾਈ ਕਰ ਕੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਤੋਂ ਰੋਕਿਆ ਜਾਵੇ। ਉਨ੍ਹਾਂ ਜੇਲ੍ਹਾਂ ਦਾ ਨਿਰੀਖਣ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਸਿਆਸੀ ਆਗੂਆਂ ਨਾਲ ਤਾਇਨਾਤ ਗੰਨਮੈਨਾਂ/ਸੁਰੱਖਿਆ ਅਮਲਿਆਂ, ਜਿਨ੍ਹਾਂ ਨੂੰ ‘ਧਮਕੀ ਮੁਲਾਂਕਣ ਕਮੇਟੀ’ ਦੀ ਪ੍ਰਵਾਨਗੀ ਨਹੀਂ ਮਿਲੀ, ਨੂੰ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਆਗਿਆ ਨਾ ਦਿੱਤੀ ਜਾਵੇ।

ਉਨ੍ਹਾਂ ਦੱਸਿਆ ਕਿ 4000 ਪੋਲਿੰਗ ਸਟੇਸ਼ਨਾਂ ਉਤੇ ਵੈਬਕਾਸਟਿੰਗ ਅਤੇ ਵੀਡਿਓਗ੍ਰਾਫੀ ਦੇ ਪ੍ਰਬੰਧ ਕੀਤੇ ਗਏ ਹਨ। ਕੌਮਾਂਤਰੀ ਸਰਹੱਦਾਂ, ਅੰਤਰ ਰਾਜੀ ਸਰਹੱਦਾਂ, ਸੰਵੇਦਨਸ਼ੀਲ ਸਥਾਨਾਂ ਅਤੇ ਪ੍ਰਮੁੱਖ ਸਥਾਨਾਂ ਉਥੇ ਸੀਸੀਟੀਵੀ ਅਤੇ ਵੀਡੀਓਗ੍ਰਾਫੀ ਰਾਹੀਂ ਕਰੜੀ ਨਿਗ੍ਹਾ ਰੱਖੀ ਜਾਵੇਗੀ। ਕਮਿਸ਼ਨ ਨੇ ਕਿਹਾ ਕਿ ਸਿਆਸੀ ਵਿਅਕਤੀਆਂ ਨਾਲ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਵੋਟਰਾਂ ਨੂੰ ਡਰਾਉਣ-ਧਮਕਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 3.39 ਕਰੋੜ ਰੁਪਏ ਨਕਦ, 14.27 ਲੱਖ ਰੁਪਏ ਦੀ 14, 273 ਲਿਟਰ ਸ਼ਰਾਬ, 37 ਲੱਖ ਰੁਪਏ ਦੀ 37 ਕਿਲੋ ਅਫੀਮ, 1.51 ਕਰੋੜ ਰੁਪਏ ਦੀ 3,777 ਕਿਲੋ ਭੁੱਕੀ ਅਤੇ 62.5 ਕਰੋੜ ਰੁਪਏ ਦੀ 25 ਕਿਲੋ ਹੈਰੋਇਨ ਫੜੀ ਗਈ ਹੈ। ਇਸ ਸਬੰਧੀ 8 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: