ਪ੍ਰਤੀਕਾਤਮਕ ਤਸਵੀਰ

ਖਾਸ ਖਬਰਾਂ

ਹਿੰਦੁਤਵੀ ਜਥੇਬੰਦੀਆਂ ਵਲੋਂ ਨਿਸ਼ਾਨੇ ‘ਤੇ ਰੱਖੇ ਗਏ 36 ਬੰਦਿਆਂ ਦੇ ਨਾਵਾਂ ਵਾਲੀ ਡਾਇਰੀ ਸਾਹਮਣੇ ਆਈ

By ਸਿੱਖ ਸਿਆਸਤ ਬਿਊਰੋ

July 25, 2018

ਨਵੀਂ ਦਿੱਲੀ: ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਕਰਨਾਟਕਾ ਪੁਲਿਸ ਦੀ ਖਾਸ ਜਾਂਚ ਟੀਮ (ਸਿੱਟ) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਹੱਥ ਇਕ ਡਾਇਰੀ ਲੱਗੀ ਹੈ ਜਿਸ ਤੋਂ ਅਹਿਮ ਖੁਲਾਸੇ ਹੋਏ ਹਨ। ਸਿੱਟ ਦੇ ਦਾਅਵੇ ਮੁਤਾਬਿਕ ਇਸ ਡਾਇਰੀ ਵਿਚ 34 ਬੰਦਿਆਂ ਦੇ ਨਾਂ ਹਨ ਜੋ ਹਿੰਦੁਤਵੀ ਜਥੇਬੰਦੀਆਂ ਦੇ ਨਿਸ਼ਾਨੇ ‘ਤੇ ਸਨ।

ਇੰਡੀਅਨ ਐਕਸਪ੍ਰੈਸ ਅਖਬਾਰ ਦੀ ਖ਼ਬਰ ਮੁਤਾਬਿਕ ਇਹ ਡਾਇਰੀ ਹਿੰਦੁਤਵੀ ਸੰਗਠਨ ਨਾਲ ਜੁੜੇ ਅਮੋਲ ਕਾਲੇ ਤੋਂ ਬਰਾਮਦ ਕੀਤੀ ਦੱਸੀ ਜਾ ਰਹੀ ਹੈ। ਇਸ ਡਾਇਰੀ ਵਿਚ ਕੁਲ 34 ਬੰਦਿਆਂ ਦੇ ਨਾਂ ਲਿਖੇ ਗਏ ਹਨ ਜਿਨ੍ਹਾਂ ਦਾ ਕਤਲ ਕੀਤਾ ਜਾਣਾ ਸੀ। ਇਹਨਾਂ ਨਾਵਾਂ ਵਿਚ ਦੂਜੇ ਨੰਬਰ ‘ਤੇ ਪੱਤਰਕਾਰ ਗੌਰੀ ਲੰਕੇਸ਼ ਦਾ ਨਾਂ ਸ਼ਾਮਿਲ ਹੈ ਜਿਸਨੂੰ 5 ਸਤੰਬਰ, 2017 ਨੂੰ ਉਸਦੇ ਘਰ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਸ ਸੂਚੀ ਵਿਚ ਸ਼ਾਮਿਲ ਨਾਂ ਜ਼ਿਆਦਾਤਰ ਕਰਨਾਟਕਾ ਅਤੇ ਮਹਾਰਾਸ਼ਟਰ ਨਾਲ ਸਬੰਧਿਤ ਲੋਕਾਂ ਦੇ ਦੱਸੇ ਜਾ ਰਹੇ ਹਨ। ਪਹਿਲੇ ਨੰਬਰ ‘ਤੇ ਥੇਟਰ ਕਲਾਕਾਰ ਗਿਰੀਸ਼ ਕਰਨਾਡ ਦਾ ਨਾਂ ਹੈ, ਜਿਸ ਨੂੰ ਸਰਕਾਰੀ ਸੁਰੱਖਿਆ ਦਿੱਤੀ ਗਈ ਹੈ।

ਅਮੋਲ ਕਾਲੇ ਪੂਨੇ ਦਾ ਵਾਸੀ ਹੈ ਤੇ ਹਿੰਦੂ ਜਨਜਾਗ੍ਰਿਤੀ ਸਮਿਤੀ ਦਾ ਸਾਬਕਾ ਕਨਵੀਨਰ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸੂਚੀ 2016 ਵਿਚ ਬਣਾਈ ਗਈ ਸੀ।

ਸਿੱਟ ਦੀ ਜਾਂਚ ਵਿਚ ਕਾਲੇ ਨੂੰ ਸਨਾਤਨ ਸੰਸਥਾ ਅਤੇ ਸਹਿਯੋਗੀ ਸੰਸਥਾਵਾਂ ਵਲੋਂ ਬਣਾਈ ਗਈ ਗੁਪਤ ਇਕਾਈ ਦਾ ਪ੍ਰਮੁੱਖ ਮੈਂਬਰ ਮੰਨਿਆ ਜਾ ਰਿਹਾ ਹੈ। ਉਸਨੂੰ 21 ਮਈ ਨੂੰ ਕਰਨਾਟਕਾ ਵਿਚੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਸਿੱਟ ਉਸਨੂੰ ਗੌਰੀ ਲੰਕੇਸ਼ ਦਾ ਕਤਲ ਕਰਨ ਵਾਲੇ ਸੰਗਠਨ ਦਾ ਮੁਖੀ ਮੰਨ ਰਹੀ ਹੈ।

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਿੰਦੁਤਵ ਖਿਲਾਫ ਬੋਲਣ ਕਾਰਨ ਹੀ ਗੌਰੀ ਲੰਕੇਸ਼ ਦਾ ਕਤਲ ਕੀਤਾ ਗਿਆ।

ਸਿੱਟ ਨੇ ਜਾਂਚ ਵਿਚ ਦਾਅਵਾ ਕੀਤਾ ਹੈ ਕਿ ਕਾਲੇ ਨੇ 26 ਸਾਲਾ ਪਰਸ਼ੂਰਾਮ ਵਾਗਮਾੜੇ ਨੂੰ ਸਨਾਤਨ ਸੰਸਥਾ ਅਤੇ ਹਿੰਦੂ ਜਨਜਾਗ੍ਰਿਤੀ ਸਮਿਤੀ ਦੇ ਅੱਤਵਾਦੀ ਸੰਗਠਨ ਰਾਹੀਂ ਸਿਖਲਾਈ ਦੇ ਕੇ ਲੰਕੇਸ਼ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: