ਸਿੱਖ ਖਬਰਾਂ

ਕੇਂਦਰ ਸਰਕਾਰ ਬਿਨਾਂ ਕਿਸੇ ਨਰਮੀ ਦੇ ਮਾਓਵਾਦੀਆਂ ਨਾਲ ਦੋ ਹੱਥ ਕਰਨ ਦੇ ਮੂਡ ਵਿੱਚ

By ਸਿੱਖ ਸਿਆਸਤ ਬਿਊਰੋ

June 28, 2014

ਨਵੀਂ ਦਿੱਲੀ ( 27 ਜੂਨ 2014):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨਕਸਲੀਆਂ ਨਾਲ ਬਿਨਾਂ ਕਿਸੇ ਨਰਮੀ ਦੇ ਦੋ ਹੱਥ ਕਰਨ ਦੇ ਮੂਡ ਵਿੱਚ ਹੈ ਅੱਜ ਕੇਧਰੀ ਗ੍ਰਹਿ ਮੰਤਰੀ  ਰਾਜਨਾਥ ਸਿੰਘ ਨੇ ਛੱਤੀਸਗੜ੍ਹ, ਝਾਰੰਖੰਡ, ਬਿਹਾਰ, ਉੜੀਸਾ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਪੁਲੀਸ  ਮੁਖੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਉਨ੍ਹਾਂ ਸੀਆਰਪੀਐਫ ਅਤੇ ਬੀਐਸਐਫ ਤੇ ਗ੍ਰਹਿ ਮੰਤਰਾਲਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਾਓਵਾਦੀਆਂ ਖ਼ਿਲਾਫ਼ ਰਣਨੀਤੀ ਬਣਾਈ।

ਗ੍ਰਹਿ ਮੰਤਰੀ  ਰਾਜਨਾਥ ਸਿੰਘ ਨੇ ਮਾਓਵਾਦੀਆਂ ਨਾਲ ਕਿਸੇ ਵੀ ਗੱਲਬਾਤ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਹਿੰਸਾ ਦੇ ਟਾਕਰੇ ਲਈ ਸੂਬਿਆਂ ਨਾਲ ਤਾਲਮੇਲ ਬਣਾ ਕੇ ਸੰਤੁਲਿਤ ਪਹੁੰਚ ਅਪਣਾਈ ਜਾਏਗੀ।

ਉਨ੍ਹਾਂ ਨੇ 10 ਮਾਓਵਾਦੀ ਪ੍ਰਭਾਵਤ ਸੂਬਿਆਂ ਦੇ ਸੀਨੀਅਰ ਸਿਵਲ ਅਤੇ ਪੁਲੀਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਪੁਲੀਸ ਬਲਾਂ ਨੂੰ ਆਧੁਨਿਕ ਬਣਾਉਣ ਲਈ ਉਨ੍ਹਾਂ ਨੂੰ ਚੋਖੇ ਫੰਡ ਮੁਹੱਈਆ ਕਰਵਾਏ ਜਾਣਗੇ ਅਤੇ ਜੇਕਰ ਮਾਓਵਾਦੀ ਉਨ੍ਹਾਂ ਨੂੰ ਚੁਣੌਤੀ ਦਿੰਦੇ ਹਨ ਤਾਂ ਮਾਕੂਲ ਜਵਾਬ ਦਿੱਤਾ ਜਾਵੇ।

ਉਨ੍ਹਾਂ ਨੇ ਆਂਧਰਾ ਪ੍ਰਦੇਸ਼ ‘ਚ ਨਕਸਲ ਵਿਰੋਧੀ ਵਿਸ਼ੇਸ਼ ਬਲ ‘ਗ੍ਰੇਹਾਊੁਂਡਸ’ ਦੀ ਤਰਜ਼ ‘ਤੇ ਛੱਤੀਸਗੜ੍ਹ, ਉੜੀਸਾ, ਝਾਰਖੰਡ ਅਤੇ ਬਿਹਾਰ ‘ਚ ਅਜਿਹੇ ਦਸਤੇ ਸਥਾਪਤ ਕਰਨ ਦਾ ਐਲਾਨ ਕੀਤਾ।

ਚਾਰ ਘੰਟੇ ਲੰਮੀ ਚਲੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਨਕਸਲ ਪ੍ਰਭਾਵਤ ਸੂਬਿਆਂ ‘ਚ ਸੜਕਾਂ ਦੀ ਉਸਾਰੀ ਦਾ ਕੰਮ ਸਮੇਂ ਅੰਦਰ ਪੂਰਾ ਕਰਨ ਦਾ ਫੈਸਲਾ ਵੀ ਲਿਆ  ਗਿਆ। ਸਰਕਾਰ ਨੇ ਸੁਰੱਖਿਆ ਦੇ ਨਾਲ-ਨਾਲ ਵਿਕਾਸ ਤੇ ਸਮਾਜਕ ਭਲਾਈ ਯੋਜਨਾ ਵੱਲ ਵੀ ਧਿਆਨ ਕੇਂਦਰਤ ਕਰਨ ਦੀ ਚਾਰ ਪੜਾਵੀ ਪਹੁੰਚ ਅਪਣਾਉਣ ਦੀ ਯੋਜਨਾ ਘੜੀ ਹੈ।

ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਆਤਮ-ਸਮਰਪਣ ਕਰਨ ਵਾਲੇ ਨਕਸਲ ਆਗੂਆਂ ਅਤੇ ਕਾਡਰ ਦੇ ਇਨਾਮਾਂ ‘ਚ ਵਾਧਾ ਕਰਨ ਦਾ ਹਮਾਇਤੀ ਹੈ। ਗ੍ਰਹਿ ਮੰਤਰੀ ਕੇਂਦਰੀ ਸੁਰੱਖਿਆ ਬਲਾਂ ਦੀ ਭੱਤਿਆਂ ‘ਚ ਵਾਧਾ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ ਜਿਹੜੇ ਨਕਸਲ ਪ੍ਰਭਾਵਤ ਇਲਾਕਿਆਂ ‘ਚ ਤਾਇਨਾਤ ਹਨ।

ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਬਾਅਦ ‘ਚ ਕਿਹਾ ਕਿ ਮਾਓਵਾਦੀਆਂ ਨਾਲ ਗੱਲਬਾਤ ਉਸ ਸਮੇਂ ਕੀਤੀ ਜਾਏਗੀ ਜਦੋਂ ਉਹ ਹਿੰਸਾ ਦਾ ਰਾਹ ਛੱਡ ਕੇ ਗੱਲਬਾਤ ਲਈ ਅੱਗੇ ਆਉਣਗੇ। ਗ੍ਰਹਿ ਮੰਤਰੀ ਨੇ ਮੀਟਿੰਗ ਦੌਰਾਨ ਸਾਰੇ ਸੂਬਿਆਂ ਨੂੰ ਇਕਸਾਰ ਨੀਤੀ ਅਪਣਾ ਕੇ ਮਾਓਵਾਦੀਆਂ ਨਾਲ ਨਜਿੱਠਣ ਲਈ ਕਿਹਾ। ਅਧਿਕਾਰੀ ਮੁਤਾਬਕ ਸੂਬਿਆਂ ਨੇ ਕੇਂਦਰ ਸਰਕਾਰ ਦੀ ਪਹਿਲ ਨੂੰ ਪੂਰੀ ਹਮਾਇਤ ਦੇਣ ਦਾ ਹੁੰਗਾਰਾ ਭਰਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: