ਭਾਈ ਬਚਿੱਤਰ ਸਿੰਘ ਸ਼ੌਂਕੀ

ਵਿਦੇਸ਼

ਇਟਲੀ ਵਿੱਚ ਪੁਲਿਸ ਨੇ ਸਿੱਖ ਦੀ ਸ਼੍ਰੀ ਸਾਹਿਬ ਜ਼ਬਤ ਕੀਤੀ

By ਸਿੱਖ ਸਿਆਸਤ ਬਿਊਰੋ

February 01, 2016

ਮਿਲਾਨ, ਇਟਲੀ (31 ਜਨਵਰੀ, 2016): ਸਿੱਖਾਂ ਨੂੰ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਨਿਆਰੀ ਪਛਾਣ ਅਤੇ ਜੀਵਨ ਜਾਂਚ ਹੋਣ ਸਦਕਾ ਕਈ ਵਾਰ ਪ੍ਰੇਸ਼ਨੀਆਂ ਅਤੇ ਕਾਨੂੰਨੀ ਉਲਝਣਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ।ਪੰਜ ਕੱਕਾਰੀ ਪੁਸ਼ਾਕ ਅਤੇ ਦਸਤਾਰ ਦੀ ਸਿੱਖੀ ਜੀਵਨ ਵਿੱਚ ਮਹੱਤਤਾ ਬਾਰੇ ਸੰਸਾਰ ਦੇ ਲੋਕਾਂ ਨੂੰ ਜਾਣਕਾਰੀ ਨਾ ਹੋਣ ਜਾਂ ਫਿਰ ਨਸਲੀ ਨਫਰਤ ਕਾਰਣ ਅਜਿਹੀਆਂ ਘਟਨਾਵਾਂ ਘਟਦੀਆਂ ਹਨ, ਜਿਸ ਨਾਲ ਸਿੱਖ ਮਨਾਂ ਨੂੰ ਠੇਸ ਪੁੱਜਦੀ ਹੈ।

ਅਜਿਹੀ ਹੀ ਇੱਕ ਘਟਨਾ ਬੀਤੀ ਦਿਨੀ ਇਟਲੀ ਵਿੱਚ ਵਾਪਰੀ ਜਿੱਥੇ ਪ੍ਰਸਿੱਧ ਕਵੀਸ਼ਰ ਭਾਈ ਬਚਿੱਤਰ ਸਿੰਘ ਸ਼ੌਂਕੀ ਦੀ ਜ਼ਿਲ੍ਹਾ ਵਿਰੋਨਾ ਦੇ ਕਸਤੂਰੇ (ਥਾਣੇ) ‘ਚ ਸ਼੍ਰੀ ਸਾਹਿਬ ਸ਼੍ਰੀ ਸਾਹਿਬ ਜ਼ਬਤ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।

ਇਟਲੀ ਦੇ ਸ਼ਹਿਰ ਮੋਧਨਾ ਵਿਖੇ ਪ੍ਰੈੱਸ ਨੂੰ ਭਾਈ ਬਚਿੱਤਰ ਸਿੰਘ ਸੌਂਕੀ ਨੇ ਉਨ੍ਹਾਂ ਨਾਲ ਹੋਈ ਕਾਨੂੰਨੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਕੱਲ੍ਹ ਕਿਸੇ ਕੰਮ ਕਾਰਨ ਵਿਰੋਨਾ ਥਾਣੇ ਗਏ ਸਨ। ਇਸ ਮੌਕੇ ਉਨ੍ਹਾਂ ਗੁਰੂ ਦੇ ਪੰਜ ਕਰਾਰਾਂ ਵਿਚ ਸ਼੍ਰੀ ਸਾਹਿਬ ਵੀ ਪਹਿਨੀ ਹੋਈ ਸੀ ਪਰ ਜਦੋਂ ਉਹ ਥਾਣੇ ਦੀ ਮਸ਼ੀਨ ‘ਚੋਂ ਚੈੱਕ ਹੋਣ ਲਈ ਲੰਘਣ ਲੱਗੇ ਤਾਂ ਮਸ਼ੀਨ ਬੋਲ ਪਈ, ਜਿਸ ਕਾਰਨ ਪੁਲਿਸ ਨੇ ਉਨ੍ਹਾਂ ਦੀ ਤਲਾਸ਼ੀ ਕਰਕੇ ਸ਼੍ਰੀ ਸਾਹਿਬ ਨੂੰ ਇਕ ਮਾਰੂ ਹਥਿਆਰ ਮੰਨਦੇ ਹੋਏ ਜ਼ਬਤ ਕਰ ਲਿਆ।

ਇਕ ਪੰਜਾਬੀ ਗੁਰਨਾਮ ਸਿੰਘ ਤੋਂ ਵੀ ਪੁਲਿਸ ਨੇ ਆਪਣੇ ਮਾਧਿਆਮ ਨਾਲ ਸ਼੍ਰੀ ਸਾਹਿਬ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਭਾਈ ਸ਼ੌਂਕੀ ਵਿਰੁੱਧ ਕੇਸ ਦਰਜ ਕਰ ਦਿੱਤਾ। ਭਾਈ ਸ਼ੌਂਕੀ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟਸ ਤੋਂ ਮਸ ਨਹੀਂ ਹੋਈ।

ਇਟਲੀ ਦੇ ਸਮੁੱਚੇ ਸਿੱਖ ਭਾਈਚਾਰੇ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਟਲੀ ਵਿਚ ਸਿੰਘਾਂ ਦੇ ਕਰਾਰਾਂ ਪ੍ਰਤੀ ਇਟਾਲੀਅਨ ਪ੍ਰਸ਼ਾਸਨ ਦਾ ਰਵੱਈਆ ਨਿੰਦਣਯੋਗ ਹੈ। ਜ਼ਿਕਰਯੋਗ ਹੈ ਕਿ ਇਟਾਲੀਅਨ ਕਾਨੂੰਨ ਮੁਤਾਬਿਕ ਇਟਲੀ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦਾ ਵੀ ਕੋਈ ਹਥਿਆਰ ਲੈ ਕੇ ਨਹੀਂ ਜਾ ਸਕਦਾ। –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: