October 1, 2024 | By ਸਿੱਖ ਸਿਆਸਤ ਬਿਊਰੋ
ਗੁਰਦਾਸਪੁਰ: ਦਲ ਖ਼ਾਲਸਾ ਵੱਲੋਂ ਜਥੇਬੰਦੀ ਦੇ ਬਾਨੀ ਆਗੂ ਮਰਹੂਮ ਭਾਈ ਗਜਿੰਦਰ ਸਿੰਘ ਦੀ ਨਿੱਘੀ ਯਾਦ ਵਿੱਚ ‘ਸ਼ਹੀਦ, ਸੰਘਰਸ਼ ਅਤੇ ਆਜ਼ਾਦੀ ਦਾ ਰਾਹ’ ਵਿਸ਼ੇ ਤੇ ਇਕ ਸੈਮੀਨਾਰ 29 ਸਤੰਬਰ 2024 ਨੂੰ ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਤੋਂ ਬਾਅਦ ਦਲ ਖਾਲਸਾ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਖਾਲਿਸਤਾਨ ਦੀ ਸਿਰਜਣਾ ਤੱਕ ਭਾਰਤੀ ਸਟੇਟ ਦੀਆਂ ਦਮਨਕਾਰੀ ਅਤੇ ਫਾਸੀਵਾਦੀ ਨੀਤੀਆਂ ਦਾ ਹਰ ਹੀਲੇ ਤੇ ਹਰ ਤਰੀਕਿਆਂ ਨਾਲ ਵਿਰੋਧ ਜਾਰੀ ਰਹੇਗਾ।
ਦਲ ਖਾਲਸਾ ਵੱਲੋਂ ਯੂ.ਐਨ. ਅਤੇ ਅਮਰੀਕਾ, ਇੰਗਲੈਂਡ, ਚੀਨ ਵਰਗੇ ਸ਼ਕਤੀਸ਼ਾਲੀ ਮੁਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਰਥਿਕ ਮੁਫ਼ਾਦਾਂ ਤੋਂ ਅੱਗੇ ਦੇਖਣ ਅਤੇ ਇਸ ਖ਼ਿੱਤੇ ਵਿੱਚ ਸਦੀਵੀ ਸ਼ਾਂਤੀ ਲਈ ਕਸ਼ਮੀਰ ਤੇ ਪੰਜਾਬ ਦੇ ਆਜ਼ਾਦੀ ਸੰਘਰਸ਼ ਨੂੰ ਮਾਨਤਾ ਦੇਣ। ਇਸੇ ਤਰਾਂ ਭਾਰਤ ਸਰਕਾਰ ਪੰਜਾਬ ਸਮੱਸਿਆ ਨੂੰ ਲਾਅ ਐਡ ਆਰਡਰ ਦੀ ਸਮੱਸਿਆ ਦੇ ਰੂਪ ਵਿੱਚ ਦੇਖਣਾ ਤੇ ਨਜਿੱਠਣਾ ਬੰਦ ਕਰੇ ਅਤੇ ਯੂ.ਐਨ. ਦੀ ਅਗਵਾਈ ਵਿੱਚ ਇਹਨਾਂ ਖ਼ਿੱਤਿਆਂ ਵਿੱਚ ਰਿਫਰੈਡਮ ਰਾਹੀਂ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਇਸਤੇਮਾਲ ਕਰਨ ਦਾ ਮੌਕਾ ਦੇਵੇ।
ਜ਼ਿਕਰਯੋਗ ਹੈ ਕਿ 29 ਸਤੰਬਰ 1981 ਨੂੰ ਦਲ ਖ਼ਾਲਸਾ ਦੇ ਬਾਨੀ ਅਗੂ ਭਾਈ ਗਜਿੰਦਰ ਸਿੰਘ ਨੇ ਆਪਣੇ ਚਾਰ ਸਾਥੀਆਂ ਸਤਿਨਾਮ ਸਿੰਘ ਪਾਉਂਟਾ ਸਾਹਿਬ ਅਤੇ ਹੋਰਨਾਂ ਨਾਲ ਮਿਲਕੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਰਿਹਾਈ ਅਤੇ ਦੁਨੀਆਂ ਦਾ ਧਿਆਨ ਪੰਜਾਬ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਲਈ ਲੜੇ ਜਾ ਰਹੇ ਸੰਘਰਸ਼ ਵੱਲ ਖਿੱਚਣ ਲਈ 29 ਸਤੰਬਰ 1981 ਨੂੰ ਬਿਨਾਂ ਕਿਸੇ ਯਾਤਰੀ ਨੂੰ ਨੁਕਸਾਨ ਪਹੁੰਚਾਏ ਭਾਰਤੀ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸੀ। ਜਿੱਥੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਪਾਕਿਸਤਾਨੀ ਜੇਲ੍ਹਾਂ ਅੰਦਰ ਕੱਟਣ ਪਈ।
ਭਾਈ ਗਜਿੰਦਰ ਸਿੰਘ 13 ਵਰ੍ਹੇ ਜੇਲ੍ਹ ਅਤੇ 30 ਵਰ੍ਹੇ ਜਲਾਵਤਨ ਰਹਿੰਦਿਆਂ 3 ਜੁਲਾਈ 2024 ਨੂੰ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਅਕਾਲ ਚਲਾਣਾ ਕਰ ਗਏ ਸਨ।
ਅਕਾਲ ਤਖ਼ਤ ਸਾਹਿਬ ਵੱਲੋਂ ‘ਜਲਾਵਤਨ ਸਿੱਖ ਯੋਧੇ’ ਦੀ ਉਪਾਧੀ ਨਾਲ ਸਨਮਾਨਿਤ ਭਾਈ ਗਜਿੰਦਰ ਸਿੰਘ ਦੀ ਯਾਦ ਵਿੱਚ ਰੱਖੇ ਸੈਮੀਨਾਰ ਵਿੱਚ ਜਿੰਨਾ ਪ੍ਰਮੁਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਉਹਨਾਂ ਵਿੱਚ ਸਿੱਖ ਸੋਚਵਾਨ ਪ੍ਰੋਫੈਸਰ ਜਗਮੋਹਨ ਸਿੰਘ, ਵਿਦਿਆਰਥੀ ਆਗੂ ਜੁਝਾਰ ਸਿੰਘ, ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜੀ ਅਤੇ ਦਲ ਖ਼ਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਮੰਡ ਅਤੇ ਭਾਈ ਨਰਾਇਣ ਸਿੰਘ ਦੇ ਨਾਮ ਸ਼ਾਮਿਲ ਹਨ।
Related Topics: 'Martyr resistance and the road to Freedom', Bhai Gajinder Singh, Bhai Kanwarpal Singh, Bhai Paramjeet Singh Mand, Dal Khalsa, Gajinder Singh Dal Khalsa, Seminar