ਖਾਸ ਖਬਰਾਂ

ਹਰਿੰਦਰ ਸਿੱਕਾ ਨੂੰ ਪੰਥ ਵਿੱਚੋਂ ਛੇਕਣ ਦਾ ਐਲਾਨ; ਸਿੱਕਾ ਸਿੱਖਾਂ ਦਾ ਖੂਨ ਵਹਾਉਣ ਦੀ ਸਾਜਿਸ਼ ਦਾ ਮੋਹਰਾ ਬਣ ਰਿਹਾ ਹੈ: ਗਿਆਨੀ ਗੁਰਬਚਨ ਸਿੰਘ

By ਸਿੱਖ ਸਿਆਸਤ ਬਿਊਰੋ

April 12, 2018

ਅੰਮ੍ਰਿਤਸਰ:  ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ‘ਤੇ ਬਣਾਈ ਫਿਲਮ ਵਿੱਚ ਗੁਰੂ ਸਾਹਿਬ ਤੇ ਗੁਰੂ ਪ੍ਰੀਵਾਰ ਨੂੰ ਫਿਲਮੀ ਕਲਾਕਾਰਾਂ ਦੇ ਰਾਹੀਂ ਪੇਸ਼ ਕਰਕੇ ਸਿੱਖ ਹਿਰਦਿਆਂ ਨੂੰ ਵਲੂੰਧਰਣ ਵਾਲੇ ਹਰਿੰਦਰ ਸਿੱਕਾ ਖਿਲਾਫ ਕਾਰਵਾਈ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਉਸਨੂੰ ਸਿੱਖ ਪੰਥ ‘ਚੋਂ ਖਾਰਜ ਕਰ ਦਿੱਤਾ ਹੈ।ਇਸਦੇ ਨਾਲ ਹੀ ਵਿਵਾਦਤ ਫਿਲਮ ਨੂੰ ਪ੍ਰਵਾਨਗੀ ਦੇਣ ਵਾਲੇ ਸਾਰੇ ਲੋਕਾਂ ਨੂੰ ਤਲਬ ਕਰਨ ਦਾ ਫੈਸਲਾ ਲਿਆ ਗਿਆ ਹੈ ।

ਭਾਰਤ ਦੀ ਨੇਵੀ ਸੈਨਾ ਦੇ ਸਾਬਕਾ ਅਧਿਕਾਰੀ ਹਰਿੰਦਰ ਸਿੰਘ ਸਿੱਕਾ ਵਲੋਂ ਤਿਆਰ ਕਰਾਈ ਗਈ ਫਿਲਮ “ਨਾਨਕ ਸ਼ਾਹ ਫਕੀਰ” ਵਿੱਚ ਪਾਈਆਂ ਗਈਆਂ ਗੈਰ ਤਰੁੱਟੀਆਂ ਖਿਲਾਫ ਸਿੱਖ ਕੌਮ ਵਿੱਚ ਫੈਲੇ ਰੋਹ ਤੇ ਰੋਸ ਦੇ ਮੱਦੇ ਨਜਰ ਅੱਜ ਇਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਬੁਲਾਈ ਗਈ ਪੰਜ ਜਥੇਦਾਰਾਂ ਦੀ ਇੱਕਤਰਤਾ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ,ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਜਥਿਆਂ ਦੇ ਇੰਚਾਰਜ ਭਾਈ ਜੋਗਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ।

ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਉਂਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ‘ਨਿਰਮਾਤਾ ਹਰਿੰਦਰ ਸਿੰਘ ਵਲੋਂ ਤਿਆਰ ਕਰਾਈ ਗਈ ਵਿਵਾਦਿਤ ਫਿਲਮ ਕਾਰਣ ਵਿਸ਼ਵ ਭਰ ਦੀਆਂ ਸਿੱੱਖ ਸੰਗਤਾਂ ਵਿੱਚ ਭਾਰੀ ਰੋਸ ਨੂੰ ਵੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਫਿਲਮ ਨੂੰ ਰਿਲੀਜ਼ ਕਰਨ ਉਤੇ ਪੂਰਨ ਰੂਪ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ।ਇਸ ਸਬੰਧੀ ਪਹਿਲਾਂ ਜਾਰੀ ਹੋਈਆਂ ਸਾਰੀਆਂ ਹੀ ਪੱਤਰਕਾਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ।ਇਸ ਦੇ ਬਾਵਜੂਦ ਪੰਥ ਦੀਆਂ ਭਾਵਨਾਵਾਂ ਨੂੰ ਅਣਡਿੱਠ ਕਰਦਿਆਂ ਹਰਿੰਦਰ ਸਿੰਘ ਕਾਨੂੰਨੀ ਹੱਥਕੰਡੇ ਵਰਤ ਕੇ 13 ਅਪ੍ਰੈਲ 2018 ਨੂੰ ਫਿਲਮ ਰਿਲੀਜ਼ ਕਰਨ ਲਈ ਬਜਿੱਦ ਹੈ ਜੋ ਸਿੱਖ ਕੌਮ ਦਾ ਘਾਣ ਕਰਵਾਉਣ ਲਈ ਰਚੀ ਗਈ ਇੱਕ ਕੋਝੀ ਸਾਜਿਸ਼ ਦਾ ਹਿੱਸਾ ਹੈ।

ਪਹਿਲਾਂ ਵੀ ਸਿੱਖੀ ਭੇਖ ਵਿੱਚ ਨਰਕਧਾਰੀਆਂ ਨੇ 1978 ਦੀ ਵਿਸਾਖੀ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਖੂਨ ਦੀ ਹੋਲੀ ਖੇਡੀ ਜਿਸ ਦੇ ਗੰਭੀਰ ਨਤੀਜੇ ਨਿਕਲੇ।ਹਰਿੰਦਰ ਸਿੰਘ ਵੀ ਮੁੜ ਸਿੱਖਾਂ ਦਾ ਖੂਨ ਡੋਲਣ ਲਈ ਰਚੀ ਗਈ ਸਾਜਿਸ਼ ਦਾ ਇੱਕ ਮੋਹਰਾ ਬਣ ਕੇ ਨਿੰਦਣਯੋਗ ਰੋਲ ਨਿਭਾ ਰਿਹਾ ਹੈ ਜੋ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਫਿਲਮ ਨੂੰ ਰਿਲੀਜ਼ ਕਰਨ ਲਈ ਬਜਿੱਦ ਹੈ ।ਇਸ ਲਈ ਪੰਜ ਸਿੰਘ ਸਾਹਿਬਾਨ ਨੇ ਹਰਿੰਦਰ ਸਿੰਘ ਦੇ ਹੱਠੀ ਵਤੀਰੇ ਨੂੰ ਵੇਖਦਿਆਂ ਉਸਨੂੰ ਪੰਥ ਵਿੱਚੋ ਛੇਕਿਆ ਜਾਂਦਾ ਹੈ।ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਉਹ ਹਰਿੰਦਰ ਸਿੰਘ ਨਾਲ ਕਿਸੇ ਕਿਸਮ ਦੀ ਵੀ ਕੋਈ ਸਮਾਜਿਕ,ਧਾਰਮਿਕ ਅਤੇ ਰੋਟੀ–ਬੇਟੀ ਦੀ ਸਾਂਝ ਨਾ ਰੱਖਣ’।

ਇਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪੱਤਰਕਾਰਾਂ ਨਾਲ ਗਲ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਪ੍ਰਧਾਨ ਸ਼ੋ੍ਰਮਣੀ ਗੁ:ਪ੍ਰ:ਕਮੇਟੀ, ਪ੍ਰਧਾਨ ਦਿੱਲੀ ਸਿੱਖ ਗੁ:ਪ੍ਰ:ਕਮੇਟੀ ਤੇ ਸਿੱਖ ਐਮ.ਪੀਜ਼ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਤੁਰੰਤ ਮਿਲ ਕਿ ਸਿੱਖ ਭਾਵਨਾਵਾਂ ਤੋਂ ਜਾਣੂ ਕਰਵਾਉਣ ਤੇ ਫਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਉਠਾਉਣ ਲਈ ਕਿਹਾ ਹੈ, ਜੇਕਰ ਫਿਰ ਵੀ ਸਰਕਾਰ ਵਲੋਂ ਫਿਲਮ ’ਤੇ ਪਾਬੰਧੀ ਨਹੀ ਲਗਾਈ ਜਾਂਦੀ ਤਾਂ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਜਿੰਮੇਵਾਰ ਹੋਣਗੀਆਂ।

ਜੇਕਰ ਕੋਈ ਵੀ ਸਿਨੇਮਾਕਾਰ ਇਹ ਫਿਲਮ ਆਪਣੇ ਸਿਨੇਮੇ ਘਰ ਵਿੱਚ ਰਿਲੀਜ਼ ਕਰਦਾ ਹੈ ਤਾਂ ਉਹ ਸਿਨੇਮਾ ਦੇ ਹੋਣ ਵਾਲੇ ਨੁਕਸਾਨ ਦਾ ਖੁਦ ਜਿੰਮੇਵਾਰ ਹੋਵੇਗਾ।ਪੰਜ ਸਿੰਘ ਸਾਹਿਬਾਨ ਵਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਸ਼ਾਂਤਮਈ ਢੰਗ ਨਾਲ ਫਿਲਮ ਦਾ ਵਿਰੋਧ ਕਰਨ ਤੇ ਫਿਲਮ ਦਾ ਮੁਕੰਮਲ ਰੂਪ ਵਿੱਚ ਬਾਈਕਾਟ ਕਰਨ।

ਇੱਕ ਸਵਾਲ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਫਿਲਮ ਨੂੰ ਪ੍ਰਵਾਨਗੀ ਦੇਣ ਵਾਲੇ ਸਾਰੇ ਹੀ ਲੋਕਾਂ ਨੂੰ ਬੁਲਾਇਆ ਗਿਆ ਹੈ ।ਪੱਤਰਕਾਰਾਂ ਵਲੋਂ ਬਾਰ ਬਾਰ ਪੁਛੇ ਜਾਣ ਤੇ ਕਿ ਬੁਲਾਇਆ ਗਿਆ ਹੈ ਜਾਂ ਤਲਬ ਕੀਤਾ ਗਿਆ ਹੈ ਤਾਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਥੇ ਬੁਲਾਏ ਜਾਣ ਦਾ ਮਤਲਬ ਤਲਬ ਕਰਨਾ ਹੀ ਹੁੰਦਾ ਹੈ।ਇਸ ਤੋਂ ਪਹਿਲਾਂ ਅੱਜ ਸਵੇਰੇ ਨਿਹੰਗ ਸਿੰਘ ਜਥੇਬੰਦੀ ਬੁਢਾ ਦਲ 96 ਕਰੋੜੀ ਦੇ ਮੁਖੀ ਬਾਬਾ ਬਲਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਜਸੋਵਾਲ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਵੀ ਸਿੰਘ ਸਾਹਿਬਾਨ ਨੂੰ ਮਿਲੇ ।ਸ਼੍ਰੋਮਣੀ ਕਮੇਟੀ ਸਕੱਤਰ ਮਨਜੀਤ ਸਿੰਘ ਬਾਠ ਅਤੇ ਧਰਮ ਪ੍ਰਚਾਰ ਦੇ ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵੀ ਸਕਤਰੇਤ ਵਿਖੇ ਹਾਜਰ ਰਹੇ ।

ਸ੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਵੱਲੋ ਜਾਰੀ ਪ੍ਰੈਸ ਨੋਟ ਹੇਠਾਂ ਪੜੋ:

Download (PDF, 25KB)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: