ਹਵੇਲੀ ਦੇ ਇਕ ਕਮਰੇ ਦੀ ਪੁਰਾਣੀ ਤਸਵੀਰ

ਸਿੱਖ ਖਬਰਾਂ

ਨਾਰੋਵਾਲ (ਪਾਕਿਸਤਾਨ) ਵਿਚ ਪੁਰਾਣੀ ਹਵੇਲੀ ਢਾਹੁਣ ਨੂੰ ਭਾਰਤੀ ਖਬਰਖਾਨੇ ਨੇ ਗੁਰਦੁਆਰਾ ਸਾਹਿਬ ਦੀ ਤਬਾਹੀ ਦਰਸਾਇਆ

By ਸਿੱਖ ਸਿਆਸਤ ਬਿਊਰੋ

May 29, 2019

ਅੰਮ੍ਰਿਤਸਰ: 27 ਮਈ ਨੂੰ ਪਾਕਿਤਾਨ ਦੇ ਅਖਬਾਰ ‘ਦਾ ਡਾਨ’ ਵਲੋਂ ਖਬਰ ਛਾਪੀ ਗਈ ਕਿ ਇਤਿਹਾਸਕ ‘ਗੁਰੂ ਨਾਨਕ ਹਵੇਲੀ’ ਦਾ ਕੁਝ ਹਿੱਸਾ ਢਾਹ ਦਿੱਤਾ ਗਿਆ। ਇਹ ਹਵੇਲੀ ਨਾਰੋਵਾਲ ਤੋਂ ਵੀਹ ਕੁ ਕਿਲੋਮੀਟਰ ਦੂਰ ਪਿੰਡ ਬਾਠਾਂਵਾਲਾ ਵਿਚ ਸੀ। ਪਰ ਅਗਲੇ ਦਿਨ 28 ਮਈ ਨੂੰ ਇਸ ਅਖਬਾਰ ਨੇ ਸਪਸ਼ਟੀਕਰਨ ਦਿੱਤਾ ਕਿ ਇਹ ਹਵੇਲੀ ਆਮ ਪੁਰਾਣੀ ਇਮਾਰਤ ਸੀ ਅਤੇ ਇਸ ਦਾ ਗੁਰੂ ਨਾਨਕ ਜੀ ਜਾਂ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ ਸੀ।

ਅਖਬਾਰ ਨੇ ਇਤਿਹਾਸਕਾਰ ਤੇ ਖੋਜੀ ਲੇਖਕ ਅਮਰਦੀਪ ਸਿੰਘ ਦੇ ਕਾਰਜ ਦੇ ਹਵਾਲੇ ਨਾਲ ਦੱਸਿਆ ਕਿ ਅਮਰਦੀਪ ਸਿੰਘ ਨੇ ਪਾਕਿਸਤਾਨ ਵਿਚ ਖੁਰ ਰ੍ਹੀ ਸਿੱਖ ਵਿਰਾਸਤ ਬਾਰੇ ਵਿਸਤਾਰ ਵਿਚ ਕੰਮ ਕੀਤਾ ਹੈ ਤੇ ਇਸੱਖ ਇਇਹਾਸਕ ਥਾਵਾਂ ਦੇ ਵੇਰਵੇ ਅਤੇ ਤਸਵੀਰਾਂ ਦੀ ਕਿਤਾਬ ਛਾਪੀ ਹੈ ਪਰ ਉਸ ਵਿਚ ਇਸ ਹਵੇਲੀ ਦਾ ਕਿਧਰੇ ਵੀ ਜ਼ਿਕਰ ਨਹੀਂ ਹੈ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਨਾਰੋਵਾਲ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਇਮਾਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਤੋੜ ਭੰਨ ‘ਤੇ ਰੋਕ ਲਾ ਕੇ ਇਸ ਨੂੰ ਸੀਲ ਕਰ ਦਿੱਤਾ ਹੈ।

ਪਾਕਿਸਤਾਨ ਦੇ ਐਕਸਪ੍ਰੈਸ ਟ੍ਰਿਿਬਊਨ ਅਖਬਾਰ ਵਿਚ ਛਪੀ ਖਬਰ ਮੁਤਾਬਕ ਨਾਰੋਵਾਲ ਦੇ ਸਹਾਇਕ ਕਮਿਸ਼ਨਰ (ਸ.ਕ.) ਨੇ ਰਾਂਝਾ ਅਤੇ ਪੰਨੂੰ ਨਾਮੀ ਦੋ ਜਣਿਆਂ ਤੇ ਇਸ ਹਵੇਲੀ ਉੱਤੇ ਗੈਰ-ਕਾਨੂੰਨੀ ਕਬਜੇ ਅਤੇ ਇਸ ਨੂੰ ਢਾਹੁਣ ਦੀ ਕੋਸ਼ਿਸ਼ ਕਰਨ ਕਰਕੇ ਕਾਨੂੰਨੀ ਮਾਮਲਾ ਦਰਜ਼ ਕਰਨ ਦੀ ਹਿਦਾਇਤ ਦਿੱਤੀ ਹੈ। ਸਹਾਇਕ ਕਮਿਸ਼ਨਰ ਨੇ ਇਸ ਇਮਾਰਤ ਨੂੰ ਵਕਤੀ ਤੌਰ ਤੇ ਸੱਭਿਆਚਾਰਕ ਵਿਰਾਸਤ ਮਹਿਕਮੇਂ ਹਵਾਲੇ ਕਰਨ ਦੀ ਹਿਦਾਇਤ ਦਿੱਤੀ ਹੈ ਅਤੇ ਇਵੈਕੂਈ ਟ੍ਰਸਟ ਪ੍ਰਾਪਰਟੀ ਬੋਰਡ ਨੂੰ ਇਸਦੀ ਧਾਰਮਿਕ ਅਹਿਮੀਅਤ ਬਾਰੇ ਪਤਾ ਕਰਨ ਲਈ ਕਿਹਾ ਹੈ।

ਐਕਸਪ੍ਰੈਸ ਟ੍ਰਿਿਬਊਨ ਨੇ ਇਸੇ ਖਬਰ ਵਿਚ ਲਿਿਖਆ ਹੈ ਕਿ ਇਵੈਕੂਈ ਟ੍ਰਸਟ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਨਾ ਤਾਂ ਇਸ ਹਵੇਲੀ ਦਾ ਗੁਰੂ ਨਾਨਕ ਜੀ ਨਾਲ ਕੋਈ ਸੰਬੰਧੀ ਸੀ ਅਤੇ ਨਾ ਹੀ ਇਹ ਸਿੱਖਾਂ ਦਾ ਧਾਰਮਕ ਸਥਾਨ ਸੀ।

ਪਰ ਇਸ ਸਭ ਦੇ ਬਾਵਜੂਦ ਭਾਰਤੀ ਖਬਰਖਾਨਾ ਅਤੇ ਭਾਰਤੀ ਸਿਆਸਤਦਾਨ ਮੂਲ ਤੱਥਾਂ ਨੂੰ ਲੱਭ ਕੇ ਸਹੀ ਜਾਣਕਾਰੀ ਪਹੁੰਚਾਉਣ ਦੀ ਬਜਾਏ ਧੜਾ-ਧੜ ਇਹੀ ਬਿਆਨ ਅਤੇ ਖਬਰਾਂ ਛਾਪੀ ਗਏ ਕਿ ਨਾਰੋਵਾਲ ਨੇੜੇ ‘ਗੁਰੂ ਨਾਨਕ ਹਵੇਲੀ’ ਢਾਹ ਦਿੱਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਇਕ ਟਵੀਟ ਰਾਹੀਂ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਉਹ ਇਹ ਮਾਮਲਾ ਪਾਕਿਸਤਾਨੀ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨਾਲ ਚੁੱਕੇ।

ਅੱਜ ਕਈ ਪਾਸਿਆਂ ਤੋਂ ਭਾਰਤੀ ਖਬਰਖਾਨੇ ਦੀਆਂ ਖਬਰਾਂ ਦਾ ਖੰਡਨ ਆਇਆ ਹੈ।

ਇਤਿਹਾਸਕਾਰ ਤੇ ਖੋਜੀ ਲੇਖਕ ਅਮਰਦੀਪ ਸਿੰਘ ਨੇ ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਡਾਨ ਅਖਬਾਰ ਨੇ ਬਿਲਕੁਲ ਗੈਰਜਿੰਮੇਦਾਰਾਨਾ ਤਰੀਕੇ ਨਾਲ ਪਹਿਲੀ ਖਬਰ ਲਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਖਬਾਰ ਨੇ ਆਪ ਹੀ ਲਿਿਖਆ ਸੀ ਕਿ ਹਵੇਲੀ ਦੀ ਮਾਲਕੀ ਨਾ-ਮਾਲੂਮ ਹੈ ਪਰ ਨਾਲ ਹੀ ਇਸ ਨੂੰ ਗੁਰੂ ਨਾਨਾਕ ਪਾਤਿਸ਼ਾਹ ਦਾ ਅਸਥਾਨ ਦਰਸਾ ਦਿੱਤਾ। ਉਨ੍ਹਾਂ ਕਿਹਾ ਕਿ ਨਿੱਕੀਆਂ ਨਾਨਕਸ਼ਾਹੀ ਇੱਟਾਂ ਦੀਆਂ ਅਜਿਹੀਆਂ ਕਈ ਹਵੇਲੀਆਂ ਪਾਕਿਸਤਾਨ ਵਿਚ ਮੌਜੂਦ ਹਨ ਜਿੱਥੇ ਵੰਡ ਤੋਂ ਪਹਿਲਾਂ ਸਿੱਖ ਪਰਵਾਰ ਰਹਿੰਦੇ ਸਨ ਪਰ ਇਹ ਸਿੱਖਾਂ ਦੇ ਧਾਰਮਕ ਸਥਾਨ ਨਹੀਂ ਹਨ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸ. ਰੇਸ਼ਮ ਸਿੰਘ ਨੇ ਭਾਰਤੀ ਖਬਰਖਾਨੇ ਦੀਆਂ ਖਬਰਾਂ ਨੂੰ ਰੱਦ ਕਰਦਿਆਂ ਇਹ ਕਿਹਾ ਹੈ ਕਿ ਇਮਾਰਤ ਪੁਰਾਣੀ ਜਰੂਰ ਸੀ ਪਰ ਇਸ ਦਾ ਸਿੱਖ ਧਰਮ ਜਾਂ ਗੁਰੂ ਨਾਨਕ ਜੀ ਨਾਲ ਕੋਈ ਵਾਸਤਾ ਨਹੀਂ ਸੀ।

ਸਿੱਖ ਸਿਆਸਤ ਨੂੰ ਭੇਜੇ ਲਿਖਤੀ ਬਿਆਨ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਤੇ ਤਾਲਮੇਲਕਾਰ ਡਾਕਟਰ ਪ੍ਰਿਤਪਾਲ ਸਿੰਘ ਨੇ ਸਿੱਖਾਂ ਨੂੰ ਭਾਰਤੀ ਖਬਰਖਾਨੇ ਦੇ ‘ਝੂਠ ਤੋਂ ਸਾਵਧਾਨ’ ਰਹਿਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸਾਬੋਤਾਜ ਕਰਨ ਲਈ ਭਾਰਤੀ ਖਬਰਖਾਨਾ ਕਿਸੇ ਵੀ ਹੱਦ ਤੱਕ ਝੂਠ ਬੋਲਕੇ ਸਿੱਖਾਂ ਦਾ ਧਿਆਨ ਭਟਕਾ ਸਕਦਾ ਹੈ ਤਾਂ ਕਿ ਭੰਬਲਭੂਸਾ ਪੈਦਾ ਕੀਤਾ ਜਾ ਸਕੇ ਅਤੇ ਪਾਕਿਸਤਾਨ ਸਰਕਾਰ ਵਲੋਂ ਸਿੱਖਾਂ ਲਈ ਕੀਤੇ ਜਾ ਰਹੇ ਉਸਾਰੂ ਕਾਰਜਾਂ ਨੂੰ ਲੀਹੋਂ ਲਾਹ ਦਿੱਤਾ ਜਾਵੇ।

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਆਪਣੇ ਬਿਆਂਨ ਵਿਚ ਕਿਹਾ ਕਿ: “ਨਾਰੋਵਾਲ ਵਿਚਲੀ ਖਬਰ ਦਾ ਹਵਾਲਾ ਦੇ ਕੇ ਭਾਰਤੀ ਮੀਡੀਆ ਤੇ ਸੋਸ਼ਲ ਮੀਡੀਏ ਰਾਹੀਂ ਜੋ ਝੂਠਾ ਰੌਲਾ ਪਾਇਆ ਜਾ ਰਿਹਾ ਹੈ, ਉਸ ਬਾਰੇ ਸਚਾਈ ਇਹ ਹੈ ਕਿ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ‘ਚ ਪਿੰਡ ਬਾਠਾਂਵਾਲਾ ਵਿੱਚ ਸਥਿਤ “ਗੁਰੂ ਨਾਨਕ ਮਹਿਲ” ਨਾਮੀਂ ਢਾਹੀ ਗਈ ਇਮਾਰਤ ਦਾ ਸਬੰਧ ਗੁਰੂ ਨਾਨਕ ਪਾਤਸ਼ਾਹ ਨਾਲ ਨਹੀਂ ਹੈ। ਬਲਕਿ ਇਹ ਹਵੇਲੀ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਰਿਸ਼ਤੇਦਾਰ ਲਈ ਬਣਾਈ ਗਈ ਸੀ ਜਿਸ ਵਿੱਚ ਮਹਾਂਰਾਜਾ ਰਣਜੀਤ ਸਿੰਘ ਇੱਥੇ ਆ ਕੇ ਠਹਿਰਦੇ ਸਨ”।

ਆਗੂਆਂ ਨੇ ਅੱਗੇ ਕਿਹਾ ਕਿ: “ਇਸ ਗੱਲ ਦਾ ਦਾਅਵਾ ਇਰਫਾਨ ਸ਼ਾਹੂਦ ਨਾਮੀਂ ਲੇਖਕ ਅਤੇ ਕਵੀ ਨੇ ਕੀਤਾ ਹੈ। ਉਹਨਾਂ ਬੀਤੇ ਸਾਲ ਇਸ ਇਮਾਰਤ ਬਾਰੇ ਖੋਜ ਕਰਕੇ ਲਿਿਖਆ ਸੀ। ਉਹਨਾਂ ਇਸ ਗੱਲ ਨੂੰ ਰੱਦ ਕੀਤਾ ਕਿ ਇਹ ਇਮਾਰਤ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਨਾਲ ਸਬੰਧਿਤ ਹੈ”।

ਉਨ੍ਹਾਂ ਅੱਗੇ ਦੱਸਿਆ ਕਿ: “ਸ਼ਾਹੂਦ ਨੇ ਕਿਹਾ ਹੈ ਕਿ ਜਿੱਥੇ ਵੀ ਸਿੱਖ ਰਹਿੰਦੇ ਹਨ ਉੱਥੇ ਉਹ ਗੁਰੁਦਆਰਾ ਸਾਹਿਬ ਸਥਾਪਿਤ ਕਰਦੇ ਹਨ, ਪਰ ਇਸ ਇਮਾਰਤ ਦਾ ਗੁਰੂ ਨਾਨਕ ਪਾਤਸ਼ਾਹ ਨਾਲ ਇਤਿਹਾਸ ਅਨੁਸਾਰ ਕੋਈ ਸਬੰਧ ਨਹੀਂ ਹੈ। ਉਹਨਾਂ ਕਿਹਾ ਕਿ ਇਹ ਇਮਾਰਤ ਰਣਜੀਤ ਸਿੰਘ ਦੇ ਰਾਜ ਵੇਲੇ ਬਹੁਤਾਤ ਵਿੱਚ ਵਰਤੀਆਂ ਜਾਂਦੀਆਂ ਨਾਨਕਸ਼ਾਹੀ ਇੱਟਾਂ ਨਾਲ ਬਣੀ ਹੈ”।

“ਪਾਕਿਸਤਾਨ ਵਿਚਲੀ ਸਿੱਖ ਵਿਰਾਸਤ ਨੂੰ ਦਸਤਾਵੇਜੀ ਰੂਪ ਵਿੱਚ ਸਾਂਭਣ ਵਾਲੇ ਸ਼ਾਹਿਦ ਸ਼ੱਬੀਰ ਨੇ ਕਿਹਾ ਕਿ ਕਿਸੇ ਵੀ ਇਤਿਹਾਸਕ ਸਾਖੀ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਮਿਲਦਾ ਕਿ ਗੁਰੂ ਸਾਹਿਬ ਇਸ ਅਸਥਾਨ ‘ਤੇ ਰਹੇ ਸਨ। ਉਹਨਾਂ ਕਿਹਾ ਕਿ ਇਹ ਇਮਾਰਤ ਖਾਲਸਾ ਰਾਜ ਦੇ ਵੇਲੇ ਨਾਲ ਸਬੰਧਿਤ ਜ਼ਰੂਰ ਹੈ। ਬਾਠਾਂਵਾਲਾ ਪਿੰਡ ਦੇ ਨਾਲ ਲਗਦੇ ਪਿੰਦ ਬੱਦੋਵਾਲੀ ਵਿੱਚ ਇਕ ਧਾਰਮਿਕ ਸਥਾਨ ਦੀ ਦੇਖਰੇਖ ਕਰਨ ਵਾਲੇ ਅਮਰ ਕਾਜ਼ਮੀ ਨੇ ਕਿਹਾ ਕਿ ਇਸ ਇਲਾਕੇ ਵਿੱਚ ਅਜਿਹੀਆਂ ਹਵੇਲੀਆਂ ਆਮ ਹਨ ਜੋ ਵੰਡ ਤੋਂ ਪਹਿਲਾਂ ਅਮੀਰ ਹਿੰਦੂਆਂ ਅਤੇ ਸਿੱਖਾਂ ਦੀਆਂ ਰਿਹਾਇਸ਼ਾਂ ਸਨ। ਉਹਨਾਂ ਦੱਸਿਆ ਕਿ ਬਾਂਠਾਵਾਲਾ ਵਿੱਚ ਜ਼ਿਆਦਾ ਹਿੰਦੂ ਖੱਤਰੀ ਰਹਿੰਦੇ ਸਨ ਤੇ ਹੋ ਸਕਦਾ ਹੈ ਕਿ ਇਹ ਹਵੇਲੀ ਉਹਨਾਂ ਵਿੱਚੋਂ ਕਿਸੇ ਕੋਲ ਹੋਵੇ। ਪਰ ਇਹ ਕੋਈ ਧਾਰਮਿਕ ਜਗ੍ਹਾ ਨਹੀਂ ਸੀ। ਉਹਨਾਂ ਦੱਸਿਆ ਕਿ ਵੰਡ ਮਗਰੋਂ ਹਿੰਦੂ ਸਿੱਖਾਂ ਦੀਆਂ ਇਹ ਰਿਹਾਇਸ਼ਾਂ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਆਏ ਮੁਸਲਮਾਨਾਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਸਨ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: