ਪਾਕਿਸਤਾਨ ਉਕਾਫ ਬੋਰਡ ਦੇ ਮੁਖੀ ਸਦੀਕ ਉੱਲ ਫਾਰੁਕ ਗੁਰਦੁਆਰਾ ਸਾਹਿਬ ਸਿੱਖ ਸੰਗਤਾਂ ਨੂੰ ਸੌਂਪਣ ਦਾ ਐਲਾਨ ਕਰਦੇ ਹੋਏ

ਵਿਦੇਸ਼

ਪਾਕਿ ਸਰਕਾਰ ਨੇ ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਸਿੱਖ ਸੰਗਤਾਂ ਨੂੰ ਸੌਪਿਆ

By ਸਿੱਖ ਸਿਆਸਤ ਬਿਊਰੋ

April 17, 2016

ਅਟਾਰੀ: ਖਾਲਸਾ ਸਾਜ਼ਨਾ ਦਿਹਾੜੇ ਮੌਕੇ ਪਾਕਿਸਤਾਨ ਸਰਕਾਰ ਨੇ ਸਿੱਖਾਂ ਨੂੰ ਵੱਡਾ ਤੋਹਫਾ ਦਿੰਦਿਆਂ ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦਿਆਂ ਗੁਰਦੁਆਰਾ ਸਾਹਿਬ 47 ਸਾਲ ਬਾਅਦ ਸਿੱਖ ਸੰਗਤਾਂ ਨੂੰ ਸੌਪ ਦਿੱਤਾ ।

ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਮਨਾਉਣ ਲਈ ਹਸਨ ਅਬਦਾਲ ਪੰਜਾ ਪਹੁੰਚੇ ਪਾਕਿਸਤਾਨ ਉਕਾਫ ਬੋਰਡ ਦੇ ਮੁਖੀ ਸਦੀਕ ਉੱਲ ਫਰੂਕ ਨੇ ਇਹ ਐਲਾਨ ਭਾਰਤ ਸਮੇਤ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਕੀਤਾ।

ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਪ੍ਰਧਾਨ ਸ: ਸਵਰਨ ਸਿੰਘ ਗਿੱਲ ਨੇ ਦੱਸਿਆ ਕਿ ਗੁਰਦੁਆਰਾ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਿੱਖ ਸੰਗਤਾਂ ਦੇ ਹਵਾਲੇ ਕੀਤਾ ਗਿਆ । ਬੀਤੇ ਸਮੇਂ ਤੋਂ ਉਕਾਫ ਬੋਰਡ ਵੱਲੋਂ ਸਿੱਖ ਗੁਰਧਾਮਾਂ ਦੀ ਮੁਰੰਮਤ ਕਰਵਾਉਣ ਤੋਂ ਬਾਅਦ ਲਗਾਤਾਰ ਸਿੱਖ ਸੰਗਤਾਂ ਹਵਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਗੁਰਦੁਆਰਾ ਕਿਆਰਾ ਸਾਹਿਬ ਜਿਸ ਦੀ ਇਮਾਰਤ ਖਸਤਾ ਹਾਲਤ ‘ਚ ਹੈ, ਨੂੰ ਮੁਰੰਮਤ ਕਰਾਉਣ ਤੋਂ ਬਾਅਦ ਛੇ ਮਹੀਨੇ ਦੇ ਅੰਦਰ ਸੰਗਤਾਂ ਹਵਾਲੇ ਕੀਤਾ ਜਾਵੇ । ਇਸ ਮੌਕੇ ਸਿੱਖ ਸੰਗਤਾਂ ਵੱਲੋਂ ਸਦੀਕ ਉੱਲ ਫਰੂਕ ਅਤੇ ਪ੍ਰਧਾਨ ਤਾਰਾ ਸਿੰਘ ਤੇ ਹੋਰਨਾਂ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਜਥੇ ਦੇ ਉਪ ਪਾਰਟੀ ਲੀਡਰ ਸ: ਹਰਦੇਵ ਸਿੰਘ, ਰੋਗਲਾ ਸਿੰਘ, ਡਾ. ਗੁਰਬਚਨ ਸਿੰਘ ਬਚਨ ਮੁਖੀ ਗੁਰੂ ਗੋਬਿੰਦ ਸਿੰਘ ਚੇਅਰ ਮੁੰਬਈ ਯੂਨੀਵਰਸਿਟੀ, ਭਾਈ ਪਲਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਭਾਈ ਤਰਸੇਮ ਸਿੰਘ, ਕਥਾਵਾਚਕ ਭਾਈ ਲਖਬੀਰ ਸਿੰਘ, ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪਾਰਟੀ ਆਗੂ ਪੂਰਨ ਸਿੰਘ ਜੋਸ਼ਨ, ਸਾਈਾ ਮੀਆਂ ਮੀਰ ਇੰਟਰਨੈਸ਼ਨਲ ਫਾਊਾਡੇਸ਼ਨ ਵੱਲੋਂ ਬੀਬੀ ਸੁਖਜੀਤ ਕੌਰ ਬਰਾੜ, ਖਾਲੜਾ ਮਿਸ਼ਨ ਕਮੇਟੀ ਦੇ ਪਾਰਟੀ ਆਗੂ ਜਥੇਦਾਰ ਕੁਲਵੰਤ ਸਿੰਘ, ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਆਗੂ ਸਵਰਨ ਸਿੰਘ ਗਿੱਲ ਤੋਂ ਇਲਾਵਾ ਅਮਰੀਕਾ, ਕੈਨੇਡਾ, ਯੂ.ਕੇ., ਇਟਲੀ ਅਤੇ ਸੰਸਾਰ ਦੇ ਕੋਨੇ ਕੋਨੇ ਤੋਂ ਪਹੁੰਚੇ ਸਿੱਖ ਆਗੂਆਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ । –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: