ਸੁਖਬੀਰ ਸਿੰਘ ਬਾਦਲ ਤੇ ਹੋਰ ਅਰਦਾਸ ਦੌਰਾਨ

ਸਿਆਸੀ ਖਬਰਾਂ

ਸ਼੍ਰੋ.ਅ.ਦ. (ਬਾਦਲ) ਵੱਲੋਂ ਮਾਫੀ ਮੰਗਣ ਦਾ ਮਸਲਾ: ਮਾਫੀਨਾਮੇ ਤਾਂ ਸੌਦਾ ਸਾਧ ਦੇ ਵੀ ਆਏ ਸਨ

By ਸਿੱਖ ਸਿਆਸਤ ਬਿਊਰੋ

December 08, 2018

ਸਿੱਖਾਂ ਵਿਚਲੇ ਆਪਣੇ ਸਿਆਸੀ ਅਧਾਰ ਨੂੰ ਵੱਡਾ ਖੋਰਾ ਲੱਗਣ ਅਤੇ ਅੰਦਰੂਨੀ ਤੌਰ ਤੇ ਬਗ਼ਾਵਤ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਹੁਣ ਅਕਾਲ ਤਖ਼ਤ ਸਾਹਿਬ ਵਿਖੇ ਪਸ਼ਚਾਤਾਪ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਬਾਦਲ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਜਿਥੇ ਕਿ ਬਾਦਲ ਦਲ ਵਲੋਂ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਸ਼ੁਰੂ ਕਰਵਾਏ ਹਨ।

ਬਾਦਲ ਦਲ ਦੇ ਆਗੂਆਂ ਨੇ ਕਿਹਾ ਹੈ ਕਿ ਉਹ ਬੀਤੇ ਸਮੇਂ ਵਿਚ ਉਹਨਾਂ ਕੋਲੋਂ ਜਾਣੇ-ਅਣਜਾਣੇ ਵਿਚ ਹੋਈਆਂ ਗਲਤੀਆਂ ਲਈ ਅਕਾਤ ਤਖਤ ਸਾਹਿਬ ਵਿਖੇ ਮਾਫੀ ਮੰਗ ਕੇ ਪਸ਼ਚਾਤਾਪ ਕਰਨਗੇ। ਸੁਖਬੀਰ ਬਾਦਲ ਵਲੋਂ ਇਸ ਮੌਕੇ ਦਾਹੜੀ ਖੋਲ੍ਹ ਕੇ ਆਉਣਾ ਸ਼ਾਇਦ ਇਸ ਐਲਾਨ ਨੂੰ ਸੰਜੀਦਾ ਕਦਮ ਦਰਸਾਉਣ ਦੀ ਕੋਸ਼ਿਸ਼ ਹੋਵੇ ਕਿਉਂਕਿ ਆਪ ਤੌਰ ਤੇ ਸੁਖਬੀਰ ਬਾਦਲ ਦਾਹੜੀ ਬੰਨ੍ਹ ਕੇ ਰੱਖਦਾ ਹੈ।

ਬਾਦਲ ਦਲ ਵਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਕੀਤੇ ਗਏ ਲਗਾਤਾਰ 10 ਸਾਲ (2007 ਤੋਂ 2017) ਦੇ ਰਾਜ ਦੌਰਾਨ ਸਿੱਖ ਮਸਲਿਆਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਜਾਣ; ਸਿੱਖ ਦੋਖੀਆਂ ਨੂੰ ਅਹੁਦਿਆਂ ਜਾਂ ਸਿਆਸੀ ਤਾਕਤ ਨਾਲ ਨਿਵਾਜਣ, ਸਿਖਾਂ ਦੇ ਸਤਿਕਾਰਤ ਅਹੁਦਿਆਂ, ਸੰਸਥਾਵਾਂ ਤੇ ਜਥੇਬੰਦੀਆਂ (ਜਿਵੇਂ ਕਿ ਤਖਤ ਸਾਹਿਬਾਨ ਦੇ ਜਥੇਦਾਰ ਦੇ ਰੁਤਬੇ, ਅਕਾਲ ਤਖਤ ਸਾਹਿਬ ਦੀ ਸਰਵ-ਉਚਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ) ਨੂੰ ਦੇ ਵਕਾਰ ਤੇ ਮਾਨਤਾ ਨੂੰ ਖੋਰਾ ਲਾਉਣ, ਆਪਣੇ ਸੌੜੇ ਸਿਆਸੀ ਮੁਫਾਦਾਂ ਲਈ ਗੁਰੂ ਨਿੰਦਕਾਂ ਤੇ ਗੁਰੂ ਦੋਖੀਆਂ ਨਾਲ ਭਾਈਵਾਲੀ ਕਰਨ, ਅਤੇ ਪੰਥ ਹਿਤਾਂ ਤੇ ਭਾਵਨਾਵਾਂ ਦਾ ਘਾਣ ਕਰਨ ਸਮੇਤ ਕਈ ਬੱਜਰ ਗੁਨਾਹ ਕੀਤੇ ਗਏ। ਡੇਰਾ ਸਿਰਸਾ ਮੁਖੀ ਨੂੰ ਬਿਨ ਮੰਗੀ ਮਾਫੀ ਦਿਵਾਉਣੀ, ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਅਸਲ ਦੋਸ਼ੀਆਂ ਨੂੰ ਫੜ੍ਹਨ ਦੀ ਬਜਾਏ ਸਿੱਖਾਂ ਨੂੰ ਦੋਸ਼ੀ ਗਰਦਾਨਣ ਦੀ ਕੋਸ਼ਿਸ਼ ਕਰਨੀ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਫੜ੍ਹਨ ਦੀ ਮੰਗ ਕਰ ਰਹੀਆਂ ਸਿੱਖ ਸੰਗਤਾਂ ਤੇ ਪੁਲਿਸ ਕੋਲੋਂ ਜ਼ੁਲਮ ਕਰਵਾਉਣੇ ਬਾਦਲਾਂ ਦੇ ਨਾਕਾਬਿਲੇ ਮਾਫੀ ਗੁਨਾਹ ਹਨ।

ਇਸ ਸਾਰੇ ਸਮੇਂ ਦੌਰਾਨ ਬੜੀ ਢੀਠਤਾਈ ਨਾਲ ਬਾਦਲ ਇਹ ਗੱਲ ਦਹੁਰਾਉਂਦੇ ਰਹੇ ਹਨ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਤੇ ਉਹਨਾਂ ਵਿਰੁਧ ਸਾਰੇ ਮਸਲੇ ਬਾਦਲ ਦਲ ਦੇ ਸਿਆਸੀ ਵਿਰੋਧੀਆਂ ਨੇ ਜਾਣ-ਬੁੱਝ ਕੇ ਖੜ੍ਹੇ ਕੀਤੇ ਹਨ।

ਬੇਅਦਬੀ ਮਾਮਲਿਆਂ ਤੇ ਸਾਕਾ ਬਹਿਬਲ ਕਲਾਂ ਬਾਰੇ ਬਾਦਲਾਂ ਦੀ ਸਰਕਾਰ ਵਲੋਂ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਗਿਆ ਜਿਸ ਤੋਂ ਸਿੱਖਾਂ ਨੂੰ ਪਹਿਲਾਂ ਹੀ ਕੋਈ ਉਮੀਦ ਨਹੀਂ ਸੀ ਪਰ ਬਾਦਲਾਂ ਨੇ ਜਾਂਚ ਕਰਨ ਵਾਲੇ ਸਾਬਕਾ ਜੱਜ ਨੂੰ ਆਪਣਾ ਲੇਖਾ (ਰਿਪੋਰਟ) ਜਮਾਂ ਕਰਵਾਉਣ ਆਏ ਨੂੰ ਪੰਜਾਬ ਸਕੱਤਰੇਤ ਵਿੱਚ ਖੱਜਲ ਕਰਕੇ ਆਪਣਾ ਰਹਿੰਦਾ-ਖੂਹੰਦਾ ਪਾਜ ਵੀ ਆਪ ਹੀ ਉਘਾੜ ਲਿਆ ਸੀ।

ਕਾਂਗਰਸ ਸਰਕਾਰ ਵਲੋਂ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਏ ਜਾਣ ਤੇ ਵੀ ਬਾਦਲਕੇ ਪੂਰੀ ਢੀਠਤਾਈ ਨਾਲ ਇਸ ਨੂੰ ‘ਸਿੱਖ ਵਿਰੋਧੀ ਕਾਂਗਰਸ’ ਦਾ ਕਮਿਸ਼ਨ ਕਹਿ ਕੇ ਰੱਦ ਕਰਦੇ ਰਹੇ। ਉਹਨਾਂ ਇਸ ਕਮਿਸ਼ਨ ਦੇ ਲੇਖੇ ਨੂੰ ਵੀ ਆਪਣੇ ਵਲੋਂ ਰੱਦ ਕੀਤਾ ਤੇ ਫਿਰ ਵਿਧਾਨ ਸਭਾ ਵਿਚ ਲੇਖੇ ਦੀ ਬਹਿਸ ਤੋਂ ਵੀ ਕਿਨਾਰਾ ਕਰ ਲਿਆ। ਉਹ ਆਪਣੀਆਂ ਇਹਨਾਂ ਸਭ ਕਾਰਵਾਈਆਂ ਦਾ ਇਕੋ ਅਧਾਰ ਦੱਸਦੇ ਰਹੇ ਕਿ ਉਹਨਾਂ ਕੋਈ ਉਕਾਈ ਜਾਂ ਗਲਤੀ ਕੀਤੀ ਹੀ ਨਹੀਂ।

ਹੁਣ ਜਦੋਂ ਕਰਨੀ ਦੇ ਨਤੀਜੇ ਵਜੋਂ ਸਿਆਸੀ ਖੋਰਾ ਲੱਗਿਆ ਹੈ ਤਾਂ ਫਿਰ ‘ਜਾਣੇ-ਅਣਜਾਣੇ’ ਵਿਚ ਹੋਈਆਂ ‘ਭੁੱਲਾਂ’ ਵੀ ਯਾਦ ਆ ਗਈਆਂ ਹਨ ਤੇ ਇਹਨਾਂ ਲਈ ਮਾਫੀ ਮੰਗ ਕੇ ਪਸ਼ਚਾਤਾਪ ਕਰਨ ਦਾ ਚੇਤਾ ਵੀ ਆ ਗਿਆ ਹੈ।

ਮਾਫੀ ਲਈ ਮੁੱਢਲੀ ਸ਼ਰਤ ਗਲਤੀ ਦਾ ਅਹਿਸਾਸ ਕਰਨਾ, ਉਸ ਨੂੰ ਮੰਨਣਾ ਤੇ ਅੱਗੇ ਲਈ ਤੌਬਾ ਕਰਨਾ ਹੁੰਦਾ ਹੈ। ਸੌਦਾ ਸਾਧ ਨੇ ਵੀ ਜਦੋਂ 2007 ਵਿਚ ਮਾਫੀ ਨਾਮਾ ਭੇਜਿਆ ਸੀ ਤਾਂ ਉਹ ਇਸੇ ਕਾਰਨ ਪੰਥ ਨੇ ਪ੍ਰਵਾਣ ਨਹੀਂ ਸੀ ਕੀਤਾ ਕਿਉਂਕਿ ਉਸ ਕਥਿਤ ਮਾਫੀਨਾਮੇ ਦੀ ਸ਼ਬਦਾਵਲੀ ਤੋਂ ਸਾਫ ਸੀ ਕਿ ਡੇਰਾ ਮੁਖੀ ਆਪਣੇ ਗੁਨਾਹ ਦੇ ਅਹਿਸਾਸ ਦਾ ਪ੍ਰਗਟਾਵਾ ਨਹੀਂ ਕਰ ਰਿਹਾ ਤੇ ਨਾ ਹੀ ਗਲਤੀ ਮੰਨ ਰਿਹਾ ਹੈ। ਸਗੋਂ ਉਹ ਇਸ ਤਰ੍ਹਾਂ ਨਾਲ ਅਜਿਹਾ ਮਾਫੀਨਾਮਾ ਭੇਜ ਕੇ ਸਿੱਖਾਂ ਦੇ ਜਖਮਾਂ ਤੇ ਲੂਣ ਭੁੱਕ ਰਿਹਾ ਸੀ।

ਜਿਸ ਸਿਆਸੀ ਹਾਲਤ ਵਿਚ ਤੇ ਜਿਸ ਢੰਗ ਨਾਲ ਬਾਦਲਕੇ ਮਾਫੀ ਮੰਗਣ ਜਾ ਰਹੇ ਹਨ ਉਹ ਡੇਰਾ ਮੁਖੀ ਵੱਲੋਂ ਭੇਜੇ ਮਾਫੀਨਾਮਿਆਂ ਦੇ ਹਾਲਾਤ ਤੇ ਢੰਗ ਤੋਂ ਵੱਖਰੇ ਨਹੀਂ ਹਨ। ਅਜਿਹੇ ਮਾਫੀਨਾਮਿਆਂ ਦੇ ਨਾ ਉਦੋਂ ਪੰਥ ਲਈ ਕੋਈ ਮਾਇਨੇ ਸਨ ਤੇ ਨਾ ਹਣੁ ਹੋਣੇ ਚਾਹੀਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: