ਚਰਨਜੀਤ ਸ਼ਰਮਾ (ਖੱਬੇ) ਤੇ ਪਰਮਰਾਜ ਉਮਰਾਨੰਗਲ (ਸੱਜੇ) ਦੀਆਂ ਪੁਰਾਣੀਆਂ ਤਸਵੀਰਾਂ; ਇਹ ਦੋਵੇਂ ਸਾਕਾ ਕੋਟਕਪੂਰਾ ਤੇ ਸਾਕਾ ਬਹਿਬਲ ਕਲਾਂ ਦੌਰਾਨ ਸਿੱਖਾਂ ਉੱਤੇ ਵਧੀਕੀ ਕਰਨ ਦੇ ਮਾਮਲੇ ਨਾਲ ਜੁੜੇ ਦੋਸ਼ਾਂ ਤਹਿਤ ਗ੍ਰਿਫਤਾਰ ਹਨ

ਸਿਆਸੀ ਖਬਰਾਂ

ਚਰਨਜੀਤ ਸ਼ਰਮਾ ਤੇ ਪਰਮਰਾਜ ਉਮਰਾਨੰਗਲ ਨੂੰ ਵੱਖੋ-ਵੱਖ ਜੇਲ੍ਹਾਂ ਵਿਚ ਤਬਦੀਲ ਕਰਨ ਦੇ ਹੁਕਮ

By ਸਿੱਖ ਸਿਆਸਤ ਬਿਊਰੋ

March 06, 2019

ਪਟਿਆਲਾ/ਚੰਡੀਗੜ੍ਹ: ਪੰਜਾਬ ਸਰਕਾਰ ਦੇ ਜੇਲ੍ਹ ਮਿਹਕਮੇ ਨੇ ਸਾਕਾ ਬਹਿਬਲ ਕਲਾਂ ਤੇ ਸਾਕਾ ਕੋਟਕਪੂਰਾ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਤੇ ਪਟਿਆਲਾ ਜੇਲ੍ਹ ਵਿੱਚ ਬੰਦ ਮੁਅੱਤਲ ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।

ਖਬਰਖਾਨੇ ਦੇ ਕੁਝ ਹਿੱਸਿਆਂ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਨਸ਼ਰ ਕੀਤੀ ਹੈ ਕਿ ਪਰਮਰਾਜ ਉਮਰਾਨੰਗਲ ਨੂੰ ਸੰਗਰੂਰ ਦੀ ਕੇਂਦਰੀ ਜੇਲ੍ਹ ਅਤੇ ਚਰਨਜੀਤ ਸ਼ਰਮਾ ਨੂੰ ਰੋਪੜ ਦੀ ਜ਼ਿਲ੍ਹਾ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।

ਪੰਜਾਬੀ ਟ੍ਰਿਬਿਊਨ ਚ ਛਪੀ ਇਕ ਖਬਰ ਚ ਕਿਹਾ ਗਿਆ ਹੈ ਕਿ ਪ੍ਰਮੁੱਖ ਸਕੱਤਰ (ਜੇਲ੍ਹਾਂ) ਕਿਰਪਾ ਸ਼ੰਕਰ ਸਿਰੋਜ ਨੇ ਵਿਭਾਗ ਦੇ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਹਾਂ ਪੁਲੀਸ ਅਧਿਕਾਰੀਆਂ ਨੂੰ ਪ੍ਰਸ਼ਾਸਕੀ ਅਧਾਰ ’ਤੇ ਵੱਖੋ ਵੱਖਰੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਫੈਸਲਾ ਪਟਿਆਲਾ ਜੇਲ੍ਹ ਪ੍ਰਸ਼ਾਸਨ ਦੇ ਪਰਮਰਾਜ ਉਮਰਾਨੰਗਲ ਨਾਲ ਘਿਓ-ਖਿਚੜੀ ਹੋਣ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਹਾਲ ਵਿਚ ਹੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਰਮਰਾਜ ਉਮਰਾਨੰਗਲ ਨੂੰ ਜੇਲ੍ਹ ਚ ਸ਼ਾਹੀ ਸਹੂਲਤਾਂ ਦੇਣ ਵਾਲੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਜਸਪਾਲ ਸਿੰਘ ਨੂੰ ਮੁਅੱਤਲ ਕਰ ਦਿਤਾ ਸੀ।

ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਜਾਰੀ:

ਇਸੇ ਦੌਰਾਨ ਸਿੱਖ ਜਥੇਬੰਦੀਆਂ ਵਲੋਂ ਸਾਕਾ ਬਹਿਬਲ ਕਲਾਂ ਮਾਮਲੇ ਵਿਚ ਤਤਕਾਲੀ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਗਿਫ੍ਰਤਾਰ ਕਰਨ ਦੀ ਮੰਗ ਚੁੱਕੀ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਨੂੰ ਸਿੱਖ ਸੰਗਤਾਂ ਉੱਤੇ ਸਾਕਾ ਵਰਤਾਉਣ ਦੇ ਹੁਕਮ ਸੁਮੇਧ ਸੈਣੀ ਨੇ ਹੀ ਦਿੱਤੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: