ਗਾਂਧੀਨਗਰ: ਗੁਜਰਾਤ ਵਿਧਾਨ ਸਭਾ ਅੱਜ ਪ੍ਰਸ਼ਨ ਕਾਲ ਤੋਂ ਬਾਅਦ ਵਿਚਾਰ ਸਦਨ ਤੋਂ ਅਖਾੜਾ ਸਦਨ ਬਣ ਗਈ, ਜਿੱਥੇ ਕਾਂਗਰਸ ਅਤੇ ਭਾਜਪਾ ਦੇ ਵਿਧਾਇਕਾਂ ਦਾ ਹੱਥਾਂ, ਪੈਰਾਂ ਦਾ ਘੋਲ ਹੋਇਆ ਅਤੇ ਮੰਦੀ ਸ਼ਬਦਾਵਲੀ ਵੀ ਖੁੱਲ੍ਹ ਕੇ ਵਰਤੀ ਗਈ। ਇਕ ਵਿਧਾਇਕ ਵਲੋਂ ਤਾਂ ਆਪਣੇ ਮੇਜ ‘ਤੇ ਲੱਗਿਆ ਸਪੀਕਰ ਪੁੱਟ ਕੇ ਵਿਰੋਧੀ ਵਿਧਾਇਕ ਵੱਲ ਮਾਰਿਆ ਗਿਆ। ਇਸ ਘੋਲ ਦੇ ਚਲਦਿਆਂ ਸਪੀਕਰ ਨੇ ਸਭਾ ਦੀ ਕਾਰਵਾਈ 15 ਮਿਨਟ ਲਈ ਰੋਕ ਦਿੱਤੀ।
ਇਸ ਘੋਲ ਦੀ ਵਜ੍ਹਾ ਕਾਂਗਰਸ ਐਮ.ਐਲ.ਏ ਵਿਕਰਮ ਮਾਦਮ ਨੂੰ ਆਪਣੀ ਵਾਰੀ ਤੋਂ ਪਹਿਲਾਂ ਬੋਲਣ ਤੋਂ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਦੇ ਕਹਿਣ ‘ਤੇ ਸਪੀਕਰ ਵਲੋਂ ਰੋਕ ਦੇਣਾ ਬਣਿਆ। ਮਾਦਮ ਦੇ ਸਮਰਥਨ ਵਿਚ ਕਾਂਗਰਸ ਦੇ ਐਮ.ਐਲ.ਏ ਅਮਰੀਸ਼ ਦੇਰ ਨੇ ਬੋਲਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਸਪੀਕਰ ਵਲੋਂ ਵਰਜਿਆ ਗਿਆ। ਇਸ ਦੌਰਾਨ ਭਾਜਪਾ ਦੇ ਐਮ.ਐਲ.ਏ ਜਗਦੀਸ਼ ਪੰਚਾਲ ਨੇ ਅਮਰੀਸ਼ ‘ਤੇ ਕੁਝ ਟਿੱਪਣੀ ਕਰ ਦਿੱਤੀ ਜੋ ਸਭਾ ਦੇ ਵਿਚਕਾਰ ਪਹੁੰਚ ਗਏ। ਇਕ ਹੋਰ ਕਾਂਗਰਸੀ ਐਮ.ਐਲ.ਏ ਪ੍ਰਤਾਪ ਦੁੱਧਟ ਨੇ ਮਾਈਕ ਤੋੜ ਕੇ ਪੰਚਾਲ ਵੱਲ ਮਾਰਿਆ। ਪੰਚਾਲ ਨੇ ਕਿਹਾ ਕਿ ਉਹਨਾਂ ਦੀ ਟਿੱਪਣੀ ਅਮਰੀਸ਼ ਵੱਲ ਨਹੀਂ ਸੀ ਪਰ ਕਾਂਗਰਸ ਦਾ ਕਹਿਣਾ ਸੀ ਕਿ ਭਾਜਪਾ ਵਿਧਾਇਕ ਨੇ ਅਮਰੀਸ਼ ਲਈ ਮੰਦੀ ਸ਼ਬਦਾਵਲੀ ਵਰਤੀ ਹੈ।
ਇਸ ਦੌਰਾਨ ਸਪੀਕਰ ਵਲੋਂ ਦੁੱਧਟ ਨੂੰ ਪੂਰੇ ਸੈਸ਼ਨ ਅਤੇ ਅਮਰੀਸ਼ ਨੂੰ ਇਕ ਦਿਨ ਦੀ ਕਾਰਵਾਈ ਲਈ ਸਸਪੈਂਡ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਵਿਧਾਇਕ ਇਕ ਦੂਜੇ ਨੂੰ ਮੰਦੀ ਸ਼ਬਦਾਵਲੀ ਦੇ ਹਾਰ ਪਾਉਣ ਲੱਗੇ ਅਤੇ ਹੱਥੋਪਾਈ ਸ਼ੁਰੂ ਹੋ ਗਈ। ਇਸ ਦੌਰਾਨ ਮਾਰਸ਼ਲਾਂ ਵਲੋਂ ਬਾਹਰ ਕੱਢੇ ਗਏ ਅਮਰੀਸ਼ ਨੇ ਦੂਜੇ ਦਰਵਾਜੇ ਤੋਂ ਸਭਾ ਵਿਚ ਦਾਖਲ ਹੋ ਕੇ ਭਾਜਪਾ ਵਿਧਾਇਕ ‘ਤੇ ਪਿਛੋਂ ਹਮਲਾ ਕਰ ਦਿੱਤਾ।
ਇਸ ਮਗਰੋਂ ਭਾਜਪਾ ਵਿਧਾਇਕਾਂ ਨੇ ਅਮਰੀਸ਼ ਨੂੰ ਇਕੱਠੇ ਹੋ ਕੇ ਘੇਰ ਲਿਆ ਅਤੇ ਹੇਠ ਸੁੱਟ ਲਿਆ। ਫੇਰ ਅਮਰੀਸ਼ ਉੱਤੇ ਮੁੱਕੇ, ਲੱਤਾਂ ਦਾ ਮੀਂਹ ਵਰਾਇਆ ਗਿਆ।