ਸਿਆਸੀ ਖਬਰਾਂ

ਕਾਰਜਕਾਰੀ ਜਥੇਦਾਰਾਂ ਅਤੇ ਟਾਸਕ ਫੋਰਸ ਦੇ ਟਕਰਾਅ ਦਾ ਮਾਨ ਦਲ ਨਾਲ ਕੋਈ ਸੰਬੰਧ ਨਹੀਂ: ਟਿਵਾਣਾ

By ਸਿੱਖ ਸਿਆਸਤ ਬਿਊਰੋ

October 14, 2017

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ ਇਕਬਾਲ ਸਿੰਘ ਟਿਵਾਣਾ ਨੇ 13 ਅਕਤੂਬਰ, 2017 (ਸ਼ੁੱਕਰਵਾਰ) ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਬੀਤੇ ਦਿਨੀਂ ਦਰਬਾਰ ਸਾਹਿਬ ਵਿਖੇ ਕਾਰਜਕਾਰੀ ਜਥੇਦਾਰਾਂ ਦੇ ਹਮਾਇਤੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ‘ਚ ਹੋਏ ਟਕਰਾਅ ਦੀ ਦੁਖਦਾਇਕ ਘਟਨਾ ਮੰਦਭਾਗੀ ਸੀ। ਉਨ੍ਹਾਂ ਕਿਹਾ ਕਿ ਮੀਡੀਏ ਨੇ ਇਸ ਘਟਨਾ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਜ਼ਿੰਮੇਵਾਰ ਠਹਿਰਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਪਰ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਘਟਨਾ ਸਬੰਧੀ ਪਾਰਟੀ ਦੇ ਮੁਖੀ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਨੂੰ ਬਿਲਕੁਲ ਭਰੋਸੇ ਵਿਚ ਨਹੀਂ ਲਿਆ ਗਿਆ ਅਤੇ ਨਾ ਹੀ ਪਾਰਟੀ ਨੂੰ ਕੋਈ ਜਾਣਕਾਰੀ ਦਿੱਤੀ ਗਈ ਸੀ।

ਜਾਰੀ ਪ੍ਰੈਸ ਬਿਆਨ ‘ਚ ਦੱਸਿਆ ਗਿਆ ਕਿ ਪਾਰਟੀ ਪ੍ਰਧਾਨ ਅਤੇ ਸਮੁੱਚੀ ਲੀਡਰਸ਼ਿਪ ਤਾਂ ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਵਿਚ ਬੀਤੇ 15 ਦਿਨਾਂ ਤੋਂ ਰੁਝੀ ਹੋਈ ਸੀ ਅਤੇ ਪਾਰਟੀ ਦਾ ਧਿਆਨ ਤਾਂ ਚੋਣਾਂ ਉਤੇ ਕੇਂਦਰਿਤ ਹੈ।

ਸਬੰਧਤ ਖ਼ਬਰ: ਸ਼੍ਰੋਮਣੀ ਕਮੇਟੀ ਦੀ ਟਾਕਸ ਫੋਰਸ ਅਤੇ ਕਾਰਜਕਾਰੀ ਜੱਥੇਦਾਰਾਂ ਦੇ ਹਮਾਇਤੀਆਂ ‘ਚ ਟਕਰਾਅ …

ਬਿਆਨ ‘ਚ ਪਾਰਟੀ ਦੇ ਬੁਲਾਰੇ ਇਕਬਾਲ ਸਿੰਘ ਟਿਵਾਣਾ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ ਕਿਉਂਕਿ ਇਹ ਕਮੇਟੀ ਆਪਣੀ ਮਿਆਦ ਪੁਗਾ ਚੁੱਕੀ ਹੈ। ਟਿਵਾਣਾ ਨੇ ਦੁੱਖ ਅਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਦੇ ਫਿਰਕਾਪ੍ਰਸਤ ਹੁਕਮਰਾਨ ਸਿੱਖ ਕੌਮ ਨੂੰ ਗੁਲਾਮ ਬਣਾਕੇ ਰੱਖਣਾ ਚਾਹੁੰਦੇ ਹਨ। ਜਾਰੀ ਬਿਆਨ ‘ਚ ਮਾਨ ਦਲ ਦੇ ਬੁਲਾਰੇ ਨੇ ਨਵੰਬਰ 2015 ‘ਚ ਚੱਬਾ ਵਿਖੇ ਚੁਣੇ ਗਏ ਕਾਰਜਕਾਰੀ ਜਥੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਸਿੱਖ ਕੌਮ, ਜਥੇਬੰਦੀਆਂ ਨੂੰ ਇੱਕ ਕਰਕੇ ਪੰਥਕ ਮਿਸ਼ਨ ਦੀ ਪ੍ਰਾਪਤੀ ਲਈ ਦ੍ਰਿੜ੍ਹਤਾ ਨਾਲ ਅੱਗੇ ਵੱਧਣ, ਤਾਂ ਹੀ ਅਜੋਕੇ ਹਾਕਮਾਂ ਕੋਲੋਂ ਹੱਕ ਲਏ ਜਾ ਸਕਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: