ਸਰਬੱਤ ਖ਼ਾਲਸਾ 2015 ਦੀ ਵੈੱਬਸਾਈਟ ਤੋਂ ਲਈ ਗਈ ਤਸਵੀਰ

ਸਿੱਖ ਖਬਰਾਂ

ਸਿੱਖ ਵਿਦਵਾਨ ਅਤੇ ਜੱਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਅਕਾਲੀ ਦਲ (ਯੂਨਾਈਟਿਡ) ਵੱਲੋਂ ਸੱਦੇ ਜਾ ਰਹੇ “ਸਰਬੱਤ ਖ਼ਾਲਸਾ” ਨਾਲ ਅਸਹਿਮਤ

By ਸਿੱਖ ਸਿਆਸਤ ਬਿਊਰੋ

October 30, 2015

ਚੰਡੀਗੜ੍ਹ ( 30 ਅਕਤੂਬਰ, 2015): ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਧਰਮ ਤੇ ਰਾਜਨੀਤੀ ਦਾ ਸੁਮੇਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਨੁਕਤੇ ‘ਤੇ ਵਿਚਾਰ ਚਰਚਾ ਦਾ ਸ਼ੁਰੂ ਕੀਤਾ ਪ੍ਰਚਲਣ ਸਮੇਂ ਨਾਲ ਸਿੱਖ ਮਿਸਲਾਂ ਵੇਲੇ ਆਪਸੀ ਮਸਲੇ ਅਤੇ ਧਾਰਮਿਕ ਵਿਚਾਰਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਸਾਹਮਣੇ ਹੋਣ ਵਾਲੇ ਸਾਂਝੇ ਪੰਥਕ ਇਕੱਠਾ ਦੇ ਰੂਪ ‘ਚ “ਸਰਬੱਤ ਖ਼ਾਲਸਾ” ਦਾ ਨਾਂਅ ਧਾਰਨ ਕਰ ਗਿਆ, ਜੋ ਕਿਸੇ ਮੁੱਦੇ ‘ਤੇ ਸਿੱਖਾਂ ਦੀ ਸਾਂਝੀ ਰਾਏ ਦਾ ਪ੍ਰਤੀਕ ਸੀ ।

ਇਹ ਅਮਲ ਅਠਾਰਵੀਂ ਸਦੀ ਵਿੱਚ ਪੰਥ ਖ਼ਾਲਸਾ ਦੀਆਂ ਸਮੂਹ 12 ਸੰਘਰਸ਼ਸ਼ੀਲ ਮਿਸਲਾਂ ਨੂੰ ਇਕ ਥਾਂ ਬੈਠ ਕੇ ਸਾਂਝੇ ਫ਼ੈਸਲੇ ਦਾ ਰਾਹ ਦਸੇਰਾ ਬਣਿਆ ਤੇ ਪਿਛਲੀ ਸਦੀ ‘ਚ ਵੀ 1920 ਅਤੇ 1986 ‘ਚ ਕੌਮੀ ਨੁਕਤਿਆਂ ‘ਤੇ ਵਿਚਾਰਾਂ ਲਈ ਸਰਬੱਤ ਖ਼ਾਲਸਾ ਸੱਦਿਆ ਗਿਆ ਸੀ ।

ਮੋਜੂਦਾ ਹਾਲਾਤ ਵਿੱਚ  ਪੰਥਕ ਸਿਆਸੀ ਪਾਰਟੀਆਂ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਤੇ ਯੂਨਾਈਟਿਡ ਅਕਾਲੀ ਦਲ ਨੇ ਜਥੇਦਾਰਾਂ ਨੂੰ ਲਾਂਭੇ ਕਰਕੇ ਨਵੀਂ ਸਫਬੰਦੀ ‘ਤੇ ਵਿਚਾਰ ਲਈ ਆਪ ਮੁਹਾਰੇ ਹੀ ਸਰਬੱਤ ਖ਼ਾਲਸਾ ਸੱਦ ਲਿਆ ਪਰ ਇਸ ਸੱਦੇ ਦੇ ਸਿਧਾਂਤਾਂ ਤੋਂ ਊਣੇ ਤੇ ਹੋਣ ਕਾਰਕੇ ਬਹੁਤ ਸਾਰੀਆਂ ਪੰਥਕ ਧਿਰਾਂ ਦੂਰੀ ਬਣਾ ਰਹੀਆਂ ਹਨ ।

ਕੁਝ ਸਿੱਖ ਜੱਥੇਬੰਦੀਆਂ ਦੇ ਪ੍ਰਤੀਨਿਧਾਂ ਅਤੇ ਸਿੱਖ ਵਿਦਵਾਨਾਂ ਨੇ ਸਾਝਾਂ ਸ਼੍ਰੋਮਣੀ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੂੰ ਬੇਨਤੀ ਕੀਤੀ ਹੈ ਕਿ ਅੰਮ੍ਰਿਤਸਰ ਵਿੱਚ ਸੱਦੇ ਜਾ ਰਹੇ 10 ਨਵੰਬਰ ਦੇ ਇਕੱਠ ਨੂੰ “ਸਰਬੱਤ ਖਾਲਸਾ” ਦਾ ਨਾਂ ਨਾ ਦਿੱਤਾ ਜਾਵੇ।

ਉਨ੍ਹਾਂ ਨੇ ਇਸ ਬਾਰੇ ਸੁਝਾਅ ਦਿੰਦਿਆਂ ਕਿਹਾ ਕਿ ਇਸਦੀ ਬਜ਼ਾਏ ਇਸ ਇਕੱਠ ਦਾ ਨਾਮ ਪੰਥਕ ਕੰਨਵੈਨਸ਼ਨ ਰੱਖਿਆ ਜਾਣਾ ਚਾਹੀਦਾ ਹੈ।ਪ੍ਰਾਪਤ ਜਾਣਕਾਰੀ ਮੁਤਾਬਿਕ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਦਫਤਰ ਵਿੱਚ ਸਿੱਖ ਵਿਦਵਾਨਾਂ ਨੇ ਇਕੱਤਰਤਾ ਕਰਕੇ “ਸਰਬੱਤ ਖ਼ਾਲਸਾ” ਸੱਦਣ ਵਾਲਿਆਂ ਨੂੰ ਇਹ ਦੱਸਣ ਲਈ ਕਿ “ਸਰਬੱਤ ਖਾਲਸਾ” ਸੱਦਣ ਦੀ ਇੱਕ ਰਵਾਇਤ, ਇੱਕ ਸਿਧਾਂਤ ਅਤੇ ਮਰਿਆਦਾ ਹੈ, ਮਤਾ ਪਾਸ ਕੀਤਾ ਹੈ।

ਉਨ੍ਹਾਂ ਕਿਹਾ ਕਿ 10 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਸੱਦਿਆ ਜਾ ਰਹੇ ਇਕੱਠ ਨੂੰ “ਸਰਬੱਤ ਖ਼ਾਲਸਾ” ਨਹੀਂ ਕਿਹਾ ਜਾ ਸਕਦਾ, ਕਿਉਕਿ ਇਹ ਨਿਰਧਾਰਤ ਰਵਾਇਤਾਂ ਅਤੇ ਸ਼ਰਤਾਂ ਪੂਰੀਆਂ ਨਹੀਂ ਕਰਦਾ।

ਭਾਂਵੇਂ ਕਿ ਉਨਹਾਂ ਮੰਨਿਆ ਕਿ “ਸਰਬੱਤ ਖਾਲਸਾ” ਦੀ ਸਿੱਖ ਰਵਾਇਤ ਨੂੰ ਦੁਬਾਰਾ ਸੁਰਜੀਤ ਕਰਨ ਦੀ ਲੋੜ ਹੈ, ਪਰ ਉਨ੍ਹਾਂ ਕਿਹਾ ਕਿ 10 ਨਵੰਬਰ ਦੇ “ਸਰਬੱਤ ਖਾਲਸਾ” ਦਾ ਸੱਦਾ ਦੇਣ ਵਾਲੀਆਂ ਧਿਰਾਂ ਨੇ “ਸਰਬੱਤ ਖ਼ਾਲਸਾ” ਸੱਦਣ ਦੇ ਨਿਯਮ ਪੁਰੇ ਨਹੀਂ ਕਰਦੀਆਂ।

ਸਿੱਖ ਵਿਦਵਾਨ ਜਿੰਨ੍ਹਾਂ ਵਿੱਚ ਗਿਆਨੀ ਕੇਵਲ ਸਿੰਘ, ਭਾਈ ਆਸ਼ੋਕ ਸਿੰਘ ਬਾਗੜੀਆ, ਐਡਵੋਕੇਟ ਨਵਕਿਰਨ ਸਿੰਘ, ਪ੍ਰੋ. ਦਰਸ਼ਨ ਸਿੰਘ ਢਿੱਲੋਂ, ਹਰਸਿਮਰਨ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਰਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਜਿੰਨ੍ਹਾਂ ਵਿੱਚ ਐਡਵੋਕੇਟ ਹਰਪਾਲ ਸਿੰਘ ਚੀਮਾ, ਸਤਨਾਮ ਸਿੰਘ ਪਾਊਟਾ ਸਾਹਿਬ, ਇੰਸੀਟਿਊਟ ਸਿੱਖ ਸਟੱਡੀਜ਼, ਕੌਮਾਂਤਰੀ ਸਿੱਖ ਕੰਨਫੈਡਰੇਸ਼ਨ,ਸਿੱਖ ਮਿਸ਼ਨਰੀ ਕਾਲਜ਼ ਲੁਧਿਆਣਾ, ਸਿੱਖ ਯੂਥ ਆਫ ਪੰਜਾਬ ਅਤੇ ਖਾਲਸਾ ਪੰਚਾਇਤ ਦੇ ਆਗੂ ਇਸ ਇਕੱਤਰਤਾ ਵਿੱਚ ਸ਼ਾਮਲ ਸਨ।

ਸਿੱਖ ਸਿਆਸਤ ਨਿਊਜ਼ ਨਾਲ ਗੱਲ ਕਰਦਿਆਂ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਕਿ ਸਿੱਖ ਰਵਾਇਤਾਂ ਅਨੁਸਾਰ ਸਭ ਤੋਂ ਪਹਿਲਾਂ “ਸਰਬੱਤ ਖਾਲਸਾ” ਲਈ ਮੁੱਦੇ ਤੈਅ ਕੀਤੇ ਜਾਂਦੇ ਅਤੇ ਫਿਰ ਸਿੱਖ ਪੰਥ ਦੇ ਸਾਰੇ ਹਿੱਸੇ ਤੋਂ ਇਨ੍ਹਾਂ ਮੁੱਦਿਆਂ ‘ਤੇ ਵੀਚਾਰ ਲਏ ਜਾਂਦੇ ਅਤੇ ਫਿਰ ਇਨ੍ਹਾਂ ਮੁੱਦਿਆਂ ‘ਤੇ “ਸਰਬੱਤ ਖ਼ਾਲਸਾ” ਵਿੱਚ ਵਿਚਾਰ ਕੀਤਾ ਜਾਂਦਾ।

ਉਨ੍ਹਾਂ ਕਿਹਾ ਕਿ “ਸਰਬੱਤ ਖ਼ਾਲਸਾ” ਸੱਦਣ ਲਈ ਨਿਯਮ ਅਤੇ ਸ਼ਰਤਾਂ ਤੈਅ ਕਰਨ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਜਾ ਰਿਹਾ ਹੈ। ਇਹ ਕਮੇਟੀ ਸੰਸਾਰ ਪੱਧਰ ‘ਤੇ ਸਿੱਖ ਜੱਥੇਬੰਦੀਆਂ ਅਤੇ ਸੰਸਥਾਵਾਂ ਨੂੰ ਮਿਲ ਕੇ ਮਸੌਦਾ ਤਿਆਰ ਕਰੇਗੀ।

ਸਿੱਖ ਸਿਆਸਤ ਨਿਊਜ਼ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਕੁਝ ਸਿੱਖ ਹਲਕੇ ਜਿੰਨ੍ਹਾਂ ਵਿੱਚ ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਦੀ ਜੱਥਬੰਦੀਆਂ ਸ਼ਾਮਲ ਹਨ, “ਵਿਸ਼ਵ ਸਰਬੱਤ ਖ਼ਾਲਸਾ” ਸੱਦਣ ਲਈ ਸਿੱਖ ਪੰਥ ਵਿੱਚ ਸਹਿਮਤੀ ਬਣਾਉਣ ਦੀ ਕਾਰਵਾਈ ਵਿੱਚ ਲੱਗੀਆਂ ਹੋਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: