ਸ: ਅਵਤਾਰ ਸਿੰਘ ਮੱਕੜ

ਸਿੱਖ ਖਬਰਾਂ

ਪ੍ਰੀਖਿਆ ਦੌਰਾਨ ਕੱਕਾਰ ਉਤਾਰਨ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ: ਮੱਕੜ

By ਸਿੱਖ ਸਿਆਸਤ ਬਿਊਰੋ

July 27, 2015

ਅੰਮ੍ਰਿਤਸਰ (26 ਜੁਲਾਈ, 2015): ਡਾਕਟਰੀ ਦੇ ਦਾਖਲੇ ਲਈ ਹੋਈ ਪ੍ਰੀਖਿਆ ਦੌਰਾਨ ਬਠਿੰਡਾ ਤੇ ਜੈਪੁਰ ਦੇ ਸਕੂਲਾਂ ਵਿਚ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਕੱਕਾਰਾਂ (ਕ੍ਰਿਪਾਨ ਅਤੇ ਕੜੇ) ਸਮੇਤ ਪ੍ਰੀਖਿਆ ਵਿੱਚ ਬੈਠਣ ਤੋਂ ਰੋਕਣ ਦਾ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਦਾ ਮਨ ਬਚਾਇਆ ਹੈ।

ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੇਂਦਰੀ ਸਕੂਲ-1 ਬਠਿੰਡਾ ਕੈਂਟ ਵਿੱਚ ਪੀਐਮਟੀ ਦੀ ਪ੍ਰੀਖਿਆ ਦੇਣ ਗਏ ਲੁਧਿਆਣੇ ਦੇ ਇਕ ਵਿਦਿਆਰਥੀ ਧਰਮਵੀਰ ਸਿੰਘ ਅਤੇ ਇਕ ਹੋਰ ਬੱਚੀ ਹਰਸਿਮਰਤ ਕੌਰ ਨੂੰ ਪ੍ਰਬੰਧਕਾਂ ਵੱਲੋਂ ਕੱਕਾਰ ਪਹਿਨ ਕੇ ਪ੍ਰੀਖਿਆ ਵਿਚ ਜਾਣ ਤੋਂ ਰੋਕਿਆ ਗਿਆ ਹੈ । ਇਸੇ ਤਰ੍ਹਾਂ ਜੈਪੁਰ ਵਿੱਚ ਅਲਵਰ ਦੇ ਵਿਦਿਆਰਥੀ ਜਗਜੀਤ ਸਿੰਘ ਦਾ ਕੜ੍ਹਾ ਤੇ ਕ੍ਰਿਪਾਨ ਜਬਰੀ ਉਤਰਵਾਇਆ ਗਿਆ ਹੈ । ਇਨ੍ਹਾ ਤੋਂ ਇਲਾਵਾ ਕੁਝ ਹੋਰ ਵਿਦਿਆਰਥੀਆਂ ਨਾਲ ਵੀ ਅਜਿਹਾ ਵਤੀਰਾ ਹੋਇਆ ਹੈ ਜਿਨ੍ਹਾਂ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਆਖਿਆ ਕਿ ਭਰਤ ਵਿਚ ਇਸ ਤਰ੍ਹਾਂ ਅੰਮ੍ਰਿਤਧਾਰੀ ਵਿਦਿਆਰਥੀਆਂ ’ਤੇ ਕੱਕਾਰ ਪਹਿਨਣ ੳੁੱਤੇ ਰੋਕ ਲਾਉਣਾ ਕਿਸੇ ਵੀ ਤਰਾਂ ਜਾਇਜ਼ ਨਹੀਂ ਹੈ ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਅਜਿਹੀ ਗ਼ੈਰਜ਼ਰੂਰੀ ਕਾਰਵਾਈ ਕਰਨ ਵਾਲਿਆਂ ਦੀ ਪੜ੍ਹਤਾਲ ਕਰਵਾ ਕੇ ਉਨ੍ਹਾਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕੇਂਦਰ ਅਤੇ ਸਮੁੱਚੀਆਂ ਸੂਬਾ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਹਿਲ ਦੇ ਅਧਾਰ ’ਤੇ ਸਕੂਲ ਬੋਰਡਾਂ ਅਤੇ ਯੂਨੀਵਰਸਟੀਆਂ ਨੂੰ ਆਦੇਸ਼ ਦੇਣ ਕਿ ਉਹ ਅਜਿਹੇ ਕਾਨੂੰਨ ਨਾ ਬਣਾਉਣ ਜਿਸ ਨਾਲ ਕਿਸੇ ਵੀ ਧਰਮ ਦੇ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ ਧਰਮੀ ਦੇਸ਼ ਹੈ ਅਤੇ ਇਥੇ ਹਰ ਧਰਮ ਦਾ ਸਤਿਕਾਰ ਹੋਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: