ਤੇਜਾ ਸਿੰਘ ਸਮੁੰਦਰੀ ਹਾਲ

ਸਿੱਖ ਖਬਰਾਂ

ਸ਼੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੇ ਗਵਾਹ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੁਰੰਮਤ ਸਮੇਂ ਗੋਲੀਆਂ ਦੇ ਨਿਸ਼ਾਨ ਮਿਟਣ ਦਾ ਖਦਸ਼ਾ

By ਸਿੱਖ ਸਿਆਸਤ ਬਿਊਰੋ

March 23, 2016

ਅੰਮਿ੍ਤਸਰ (22 ਮਾਰਚ, 2016): ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਵਿਖੇ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ‘ਤੇ ਭਾਰਤੀ ਫੌਜਾਂ ਵੱਲੋਂ ਜੂਨ 1984 ਵਿੱਚ ਹਮਲਾ ਕਰਕੇ ਸਿੱਖ ਪ੍ਰਭੁਸਤਾ ਦੇ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਨਾਲ ਨਾਲ ਸ਼੍ਰੀ ਦਰਬਾਰ ਸਾਹਿਬ ਸਮੂਹ ਦੀਆਂ ਹੋਰ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁਚਾਇਆ ਸੀ।

ਸ਼੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਦਫਤਰ “ਤੇਜਾ ਸਿੰਘ ਸਮੁੰਦਰੀ ਹਾਲ” ਦੀ ਇਮਾਰਤ ਦਾ ਵੀ ਕਾਫੀ ਨੁਕਸਾਨ ਹੋਇਆ ਸੀ ਅਤੇ ਇਸ ਇਮਾਰਤ ‘ਤੇ ਫੌਜੀ ਹਮਲੇ ਦੌਰਾਨ ਗੋਲੀਆਂ ਦੇ ਨਿਸ਼ਾਨ ਅਜੇ ਤੱਕ ਜਿਉਂ ਦੇ ਤਿਉਂ ਮੋਜੂਦ ਹਨ ।

ਸ਼ਰੋਮਣੀ ਕਮੇਟੀ ਨੇ ਭਾਰਤੀ ਸਰਕਾਰ ਦੇ ਹੁਕਮਾਂ ‘ਤੇ ਭਾਰਤੀ ਫ਼ੌਜ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਚੌਗਿਰਦੇ ‘ਤੇ ਕੀਤੇ ਹਮਲੇ ਦੌਰਾਨ ਸਿੱਖ ਧਾਰਮਿਕ ਤੇ ਇਤਿਹਾਸਕ ਇਮਾਰਤਾਂ ਦੇ ਹੋਏ ਵੱਡੇ ਨੁਕਸਾਨ ਦੇ ਹਰਜ਼ਾਨੇ ਲਈ ਚੱਲ ਰਹੇ ਅਦਾਲਤੀ ਮਾਮਲੇ ‘ਚ 32 ਸਾਲ ਤੋਂ ਸਬੂਤ ਵਜੋਂ ਰੱਖੀ ਇਸ ਇਮਾਰਤ ਦੀ ਮੁਰੰਮਤ ਕਰਨ ਦਾ ਫੈਸਲਾ ਲਿਆ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਨੇ ਆਖਿਆ ਕਿ ਭਾਰਤ ਸਰਕਾਰ ‘ਤੇ ਇਕ ਹਜ਼ਾਰ ਕਰੋੜ ਦੇ ਦਾਅਵੇ ਲਈ ਸਬੂਤ ਵਜੋਂ ਰੱਖੇ ਸ਼ੋ੍ਰਮਣੀ ਕਮੇਟੀ ਦੇ ਮੁੱਖ ਦਫ਼ਤਰ ‘ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨਾਂ ਨੂੰ ਇਸ ਮੁਰੰਮਤ ਦੌਰਾਨ ਸਲਾਮਤ ਰੱਖਿਆ ਜਾਵੇਗਾ ਤੇ ਸਮੁੱਚੇ ਕਾਰਜ ਤੋਂ ਪਹਿਲਾਂ ਸੂਖਮ ਵੀਡੀਓਗ੍ਰਾਫ਼ੀ ਤੇ ਫ਼ੋਟੋਗ੍ਰਾਫ਼ੀ ਕੀਤੀ ਜਾਵੇਗੀ ।

ਸ਼ੋ੍ਰਮਣੀ ਕਮੇਟੀ ਦੀ ਅੱਜ ਅੰਤਿੰਰਗ ਮੀਟਿੰਗ ‘ਚ ਹੋਏ ਇਸ ਫ਼ੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ 32 ਵਰਿ੍ਹਆਂ ਤੋਂ ਬਿਨਾਂ ਦੇਖ ਭਾਲ ਦੇ ਸਬੂਤ ਵਜੋਂ ਰੱਖੇ ਜਾਣ ਕਾਰਨ ਇਸ ਇਤਿਹਾਸਕ ਇਮਾਰਤ ਦੇ ਛੱਜੇ ਡਿੱਗਣੇ ਸ਼ੁਰੂ ਹੋ ਗਏ ਹਨ ਤੇ ਇਮਾਰਤ ਨੂੰ ਵੱਡੇ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ, ਜਿਸ ਸਬੰਧੀ ਅਦਾਲਤੀ ਮਾਮਲੇ ‘ਚ ਸ਼ੋ੍ਰਮਣੀ ਕਮੇਟੀ ਦੇ ਵਕੀਲ ਦੀ ਸਲਾਹ ‘ਤੇ ਇਸ ਇਮਾਰਤ ਮੁਜ਼ੱਸਮੇ ਦੇ ਬਚਾਅ ਲਈ ਮੁਰੰਮਤ ਕੀਤੀ ਜਾਵੇਗੀ ।

ਉਕਤ ਅਦਾਲਤੀ ਮਾਮਲੇ ਨੂੰ ਤਤਕਾਲੀ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪਾਇਆ ਸੀ ਤੇ  ਸ਼ੋ੍ਰਮਣੀ ਕਮੇਟੀ ਵੱਲੋਂ ਉਕਤ ਦਾਅਵੇ ਦੀ ਅਦਾਲਤੀ ਫੀਸ ਵਜੋਂ 10 ਕਰੋੜ ਰੁਪਏ ਅਦਾਲਤ ‘ਚ ਜਮ੍ਹਾਂ ਕਰਵਾਏ ਜਾ ਚੁੱਕੇ ਹਨ । ਸ਼ੋ੍ਰਮਣੀ ਕਮੇਟੀ ਪ੍ਰਬੰਧਕਾਂ ਅਨੁਸਾਰ ਇਮਾਰਤ ਦੀ ਮੁਰੰਮਤ ਨਾਲ ਅਦਾਲਤੀ ਅਮਲ ‘ਚ ਕੋਈ ਅੜਚਣ ਪੈਦਾ ਨਹੀਂ ਹੋਵੇਗੀ ।

ਤੇਜਾ ਸਿੰਘ ਸਮੁੰਦਰੀ ਹਾਲ ਦੀ ਮੁਰੰਮਤ ਸਬੰਧੀ ਭਾਵੇਂ ਸ਼੍ਰੋਮਣੀ ਕਮੇਟੀ ਇਹ ਦਾਅਵਾ ਕਰ ਰਹੀ ਹੈ ਕਿ ਗੋਲੀਆਂ ਦੇ ਅਸਲੀ ਨਿਸ਼ਾਨ ਸੁਰੱਖਿਅਤ ਰੱਖੇ ਜਣਗੇ, ਪਰ ਪੰਥਕ ਹਲਕਿਆਂ ਅੰਦਰ ਇਸ ਸਬੰਧੀ ਸ਼ੰਕਾ ਜਤਾਇਆ ਜਾ ਰਿਹਾ ਹੈ। ਕਿਉਕਿ ਪਿਛਲਾ ਤਜ਼ਰਬਾ ਦੱਸਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਡੀ ‘ਤੇ ਵੱਜੀਆਂ ਗੋਲੀਆਂ ਦੇ ਨਿਸ਼ਾਨ ਨਵਾਂ ਪੱਥਰ ਲਾਉਣ ਸਮੇਂ ਮਿਟਾ ਦਿੱਤੇ ਸਨ। ਅਸਲੀ ਗੋਲੀਆਂ ਦੇ ਨਿਸ਼ਾਨ ਸੁਰੱਖਿਅਤ ਰੱਖਣ ਦੀ ਬਜ਼ਾਏ ਨਵੇਂ ਪੱਥਰ ‘ਤੇ ਨਕਲੀ ਗੋਲੀਆਂ ਦੇ ਨਿਸ਼ਾਨ ਬਣਾਏ ਗਏ ਸਨ, ਜੋ ਕਿ ਬਹੁਤੇ ਮਿਟ ਚੁੱਕੇ ਹਨ।

ਇਸੇ ਤਰਾਂ ਤਰਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਜੇ ਹੱਥ ਸਥਿਤ ਬੁੰਗਾ ਸ਼ੇਰ ਸਿੰਘ, ਜੋ 1984 ਦੇ ਫੌਜੀ ਹਮਲੇ ਦਾ ਪ੍ਰਤੱਖ ਗਵਾਹ ਹੈ ‘ਤੇ ਨਵਾ ਪਲੱਸਤਰ ਕਰਕੇ ਹਮਲੇ ਦੇ ਕਾਫੀ ਨਿਸ਼ਾਨ ਮਿਟਾਏ ਜਾ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: