ਪ੍ਰਤੀਕਾਤਮਕ ਤਸਵੀਰ

ਸਿਆਸੀ ਖਬਰਾਂ

ਸਿੱਖਾਂ ਨੂੰ ਅਨੰਦ ਮੈਰਿਜ ਐਕਟ ਰਾਹੀਂ ਰਜਿਸਟ੍ਰੇਸ਼ਨ ਕਰਾਉਣ ਲਈ ਉਤਸਾਹਤ ਕਰੇਗੀ ਸ਼੍ਰੋਮਣੀ ਕਮੇਟੀ

By ਸਿੱਖ ਸਿਆਸਤ ਬਿਊਰੋ

June 27, 2017

ਅੰਮ੍ਰਿਤਸਰ: ਸਿੱਖਾਂ ਦੇ ਵਿਆਹ ਅਨੰਦ ਮੈਰਿਜ ਐਕਟ ਹੇਠ ਦਰਜ ਕਰਨ ਲਈ ਪਿਛਲੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਭਾਵੇਂ 19 ਦਸੰਬਰ 2016 ਨੂੰ ਜਾਰੀ ਕਰ ਦਿੱਤਾ ਗਿਆ ਸੀ ਪਰ ਹੇਠਲੇ ਪੱਧਰ ਤੱਕ ਇਸ ਸਬੰਧੀ ਜਾਗਰੂਕਤਾ ਨਾ ਹੋਣ ਕਾਰਨ ਬਹੁਤ ਸਾਰੇ ਸਿੱਖ ਵਿਆਹ ਹਾਲੇ ਵੀ ਹਿੰਦੂ ਮੈਰਿਜ ਐਕਟ ਹੇਠ ਹੀ ਦਰਜ ਹੋ ਰਹੇ ਹਨ। ਸਿੱਖ ਕੌਮ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸਿੱਖਾਂ ਦੇ ਵਿਆਹ ਅਨੰਦ ਮੈਰਿਜ ਐਕਟ ਹੇਠ ਦਰਜ ਹੋਣ ਅਤੇ ਇਸ ਸਬੰਧੀ ਲੋੜੀਂਦਾ ਐਕਟ ਲਾਗੂ ਕੀਤਾ ਜਾਵੇ ਪਰ ਹੁਣ ਜਦੋਂ ਇਸ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਤਾਂ ਜਾਗਰੂਕਤਾ ਨਾ ਹੋਣ ਕਾਰਨ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਕਮੇਟੀ ਵੱਲੋਂ ਇਸ ਸਬੰਧੀ ਵੱਖ-ਵੱਖ ਥਾਵਾਂ ’ਤੇ ਸੈਮੀਨਾਰ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਆਨੰਦ ਮੈਰਿਜ ਐਕਟ ਸਿੱਖਾਂ ਦੀ ਵੱਖਰੀ ਪਛਾਣ ਦੀ ਪ੍ਰੋੜ੍ਹਤਾ ਕਰਦਾ ਹੈ।

ਜ਼ਿਕਰਯੋਗ ਹੈ ਕਿ 1947 ਤੋਂ ਪਹਿਲਾਂ ਅਨੰਦ ਮੈਰਿਜ ਐਕਟ ਲਾਗੂ ਸੀ ਪਰ 1947 ਤੋਂ ਬਾਅਦ ਇਸ ਐਕਟ ਨੂੰ ਖੂੰਝੇ ਲਾ ਦਿੱਤਾ ਗਿਆ। 2012 ਵਿੱਚ ਅਨੰਦ ਮੈਰਿਜ ਐਕਟ ਦੇ ਖਰੜੇ ਨੂੰ ਉਸ ਵੇਲੇ ਦੀ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਪ੍ਰਵਾਨਗੀ ਦਿੱਤੀ ਸੀ ਅਤੇ 7 ਜੂਨ 2012 ਨੂੰ ਸੰਸਦ ਵਿੱਚ ਇਸ ਨੂੰ ਹਰੀ ਝੰਡੀ ਦਿੱਤੀ ਗਈ। ਪਾਕਿਸਤਾਨ ਵਿੱਚ ਸਿੱਖ ਅਨੰਦ ਮੈਰਿਜ ਐਕਟ 2007 ਤੋਂ ਲਾਗੂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: