ਅੰਮ੍ਰਿਤਸਰ: ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਚੋਣ ਦਫ਼ਤਰ ਦੇ ਉਦਘਾਟਨ ਸਮੇਂ ਹੋਈ ਸਿੱਖ ਅਰਦਾਸ ਦੀ ਨਕਲ ਦਾ ਮਾਮਲਾ ਅੱਜ 8 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰਿਆ ਜਾਵੇਗਾ। ਦੂਜੇ ਪਾਸੇ ਚੱਬੇ ਵਿਖੇ ਹੋਏ ਪੰਥਕ ਇਕੱਠ ‘ਚ ਚੁਣੇ ਗਏ ਕਾਰਜਕਾਰੀ ਜਥੇਦਾਰਾਂ ਨੇ ਇਸ ਮਾਮਲੇ ’ਤੇ ਵਿਚਾਰ ਲਈ 9 ਜਨਵਰੀ ਨੂੰ ਮੀਟਿੰਗ ਸੱਦੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਮਪੁਰਾ ਫੂਲ ਵਿੱਚ ਸੀਨੀਅਰ ਅਕਾਲੀ ਆਗੂ ਅਤੇ ਮੰਤਰੀ ਦੇ ਮਲੂਕਾ ਦੇ ਚੋਣ ਦਫ਼ਤਰ ਦੇ ਉਦਘਾਟਨ ਸਮੇਂ ਉਥੇ ਰਮਾਇਣ ਪੜ੍ਹਵਾਈ ਗਈ ਸੀ, ਜਿਸ ਵਿੱਚ ਸਿੱਖ ਧਰਮ ਦੀ ਅਰਦਾਸ ਦੀ ਨਕਲ ਕਰਕੇ ਹਿੰਦੂ ਦੇਵੀ ਦੇਵਤਿਆਂ ਦਾ ਨਾਂ ਵਿਚ ਸ਼ਾਮਲ ਕਰਕੇ, ਸਿੱਖ ਗੁਰੂਆਂ ਅਤੇ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਸੀ, ਜਿਸ ਦਾ ਭਾਰੀ ਵਿਰੋਧ ਹੋਇਆ। ਇਸ ਸਬੰਧ ਵਿੱਚ ਸੋਸ਼ਲ ਮੀਡੀਆ ’ਤੇ ਵੀਡੀਓ ਕਲੀਪਿੰਗ ਵਾਇਰਲ ਹੋਈਆਂ ਸਨ। ਇਸ ਸਬੰਧੀ ਅਕਾਲ ਤਖ਼ਤ ਸਾਹਿਬ ‘ਤੇ ਸ਼ਿਕਾਇਤਾਂ ਵੀ ਪੁੱਜੀਆਂ, ਜਿਸ ਉਤੇ ਸ਼੍ਰੋਮਣੀ ਕਮੇਟੀ ਨੂੰ ਜਾਂਚ ਦੇ ਆਦੇਸ਼ ਵੀ ਦਿੱਤੇ ਗਏ। ਇਸ ਆਦੇਸ਼ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਨੇ ਬੀਤੇ ਦਿਨੀਂ ਜਾਂਚ ਰਿਪੋਰਟ ਅਕਾਲ ਤਖ਼ਤ ਸਾਹਿਬ ਵਿਖੇ ਸੌਂਪ ਦਿੱਤੀ ਹੈ।
ਇਸ ਮਾਮਲੇ ਨੂੰ ਵਿਚਾਰਨ ਲਈ ਗਿਆਨੀ ਗੁਰਬਚਨ ਸਿੰਘ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 8 ਜਨਵਰੀ ਨੂੰ ਸੱਦੀ ਗਈ ਹੈ, ਜਿਸ ਵਿੱਚ ਇਸ ਜਾਂਚ ਰਿਪੋਰਟ ਦਾ ਮਾਮਲਾ ਵਿਚਾਰਿਆ ਜਾਵੇਗਾ। ਸੂਤਰਾਂ ਮੁਤਾਬਕ ਇਹ ਜਾਂਚ ਰਿਪੋਰਟ ਸਵੇਰੇ ਇਕੱਤਰਤਾ ਸਮੇਂ ਹੀ ਖੋਲ੍ਹੀ ਜਾਵੇਗੀ। ਇਸ ਤੋਂ ਇਲਾਵਾ ਨੀਲਧਾਰੀ ਸੰਪਰਦਾ ਦੇ ਆਗੂ ਸਤਨਾਮ ਸਿੰਘ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ। ਉਸ ਵੱਲੋਂ ਮੁਆਫੀਨਾਮਾ ਵੀ ਭੇਜਿਆ ਗਿਆ ਹੈ। ਉਸ ਖ਼ਿਲਾਫ਼ ਦੋਸ਼ ਹੈ ਕਿ ਉਸ ਨੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ, ਜਿਸ ’ਤੇ ਸਖ਼ਤ ਇਤਰਾਜ਼ ਕੀਤਾ ਗਿਆ ਹੈ।
ਸਬੰਧਤ ਖ਼ਬਰ: ਸਿੱਖ ਅਰਦਾਸ ਦੀ ਤੌਹੀਨ ਕਰਦੀ ਨਕਲ ਨੂੰ ਹਜ਼ਮ ਕਰਨਾ ਗਿਰਾਵਟ ਦੀ ਸਿਖਰ: ਪੰਥਕ ਤਾਲਮੇਲ ਸੰਗਠਨ …
ਦੂਜੇ ਪਾਸੇ ਚੱਬੇ ਵਿਖੇ ਹੋਏ ਇਕੱਠ ‘ਚ ਥਾਪੇ ਗਏ ਕਾਰਜਕਾਰੀ ਜਥੇਦਾਰਾਂ ਵੱਲੋਂ ਇਹ ਮਾਮਲਾ ਵਿਚਾਰਨ ਲਈ 9 ਜਨਵਰੀ ਨੂੰ ਮੀਟਿੰਗ ਰੱਖੀ ਗਈ ਹੈ। ਇਸ ਸਬੰਧੀ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ 8 ਜਨਵਰੀ ਨੂੰ ਜਾਂਚ ਰਿਪੋਰਟ ਪੁੱਜ ਜਾਵੇਗੀ ਅਤੇ ਅਗਲੇ ਦਿਨ 9 ਜਨਵਰੀ ਨੂੰ ਮਾਮਲਾ ਵਿਚਾਰਿਆ ਜਾਵੇਗਾ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਵੀ ਅਰਦਾਸ ਦੀ ਨਕਲ ਮਾਮਲੇ ਦੀ ਜਾਂਚ ਵਾਸਤੇ ਪੰਜ ਮੈਂਬਰੀ ਕਮੇਟੀ ਬਣਾਈ ਹੈ, ਜਿਸ ਦੀ ਰਿਪੋਰਟ ਬਾਅਦ ਵਿੱਚ ਜਾਰੀ ਹੋਵੇਗੀ।