ਸਿੱਖ ਖਬਰਾਂ

ਸਿੱਖ ਜਥੇਬੰਦੀਆਂ ਵਲੋਂ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾਵਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ

By ਸਿੱਖ ਸਿਆਸਤ ਬਿਊਰੋ

September 22, 2016

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸਬ ਟੀਵੀ ਦਾ ਲੜੀਵਾਰ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਇਕ ਕਲਾਕਾਰ ਵਲੋਂ ਦਰਬਾਰ ਸਾਹਿਬ ਵਿਖੇ ਗਣੇਸ਼ ਦੀ ਮੂਰਤੀ ਸਥਾਪਿਤ ਕੀਤੇ ਜਾਣ ਦੀ ਗੱਲ ਕਰਨ ‘ਤੇ ਬਾਅਦ ਵਿੱਚ ਵਿਖਾਏ ਜਾਣ ਦੇ ਖਿਲਾਫ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਾਸ ਲਿਖਤੀ ਸ਼ਿਕਾਇਤ ਕੀਤੀ ਹੈ। ਅਖੰਡ ਕੀਰਤਨੀ ਜਥਾ ਦੇ ਭਾਈ ਪ੍ਰਣਾਮ ਸਿੰਘ, ਅਕਾਲ ਖਾਲਸਾ ਦਲ ਦੇ ਸ. ਸੁਰਿੰਦਰ ਪਾਲ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸੇ ਨੇ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਸੀਰੀਅਲ ਦੇ ਨਿਰਦੇਸ਼ਕ, ਕਲਾਕਾਰ ਗੁਰਚਰਨ ਸਿੰਘ ਅਤੇ ਪ੍ਰੋਡਿਊਸਰ ਸ੍ਰੀ ਅਧਿਕਾਰੀ ਬ੍ਰਦਰਜ ਖਿਲਾਫ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਏ ਜਾਣ ਖਿਲਾਫ ਧਾਰਾ 295-ਏ ਤਹਿ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਭਾਈ ਪ੍ਰਣਾਮ ਸਿੰਘ, ਸ. ਸੁਰਿੰਦਰ ਪਾਲ ਸਿੰਘ ਤੇ ਭਾਈ ਸੁਖਜੀਤ ਸਿੰਘ ਖੋਸੇ ਨੇ ਕੀਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਸਮੁੱਚੀ ਸਿੱਖ ਕੌਮ ਦਾ ਕੇਂਦਰੀ ਅਸਥਾਨ ਹੈ ਜਿਸਦੇ ਦਰਸ਼ਨ ਦੀਦਾਰ ਦੀ ਤਾਂਘ ਹਰ ਸਿੱਖ ਪਾਲਦਾ ਹੈ। ਉਨਹਾਂ ਦੱਸਿਆ ਕਿ ਸਿੱਖ ਦੇਵਤਾ ਪੂਜਕ ਅਤੇ ਬੁੱਤ ਪੂਜਕ ਨਹੀ ਹੈ। ਹੁਕਮ ‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ’ ਹੈ ਪਰ ਲੜੀਵਾਰ ਦੇ ਨਿਰਮਾਤਾ-ਨਿਰਦੇਸ਼ਕ ਵਲੋਂ ਤਿਆਰ ਲੜੀਵਾਰ ਦਾ ਪਾਤਰ ਗੁਰਚਰਨ ਸਿੰਘ ਦਰਬਾਰ ਸਾਹਿਬ ਵਿਖੇ ਗਣੇਸ਼ ਦੀ ਮੂਰਤੀ ਸਥਾਪਿਤ ਕਰਨ ਦੀ ਗੱਲ ਕਰਦਾ ਹੈ ਤੇ ਫਿਰ ਇਹ ਬੁੱਤ ਦਰਬਾਰ ਸਾਹਿਬ ਦੇ ਨਾਲ ਦਿਖਾਇਆ ਵੀ ਗਿਆ ਹੈ। ਸ਼ਿਕਾਇਤ ਕਰਤਾ ਸਿੰਘਾਂ ਨੇ ਸੀਰੀਅਲ ਦੇ ਸਬੰਧਤ ਐਪੀਸੋਡ 2025 ਦੀ ਸੀਡੀ ਵੀ ਪੁਲਿਸ ਨੁੰ ਸੌਪੀ ਹੈ ਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਨੂੰ ਲੈ ਕੇ ਧਾਰਾ 295-ਏ ਤਹਿਤ ਕੇਸ ਦਰਜ ਕਰਕੇ ਸਖਤ ਸਜ਼ਾ ਦਿੱਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: