ਸਿੱਖ ਖਬਰਾਂ

ਕੈਨੇਡਾ ਅਤੇ ਅਮਰੀਕਾ ਦੇ ਖੁਲਾਸਿਆਂ ਨੇ ਸਿੱਖਾਂ ਦੇ ਦਾਅਵਿਆਂ ’ਤੇ ਮੋਹਰ ਲਾਈਃ ਦਲ ਖਾਲਸਾ

October 15, 2024 | By

ਅੰਮ੍ਰਿਤਸਰ– ਪੰਜਾਬ ਦੀ ਅਜ਼ਾਦੀ ਲਈ ਯਤਨਸ਼ੀਲ ਸਿੱਖ ਆਗੂ ਅਤੇ ਕੈਨੇਡੀਅਨ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਸਾਜਿਸ਼ਕਾਰਾਂ ਦਾ ਪਰਦਾਫਾਸ਼ ਕਰਨ ਲਈ ਕੈਨੇਡਾ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਦਲ ਖ਼ਾਲਸਾ ਨੇ ਕਿਹਾ ਕਿ ਬੇਸ਼ੱਕ ਭਾਰਤ ਵੱਲੋ ਰਵਾਇਤੀ ਅੰਦਾਜ ਵਿੱਚ ਕੈਨੇਡਾ ਦੇ ਦੋਸ਼ਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਪਰ ਭਾਰਤ ਦੁਆਰਾ ਅੰਤਰ-ਰਾਸ਼ਟਰੀ ਪੱਧਰ ਉੱਤੇ ਕੀਤੇ ਜਾ ਰਹੇ ਗੈਰ-ਕਾਨੂੰਨੀ ਓਪਰੇਸ਼ਨਜ਼ ਬਾਰੇ ਕੈਨੇਡਾ ਦਾ ਖੁਲਾਸਾ ਬਿਲਕੁਲ ਦਰੁਸਤ ਤੇ ਹਕੀਕੀ ਹੈ।

ਭਾਈ ਹਰਦੀਪ ਸਿੰਘ ਨਿੱਝਰ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਇਸ ਦੀ ਜਾਂਚ ਏਜੰਸੀ ਆਰ.ਸੀ.ਐਮ.ਪੀ. ਵੱਲੋਂ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਸਟਰਮਾਈਂਡ ਅਤੇ ਸਾਜ਼ਿਸ਼ਕਾਰਾਂ ਦਾ ਪਰਦਾਫਾਸ਼ ਕਰਨ ਲਈ ਕੀਤੇ ਗਏ ਅਣਥੱਕ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਪਾਰਟੀ ਦੇ  ਸਿਆਸੀ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਕਿ ਬੇਸ਼ੱਕ ਹਕੀਕਤ ਸਾਹਮਣੇ ਆਉਣ ਵਿੱਚ ਕਈ ਸਾਲ ਲੱਗ ਗਏ ਹਨ ਪਰ ਹੁਣ ਅੰਤਰਰਾਸ਼ਟਰੀ ਭਾਈਚਾਰਾ ਅਤੇ ਖਾਸ ਤੌਰ ‘ਤੇ ਪੰਜ ਅੱਖਾਂ ਵਾਲੇ ਦੇਸ਼ਾਂ ਦੇ ਮੈਂਬਰਾਂ ਨੂੰ ਭਾਰਤ ਦੁਆਰਾ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਕੀਤੀ ਜਾ ਰਹੀ ਉਲੰਘਣਾ ਨਾਜ਼ਰ ਆਉਣ ਲੱਗ ਪਈ ਹੈ। ਉਹਨਾਂ ਕਿਹਾ ਕਿ ਇਹ ਤਸੱਲੀ ਵਾਲੀ ਗੱਲ ਹੈ ਕਿ ਕੈਨੇਡਾ ਅਤੇ ਅਮਰੀਕਾ ਸਰਕਾਰ ਸਿਰਫ ਗੱਲਾਂ ਕਰਨ ਤਕ ਹੀ ਸੀਮਤ ਨਹੀਂ ਰਹੇ ਸਗੋਂ ਭਾਰਤ ਵੱਲੋਂ ਉਹਨਾਂ ਮੁਲਕਾਂ ਵਿੱਚ ਕੀਤੇ ਜਾ ਰਹੇ ਸਿੱਖਾਂ ਉੱਤੇ ਜਿਸਮਾਨੀ ਹਮਲਿਆਂ ਦੀ ਰੋਕਥਾਮ ਲਈ ਭਾਰਤ ਨੂੰ ਅੰਤਰਰਾਸ਼ਟਰੀ ਕਟਿਹਰੇ ਵਿੱਚ ਖੜਾ ਵੀ ਕਰ ਰਹੇ ਹਨ।

ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਾਂ ਲਈ ਇਸ ਗੱਲ ਵਿੱਚ ਕਦੇ ਵੀ ਕੋਈ ਸ਼ੱਕ ਨਹੀਂ ਰਿਹਾ ਕਿ ਭਾਈ ਨਿੱਝਰ ਦੇ ਕਤਲ ਪਿੱਛੇ ਭਾਰਤ ਦੀ ਖੁਫੀਆ ਏਜੰਸੀ ਰਾਅ ਦਾ ਦਿਮਾਗ ਅਤੇ ਹੱਥ ਹੈ।

ਉਹਨਾਂ ਕਿਹਾ ਕਿ ਸਾਡੇ ਕੋਲ ਇਹ ਮੰਨਣ ਦੇ ਠੋਸ ਕਾਰਨ ਹਨ ਕਿ ਰਾਅ ਦੁਆਰਾ ਆਜ਼ਾਦੀ-ਪਸੰਦ ਸਿੱਖਾਂ ਵਿਰੁੱਧ ਅੰਤਰਰਾਸ਼ਟਰੀ ਪੱਧਰ ਉੱਤੇ ਗੈਰ-ਨਿਆਇਕ ਕਾਰਵਾਈਆਂ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੁਆਰਾ ਦੇਸ਼ ਦੇ ਰਾਜਨੀਤਿਕ ਆਕਾਵਾਂ ਦੀ ਪੂਰੀ ਹਮਾਇਤ ਨਾਲ ਤਿਆਰ ਕੀਤੀ ਗਈ ਅਨ-ਐਲਾਨੀ ਨਵੀਂ ਵਿਦੇਸ਼ ਨੀਤੀ ਦਾ ਹਿੱਸਾ ਹੈ।

ਉਹਨਾਂ ਕਿਹਾ ਕਿ ਕੈਨੇਡਾ ਵਿੱਚ ਤਾਇਨਾਤ ਭਾਰਤੀ ਸੀਨੀਅਰ ਡਿਪਲੋਮੈਟਾਂ ਨੂੰ ਪੁੱਛ ਪੜਤਾਲ ਵਿਚ ਸ਼ਾਮਿਲ ਕਰਨ ਅਤੇ ਉਹਨਾਂ ਨੂੰ ਮਿਲੀ ਕੁਟਨੀਤਿਕ ਸ਼ਰਨ ਨੂੰ ਰੱਦ ਕਰਨ ਦੀ ਕੀਤੀ ਮੰਗ ਜਾਂਚ ਪ੍ਰਕਿਰਿਆਵਾਂ ਦੇ ਦਾਇਰੇ ਵਿੱਚ ਆਉਂਦੀ  ਹੈ। ਉਹਨਾਂ ਕਿਹਾ ਕਿ ਜੇਕਰ ਭਾਰਤ ਸੱਚਮੁੱਚ ਜਾਂਚ ਪ੍ਰਕਿਰਿਆ ਵਿਚ ਕੋਈ ਰੁਕਾਵਟ ਨਹੀਂ ਚਾਹੁੰਦਾ ਤਾਂ ਉਸਨੂੰ ਕੈਨੇਡਾ ਪ੍ਰਤੀ ਸੜੀਅਲ ਰਵੱਈਆ ਅਪਨਾਉਣ ਦੀ ਥਾਂ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਕੈਨੇਡਾ ਵੱਲੋਂ ਸਚਾਈ ਸਾਹਮਣੇ ਲਿਆਉਣਾ ਮੁਸ਼ਕਲ ਸੀ ਜੇਕਰ ਅਮਰੀਕੀ ਪ੍ਰਸ਼ਾਸਨ ਭਾਰਤੀ ਅਧਿਕਾਰੀਆਂ ਦੇ ਦਾਅਵਿਆਂ ਨੂੰ ਨੱਥ ਨਾ ਪਾਉਂਦੇ। ਦਲ ਖਾਲਸਾ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਗੁਰਪਤਵੰਤ ਸਿੰਘ ਪਨੂੰ ਨੂੰ ਮਾਰਨ ਦੀ ਸਾਜਿਸ਼ ਵਿੱਚ ਸ਼ੱਕੀ ਸਾਬਕਾ ਰਾਅ ਅਧਿਕਾਰੀ ਵਿਕਰਮ ਯਾਦਵ (ਕੋਡਨੇਮ ਸੀ.ਸੀ.1) ਦੀ ਗ੍ਰਿਫਤਾਰੀ ਇਸ ਗੱਲ ਦੀ ਮਿਸਾਲ ਹੈ ਕਿ ਭਾਰਤ ਸਿਰਫ਼ ਤਾਕਤਵਰਾਂ ਅੱਗੇ ਹੀ ਝੁਕਦਾ ਹੈ।

ਦਲ ਖਾਲਸਾ ਆਗੂ ਕੰਵਰਪਾਲ ਸਿੰਘ

ਉਹਨਾਂ ਸਖ਼ਤ ਨੋਟਿਸ ਲੈਦਿਆਂ ਕਿਹਾ ਕਿ ਕੈਨੇਡੀਅਨ ਜਾਂਚ ਏਜੰਸੀ ਦੁਆਰਾ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਆਪਣੀ ਅੰਤਰਰਾਸ਼ਟਰੀ ਦਮਨਕਾਰੀ ਨੀਤੀ ਨੂੰ ਅੰਜਾਮ ਦੇਣ ਲਈ ਜਾਣੇ-ਪਛਾਣੇ ਅਪਰਾਧੀ ਗੈਂਗਸਟਰਾਂ ਦੀਆਂ ਸੇਵਾਵਾਂ ਦੀ ਵਰਤੋਂ ਕਰ ਰਿਹਾ ਹੈ।  ਉਹਨਾਂ ਕਿਹਾ ਕਿ ਇਹ ਗੱਲ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਿਵੇਂ ਉਸ ਸਮੇਂ ਦੀ ਭਾਰਤ ਸਰਕਾਰ ਨੇ 80 ਅਤੇ 90 ਦੇ ਦਹਾਕੇ ਵਿੱਚ ਮੁੰਬਈ ਸਥਿਤ ਗੈਂਗਸਟਰ ਛੋਟਾ ਰਾਜਨ ਦੀ ਵਰਤੋਂ ਆਪਣੇ ਮੁਖਾਲਫਾਂ ਨੂੰ ਟਿਕਾਣੇ ਲਾਉਣ ਲਈ ਕੀਤੀ ਸੀ, ਅਤੇ ਹੁਣ ਇਹ ਕੰਮ ਸਟੇਟ ਵੱਲੋਂ ਆਪਣੇ ਵੀ.ਆਈ.ਪੀ ਨਜਰਬੰਦ ਮਹਿਮਾਨ  ਲਾਰੈਂਸ ਬਿਸ਼ਨੋਈ ਵਰਗਿਆਂ ਨੂੰ ਸੌਂਪਿਆ ਗਿਆ  ਹੈ।

ਦਲ ਖਾਲਸਾ ਨੇ ਮੀਡੀਆ ਨੂੰ ਜਾਰੀ ਕੀਤੇ ਆਪਣੇ ਬਿਆਨ ਵਿੱਚ ਕਿਹਾ ਕਿ, ‘ਸਪੱਸ਼ਟ ਤੌਰ ‘ਤੇ ਅੰਤਰਰਾਸ਼ਟਰੀ ਵਿਰੋਧਤਾ ਹੀ ਇੱਕੋ ਇੱਕ ਮਾਧਿਅਮ ਹੈ ਜੋ ਭਾਰਤ ਨੂੰ ਆਪਣੀ ਗੈਰ-ਨਿਆਇਕ ਦਮਨਕਾਰੀ ਨੀਤੀ ਨੂੰ ਠੱਲ੍ਹਣ ਲਈ ਮਜਬੂਰ ਕਰ ਸਕਦੀ ਹੈ।



ਅੰਗ੍ਰੇਜ਼ੀ ਵਿੱਚ ਪੜ੍ਹੋ – Canada and US vindicated Sikh Stand on India’s Transnational Repression

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,