Nirmal-Singh-Sandhu-Raghbir-Singh-Kohar-Gurdial-Singh-Gurmeet-Singh-Khanian-Kashmir-Singh-and-Loveshinder-Singh

ਵਿਦੇਸ਼

ਕੁਰਬਾਨੀ ਵਾਲੇ ਸਿੰਘਾਂ ਖਿਲਾਫ ਸੋਸ਼ਲ ਮੀਡੀਏ ‘ਤੇ ਗਲਤ ਪ੍ਰਚਾਰ ਤੋਂ ਸੰਗਤਾਂ ਸੁਚੇਤ ਰਹਿਣ: ਸਿੱਖ ਜਥੇਬੰਦੀਆਂ ਯੂਰਪ

By ਸਿੱਖ ਸਿਆਸਤ ਬਿਊਰੋ

May 01, 2020

ਲੰਡਨ: ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਖਿਲਾਫ ਸੋਸ਼ਲ ਮੀਡੀਏ ਉੱਤੇ ਵੱਡੀ ਪੱਧਰ ਤੇ ਹੋ ਰਿਹਾ ਭੰਡੀ ਪ੍ਰਚਾਰ ਬਹੁਤ ਹੀ ਮੰਦਭਾਗਾ ਹੈ। ਲੰਬਾ ਸਮਾਂ ਜੇਲ੍ਹਾਂ ਕੱਟਣ, ਪੁਲਿਸ ਤਸ਼ੱਦਦ ਝੱਲਣ, ਆਪਣੀਆਂ ਜਵਾਨੀਆਂ ਸੰਘਰਸ਼ ਦੇ ਲੇਖੇ ਲਾਉਣ ਵਾਲਿਆਂ ਉੱਤੇ ਵਿਚਾਰਾਂ ਦੀ ਵਿਭਿੰਨਤਾ ਜਾਂ ਈਰਖਾ ਦੀ ਅੱਗ ਕਾਰਨ ਝੂਠੇ ਦੋਸ਼ ਲਾਏ ਜਾ ਰਹੇ ਹਨ ਜਿਸਦਾ ਬਰਤਾਨੀਆਂ ਅਤੇ ਯੂਰਪ ਦੀਆਂ ਸੰਘਰਸ਼ ਪੱਖੀ ਜਥੇਬੰਦੀਆਂ ਨੇ ਸਖਤ ਨੋਟਿਸ ਲਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਸਿੱਖ ਫੈਡਰੇਸ਼ਨ ਫਰਾਂਸ ਦੇ ਆਗੂ ਭਾਈ ਕਸ਼ਮੀਰ ਸਿੰਘ ਅਤੇ ਭਾਈ ਰਘਬੀਰ ਸਿੰਘ ਕੋਹਾੜ ਨੇ ਇਕ ਲਿਖਤੀ ਬਿਆਨ ਰਾਹੀਂ ਕੀਤਾ ਹੈ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਨੂੰ ਖਾਲਿਸਤਾਨ ਦੇ ਸ਼ਹੀਦਾਂ ਅਤੇ ਖਾਲਿਸਤਾਨ ਲਈ ਸੰਘਰਸ਼ ਸ਼ੀਲ ਸਿੰਘਾਂ ਖਿਲਾਫ ਇਸ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਖਾਲਿਸਤਾਨ ਦਾ ਸੰਘਰਸ ਆਪਣੇ ਤੇਜ਼, ਮੱਧਮ, ਮੱਠੀ ਰਫਤਾਰ ਚੱਲਦਾ ਰਿਹਾ, ਚੱਲ ਰਿਹਾ ਹੈ ਅਤੇ ਚੱਲਦਾ ਹੀ ਰਹੇਗਾ।

ਉਨ੍ਹਾਂ ਕਿਹਾ ਕਿ ਬੀਤੇ ਸਮੇਂ ਚ ਬਹੁਤ ਉਤਰਾਅ ਚੜ੍ਹਾਅ ਵੀ ਆਏ। ਕਈ ਵਾਰੀ ਆਪਸੀ ਵਿਚਾਰਾਂ ਦਾ ਟਕਰਾਅ ਹੋਇਆ, ਪਰ ਕਈ ਵਾਰੀ ਟਕਰਾਅ ਹੋਣ ਦੇ ਬਾਵਜੂਦ ਵੀ ਪੰਥਕ ਹਿਤਾਂ ਨੂੰ ਮੁੱਖ ਰੱਖ ਕੇ ਜਾਂ ਸਮੇ ਦੀ ਮੰਗ ਨੂੰ ਮਹਿਸੂਸ ਕਰਦਿਆਂ ਆਪਸੀ ਤਨਾਅ ਨੂੰ ਘਟਾਉਣ ਦੇ ਯਤਨ ਕੀਤੇ ਗਏ ਪਰ ਹੁਣ ਜੋ ਬਿਖੜੇ ਹਲਾਤਾਂ ਵਿਚ ਪੰਥ ਦੋਖੀਆਂ ਨੂੰ ਸੋਧਣ ਵਾਲੇ ਯੋਧਿਆਂ ਬਾਰੇ ਬਹੁਤ ਮੰਦੀ ਸ਼ਬਦਾਵਲੀ ਵਰਤ ਕੇ ਉਨ੍ਹਾਂ ਦੇ ਅਕਸ ਨੂੰ ਧੁੰਦਲਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਉਹ ਬਹੁਤ ਹੀ ਮੰਦਭਾਗੀਆਂ ਹਨ। ਇਸ ਵਾਦ-ਵਿਵਾਦ ਨੂੰ ਠੱਲ ਪਾਉਣ ਲਈ ਹਰ ਕੌਮ ਦਰਦੀ ਨੂੰ ਪਹਿਲ-ਕਦਮੀ ਕਰਨ ਦੀ ਲੋੜ ਹੈ।

ਆਗੂਆਂ ਨੇ ਕਿਹਾ ਕਿ ਵਾਦ-ਵਿਵਾਦ ਕਰਨ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਇਹਨਾਂ ਗੱਲਾਂ ਤੋਂ ਗੁਰੇਜ ਕਰੀਏ ਅਤੇ ਆਪਾਂ ਆਪਣੇ ਸਹੀ ਦੁਸ਼ਮਣ ਦੀ ਪਛਾਣ ਕਰ ਕੇ ਆਪਣੇ ਸਹੀ ਨਿਸ਼ਾਨੇ ਵੱਲ ਨੂੰ ਤੁਰੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: