April 27, 2010 | By ਪਰਦੀਪ ਸਿੰਘ
ਵੈਨਕੂਵਰ, 26 ਅਪ੍ਰੈਲ, 2010 : ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਕਿਹਾ ਹੈ ਕਿ ਕੈਨੇਡਾ ’ਚ ਵਸਦੇ ਸਿੱਖਾਂ ਦਾ ਨਾਂਅ ਜਾਨ ਬੁੱਝ ਕੇ ਦਹਿਸ਼ਤਗਰਦੀ ਨਾਲ ਜੜਿਆ ਜਾ ਰਿਹਾ ਹੈ ਸੰਸਤਾ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿੳਾ ਹੈ ਕਿ ਅਸਲ ਵਿਚ ਕੈਨੇਡਾ ਅੰਦਰ ਸਿੱਖ ਸਥਾਪਤੀ ਦਾ ਦੌਰ ਸਿਖਰ ਵੱਲ ਹੈ ਜੋ ਪੰਥ ਦੁਸਮਣਾ ਦੀ ਬਰਦਾਸ਼ਤ ਤੋਂ ਬਾਹਰ ਹੈ। ਇਸੇ ਕਾਰਨ ਉਹ ਸਿੱਖਾਂ ਵਿਰੁੱਧ ਮਾਹੌਲ ਬਣਾਉਣ ਦੀਆਂ ਕੋਸ਼ਸ਼ਾਂ ਵਿੱਚ ਜੁੱਟ ਗਏ ਹਨ। ਸੰਸਥਾ ਦੇ ਉੱਘੇ ਵਕੀਲ ਬਲਪ੍ਰੀਤ ਸਿੰਘ ਬੋਪਾਰਾਏ ਨੇ ਕਿਹਾ ਹੈ ਕਿ ਇਸ ਸਮੇਂ ਕੈਨੇਡੀਅਨ ਸਿੱਖ ਮਨੁੱਖੀ ਕਾਰਜਾਂ ਲਈ ਦਾਨ ਦੇਣ, ਲੋੜਵੰਦਾਂ ਲਈ ਭੋਜਨ, ਕੱਪੜੇ ਵੰਡਣ, ਹੈਤੀ ਵਰਗੀ ਕੁਦਰਤੀ ਕਰੋਪੀ ਮੌਕੇ ਮਿਲੀਅਨ ਡਾਲਰਾਂ ਦਾ ਯੋਗਦਾਨ ਪਾਉਣ, ਸਭ ਤੋਂ ਵੱਧ ਯੂਨਿਟ ਖੂਨਦਾਨ ਕਰਨ ਅਤੇ ਹਸਪਤਾਲਾਂ ਤੇ ਰੈੱਡ ਕਰਾਸ ਲਈ ਮਾਲੀ ਮਦਦ ਦੇਣ, ਉਲੰਪਿਕ ਖੇਡਾਂ ਵਿਚ ਦਸਤਾਰ ਦੀ ਸ਼ਾਨ ਵਧਾਉਣ ਅਤੇ ਕੈਨੇਡਾ ਦੀ ਰਾਜਨੀਤੀ ਵਿਚ ਬੁਲੰਦੀਆਂ ਨੂੰ ਛੂਹਣ ’ਚ ਨਵਾਂ ਇਤਿਹਾਸ ਕਾਇਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਕੁਝ ਗੁਰਦੁਆਰਿਆਂ ਦੇ ਅੰਦਰੂਨੀ ਝਗੜੇ ਨੂੰ ‘ਦਹਿਸ਼ਤਵਾਦ ਸੁਰਜੀਤ’ ਹੋਣ ਦਾ ਨਾਂਅ ਦੇਣਾ ਕੋਰਾ ਝੂਠ ਅਤੇ ਗੁੰਮਰਾਹਕੁੰਨ ਹੈ। ਵਿਸ਼ਵ ਸਿੱਖ ਸੰਸਥਾ ਨੇ ਬੀਤੇ ਦਿਨੀਂ ਵੈਨਕੂਵਰ ਸਾਊਥ ਦੇ ਐਮ. ਪੀ. ਉੱਜਲ ਦੁਸਾਂਝ ਨੂੰ ਫੇਸਬੁੱਕ ’ਤੇ ਮਿਲੀਆਂ ਧਮਕੀਆਂ ਦੀ ਪੁਰਜ਼ੋਰ ਨਿੰਦਾ ਕਰਦਿਆਂ ਇਹ ਵੀ ਕਿਹਾ ਕਿ ‘ਬੇਨਾਮ’ ਧਮਕੀ ਕਾਰਨ ਕੈਨੇਡੀਅਨ ਸਿੱਖ ਯੂਥ ਉੱਪਰ ਬਿਨਾਂ ਸਬੂਤ ਦੇ ਦੋਸ਼ ਮੜ੍ਹਨਾ ਵੀ ਉਨਾਂ ਹੀ ਨਿੰਦਣਯੋਗ ਹੈ। ਸਰੀ ਤੇ ਟੋਰਾਂਟੋ ਇਲਾਕੇ ਦੇ ਨਗਰ ਕੀਰਤਨ ਨੂੰ ‘ਹਾਈਜੈਕ’ ਕੀਤੇ ਜਾਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਵਿਸ਼ਵ ਸਿੱਖ ਸੰਸਥਾ ਨੇ ਕਿਹਾ ਹੈ ਕਿ ਲੱਖਾਂ ਸਿੱਖ ਸ਼ਾਂਤੀ, ਪ੍ਰੇਮ, ਅਨੁਸ਼ਾਸਨ ਅਤੇ ਖੁਸ਼ੀ ਨਾਲ ਕਿਸੇ ਅਣਸੁਖਾਵੀਂ ਘਟਨਾ ਤੋਂ ਬਿਨਾਂ ਹਾਜ਼ਰੀ ਲੁਆਉਾਂਦੇ ਨ, ਜਦ ਕਿ ਦੂਜੇ ਪਾਸੇ ਆਈਸ ਹਾਕੀ ਟੂਰਨਾਮੈਂਟਾਂ ਦੇ ਛੋਟੇ ਇਕੱਠਾਂ ’ਚ ਵੀ ਹੁੰਦੀ ਹਿੰਸਾ ਤੇ ਕੈਨੇਡੀਅਨ ਪੁਲਿਸ ਦੇ ਲੱਖਾਂ ਡਾਲਰ ਬਰਬਾਦ ਹੁੰਦੇ ਹਨ। ਖਾਲਿਸਤਾਨ ਸਬੰਧੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਦੇ ਕਿਊਬੈੱਕ ਸੂਬੇ ਦੀ ਮੁੱਖ ਪਾਰਟੀ ਕੈਨੇਡਾ ’ਚ ਵੱਖਰਾ ਦੇਸ਼ ਬਣਾਉਣ ਦੇ ਮੁੱਦੇ ’ਤੇ ਚੋਣਾਂ ਲੜਦੀ ਹੈ ਅਤੇ 50 ਤੋਂ ਵੱਧ ਐਮ. ਪੀ. ਪਾਰਲੀਮੈਂਟ ’ਚ ਭੇਜਦੀ ਹੈ। ਦੂਜੇ ਪਾਸੇ ਸਿੱਖਾਂ ਲਈ ਵੱਖਰੇ ਮੁਲਕ ਦੀ ਮੰਗ ਨੂੰ ਅੱਤਵਾਦ ਕਰਾਰ ਦੇ ਕੇ ਕੁਚਲਣ ਦੀ ਗੱਲ ਕਰਨਾ ਦੋਹਰੇ ਮਾਪਦੰਡ ਅਪਣਾਉਣਾ ਹੈ। ਇਸ ਦੌਰਾਨ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਸ: ਦਲਬਾਰਾ ਸਿੰਘ ਗਿੱਲ ਨੇ ਸਰੀ ’ਚ ਦਿੱਤੇ ਇਕ ਬਿਆਨ ਰਾਹੀਂ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਕੈਨੇਡਾ ਵੱਸਦੇ ਸਿੱਖ ਸੰਗਠਨਾਂ ਤੋਂ ਭਾਰਤ ਨੂੰ ਖਤਰੇ ਦੀ ਗੱਲ ਆਖਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਕੈਨੇਡੀਅਨ ਸਿੱਖਾਂ ਲਈ ਖਤਰੇ ਦੀ ਘੰਟੀ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਸਰਕਾਰ ਕੈਨੇਡਾ ’ਤੇ ਸਿੱਖਾਂ ਨੂੰ ਦਬਾਉਣ ਲਈ ਲਗਾਤਾਰ ਦਬਾਅ ਪਾ ਰਹੀ ਹੈ।
Related Topics: Sikh organisations