ਖਾਸ ਖਬਰਾਂ

ਦਰਿਆ ਪਲੀਤ ਕਰਦੀਆਂ ਫੈਕਟਰੀਆਂ ਦੀ ਸ਼ਨਾਖ਼ਤ ਔਖੀ ਨਹੀਂ (ਖ਼ਾਸ ਰਿਪੋਰਟ)

By ਸਿੱਖ ਸਿਆਸਤ ਬਿਊਰੋ

May 27, 2018

ਗੁਰਪ੍ਰੀਤ ਸਿੰਘ ਮੰਡਿਆਣੀ

ਪੰਜਾਬ ਦੇ ਦਰਿਆਵਾਂ ਅਤੇ ਡਰੇਨਾਂ ਨੂੰ ਪਲੀਤ ਕਰਨ ਵਾਲੀਆਂ ਫੈਕਟਰੀਆਂ ਦੀ ਸ਼ਨਾਖ਼ਤ ਪੰਜਾਬ ਸਰਕਾਰ ਆਪਣੇ ਦਫ਼ਤਰ ਵਿੱਚੋਂ ਹੀ ਬੈਠੀ ਬਿਠਾਈ ਕਰ ਸਕਦੀ ਹੈ। ਇਸ ਦੇ ਲਈ ਸੈਟੇਲਾਈਟ ਇਮੇਜ਼ ਤਕਨੀਕ ਦੀ ਸਹਾਇਤਾ ਨਾਲ ਕੰਪਿਊਟਰ ‘ਤੇ ਹੀ ਇਹ ਚੈੱਕ ਕੀਤਾ ਜਾ ਸਕਦਾ ਹੈ ਕਿ ਕਿਹੜੀ ਫੈਕਟਰੀ ਛੋਟੇ ਨਾਲੇ ਰਾਹੀਂ ਜਾਂ ਸਿੱਧੇ ਤੌਰ ‘ਤੇ ਦਰਿਆ ਵਿੱਚ ਗੰਦਾ ਪਾਣੀ ਸੁੱਟਦੀ ਹੈ। ਆਪਣੇ ਕੰਪਿਊਟਰ ਜਾਂ ਮੋਬਾਇਲ ਉੱਤੇ ਗੂਗਲ ਐਪ ਜ਼ਰੀਏ ਜੇ ਆਮ ਬੰਦੇ ਨੂੰ ਗੰਦਾ ਪਾਣੀ ਬਾਹਰ ਕੱਢਣ ਵਾਲੀ ਫੈਕਟਰੀ ਦੀ ਸ਼ਨਾਖ਼ਤ ਹੋ ਸਕਦੀ ਹੈ ਤਾਂ ਸਰਕਾਰ ਲਈ ਇਹ ਹੋਰ ਵੀ ਸੌਖੀ ਹੋ ਸਕਦੀ  ਹੈ। ਸਰਕਾਰ ਕੋਲ ਤਾਂ ਹੋਰ ਵੀ ਬੇਹਤਰੀਨ ਤਕਨੀਕਾਂ ਹਨ। ਪੰਜਾਬ ਸਰਕਾਰ ਦੀ ਰਿਮੋਟ ਸੈਂਸਿੰਗ ਏਜੰਸੀ ਕੋਲ ਇਸ ਕੰਮ ਦੀ ਮੁਹਾਰਤ ਹੈ।

ਪੰਜਾਬ ਸਰਕਾਰ ਨਾਜ਼ਾਇਜ਼ ਉਸਾਰੀਆਂ ਨੂੰ ਚੈੱਕ ਕਰਨ ਵਾਸਤੇ ਇਸ ਏਜੰਸੀ ਨੂੰ ਹੀ ਵਰਤਦੀ ਹੈ। ਕੰਪਿਊਟਰ ਮੂਹਰੇ ਬੈਠ ਕੇ ਸੈਟੇਲਾਈਟ ਮੈਪ ਨੂੰ ਨਾਲਿਆਂ ਅਤੇ ਦਰਿਆ ਦੇ ਨਾਲ-ਨਾਲ ਤੌਰ ਕੇ ਦੇਖਿਆ ਜਾ ਸਕਦਾ ਹੈ ਕਿ ਕਿਹੜੀ ਫੈਕਟਰੀ ਕੋਲ ਜਾ ਕੇ ਇਨ੍ਹਾਂ ਦਾ ਪਾਣੀ ਕਾਲਾ ਹੁੰਦਾ ਹੈ। ਜਿੱਥੇ ਕਿਤੇ ਪਤਾ ਲੱਗਦਾ ਹੈ ਕਿ ਫਲਾਣੀ ਫੈਕਟਰੀ ਕੋਲੋਂ ਲੰਘਣ ਵੇਲੇ ਨਾਲੇ ਦਾ ਪਾਣੀ ਕਾਲਾ ਹੁੰਦਾ ਹੈ ,ਉਸੇ ਫੈਕਟਰੀ ਨੂੰ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ। ਰਿਮੋਟ ਸੈਂਸਿੰਗ ਏਜੰਸੀ ਆਪਣੇ ਸੂਖਮ ਨਕਸ਼ਿਆਂ ਰਾਹੀਂ ਇਹ ਵੀ ਪਤਾ ਲਾ ਸਕਦੀ ਹੈ ਕਿ ਡਰੇਨਾਂ ਕਿਨਾਰੇ ਬਣੀਆਂ ਕਿਹੜੀਆਂ ਕਿਹੜੀਆਂ ਫੈਕਟਰੀਆਂ ਦਾ ਪਾਣੀ ਬਾਹਰ ਨਿਕਲਦਾ ਹੈ ਅਤੇ ਕਿਹੜੇ ਰੰਗ ਦਾ ਹੈ।

ਦਰਿਆਈ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਦੀ ਸ਼ਨਾਖ਼ਤ ਮੋਟੇ ਤੌਰੇ ‘ਤੇ ਆਮ ਬੰਦਾ ਵੀ ਕਿਵੇਂ ਕਰ ਸਕਦਾ ਹੈ? ਮਿਸਾਲ ਦੇ ਤੌਰ ‘ਤੇ ਖ਼ਬਰ ਦੇ ਨਾਲ ਜੋ ਸੈਟੇਲਾਈਟ ਦੀ ਫੋਟੋ ਦਿੱਤੀ ਜਾ ਰਹੀ ਹੈ, ਉਹ ਮੋਹਾਲੀ ਜ਼ਿਲੇ ਦੀ ਡੇਰਾ ਬੱਸੀ ਤਹਿਸੀਲ ‘ਚ ਪੈਂਦੇ ਲਾਲੜੂ ਮਿਉਂਸੀਪਲ ਹੱਦ ਵਿੱਚੋਂ ਗੁਜ਼ਰਦੀ ਝਰਮਲ ਨਦੀ ਦੀ ਹੈ। ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇ -21 ‘ਤੇ ਦੱਪਰ ਟੋਲ -ਪਲਾਜ਼ੇ ਤੋਂ 2 ਕਿਲੋਮੀਟਰ ਅੱਗੇ ਜਾ ਕੇ ਝਰਮਲ ਨਦੀ ਦਾ ਪੁਲ ਆਉਂਦਾ ਹੈ। ਜੇ ਕੋਈ ਬੰਦਾ ਗੱਡੀ ਦੇ ਸ਼ੀਸ਼ੇ ਬੰਦ ਕਰ ਕੇ ਵੀ ਨਦੀ ਕੋਲੋਂ ਲੰਘਦਾ ਹੈ ਤਾਂ ਨਦੀ ਦੇ ਪਾਣੀ ਦੀ ਸੜੇਹਾਂਦ ਜ਼ਰੂਰ ਉਸ ਨੂੰ ਮਹਿਸੂਸ ਹੁੰਦੀ ਹੈ। ਜਿੱਧਰਲੀ ਹਵਾ ਚੱਲਦੀ ਹੋਵੇ ਉਸ ਪਾਸੇ ਕਈ ਕਿਲੋਮੀਟਰ ਤੱਕ ਨਦੀ ਦੀ ਸੜੇਹਾਂਦ ਹਰੇਕ ਨੂੰ ਜ਼ਰੂਰ ਸੁੰਘਣੀ ਪੈਂਦੀ ਹੈ। ਸੈਟੇਲਾਈਟ ਇਮੇਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਦੀ ਦੇ ਪੁਲ ਤੋਂ ਲੱਗਭੱਗ ਅੱਧਾ ਕਿਲੋਮੀਟਰ ਚੜ੍ਹਦੇ ਪਾਸੇ ਵਾਲੇ ਪਾਸੇ ਵੱਲ ਨਦੀ ਦਾ ਪਾਣੀ ਸਾਫ਼ ਹੈ । ਜਿਉਂ ਹੀ ਝਰਮਲ ਨਦੀ ਦਵਾਈਆਂ ਬਣਾਉਣ ਵਾਲੀ ‘ਪੈਨੇਸ਼ੀਆ’ ਫੈਕਟਰੀ ਕੋਲੋਂ ਲੰਘਦੀ ਹੈ ਤਾਂ ਉਥੋਂ ਹੀ ਪਾਣੀ ਕਾਲਾ ਨਜ਼ਰ ਆਉਣ ਲੱਗਦਾ ਹੈ। ਨਦੀ ਦੇ ਵਹਾਅ ਵੱਲ ਪੈਨੇਸ਼ੀਆ ਦੇ ਨਾਲ ਲੱਗਦੀ ਇੱਕ ਹੋਰ ਦਵਾਈਆਂ ਬਣਾਉਣ ਵਾਲੀ ਫੈਕਟਰੀ ‘ਅਲਫਾ ਡਰੱਗ’ (ਨਵਾਂ ਨਾਂ ਪੰਜਾਬ ਕੈਮੀਕਲ) ਕੋਲੋਂ ਲੰਘਦੀ ਹੈ ਤਾਂ ਨਦੀ ‘ਚ ਪਾਣੀ ਦੀ ਮਿਕਦਾਰ ਵੀ ਵਧ ਜਾਂਦੀ ਹੈ ਤੇ ਪਾਣੀ ਦਾ ਰੰਗ ਹੋਰ ਗੂੜਾ ਕਾਲਾ ਹੋ ਜਾਂਦਾ ਹੈ। ਪੰਜਾਬ ਸਰਕਾਰ ਮੌਕੇ ‘ਤੇ ਜਾ ਕੇ ਦੇਖ ਸਕਦੀ ਹੈ ਕਿ ਝਰਮਲ ਨਦੀ ਦਾ ਪਾਣੀ ਫੈਕਟਰੀਆਂ ਦੇ ਨੇੜੇ ਜਾ ਕੇ ਹੀ ਕਿਉਂ ਕਾਲਾ ਹੋਇਆ? ਇਹ ਵੀ ਦੇਖ ਸਕਦੀ ਹੈ ਕਿ ਫੈਕਟਰੀਆਂ ਨੇੜਿਓਂ ਲੰਘਣ ਤੋਂ ਪਹਿਲਾਂ ਵੀ ਨਦੀ ਦਾ ਪਾਣੀ ਬਦਬੂਦਾਰ ਸੀ? ਜੇ ਸੀ ਤਾਂ ਇਸਦਾ ਕਾਰਨ ਕੀ ਹੈ? ਇਸ ਤੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਛੇ ਸੌ ਏਕੜ ਵਿੱਚ ਲੱਗੀ ਨਾਹਰ ਟੈਕਸਟਾਈਲ ਮਿਲ ਦਾ ਪਾਣੀ ਵੀ ਨਦੀ ਵਿੱਚ ਡਿੱਗਦਾ ਹੈ। ਇਸ ਤੋਂ ਤਿੰਨ ਕਿਲੋਮੀਟਰ ਅੱਗੇ ਜਾ ਕੇ ਇਹ ਨਦੀ ਆਲਮਗੀਰ ਪਿੰਡ ਕੋਲ ਘੱਗਰ ਦਰਿਆ ਵਿੱਚ ਸਮਾ ਜਾਂਦੀ ਹੈ, ਜਿਹੜਾ ਅੱਜ-ਕੱਲ੍ਹ ਸਨਅਤੀ ਮਲ-ਮੂਤਰ ਢੋਣ ਵਾਲਾ ਨਾਲਾ ਬਣ ਕੇ ਹੀ ਰਹਿ ਗਿਆ ਹੈ ਕਿਉਂਕਿ ਇਸਦਾ ਸਾਫ਼ ਪਾਣੀ ਪਿੰਜੌਰ ਕੋਲ ਹਰਿਆਣਾ ਸਰਕਾਰ ਨੇ ਬੰਨ੍ਹ ਮਾਰ ਕੇ ਰੋਕ ਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: