ਚੰਡੀਗੜ੍ਹ(4 ਸਤੰਬਰ 2014): ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹਾਲ ਹੀ ਵਿੱਚ ਪਾਰਟੀ ਦੇ ਨਵੇਂ ਜੱਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ।ਜਿਸ ਵਿੱਚ 7 ਨਵੇ ਸੀਨੀਅਰ ਮੀਤ ਪ੍ਰਧਾਨਾਂ 21 ਮੀਤ ਪ੍ਰਧਾਨਾਂ ਸਮੇਤ ਵੱਖ-ਵੱਖ ਅਹੁਦਿਆਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਵਿੱਚ ਖਾੜਕੂ ਸਮੇਂ ਦੌਰਾਨ ਆਲਮ ਸੈਨਾ ਬਨਾਉਣ ਵਾਲੇ ਬਦਨਾਮ ਪੁਲਿਸ ਅਫਸਰ ਅਜ਼ਹਾਰ ਆਲਮ ਨੂੰ ਵੀ ਬਾਦਲ ਦਲ ਵੱਲੋਂ ਮੀਤ ਪ੍ਰਧਾਨ ਦੇ ਅਹੂਦੇ ਨਾਲ ਨਿਵਾਜ਼ਿਆ ਗਿਆ ਹੈ।
ਇਜ਼ਹਾਰ ਆਲਮ ਖਾੜਕੂਵਾਦ ਸਮੇਂ ਦਾ ਉਹ ਬਦਨਾਮ ਪੁਲਿਸ ਅਫਸਰ ਹੈ, ਜਿਸਨੇ ਉਸ ਸਮੇਂ ਖਾੜਕੂਵਾਦ ਨਾਲ ਨਜਿੱਠਣ ਲਈ ਆਪਣੀ ਖੁਦ ਦੀ ਫੌਜ ਬਨਾਈ ਸੀ, ਜਿਸਨੇ ਖਾੜਕੂਆਂ ਨਾਲ ਸਬੰਧਿਤ ਸਿੱਖ ਪਰਿਵਾਰਾਂ ਨੂੰ ਆਪਣੇ ਜ਼ੁਲਮ ਦਾ ਨਿਸ਼ਾਨਾ ਬਣਾਇਆ ਸੀ।ਆਲਮ ਸੈਨਾ ਬਦਮਾਸ਼ਾਂ ਅਤੇ ਭ੍ਰਿਸ਼ਟ ਪੁਲਿਸ ਕਰਮਚਾਰੀਆਂ ਨੂੰ ਇਕੱਠੇ ਕਰਕੇ ਬਣਾਈ ਗਈ ਸੀ ,ਜਿਸਨੂੰ ਪੰਜਾਬ ਪੁਲਿਸ ਦੀਆਂ ਕਾਲੀਆਂ ਬਿੱਲੀਆਂ ਕਰਕੇ ਜਾਣਿਆਂ ਜਾਂਦਾ ਹੈ।
ਪੰਜਾਬ ਵਿੱਚ ਆਲਮ ਸੈਨਾ ਦੀਆਂ ਕਾਲੀਆਂ ਬਿੱਲੀਆਂ ਦੀਆਂ ਕਰਤੂਤਾਂ ਦਾ ਜ਼ਿਕਰ ਵੀਕੀਲੀਕਸ ਵੱਲੋਂ 19 ਦਸੰਬਰ ਸੰਨ 2005 ਵਿੱਚ ਜਾਰੀ ਕੀਤੀਆਂ ਰਿਪੋਰਟਾਂ ਵਿੱਚ ਵੀ ਹੋਇਆਂ ਸੀ, ਜਿਸ ਵਿੱਚ ਅਮਰੀਕਾ ਵੱਲੋਂ ਭਾਰਤ ਵਿੱਚਲੇ ਉਸਦੇ ਰਾਜਦੂਤ ਕੋਲੋਂ ਇਜ਼ਹਾਰ ਆਲਮ ਦੇ ਸਬੰਧ ਵਿੱਚ ਪੁੱਛੇ ਸਵਾਲ ਦੇ ਭੇਜੇ ਜਬਾਬ ਵਿੱਚ ਕਿਹਾ ਗਿਆ ਸੀ ਕਿ “ਜੰਲਧਰ ਦੇ ਐੱਸ. ਐੱਸ. ਪੀ ਜੋ ਕਿ ਹੁਣ ਐਡੀਸ਼ਨਲ ਪੁਲਿਸ ਮੁੱਖੀ ਦੇ ਅਹੁਦੇ ‘ਤੇ ਤਇਨਾਤ ਹੈ, ਨੇ ਪੰਜਾਬ ਵਿੱਚ ਖਾੜਕੂਵਾਦ ਦੌਰਾਨ 150 ਦੇ ਕਰੀਬ ਬਦਮਾਸ਼ਾਂ ਅਤੇ ਭ੍ਰਿਸ਼ਟ ਅਫਸਰਾਂ ਨੂੰ ਇਕੱਠੇ ਕਰਕੇ ਆਲਮ ਸੈਨਾ ਨਾਮ ਦੀ ਆਪਣੀ ਨਿੱਜ਼ੀ ਫੌਜ ਬਣਾਈ ਹੋਈ ਸੀ।ਇਜ਼ਹਾਰ ਆਲਮ ਦੀ ਇਸ ਆਲਮ ਸੈਨਾ ਨੂੰ ਪੁਰੇ ਪੰਜਾਬ ਵਿੱਚ ਕਿਤੇ ਵੀ ਜਾ ਕੇ ਕੁਝ ਵੀ ਕਰਨ ਦੀ ਖੁੱਲ ਮਿਲੀ ਹੋਈ ਸੀ ਅਤੇ ਇਸ ਵੱਲੋਂ ਹਜ਼ਾਰਾਂ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀ।
ਉਸ ਸਮੇਂ ਦੇ ਪੁਲਿਸ ਮੁਖੀ ਕੇ. ਪੀ ਐੱਸ ਗਿੱਲ ਨੇ ਖੁੱਲੇਆਮ ਆਲਮ ਸੈਨਾ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਸੀ ਕਿ ਇਸ ਤੋਂ ਬਿਨਾਂ ਪੰਜਾਬ ਪੁਲਿਸ ਖਾੜਕੂਵਾਦ ‘ਤੇ ਕਾਬੂ ਨਹੀਂ ਪਾ ਸਕਦੀ ਸੀ”।
ਬਾਦਲ ਦਲ ਵੱਲੋਂ ਸਿੱਖਾਂ ਨੂੰ ਝੂਠੈ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਅਤੇ ਸਿੱਖ ਪਰਿਵਾਰਾਂ ‘ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਇਜ਼ਹਾਰ ਆਲਮ ਦੀ ਪਾਰਟੀ ਦੇ ਮੀਤ ਪ੍ਰਧਾਨ ਵਜੋਂ ਨਿਯੂਕਤੀ ਕਰਨੀ ਬਹੁਤ ਸਾਰੇ ਗੰਭੀਰ ਸਵਾਲਾਂ ਨੂੰ ਜਨਮ ਦਿੰਦੀ ਹੈ ।