ਸਿੱਖ ਖਬਰਾਂ

ਵਿਸ਼ਵ ਹਿੰਦੂ ਪਰਿਸ਼ਦ ਨੇ ਸੰਗਠਨ ਦੇ 50ਵੇਂ ਸਾਲ ਦੇ ਜਸ਼ਨਾਂ ਮੌਕੇ ਕਿਹਾ ਕਿ ਅਯੋਧਿਆ ‘ਚ ਮੰਦਰ ਦੀ ਉਸਾਰੀ ਬਸ ਕੁੱਝ ਦਿਨਾਂ ਦੀ ਗੱਲ

By ਸਿੱਖ ਸਿਆਸਤ ਬਿਊਰੋ

August 11, 2014

ਨਵੀਂ ਦਿੱਲੀ (8 ਅਗੱਸਤ 2014): ਵਿਸ਼ਵ ਹਿੰਦੂ ਪਰਿਸ਼ਦ ਨੇ ਸੰਗਠਨ ਦੇ ਪੰਜਾਹ ਸਾਲਾ ਜ਼ਸ਼ਨਾਂ ਮੌਕੇ ਬਾਬਰੀ ਮਸਜ਼ਿਦ ਦੀ ਜਗਾਂ ‘ਤੇ ਵਿਵਾਦਤ ਰਾਮ ਮੰਦਰ ਬਣਾਉਣ ਲਈ ਗੱਲ ਕਰਦਿਆਂ ਕਿਹਾ ਕਿ ਇਸ ਵਿੱਚ ਕੁਝ ਹੀ ਦਿਨ ਬਾਕੀ ਹਨ।

ਸੀਨੀਅਰ ਵਿਸ਼ਵ ਹਿੰਦੂ ਪਰਿਸ਼ਦ ਆਗੂ ਚੰਪਤ ਰਾਏ ਨੇ ਸੰਗਠਨ ਦੇ ਵਜੂਦ ‘ਚ ਆਉਣ ਦੇ 50 ਸਾਲ ਪੂਰੇ ਹੋਣ ‘ਤੇ ਇਕ ਸਾਲ ਤਕ ਚੱਲਣ ਵਾਲੇ ਜਸ਼ਨਾਂ ਬਾਰੇ ਦਸਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਵਰਗੇ ਦੇਸ਼ ਦੀ ਜ਼ਿੰਦਗੀ ‘ਚ ਕੁੱਝ ਸਾਲਾਂ ਦਾ ਕੋਈ ਮਤਲਬ ਨਹੀਂ ਹੈ, ਜਿਸ ਨੇ ਹਜ਼ਾਰਾਂ ਸਾਲਾਂ ਦਾ ਸੰਘਰਸ਼ ਵੇਖਿਆ ਹੈ।

ਰਾਏ ਨੇ ਪਰਿਸ਼ਦ ਦੇ ਏਜੰਡੇ ‘ਤੇ ਵਿਵਾਦਮਈ ਜ਼ਮੀਨ ‘ਤੇ ਰਾਮ ਮੰਦਰ ਦੀ ਉਸਾਰੀ ਵਰਗੇ ਹੋਰ ਮੁੱਦਿਆਂ ‘ਤੇ ਸਵਾਲਾਂ ਨੂੰ ਜ਼ਿਆਦਾਤਰ ਤਵੱਜੋ ਨਹੀਂ ਦਿਤੀ, ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਉਨ੍ਹਾਂ ਠੰਢੇ ਬਸਤੇ ‘ਚ ਨਹੀਂ ਪਾ ਦਿਤਾ।ਉਨ੍ਹਾਂ ਕਿਹਾ, ”ਮੈਨੂੰ ਲਗਦਾ ਹੈ ਕਿ ਅਯੋਧਿਆ ‘ਚ ਮੰਦਰ ਦੀ ਉਸਾਰੀ ਬਸ ਕੁੱਝ ਦਿਨਾਂ ਦੀ ਗੱਲ ਹੈ। ਦੇਸ਼ ਦੀ ਜ਼ਿੰਦਗੀ ‘ਚ, ਅਤੇ ਹਿੰਦੁਸਤਾਨ 1000 ਸਾਲਾਂ ਦੇ ਸੰਘਰਸ਼ ਤੋਂ ਬਾਅਦ ਵੀ ਜ਼ਿੰਦਾ ਹੈ, ਦੋ , ਚਾਰ, 10 ਜਾਂ 20 ਸਾਲ ਕੋਈ ਮਾਅਨੇ ਨਹੀਂ ਰਖਦੇ।”

ਜ਼ਿਕਰਯੋਗ ਹੈ ਕਿ ਇਸ ਸਮੇਂ ਸਿੱਖਾਂ ਦੇ ਵੱਡੇ ਪੱਧਰ ‘ਤੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਕਤਲ ਕਰਨ ਵਾਲੇ ਪੰਜਾਬ ਪੁਲਿਸ ਦਾ ਸਾਬਕਾ ਮੁਖੀ ਕੇ.ਪੀ.ਐਸ. ਗਿੱਲ ਵੀ ਹਾਜ਼ਰ ਸੀ, ਉਸ ਨੂੰ ਪਰਿਸ਼ਦ ਦੇ ਗੋਲਡਨ ਜੁਬਲੀ ਜਸ਼ਨਾਂ ਦੀ ਕਮੇਟੀ ਦਾ ਮੀਤ ਪ੍ਰਧਾਨ ਬਣਾਇਆ ਗਿਆ। ਗਿੱਲ ਨੇ ਕਿਹਾ ਕਿ ਇਹ ਵਿਸ਼ਵ ਹਿੰਦੂ ਪਰਿਸ਼ਦ ਦੇ 50ਵੇਂ ਸਾਲ ਦੇ ਜਸ਼ਨਾਂ ਦਾ ਮੌਕਾ ਹੈ ਜਿਸ ‘ਚ ਉਨ੍ਹਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: