ਤਰਨ ਤਾਰਨ (5 ਨਵੰਬਰ, 2015): ਤਰਨ ਤਾਰਨ ਦੇ ਐਨ ਨਜ਼ਦੀਕੀ ਪਿੰਡ ਮਲੀਆ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਾਵਨ ਗੁਰਬਾਣੀ ਦੇ ਵੱਡੀ ਗਿਣਤੀ ਵਿਚ ਗੁਟਕਿਆਂ ਦੀ ਬੇਅਦਬੀ ਕਰਕੇ ਖਿਲਾਰ ਦਿੱਤਾ |ਜਿਸ ਕਰਣ ਸਿੱਖ ਸਮਗਤਾਂ ਵਿੱਚ ਭਾਰੀ ਰੋਸ ਦੀ ਲਹਿਰ ਪੈਦਾ ਹੋ ਗਈ।
ਅੱਜ ਸਵੇਰੇ 10 ਕੁ ਵਜੇ ਕਰੀਬ ਪਿੰਡ ਬਾਗੜੀਆਂ ਦੇ ਵਾਸੀ ਦੋਧੀ ਗੁਰਬਿੰਦਰ ਸਿੰਘ ਨੇ ਪਿੰਡ ਮਲੀਆ ਦੇ ਬਾਹਰਵਾਰ ਇਸ ਮੰਦਭਾਗੀ ਘਟਨਾ ਦਾ ਪਤਾ ਲੱਗਣ ‘ਤੇ ਇਸ ਦੀ ਜਾਣਕਾਰੀ ਪਿੰਡ ਦੇ ਮੋਹਤਬਰਾਂ ਨੂੰ ਦਿੱਤੀ ਜਿਸ ‘ਤੇ ਪਿੰਡਾਂ ਦੀ ਸਿੱਖ ਸੰਗਤ ਮੌਕੇ ‘ਤੇ ਪਹੁੰਚ ਗਈ | ਸੰਗਤ ਵੱਲੋਂ ਗੁਰਬਾਣੀ ਦੇ ਗੁਟਕਿਆਂ ਨੂੰ ਸਤਿਕਾਰ ਸਹਿਤ ਇਕ ਜਗ੍ਹਾ ‘ਤੇ ਇਕੱਤਰ ਕੀਤਾ |
ਇਸ ਮੌਕੇ ਸੰਗਤ ਵੱਲੋਂ ਸ਼ਾਮ 5 ਵਜੇ ਤਕ ਘਟਨਾ ਵਾਲੀ ਜਗ੍ਹਾ ‘ਤੇ ਰੋਸ ਧਰਨਾ ਲਗਾ ਕੇ ਆਵਾਜਾਈ ਠੱਪ ਰੱਖੀ | ਧਰਨੇ ‘ਚ ਪੁੱਜੇ ਸਿੱਖ ਪੰਥ ਦੇ ਆਗੂ ਭਾਈ ਸਤਨਾਮ ਸਿੰਘ ਮਨਾਵਾਂ, ਸਾਬਕਾ ਸੰਸਦ ਮੈਂਬਰ ਧਿਆਨ ਸਿੰਘ ਮੰਡ, ਸਿਕੰਦਰ ਸਿੰਘ ਵਰਾਣਾ, ਡਾ: ਗੁਰਜਿੰਦਰ ਸਿੰਘ, ਕੰਵਲਜੀਤ ਸਿੰਘ ਵਣਚੜ੍ਹੀ, ਪਿੰਦੂ ਝਬਾਲ, ਮਨਜੀਤ ਸਿੰਘ ਝਬਾਲ, ਪ੍ਰਗਟ ਸਿੰਘ ਠਰੂ, ਗੁਰਮੀਤ ਸਿੰਘ, ਮਾਨਦੀਪ ਸਿੰਘ ਦੀਨੇਵਾਲ, ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਪੰਥ ਵੱਲੋਂ 10 ਨਵੰਬਰ ਨੂੰ ਬੁਲਾਏ ਗਏ ਸਰਬੱਤ ਖਾਲਸਾ ‘ਚ ਸਿੱਖ ਸੰਗਤ ਦੀ ਹੋਣ ਜਾ ਰਹੀ ਬੇਸ਼ੁਮਾਰ ਸ਼ਮੂਲੀਅਤ ਤੋਂ ਘਬਰਾ ਕੇ ਸੂਬਾ ਸਰਕਾਰ ਸਿੱਖ ਸੰਗਤਾਂ ਦਾ ਧਿਆਨ ਸਰਬੱਤ ਖਾਲਸੇ ਤੋਂ ਹਟਾਉਣ ਦੇ ਮਨੋਰਥ ਨਾਲ ਇਹੋ ਜਿਹੀਆ ਮੰਦਭਾਗੀਆਂ ਘਟਨਾਵਾਂ ਕਰਵਾ ਰਹੀ ਹੈ |
ਇਸ ਮੌਕੇ ਪਿੰਡ ਮਲੀਆ ਵਿਖੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ, ਏ.ਡੀ.ਸੀ. ਬਖਤਾਵਰ ਸਿੰਘ, ਐਸ.ਡੀ.ਐਮ. ਅਨੂਪ੍ਰੀਤ ਕੌਰ, ਐਸ.ਪੀ.ਐਨ.ਕੇ. ਬੇਦੀ, ਡੀ.ਐਸ.ਪੀ. ਸੁਖਵਿੰਦਰ ਸਿੰਘ ਤੋਂ ਇਲਾਵਾ ਐਸ. ਐਚ. ਓ. ਸਿਟੀ ਸੁਖਬੀਰ ਸਿੰਘ, ਐਸ.ਐਚ.ਓ. ਸਦਰ ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਘਟਨਾ ਸਥਾਨ ‘ਤੇ ਪੁੱਜ ਗਏ |
ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਸਿੱਖ ਸੰਗਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਦਿੱਤਾ ਕਿ ਸਿੱਖ ਸੰਗਤ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਤੇ ਪ੍ਰਸ਼ਾਸਨ ਦੇ ਪੰਜ ਅਧਿਕਾਰੀ ਮਿਲ ਕੇ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਬੇਨਕਾਬ ਕਰਨ ਲਈ 9 ਨਵੰਬਰ ਤਕ ਸਾਂਝੀ ਕਾਰਵਾਈ ਕਰਨਗੇ |
ਇਸ ਫੈਸਲੇ ਮਗਰੋਂ ਧਰਨਾ ਚੁੱਕ ਦਿੱਤਾ ਗਿਆ | ਇਸ ਮੌਕੇ ਸਰਪੰਚ ਬਲਰਾਜ ਸਿੰਘ ਬਾਜੂ ਮਲੀਆ, ਹਰਜਿੰਦਰ ਸਿੰਘ ਮਲੀਆ, ਮੈਂਬਰ ਅੰਗਰੇਜ਼ ਸਿੰਘ, ਪ੍ਰਗਟ ਸਿੰਘ ਜੇ.ਈ., ਸਰਵਣ ਸਿੰਘ, ਜਥੇ: ਜੀਤ ਸਿੰਘ, ਹਰਭਜਨ ਸਿੰਘ, ਨਿਸ਼ਾਨ ਸਿੰਘ, ਗੁਰਨਾਮ ਸਿੰਘ ਜੌਹਲ, ਕੰਵਲਜੀਤ ਸਿੰਘ ਪਿ੍ੰਸ, ਨਸੀਬ ਸਿੰਘ, ਦਿਲਬਾਗ ਸਿੰਘ ਬੰਡਾਲਾ, ਚਮਕੌਰ ਸਿੰਘ ਬੰਡਾਲਾ, ਰਵੀਸ਼ੇਰ ਸਿੰਘ, ਸਰਬਜੀਤ ਸਿੰਘ ਪ੍ਰਚਾਰਕ ਹਾਜ਼ਰ ਸਨ |