ਲੇਖ

ਜ਼ਹਿਰੀਲੇ ਹੁੰਦੇ ਜਾ ਰਹੇ ਸਿਆਸੀ ਬਾਣ

December 27, 2011 | By

ਹੇਠਾਂ ਛਾਪੀ ਜਾ ਰਹੀ ਲਿਖਤ ਪਹਿਲਾਂ ਹਫਤਾਵਾਰੀ ਅਖਬਾਰ ਅੰਮ੍ਰਿਤਸਰ ਟਾਈਮਜ਼ ਵਿਚ ਛਪ ਚੁੱਕੀ ਹੈ। ਅਸੀਂ ਪੰਜਾਬ ਨਿਊਜ਼ ਨੈਟਵਰਕ ਦੇ ਪਾਠਕਾਂ ਦੇ ਧਿਆਨ ਹਿਤ ਇਸ ਲਿਖਤ ਨੂੰ ਅੰਮ੍ਰਿਤਸਰ ਟਾਈਮਜ਼ ਵਿਚੋਂ ਧੰਨਵਾਦ ਸਹਿਤ ਲੈ ਕੇ ਇਥੇ ਮੁੜ ਛਾਪ ਰਹੇ ਹਾਂ – ਸੰਪਾਦਕ।

ਸ੍ਰ. ਸੁਖਦੇਵ ਸਿੰਘ ਪੰਜਾਬ ਦੇ ਉਨ੍ਹਾਂ ਸੀਨੀਅਰ ਪੱਤਰਕਾਰਾਂ ਚੋਂ ਹਨ ਜਿਨ੍ਹਾਂ ਨੇ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਪੰਜਾਬ ਦੀ ਸਿਆਸੀ, ਸਮਾਜਿਕ, ਸਭਿਆਚਾਰ ਅਤੇ ਆਰਥਿਕ ਸਥਿੱਤੀ ਨੂੰ ਵੇਖਿਆ/ਸਮਝਿਆ ਹੀ ਨਹੀਂ ਸਗੋਂ ਅਪਣੀਆਂ ਲਿਖਤਾਂ ਰਾਹੀਂ ਆਲੋਚਨਾਤਮਕ ਸੇਧ ਦੇਣ ਦੇ ਸੁਹਿਰਦ ਯਤਨ ਕੀਤੇ ਹਨ। ਜਵਾਨੀ ਵੇਲੇ ਜਲੰਧਰ ਦੇ ਚੇਤੰਨ, ਅਗਾਂਹਵਧੂ ਅਤੇ ਕਰਮਸ਼ੀਲ ਸਰਕਲ ਦਾ ਹਿੱਸਾ ਹੁੰਦੇ ਹੋਏ ਪੱਤਰਕਾਰੀ ਨੂੰ ਅਪਣੇ ਕਿੱਤੇ ਵਜੋਂ ਅਪਣਾਉਣ ਪਿੱਛੋਂ ਇਸ ਸਿਰੜੀ ਅਤੇ ਪ੍ਰਤੀਬੱਧ ਸਖ਼ਸ਼ ਨੇ ਪੰਜਾਬ ਦੇ ਸਰੋਕਾਰਾਂ ਨਾਲ ਅਪਣੇ ਆਪ ਨੂੰ ਇਸ ਕਦਰ ਜੋੜਿਆ ਕਿ ਸਮਾਂ ਆਉਣ ਉੱਤੇ ਨੌਕਰੀ ਦੀ ਥਾਂ ਅਪਣੇ ਸਿਧਾਂਤਾਂ ਉੱਤੇ ਪਹਿਰਾ ਦੇਣ ਨੂੰ ਪਹਿਲ ਦਿੱਤੀ। ‘ਟ੍ਰਿਬਿਊਨ’ ਅਖ਼ਬਾਰ ਵਿਚ ਸੀਨੀਅਰ ਰਿਪੋਰਟਰ ਵਜੋਂ ਕੰਮ ਕਰਦਿਆਂ ਸੁਖਦੇਵ ਸਿੰਘ ਨੇ ਅਨੇਕ ਔਕੜਾਂ ਅਤੇ ਨਿੱਜੀ ਮੁਸ਼ਕਲਾਂ ਦੇ ਬਾਵਜੂਦ ਸੱਤਾ ਅੱਗੇ ਝੁਕਣ ਜਾਂ ਸਮਝੌਤਾਵਾਦੀ ਪਹੁੰਚ ਅਪਣਾਉਣ ਦੀ ਥਾਂ ਹੱਕੀ ਕਾਨੂੰਨੀ ਲੜੀ ਅਤੇ ਜਿੱਤੀੰ । ਪੰਜਾਬ ਦੇ ਖਾੜਕੂ ਸੰਘਰਸ਼ ਦੌਰਾਨ ਪੰਜਾਬ ਦੇ ਭਖ਼ਦੇ ਅਤੇ ਨਾਜ਼ਕ ਮਸਲਿਆਂ ਸਬੰਧੀ ਇਸ ਪੱਤਰਕਾਰ ਨੇ ਅਪਣੇ ‘ਡਿਗਨਿਟੀ’ (ਅੰਗਰੇਜੀ) ਪਰਚੇ ਰਾਹੀਂ ਬੜਾ ਨਿੱਘਰ ਸਪੱਸ਼ਟ ਸਟੈਂਡ ਲੈਂਦਿਆਂ ਸੂਝਵਾਨ ਅਤੇ ਸੰਵੇਦਨਸ਼ੀਲ ਪੰਜਾਬੀਆਂ ਦੇ ਮਨਾਂ ‘ਚ ਅਪਣੀ ਸਨਮਾਨਿਤ ਥਾਂ ਬਣਾਈ ਜਿਹੜੀ ਅੱਜ ਤੱਕ ਬਰਕਰਾਰ ਹੈ। ਕੌਮੀ, ਕੌਮਾਂਤਰੀ ਅਤੇ ਸਥਾਨਕ ਮਸਲਿਆਂ ਪ੍ਰਤੀ ਲਗਾਤਾਰ ਪੜ੍ਹਣ ਲਿਖਣ ਅਤੇ ਅਪਣੀ ਗੱਲ ਬਾਦਲੀਲ ਕਹਿਣ ਵਿੱਚ ਪਰਪੱਕ ਇਸ ਪੱਤਰਕਾਰ ਦੇ ਆਰਟੀਕਲ ਹੁਣ ਵੀ ਗਾਹੇ-ਬਗਾਹੇ ਵੱਖ ਵੱਖ ਅਖ਼ਬਾਰਾਂ ਵਿੱਚ ਛਪਦੇ ਅਤੇ ਬੜੀ ਦਿਲਚਸਪੀ ਨਾਲ ਪੜ੍ਹੇ ਜਾਂਦੇ ਹਨ। ‘ਅੰਮ੍ਰਿਤਸਰ ਟਾਈਮਜ਼’ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸੁਖਦੇਵ ਸਿੰਘ ਨੇ ਭਵਿੱਖ ਵਿੱਚ ਸਾਡੇ ਲਈ ਲਗਾਤਾਰ ਲਿਖਣ ਦਾ ਵਾਅਦਾ ਕੀਤਾ ਹੈ। ਇਸ ਅੰਕ ਤੋਂ ਬਕਾਇਦਾ ਇਨ੍ਹਾਂ ਆਰਟੀਕਲਾਂ ਨੂੰ ਛਾਪਣ ਦੀ ਸ਼ੁਰੂਆਤ ਕਰਦਿਆਂ ਅਸੀਂ ਅਪਣੇ ਪਾਠਕਾਂ ਦੇ ਹੁੰਗਾਰੇ ਦੀ ਵੀ ਉਡੀਕ ਕਰਾਂਗੇ: ਸ੍ਰ. ਦਲਜੀਤ ਸਿੰਘ ਸਰਾਂ, ਸੰਪਾਦਕ, ਅੰਮ੍ਰਿਤਸਰ ਟਾਈਮਜ਼।

– ਸੁਖਦੇਵ ਸਿੰਘ, ਸੀਨੀਅਰ ਪੱਤਰਕਾਰ

ਚੋਣ ਮੁਹਿੰਮਾਂ ਦੌਰਾਨ ਵਿਰੋਧੀਆਂ ਦੇ ਪੈਂਤੜੇ ਫਰੋਲਣੇ ਆਮ ਵਰਤਾਰਾ ਚਲਿਆ ਆ ਰਿਹਾ ਹੈ। ਪਰ ਪੰਜਾਬ ਅਸੈਂਬਲੀ ਦੀਆਂ ਅਗਾਮੀ ਚੋਣਾਂ ਦੇ ਸਬੰਧ ਵਿਚ ਚਲ ਰਹੇ ਪ੍ਰਚਾਰ ਦੇ ਆਸਾਧਾਰਨ ਢੰਗ ਤਰੀਕਿਆਂ ਨੇ ਸਭ ਦਾ ਧਿਆਨ ਖਿਚਿਆ ਹੈ। ਇਸ ਦਾ ਬਹੁਤ ਉਘਾ ਪੱਖ ਇਹ ਹੈ ਕਿ ਪੰਜਾਬ ਦੀਆਂ ਦੋਵਾਂ ਪ੍ਰਮੁੱਖ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਚੋਟੀ ਦੇ ਆਗੂ ਆਪ ਹੀ ਆਪਣੀ ਬੋਲ-ਬਾਣੀ ਵਿਚ ਬਹੁਤ ਨੀਵੀਂ ਪੱਧਰ ਤਕ ਚਲੇ ਗਏ ਹਨ। ਇਸ ਅਫਸੋਸਨਾਕ ਗੱਲ ਦਾ ਇਕ ਸੰਭਾਵਤ ਕਾਰਨ ਇਹ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਨਾ ਤਾਂ ਰਾਜਨੀਤੀ ਨਾਲ ਸਬੰਧਤ ਕੋਈ ਸਿਧਾਂਤਕ ਬਹਿਸ ਛੇੜੀ ਹੈ ਅਤੇ ਨਾ ਹੀ ਉਨ੍ਹਾਂ ਨੇ ਪ੍ਰਾਂਤ ਦੇ 271 ਕਰੋੜ ਲੋਕਾਂ ਨੂੰ ਦਰਪੇਸ਼ ਪ੍ਰਮੁਖ ਸਮੱਸਿਆਵਾਂ ਦੀ ਮੁਨਾਸਬ ਨਿਸ਼ਾਨਦੇਹੀ ਕਰਕੇ ਇਨ੍ਹਾਂ ਦੇ ਹੱਲ ਦੀਆਂ ਸਬੀਲਾਂ ਸੋਚੀਆਂ, ਵਿਚਾਰੀਆਂ ਅਤੇ ਸੁਝਾਈਆਂ ਹਨ। ਸ਼੍ਰੋਮਣੀ ਅਕਾਲੀ ਦਲ ਵਾਲੇ ਪ੍ਰਾਂਤ ਦੇ ਖਾਲੀ ਖਜ਼ਾਨੇ ਨਾਲ ਅਖੌਤੀ ਵਿਕਾਸ ਦੇ ਸੁਪਨੇ ਵਿਖਾ ਰਹੇ ਹਨ। ਪੰਜਾਬ ਕਾਂਗਰਸ ਨੇ ਆਪਣਾ ਚੋਣ ਮਨੋਰਥ ਪੱਤਰ ਤਿਆਰ ਕਰਨ ਦਾ ਸਾਰਾ ਧੰਦਾ ਆਪਣੀ ਹਾਈ ਕਮਾਂਡ ਦੇ ਮੋਢਿਆਂ ਉਪਰ ਸੁੱਟ ਦਿੱਤਾ ਹੈ। ਦੂਜੇ ਸ਼ਬਦਾਂ ਵਿਚ ਸੋਨੀਆ ਗਾਂਧੀ ਅਤੇ ਉਸ ਦਾ ਰਸੋਈ ਮੰਤਰੀ ਮੰਡਲ ਇਸ ਗੱਲੋਂ ਚਿੰਤਤ ਵਿਖਾਈ ਦਿੰਦਾ ਹੈ ਕਿ ਕਿਤੇ ਅਮਰਿੰਦਰ ਸਿੰਘ ਅਤੇ ਉਸ ਦੇ ਸਹਿਯੋਗੀ ਅਜਿਹੇ ਚੋਣ ਵਾਅਦੇ ਨਾ ਕਰ ਦੇਣ ਜਿਹੜੇ ਕਾਂਗਰਸ ਵਲੋਂ ਖਿੱਚੀ ਪੰਜਾਬ ਵਿਰੋਧੀ ‘ਲਛਮਣ ਰੇਖਾ’ ਹੀ ਟੱਪ ਜਾਣ। ਇਸ ਲਈ ਉਸ ਨੇ ਪੰਜਾਬ ਕਾਂਗਰਸ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਦਾ ਕੰਮ ਆਪਣੇ ਹੱਥਾਂ ਵਿਚ ਲੈ ਲਿਆ ਹੈ। ਇਹੀ ਕਾਰਨ ਹੈ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਕੋਲ ਪੰਜਾਬ ਦੇ ਪਾਣੀ ਜਿਹੇ ਅਸਲੀ ਮੁੱਦਿਆਂ ਬਾਰੇ ਕਹਿਣ ਨੂੰ ਕੁਝ ਵੀ ਨਹੀਂ। ਇਸ ਖੱਪੇ ਨੂੰ ਭਰਨ ਲਈ ਉਹ ਹੁਕਮਰਾਨ ਧਿਰ, ਖਾਸ ਤੌਰ ‘ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਵੱਲ ਤੀਰ ਉਤੇ ਤੀਰ ਸੇਧ ਰਹੇ ਅਤੇ ਜ਼ਾਤੀ ਹਮਲੇ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ ਤੱਕ ਸ਼ ਅਮਰਿੰਦਰ ਸਿੰਘ ਛੋਟੇ ਬਾਦਲ ਨੂੰ Ḕਬਲੂੰਗੜਾ’ ਕਹਿੰਦਾ ਸੀ। ਹੁਣ ਉਹ ਵੱਡੇ, ਛੋਟੇ ਬਾਦਲ ਦੋਵਾਂ ਨੂੰ Ḕਚੋਰ’ ਕਹਿੰਦਾ ਹੈ। ਜਦ ਉਸ ਨੂੰ ਕਿਸੇ ਨੇ ਟੋਕਿਆ ਤਾਂ ਸ਼ਅਮਰਿੰਦਰ ਸਿੰਘ ਨੇ ਆਪਣੇ ਆਪ ਦੀ ‘ਦਰੁਸਤੀ’ ਕਰਦਿਆਂ ਦੋਵਾਂ ਬਾਦਲਾਂ ਨੂੰ ਵਧੇਰੇ ਸਨਮਾਨਯੋਗ ਸੰਬੋਧਨ ਨਾਲ Ḕਚੋਰ ਜੀ’ ਕਹਿ ਦਿਤਾ। ਸ਼ ਸੁਖਬੀਰ ਸਿੰਘ ਨੇ ਜਵਾਬੀ ਹਮਲਾ ਕਰਦਿਆਂਕਿਹਾ ਕਿ ਦਰਅਸਲ ਸ਼ਅਮਰਿੰਦਰ ਸਿੰਘ ਦੀ ਇਸ ਹੇਠੀ-ਭਰੀ ਬੋਲਬਾਣੀ ਪਿਛੇ ਉਸ ਦੀ ਪਾਲਣਾ ਪੋਸ਼ਣਾ ਦਾ ਦੋਸ਼ ਹੈ। ਉਂਜ ਵੇਖਿਆ ਜਾਵੇ ਤਾਂ ਇਹ ਕਹਿਣਾ ਗੈਰਵਾਜਬ ਨਹੀਂ ਹੋਵੋਗਾ ਕਿ ਵਧੇਰੇ ਕਾਂਗਰਸੀ ਆਗੂ ਸ਼ਬਦਾਂ ਦੇ ਗੋਲੇ ਸੁਟਦਿਆਂ ਸਭਿਅਕ ਵਿਹਾਰ ਨੂੰ ਛੱਤ ‘ਤੇ ਟੰਗ ਦਿੰਦੇ ਹਨ। ਪਰ ਦੂਜੇ ਪਾਸੇ ਵਰਤਮਾਨ ਅਕਾਲੀ ਹਾਕਮ ਆਪਣੀ ਦੁਸ਼ਮਣੀ ਪੁਲਿਸ ਰਾਹੀਂ ਵਿਰੋਧੀਆਂ ਉਪਰ ਝੂਠੇ-ਸੱਚੇ ਮੁਕੱਦਮੇ ਬਣਵਾ ਕੇ ਕਢਦੇ ਹਨ। ਅਜਿਹੀ ਹਾਲਤ ਵਿਚ ਵਿਰੋਧੀਆਂ ਦੇ ਹੱਥਾਂ ਵਿਚ ਸਿਰਫ ਗੁੱਸੇ-ਭਰੇ ਸ਼ਬਦ-ਬਾਣ ਹੀ ਰਹਿ ਜਾਂਦੇ ਹਨ।

ਉਂਜ ਜੇ ਇਤਿਹਾਸ ਉਪਰ ਨਜ਼ਰ ਮਾਰੀ ਜਾਵੇ ਅਤੇ ਰਾਜਨੀਤੀ ਵਿਚ ਨੀਵੇਂ ਪੱਧਰ ਦੀ ਭਾਸ਼ਾ ਦੀ ਵਰਤੋਂ ਦੀ ਪੈੜ ਕੱਢੀ ਜਾਵੇ ਤਾਂ ਇਹ ਸਿੱਧੀ ਨਹਿਰੂ ਪਰਿਵਾਰ ਦੇ ਘਰ ਤਕ ਪਹੁੰਚ ਜਾਂਦੀ ਹੈ। ਛੇ ਦਹਾਕੇ ਪਹਿਲਾਂ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਹੱਕ ਵਿਚ ਸੰਘਰਸ਼ ਸ਼ੁਰੂ ਕੀਤਾ ਸੀ। ਉਸ ਵੇਲੇ ਪਹਿਲੀ ਵਾਰ ਪੰਡਤ ਜਵਾਰ ਲਾਲ ਨਹਿਰੂ ਨੇ ਚਿੜ ਕੇ ਮਾਸਟਰ ਜੀ ਜਿਹੇ ਸਨਮਾਨਿਤ ਸਿੱਖ ਆਗੂ ਨੂੰ ‘ਬੇਵਕੂਫ਼ ਵਿਅਕਤੀ’ ਦਸਿਆ ਸੀ। ਇਸੇ ਪ੍ਰਵਿਰਤੀ ਨੂੰ ਪੰਜਾਬ ਦੇ ਸਿੱਖ ਕਾਂਗਰਸੀ ਆਗੂ ਅੱਗੇ ਤੋਰਦੇ ਰਹੇ ਅਤੇ ਅਜਿਹਾ ਕਰਕੇ ਨਹਿਰੂ ਪਰਿਵਾਰ ਵਾਲਿਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੇ। ਮਿਸਾਲ ਵਜੋਂ ਸ਼ ਪ੍ਰਤਾਪ ਸਿੰਘ ਕੈਰੋਂ ਪਬਲਿਕ ਮੀਟਿੰਗਾਂ ਵਿਚ ਮਾæ ਤਾਰਾ ਸਿੰਘ ਅਤੇ ਹੋਰਨਾਂ ਆਗੂਆਂ ਨੂੰ ਧਮਕੀਆਂ ਭਰੀ ਭਾਸ਼ਾ ਵਿਚ ‘ਤੁੰਨ ਦੇਊਂਗਾ’ ਜਿਹੇ ਸ਼ਬਦ ਵਰਤਣੋ ਸੰਕੋਚ ਨਹੀਂ ਕਰਦੇ ਸਨ। ਸ਼ ਪ੍ਰਤਾਪ ਸਿੰਘ ਕੈਰੋਂ ਦੇ ਭਾਸ਼ਨਾਂ ਵਿਚ ਤਾਂ ਫਿਰ ਵੀ ਆਮ ਤੌਰ ‘ਤੇ ਕੋਈ ਦਲੀਲ ਜਾਂ ਤੁਕ ਹੁੰਦਾ ਸੀ ਪਰ ਸ਼ ਦਰਬਾਰਾ ਸਿੰਘ ਦੇ ਭਾਸ਼ਨਾਂ ਦੀ ਮੁੱਖ ਸਮੱਗਰੀ ਹੀ ਅਕਾਲੀ ਵਿਰੋਧੀ ਗਾਲਾਂ ਸਨ। ਦੁੱਖ ਦੀ ਗੱਲ ਇਹ ਹੈ ਕਿ ਜਿੰਨੀਆਂ ਵਧ ‘ਚੋਂਦੀਆਂ ਚੋਂਦੀਆਂ’ ਗਾਲਾਂ ਸ਼ ਦਰਬਾਰਾ ਸਿੰਘ ਕੱਢਦਾ ਸੀ, ਉਸ ਦੇ ਪੰਜਾਬੀ ਹਿੰਦੂ ਸਰੋਤੇ ਉਨਾ ਹੀ ਵਧੇਰੇ ਉਸ ਲਈ ਤਾੜੀਆਂ ਮਾਰਦੇ ਸਨ। ਅਕਾਲੀਆਂ ਬਾਰੇ ਗਿਆਨੀ ਜ਼ੈਲ ਸਿੰਘ ਦੀ ਭਾਸ਼ਾ ਵਿਚ ਚੋਖੀ ਸ਼ਾਇਸਤਗੀ ਹੁੰਦੀ ਸੀ ਪਰ ਉਸ ਨੂੰ ਉਸੇ ਹੱਦ ਤਕ ਦਿੱਲੀ ਵਾਲੇ ਸ਼ੱਕ ਦੀ ਨਜ਼ਰੇ ਵੇਖਦੇ ਸਨ।

ਪੰਜਾਬ ਅੰਦਰ ਵਿਆਪਕ ਸਿੱਖ ਕਤਲੇਆਮ ਦੀ ਤਿਆਰੀ ਵਜੋਂ ਜਦ ਕੇਂਦਰ ਨੇ 1991 ਵਿਚ ਕਿਸੇ ਕਾਂਗਰਸੀ ਸਿੱਖ ਦੀ ਮੁੱਖ ਮੰਤਰੀ ਵਜੋਂ ਭਾਲ ਸ਼ੁਰੂ ਕੀਤੀ ਤਾਂ ਮੁੱਖ ਮਾਪ ਦੰਡ ਇਹੀ ਰਖਿਆ ਕਿ ਕੋਈ ਕਿੰਨਾ ਵੱਡਾ ਧੱਕੜ ਹੋ ਸਕਦਾ ਹੈ। ਅਜਿਹੇ ਤਿੰਨ ਚਾਰ ਨਾਵਾਂ ਵਿਚੋਂ ਸਭ ਤੋਂ ਉਪਰ ਉਹੀ ਰਖਿਆ ਜਿਹੜਾ ਸਭਿਅਕ ਵਿਹਾਰ ਨੂੰ ਬਹੁਤ ਦੂਰੀ ਤੋਂ ਸਲਾਮ ਕਰ ਸਕਦਾ ਹੋਵੇ। ਜਦ ਰਾਜਨੀਤੀ ਵਿਚ ਕੋਈ ਜ਼ਾਤੀਆਤ ਉਪਰ ਉਤਰ ਆਉਂਦਾ ਹੈ ਅਤੇ ਆਪਣੀ ਦਿੱਖ ਇਕ ਉੱਜਡ ਆਗੂ ਵਾਲੀ ਬਣਾ ਲੈਂਦਾ ਹੈ ਤਾਂ ਉਸ ਦੇ ਓਨੇ ਹੀ ਵਧੇਰੇ ਜ਼ਾਤੀ ਦੁਸ਼ਮਣ ਪੈਦਾ ਹੋ ਜਾਂਦੇ ਹਨ ਅਤੇ ਅਜਿਹੇ ਆਗੂ ਜਵਾਬੀ ਹਿੰਸਾ ਦਾ ਸ਼ਿਕਾਰ ਹੋ ਜਾਂਦੇ ਹਨ।

ਇਹ ਗੱਲ ਨਹੀਂ ਕਿ ਅਕਾਲੀ ਆਗੂ ਸਦਾ ਦੁੱਧ-ਧੋਤੇ ਅਤੇ ਸਭਿਅਕ ਰੰਗ ਵਿਚਰੰਗੇ ਮਿਲਦੇ ਹਨ। 1971 ਵਿਚ ਜਦ ਕਾਂਗਰਸ ਨੇ ਅਕਾਲੀ ਦਲ ਅਸੈਂਬਲੀ ਪਾਰਟੀ ਅੰਦਰ ਸੰਨ੍ਹ ਲਾ ਕੇ ਇਕ ਤਕੜਾ ਧੜਾ ਤੋੜ ਲਿਆ ਤਾਂ ਅਗਵਾਈ ਦਾ ਮੁੱਦਾ ਸਾਹਮਣੇ ਉਭਰਿਆ। ਸ਼ ਲਛਮਣ ਸਿੰਘ ਗਿੱਲ ਪਟਿਆਲਾ ਰਿਆਸਤ ਦੇ ਸਾਬਕ ਹੁਕਮਰਾਨ ਅਤੇ ਸ਼ ਅਮਰਿੰਦਰ ਸਿੰਘ ਦੇ ਪਿਤਾ ਸ਼ ਯਾਦਵਿੰਦਰ ਸਿੰਘ ਨੂੰ ਆਪਣਾ ਸ਼ਰੀਕ ਸਮਝਦੇ ਸਨ। ਇਕ ਮੀਟਿੰਗ ਵਿਚ ਸ਼ ਗਿੱਲ ਨੇ ਸ਼ ਯਾਦਵਿੰਦਰ ਸਿੰਘ ਦੀ ਇਹ ਕਹਿ ਕੇ ਹੇਠੀ ਕੀਤੀ ਕਿ ‘ਲੰਮੇ ਆਦਮੀਆਂ ਦੀ ਮੱਤ ਉਨ੍ਹਾਂ ਦੇ ਗਿੱਟਿਆਂ ਵਿਚ ਹੁੰਦੀ ਹੈ।’ ਸ਼ ਯਾਦਵਿੰਦਰ ਸਿੰਘ ਨੇ ਇਹ ਹੇਠੀ ਚੁੱਪ ਕਰਕੇ ਸਹਾਰ ਲਈ।

ਸ਼ ਅਮਰਿੰਦਰ ਸਿੰਘ ਬਾਰੇ ਇਹ ਕਹਿਣਾ ਕਿ ਉਸ ਦੀ ਪਾਲਣਾ ਪੋਸ਼ਣਾ ਗਲਤ ਹੋਈ ਹੈ, ਇਕ ਊਂਜ ਤੋਂ ਵੱਧ ਕੁਝ ਨਹੀਂ। ਸੱਚਾਈ ਇਹ ਹੈ ਕਿ ਆਪਣੇ ਨਿਜੀ ਵਿਹਾਰ ਵਿਚ ਸ਼ ਅਮਰਿੰਦਰ ਸਿੰਘ ਪਰਾਇਆਂ ਨੂੰ ਵੀ ਮੋਹ ਲੈਂਦਾ ਹੈ। ਪਰ ਉਸ ਦੀ ਮੁਸ਼ਕਲ ਇਹ ਹੈ ਕਿ ਅਕਾਲੀ ਆਗੂਆਂ ਵਿਰੁਧ ਜ਼ਾਤੀ ਪੱਧਰ ‘ਤੇ ਸਖ਼ਤ ਭਾਸ਼ਾ ਦੀ ਵਰਤੋਂ ਕਾਂਗਰਸੀ ਸਿੱਖਾਂ ਦੀ ਕੇਂਦਰ ਪ੍ਰਤੀ ਵਫਾਦਾਰੀ ਦਾ ਮਾਪ-ਦੰਡ ਬਣ ਗਿਆ ਹੈ। ਗ਼ਲਤ ਜਾਂ ਠੀਕ, ਇਸ ਗੱਲ ਵਿਚ ਨਾ ਪੈਂਦੇ ਹੋਏ, ਅਮਰਿੰਦਰ ਸਿੰਘ ਦੀ ਦਿਖ ਪਿਛਲੇ ਕੁਝ ਅਰਸੇ ਤੋਂ ਇਹ ਬਣ ਗਈ ਸੀ ਕਿ ਉਸ ਨੇ ਕਥਿਤ ‘ਸਿੱਖ ਏਜੰਡਾ’ ਆਪਣੇ ਮੋਢਿਆਂ ਉਪਰ ਚੁਕਿਆ ਹੋਇਆ ਹੈ। ਕੋਈ ਕਾਂਗਰਸੀ Ḕਸਿੱਖ ਏਜੰਡੇ’ ਦੇ ਬਲਬੂਤੇ ਪੰਜਾਬ ਦਾ ਆਗੂ ਨਹੀਂ ਬਣਾਇਆ ਜਾ ਸਕਦਾ।

ਸਿੱਖ ਏਜੰਡੇ ਵਾਲਾ ਪ੍ਰਚਾਰ ਸ਼ ਅਮਰਿੰਦਰ ਸਿੰਘ ਲਈ ਇਕ ਊਂਜ ਬਣ ਗਿਆ। ਇਸ ਦਾ ਧੋਣਾ ਧੋਣ ਲਈ ਹੀ ਉਸ ਨੇ ਸੁਖਬੀਰ ਸਿੰਘ ਨੂੰ ਆਪਣੇ ‘ਅਭਿਨੰਦਨਾਂ’ ਦਾ ਪਾਤਰ ਬਣਾਇਆ। ਕਾਂਗਰਸ ਅੰਦਰ ਆਪਣੀ ਠੁੱਕ ਬਣਾਈ ਰੱਖਣ ਦਾ ਇਹ ਫਾਰਮੂਲਾ ਸ਼ ਪ੍ਰਤਾਪ ਸਿੰਘ ਕੈਰੋਂ ਨੇ ਕਈ ਸਾਲਾਂ ਤਕ ਬੜੀ ਸਫਲਤਾ ਸਹਿਤ ਅਪਣਾਇਆ। ਅਮਰਿੰਦਰ ਸਿੰਘ ਸ਼ ਕੈਰੋਂ ਵਾਲੀ ਕਿਤਾਬ ਦਾ ਹੀ ਉਹ ਅਧਿਆਏ ਪੜ੍ਹਨ ਵਿਚਾਰਨ ਵਿਚ ਰੁਝਿਆ ਹੋਇਆ ਹੈ।

ਕੁਝ ਵੀ ਹੋਵੇ ਪੰਜਾਬ ਦੀ ਪਹਿਲਾਂ ਹੀ ਬੜੀ ਉਲਝੀ, ਦਿਸ਼ਾਹੀਣ ਅਤੇ ਨਿੱਜੀ ਹਿੱਤਾਂ ਦਾ ਸ਼ਿਕਾਰ ਹੋਈ ਸਿਆਸੀ ਫਿਜ਼ਾ ਨੂੰ ਰਾਜਸੀ ਨੇਤਾਵਾਂ ਦੇ ਇਹ ਨੋਕੀਲੇ ਅਤੇ ਤਿੱਖੇ ਤੀਰ ਹੋਰ ਜ਼ਹਿਰੀਲੀ ਕਰ ਰਹੇ ਨੇ । ਵਰ੍ਹਿਆਂ ਤੋਂ ਜਖ਼ਮੀ ਹੋਏ ਪੰਜਾਬ ਨੂੰ ਹੋਰ ਤਬਾਹੀ ਤੋਂ ਬਚਾਉਣ ਲਈ ਮਿਰਚ ਮਸਾਲੇ ਵਾਲੀ ਸਿਆਸੀ ਭਾਸ਼ਾ ਦੀ ਥਾਂ ਸਿਆਣਪ ਭਰੀ ਪਹੁੰਚ ਅਪਣਾਏ ਜਾਣ ਦੀ ਬੜੀ ਹੀ ਲੋੜ ਹੈ।

Short URL: http://www.amritsartimes.com/?p=10395

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: