ਸਿੱਖ ਖਬਰਾਂ

ਫਾਂਸੀ ਦੇ ਐਲਾਨ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਪਿੰਡ ਰਾਜੋਆਣਾ ਖ਼ਾਲਸਾਈ ਰੰਗ ਵਿਚ ਰੰਗਿਆ

March 18, 2012 | By

ਰਾਜੋਆਣਾ/ਲੁਧਿਆਣਾ, ਪੰਜਾਬ (18 ਮਾਰਚ, 2012): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕਰਨ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੀ ਤਰੀਕ ਐਲਾਨ ਹੋ ਚੁਕੀ ਹੈ। ਫਾਂਸੀ ਲਈ 31 ਮਾਰਚ ਦਾ ਦਿਨ ਤੈਅ ਹੋਣ ਤੋਂ ਬਾਅਦ ਪਿੰਡ ਰਾਜੋਆਣਾ ਕਲਾਂ ਦੇ ਘਰਾਂ ਉੱਪਰ ਕੇਸਰੀ ਝੰਡੇ ਲਹਿਰਾ ਰਹੇ ਹਨ।

ਜ਼ਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਨੇ ਇਸ ਮਾਮਲੇ ਦੇ ਸ਼ੁਰੂ ਤੋਂ ਹੀ ਕੋਈ ਕਾਨੂੰਨ ਚਾਰਾਜੋਈ ਨਹੀਂ ਕੀਤੀ ਅਤੇ ਅਪਣੇ ਪਰਵਾਰ ਤੇ ਸਿੱਖ ਪੰਥ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੇ ਜੋ ਕੀਤਾ ਹੈ, ਸਹੀ ਕੀਤਾ ਹੈ। ਉਨ੍ਹਾਂ ਵਾਰ-ਵਾਰ ਇਹੀ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਕੀਤੀ ਦਾ ਰੱਤੀ ਭਰ ਵੀ ਅਫ਼ਸੋਸ ਨਹੀਂ, ਕਿਉਂਕਿ ਉਨ੍ਹਾਂ ਕਿਸੇ ਮਜਲੂਮ ਜਾਂ ਨਿਰਦੋਸ਼ ਉੱਤੇ ਵਾਰ ਨਹੀਂ ਕੀਤਾ ਬਲਕਿ ਜਾਲਮ ਦਾ ਨਾਸ ਕੀਤਾ ਹੈ।

ਪਿੰਡ ਰਾਜੋਆਣਾ ਕਲਾਂ ਦੇ ਘਰਾਂ ਉੱਤੇ ਝੂਲ ਰਹੇ ਖਾਲਸਈ ਨਿਸ਼ਾਨ

ਮੀਡੀਆ ਖਬਰਾਂ ਮੁਤਾਬਕ ਭਾਈ ਬਲਵੰਤ ਸਿੰਘ ਦੇ ਚਾਚਾ ਅਵਤਾਰ ਸਿੰਘ ਅਤੇ ਉੇਨ੍ਹਾਂ ਦੇ ਵੱਡੇ ਭਰਾ ਕੁਲਵੰਤ ਸਿੰਘ ਨੇ ਅਖਬਾਰੀ ਨੁਮਾਇੰਦਿਆਂ ਨੂੰ ਦਸਿਆ ਕਿ ਉਨ੍ਹਾਂ ਨੂੰ ਇਸ ਹਤਿਆ ਕਾਂਡ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਫਿਰ ਵੀ ਪੁਲਿਸ ਨੇ ਸਾਡੇ ਪਰਵਾਰ ਉਪਰ ਜ਼ੁਲਮ ਕੀਤੇ। ਪਰਵਾਰ ਲੁਕ ਛਿਪ ਕੇ ਦਿਨ ਕਟਦਾ ਰਿਹਾ ਅਤੇ ਅੱਜ ਤਕ ਕੁਲਵੰਤ ਸਿੰਘ ਦੀ ਸਰੀਰਕ ਹਾਲਤ ਠੀਕ ਨਹੀਂ ਹੈ।

ਪਰਵਾਰ ਦੇ ਦਸਣ ਮੁਤਾਬਕ ਭਾਈ ਬਲਵੰਤ ਸਿੰਘ ਦੀ ਦਿਲੀ ਇੱਛਾ ਹੈ ਕਿ ਉਨ੍ਹਾਂ ਦੇ ਨਾਂ ’ਤੇ ਰਾਜਨੀਤੀ ਨਾ ਕੀਤੀ ਜਾਵੇ ਅਤੇ ਜਿਸ ਦਿਨ ਉਨ੍ਹਾਂ ਨੂੰ ਸਜ਼ਾ ਹੋਵੇ ਤਾਂ ਜਿਥੇ ਵੀ ਖ਼ਾਲਸਾ ਸੋਚ ਵਾਲੇ ਬੈਠੇ ਹਨ, ਉਹ ਅਪਣੇ ਘਰਾਂ ਉਪਰ ਖ਼ਾਲਸਾਈ ਝੰਡੇ ਜ਼ਰੂਰ ਲਹਿਰਾਉਣ। ਪਿੰਡ ਰਾਜੋਆਣਾ ਕਲਾਂ ਦੇ ਘਰਾਂ ਉਪਰ ਖ਼ਾਲਸਾਈ ਝੰਡੇ ਝੂਲ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: