ਜਖਮ ਨੂੰ ਸੂਰਜ ਬਣਨ ਦਿਓ...

ਤੀਜਾ ਘੱਲੂਘਾਰਾ (ਦਰਬਾਰ ਸਾਹਿਬ ‘ਤੇ ਫੌਜੀ ਹਮਲਾ) – ਸ੍ਰ. ਅਜਮੇਰ ਸਿੰਘ

June 3, 2014 | By

” ਜੁਝਾਰੂ ਸਿੰਘਾਂ ਦੇ ਨੈਤਿਕ ਪੱਖ ਵਾਲਾ ਪਲੜਾ ਕਿਤੇ ਵੱਧ ਵਜ਼ਨਦਾਰ ਸੀ। ਭਾਰਤੀ ਫੌਜ ਕਹਿਣ ਨੂੰ ਭਾਵੇਂ ਦੇਸ ਦੇ ਹਿਤਾ ਦੀ ਰੱਖਿਆ ਦੀ ਲੜਾਈ ਲੜ ਰਹੀ ਸੀ ਪਰ ਅਸਲੀਅਤ ਵਿਚ ਉਹ ਦੇਸ ਦੇ ਨਹੀਂ, ਦੇਸ ਦੇ ਧਿੰਗਾਣੇ ਹਾਕਮਾਂ ਦੇ ਪੱਖ ਦੀ ਲੜਾਈ ਲੜ ਰਹੀ ਸੀ। ਇਹ ਪੱਖ ਪੁੱਜ ਕੇ ਝੂਠਾ ਤੇ ਬੇਨਿਆਈਂ ਸੀ। ਇਸ ਦੀ ਤੁਲਨਾ ਵਿਚ ਸਿੱਖ ਜੁਝਾਰੂ ਜਿਸ ਕਾਜ਼ ਲਈ ਲੜ ਰਹੇ ਸਨ ਉਹ ਸੱਚਾ ਤੇ ਨਿਆਈਂ ਸੀ। ਉਹ ਆਪਣੇ ਧਰਮ ਤੇ ਸਭਿਆਚਾਰ ਦੀ ਰਾਖੀ ਲਈ ਲੜ ਰਹੇ ਸਨ, ਕਿਸੇ ਦੇ ਧਰਮ ਤੇ ਸਭਿਆਚਾਰ ਨੂੰ ਉਜਾੜਨ ਲਈ ਨਹੀਂ। ਉਹ ਆਪਣੇ ਹੱਕਾਂ ਦੀ ਰਾਖੀ ਲਈ ਲੜ ਰਹੇ ਸਨ, ਕਿਸੇ ਦੇ ਹੱਕਾਂ ਨੂੰ ਲਿਤਾੜਨ ਲਈ ਨਹੀਂ। ਉਨ੍ਹਾਂ ਅੰਦਰ ਲੜਨ ਦਾ ਨਿਸ਼ਕਾਮ ਜਜ਼ਬਾ ਸੀ, ਜੂਝ ਮਰਨ ਦਾ ਦ੍ਰਿੜ੍ਹ ਨਿਸ਼ਚਾ ਸੀ ਅਤੇ ਆਪਣੇ ਗੁਰੂ ਦੇ ਚਰਨਾਂ ਵਿਚ ਸ਼ਹੀਦ ਹੋ ਜਾਣ ਦਾ ਨਿਰਮਲ ਚਾਉ ਸੀ। ਇਸ ਕਰਕੇ ਸਿੰਘਾਂ ਨੇ ਆਪਣੀ ਮੂਲੋਂ ਹੀ ਥੋੜ੍ਹੀ ਨਫ਼ਰੀ ਤੇ ਮਾੜੇ ਹਥਿਆਰਾਂ ਦੇ ਬਾਵਜੂਦ ਭਾਰਤੀ ਫੌਜ ਦੇ ਹੱਲੇ ਨੂੰ ਬੁਰੀ ਤਰ੍ਹਾਂ ਪਛਾੜ ਕੇ ਰੱਖ ਦਿੱਤਾ।”

ਇੰਦਰਾ ਗਾਂਧੀ ਨੇ ਬਹੁਤ ਚਿਰ ਪਹਿਲਾਂ ਹੀ ਆਪਣੇ ਨਜ਼ਦੀਕੀ ਸਲਾਹਕਾਰਾਂ ਨਾਲ ਰਾਇ-ਮਸ਼ਵਰਾ ਕਰਕੇ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਦਾ ਨਿਰਣਾ ਕਰ ਲਿਆ ਹੋਇਆਂ ਸੀ। ਉਸ ਨੇ ਭਾਰਤੀ ਫੌਜ ਦੇ ਤਤਕਾਲੀਨ ਮੁੱਖੀ ਜਨਰਲ ਏ.ਐਸ. ਵੈਦਿਆ ਨੂੰ, ਕੋਈ ਸਾਢੇ ਪੰਜ ਮਹੀਨੇ ਪਹਿਲਾਂ, 15 ਜਨਵਰੀ ਨੂੰ ਸੈਨਾ ਦਿਵਸ ਦੇ ਮੌਕੇ ਆਪਣੇ ਇਸ ਫੈਸਲੇ ਦੀ ਸੂਹ ਦੇ ਦਿੱਤੀ ਸੀ

ਉਸ ਤੋਂ ਝੱਟ ਹੀ ਬਾਅਦ ਪੱਛਮੀ ਕਮਾਨ ਦੀ ਪੈਰਾ ਬਰਗੇਡ ਡਿਵੀਜ਼ਨ ਦੀ ਫਸਟ ਬਟਾਲੀਅਨ ਦੇ ਕਮਾਂਡੋਆਂ ਨੂੰ ਚਕਰਾਤਾ (ਦੇਹਰਾਦੂਨ ਨੇੜੇ) ਤੇ ਸਰਸਾਵਾ (ਸਹਾਰਨਪੁਰ) ਵਿਖੇ ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਦਰਬਾਰ ਸਾਹਿਬ ਸਮੂਹ ਨਾਲ ਮਿਲਦੀ-ਜੁਲਦੀ ਨਕਲੀ ਇਮਾਰਤ ਤਿਆਰ ਕਰਕੇ ਇਸ ਉਤੇ ਧਾਵਾ ਬੋਲਣ ਦਾ ਉਚੇਚਾ ਅਭਿਆਸ ਕਰਵਾਇਆ ਗਿਆ ਸੀ।

ਹਮਲੇ ਦੀ ਮਿਥੀ ਹੋਈ ਤਰੀਕ ਨੇੜੇ ਢੁਕਦਿਆਂ ਹੀ ਜਨਰਲ ਏ.ਐਸ. ਵੈਦਿਆ ਨੂੰ, ਜੋ ਉਸ ਵੇਲੇ ਕਸ਼ਮੀਰ ਅੰਦਰ ਛੁਟੀਆਂ ਮਨਾ ਰਿਹਾ ਸੀ, ਫੌਰਨ ਦਿਲੀ ਸੱਦ ਲਿਆ ਗਿਆ। ਮਈ ਦੇ ਆਖਰੀ ਦਿਨਾਂ ’ਚ ਭਾਰਤੀ ਫੌਜ ਦੀਆਂ ਚੁਣਵੀਆਂ ਟੁਕੜੀਆਂ ਇਕ-ਇਕ ਕਰਕੇ ਅੰਮ੍ਰਿਤਸਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਪੰਜਾਬ ਅੰਦਰ ਫੌਜ ਭੇਜਣ ਦੇ ਅਸਲੀ ਮੰਤਵ ਨੂੰ ਛੁਪਾਉਣ ਲਈ ਬਾਹਰੀ ਪ੍ਰਭਾਵ ਇਹ ਦਿੱਤਾ ਗਿਆ ਕਿ ਸਰਹੱਦੋਂ ਪਾਰ ਘੁਸਪੈਠ ਬੰਦ ਕਰਨ ਲਈ ਫੌਜ ਸਰਹੱਦ ਉਤੇ ਤੈਨਾਤ ਕਰਨ ਲਈ ਭੇਜੀ ਜਾ ਰਹੀ ਸੀ।

ਪੱਛਮੀ ਕਮਾਨ ਦੀ ਆਹਲਾ ਦਰਜੇ ਦੀ ਤੋਪਖਾਨਾ ਡਵੀਜ਼ਨ 30 ਮਈ ਨੂੰ ਹੀ ਸੜਕ ਰਸਤੇ ਅੰਮ੍ਰਿਤਸਰ ਪਹੁੰਚ ਗਈ ਸੀ। ਹੈਦਰਾਬਾਦ ਤੇ ਰਾਂਚੀ ਤੋਂ ਚੋਣਵੇਂ ਫੌਜੀ ਦਸਤਿਆਂ ਨੂੰ ਹਵਾਈ ਜਹਾਜ਼ਾਂ ਦੇ ਜ਼ਰੀਏ ਅੰਮ੍ਰਿਤਸਰ ਢੋਇਆ ਗਿਆ। ਸਮੁੰਦਰੀ ਫੌਜ ਦੇ ਅੱਵਲ ਦਰਜੇ ਦੇ ਗੋਤਾਖੋਰ ਹਵਾਈ ਜਹਾਜ਼ ਰਾਹੀਂ ਬੰਬਈ ਤੋਂ ਅੰਮ੍ਰਿਤਸਰ ਪਹੁੰਚਾਏ ਗਏ।

ਫੌਜ ਦੇ ਉਚੇਚੇ ਸਿਖਾਏ ਹੋਏ ਕੁੱਤੇ ਜੌਰਹਟ ਤੋਂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਭੇਜੇ ਗਏ। ਹਮਲੇ ਦੀ ਸਮੁੱਚੀ ਅਗਵਾਈ ਪੱਛਮੀ ਕਮਾਨ ਦੇ ਜਨਰਲ ਆਫੀਸਰ ਕਮਾਂਡਿੰਗ-ਇਨ-ਚੀਫ ਕੇ. ਸੁੰਦਰਜੀ ਨੂੰ ਸੌਂਪੀ ਗਈ ਸੀ। ਪੱਛਮੀ ਕਮਾਨ ਦੇ ਚੀਫ਼ ਔਫ਼ ਸਟਾਫ਼ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨੂੰ ਸਾਰੀ ਯੋਜਨਾ ਤੇ ਕਾਰਵਾਈ ਦਾ ਮੁੱਖ ਸੰਚਾਲਕ ਬਣਾਇਆ ਗਿਆ ਸੀ।

ਦਰਬਾਰ ਸਾਹਿਬ ਉਤੇ ਫੌਜੀ ਹੱਲਾ ਬੋਲ ਕੇ ਕਬਜ਼ਾ ਜਮਾਉਣ ਦੀ ਮੁਹਿੰਮ ਦੀ ਅਗਵਾਈ ਵੀ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨਾਂ ਦੇ ਇਕ ਮੋਨੇ ਸਿੱਖ ਨੂੰ ਸੌਂਪੀ ਗਈ ਸੀ। ਇਹ ਪਾਪ ਵੱਧ ਤੋਂ ਵੱਧ ਗਿਣਤੀ ਵਿਚ ਸਿੱਖ ਜਰਨੈਲਾਂ ਦੇ ਹੱਥੋਂ ਕਰਾਉਣ ਦਾ ਨਿਰਣਾ ਹਿੰਦੂ ਹਾਕਮਾਂ ਦੀ ਚਾਣਕੀਆ ਨੀਤੀ ’ਚੋਂ ਨਿਕਲਿਆ ਸੀ, ਜਿਸ ਦਾ ਮਕਸਦ ਆਪਣੀ ਫਿਰਕੂ ਖਸਲਤ ਨੂੰ ਲੁਕੌਣਾ ਸੀ। ਦੂਜਾ, ਇਸ ਨਾਲ ਸਿੱਖਾਂ ਨੂੰ ਦੁਨੀਆਂ ਦੀਆਂ ਨਜ਼ਰਾਂ ਵਿਚ ਜਿੱਚ ਕਰਨਾ ਸੀ।

ਦੋ ਜੂਨ ਨੂੰ ਜਨਰਲ ਦਿਆਲ ਨੇ ਪੰਜਾਬ ਦੇ ਰਾਜਪਾਲ ਬੀ.ਡੀ. ਪਾਂਡੇ ਦੇ ਸਲਾਹਕਾਰ ਦਾ ਕਾਰਜ ਭਾਗ ਸੰਭਾਲ ਲਿਆ। ਅਸਲ ਵਿਚ ਜਨਰਲ ਦਿਆਲ ਸਿਰਫ਼ ਕਹਿਣ ਨੂੰ ਹੀ ‘ਸਲਾਹਕਾਰ’ ਸੀ। ਸੱਚ ਇਹ ਸੀ ਕਿ ਪੰਜਾਬ ਨੂੰ ਪੂਰਨ ਤੌਰ ’ਤੇ, ਸਾਰੇ ਪੱਖਾਂ ਤੋਂ, ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਜਨਰਲ ਦਿਆਲ ਇਸ ਫੌਜੀ ਰਾਜ ਦਾ ਪ੍ਰਮੁੱਖ ਨੁਮਾਇੰਦਾ ਤੇ ਕਰਤਾ-ਧਰਤਾ ਸੀ। ਰਾਜਪਾਲ ਪਹਿਲਾਂ ਵੀ ਸਿਰਫ਼ ਦਿਖਾਵੇ ਦਾ ਹੀ ਰਾਜਮੁੱਖੀ ਸੀ।

ਪੰਜਾਬ ਸੰਬੰਧੀ ਵੱਡੀ ਤੋਂ ਲੈ ਕੇ ਛੋਟੀ, ਹਰ ਗੱਲ ਦਾ ਨਿਰਣਾ ਕੇਂਦਰ ਸਰਕਾਰ ਦੀ ਪੱਧਰ ’ਤੇ ਹੀ ਕੀਤਾ ਜਾਂਦਾ ਸੀ, ਅਤੇ ਅਗਾਂਹ ਇਸ ਮਾਮਲੇ ’ਚ ‘ਕੇਂਦਰ ਸਰਕਾਰ’ ਵੀ ਇੰਦਰਾ ਗਾਂਧੀ ਤੇ ਉਸ ਦੀ ਛੋਟੀ ਜਿਹੀ ਸਲਾਹਕਾਰ ਜੁੰਡਲੀ ਤੱਕ ਸਿਮਟ ਕੇ ਰਹਿ ਗਈ ਸੀ, ਪੰਜਾਬ ਬਾਰੇ ਹਰ ਗੱਲ ਇਸ ਜੁੰਡਲੀ ਦੀ ਪੱਧਰ ’ਤੇ ਹੀ ਵਿਚਾਰੀ ਤੇ ਲਾਗੂ ਕੀਤੀ ਜਾਂਦੀ ਸੀ। ਜਨਰਲ ਦਿਆਲ ਵੱਲੋਂ ਆਪਣਾ ਬਕਾਇਦਾ ਅਹੁਦਾ ਸੰਭਾਲ ਲੈਣ ਨਾਲ ਪੰਜਾਬ ਦਾ ਸਾਰੇ ਦਾ ਸਾਰਾ ਪ੍ਰਬੰਧਕੀ ਢਾਂਚਾ ਫੌਜ ਦੇ ਸਿੱਧੇ ਕੰਟਰੋਲ ਹੇਠ ਚਲਾ ਗਿਆ ਸੀ।

ਦੋ ਜੂਨ ਦੀ ਸ਼ਾਮ ਨੂੰ ਇੰਦਰਾ ਗਾਂਧੀ ਨੇ ਬਿਨਾਂ ਅਗਾਊਂ ਐਲਾਨ ਕੀਤਿਆਂ ਆਲ ਇੰਡੀਆ ਰੇਡੀਓ ਤੋਂ ਦੇਸ ਦੀ ਜਨਤਾ ਨੂੰ ਸੰਬੋਧਨ ਕੀਤਾ। ਉਸ ਨੇ ਜਜ਼ਬਾਤੀ ਲਹਿਜ਼ੇ ’ਚ ਸਿੱਖ ਕੌਮ ਦੇ ਸੰਘਰਸ਼ ਸਦਕਾ ਦੇਸ ਦੇ ਸਾਹਮਣੇ ਪੈਦਾ ਹੋਈ ‘ਨਾਜ਼ਕ’ ਤੇ ‘ਭਿਆਨਕ’ ਸਥਿਤੀ ਦੀ ਕਰੁਣਾਮਈ ਤਸਵੀਰ ਪੇਸ਼ ਕੀਤੀ ਅਤੇ ਇਸ ਦਾ ਸਾਰਾ ਦੋਸ਼ ਅਕਾਲੀ ਆਗੂਆਂ ਦੇ ਸਿਰ ਮੜ੍ਹਿਆ।

ਸਿੱਖ ਕੌਮ ਨੂੰ ਤੇ ਇਸ ਦੇ ਆਗੂਆਂ ਨੂੰ ਸੰਸਾਰ ਦੇ ਲੋਕਾਂ ਦੀਆਂ ਨਜ਼ਰਾਂ ’ਚ ਦੋਸ਼ੀ ਸਾਬਤ ਕਰਨ ਲਈ, ਉਸ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਕੋਰਾ ਝੂਠ ਬੋਲਣ ਤੋਂ ਰਤੀ ਸੰਕੋਚ ਨਾ ਕੀਤਾ। ਇਸ ਨੰਗੇ ਤੱਥ ਦੇ ਬਾਵਜੂਦ ਕਿ ਉਹ ਤਿੰਨ ਸਾਲਾਂ ਤੋਂ ਅਕਾਲੀ ਆਗੂਆਂ ਦੀਆਂ ਸਮਝੌਤੇ ਦੀਆਂ ਸਿਰ-ਤੋੜ ਕੋਸ਼ਿਸ਼ਾਂ ਨੂੰ ਮੱਕਾਰੀ ਨਾਲ ਟਰਕਾਉਂਦੀ ਤੇ ਠੁਕਰਾਉਂਦੀ ਆ ਰਹੀ ਸੀ ਅਤੇ ਅਜੇ ਸਿਰਫ਼ ਸੱਤ ਦਿਨ ਪਹਿਲਾਂ ਹੀ ਉਹ ਅਕਾਲੀ ਲੀਡਰਸ਼ਿੱਪ ਦੇ ਸਮਝੌਤੇ ਦੇ ਆਖਰੀ ਤਰਲੇ ਦਾ ਬੇਰਹਿਮੀ ਨਾਲ ਘਾਤ ਕਰਕੇ ਹਟੀ ਸੀ, ਉਸ ਵੱਲੋਂ ਆਪਣੇ ਆਪ ਨੂੰ ‘ਸੱਚ ਪੁੱਤਰੀ’ ਵਜੋਂ ਪੇਸ਼ ਕਰਨ ਤੇ ਅਕਾਲੀ ਆਗੂਆਂ ਨੂੰ ‘ਝੂਠੇ ਤੇ ਬੇਪਰਤੀਤੇ’ ਸਾਬਤ ਕਰਨ ਦੇ ਪੁਰ-ਜ਼ੋਰ ਯਤਨ ਕੀਤੇ ਗਏ।

ਉਸ ਵੇਲੇ ਵੀ ਜਦ ਉਸ ਦੇ ਸਿੱਧੇ ਹੁਕਮਾਂ ਉਤੇ ਪੰਜਾਬ ਨੂੰ ਫੌਜ ਨੇ ਆਪਣੀ ਮੌਤ-ਜੱਫ਼ੀ ਵਿਚ ਲੈ ਲਿਆ ਹੋਇਆਂ ਸੀ ਅਤੇ ਫੌਜੀ ਹਮਲੇ ਦੀ ਯੋਜਨਾ ਉਤੇ ਬਕਾਇਦਾ ਅਮਲ ਸ਼ੁਰੂ ਹੋ ਚੁੱਕਾ ਸੀ, ਉਸ ਨੇ ਮਸਲੇ ਨੂੰ ‘ਗੱਲਬਾਤ ਰਾਹੀਂ ਹੱਲ ਕਰਨ’ ਦੀ ਝੂਠੀ ਇੱਛਾ ਤੇ ਪੇਸ਼ਕਸ਼ ਦਾ ਦੰਭ ਕਰਨ ਤੋਂ ਗੁਰੇਜ਼ ਨਾ ਕੀਤਾ। ਅਖੇ ‘ਇਸ ਅੰਤਮ ਘੜੀ ਉਤੇ ਵੀ ਮੈਂ ਅਕਾਲੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣਾ ਅੰਦੋਲਨ ਠੱਪ ਕਰ ਦੇਣ ਅਤੇ ਸਾਡੇ ਦੁਆਰਾ ਸੁਝਾਏ ਗਏ ਸ਼ਾਂਤਮਈ ਸਮਝੌਤੇ ਦੇ ਚੌਖਟੇ ਨੂੰ ਪਰਵਾਨ ਕਰ ਲੈਣ।’

ਉਹ ਔਰਤ ਜਿਸਦਾ ਸਮੁੱਚਾ ਰਾਜਸੀ ਕਾਰੋਬਾਰ ਹੀ ਨਫ਼ਰਤ ਦੀਆਂ ਬੁਨਿਆਦਾਂ ’ਤੇ ਟਿਕਿਆ ਹੋਇਆਂ ਸੀ, ਜਿਸ ਨੇ ਤਿੰਨ ਸਾਲਾਂ ਤੋਂ ਪੰਜਾਬ ਨੂੰ ਲਹੂ ਵਿਚ ਡੋਬਣ ਦੀ ਕੋਈ ਕਸਰ ਨਹੀਂ ਸੀ ਛੱਡੀ ਅਤੇ ਜਿਸ ਦੇ ਮਨ ਅੰਦਰ ਪੰਜਾਬ ਵਿਚ ਲਹੂ ਦੇ ਹੋਰ ਵੱਡੇ ਵਹਿਣ ਵਹਾਉਣ ਦੀ ਕੁਲਹਿਣੀ ਸੋਚ ਤੇ ਤਾਂਘ ਮਚਲ ਰਹੀ ਸੀ, ਉਸ ਨੇ ਆਪਣੇ ਭਾਸ਼ਨ ਦਾ ਤੋੜਾ ਇਨ੍ਹਾਂ ਸ਼ਬਦਾਂ ਨਾਲ ਝਾੜਿਆ : ਖੂਨ ਮੱਤ ਡੋਹਲੋ, ਨਫ਼ਰਤ ਤਿਆਗੋ!

ਇੰਦਰਾ ਗਾਂਧੀ ਦੇ ਭਾਸ਼ਨ ਦਾ ਪ੍ਰਸਾਰਨ ਖਤਮ ਹੁੰਦਿਆਂ ਹੀ ਰੇਡੀਓ ਤੋਂ ਪੰਜਾਬ ਸੰਬੰਧੀ ਕੁਝ ਵਿਸ਼ੇਸ਼ ਐਲਾਨ ਤੇ ਫਰਮਾਨ ਪ੍ਰਸਾਰਤ ਹੋਣੇ ਸ਼ੁਰੂ ਹੋ ਗਏ। ਪੰਜਾਬ ਨੂੰ ‘ਗੜਬੜ ਵਾਲਾ ਇਲਾਕਾ’ ਤਾਂ ਪਹਿਲਾਂ ਹੀ ਕਰਾਰ ਦਿੱਤਾ ਜਾ ਚੁੱਕਾ ਸੀ। ਵਿਸ਼ੇਸ਼ ਫਰਮਾਨਾਂ ਰਾਹੀਂ ਇਸ ਦੇ ਪੇਚ ਹੋਰ ਕੱਸ ਦਿੱਤੇ ਗਏ। ਪੰਜਾਬ ਅੰਦਰ ਤੁਰੰਤ ਸਾਰੀ ਰੇਲ ਤੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਗਈ।

ਫੌਜੀ ਗੱਡੀਆਂ ਤੋਂ ਬਿਨਾਂ ਬਾਕੀ ਹਰ ਕਿਸਮ ਦੇ ਵਾਹਨਾਂ ਉਤੇ, ਰੇੜ੍ਹਿਆਂ ਤੋਂ ਲੈ ਕੇ ਸਾਈਕਲਾਂ ਤੱਕ ਵੀ, ਸਖ਼ਤ ਪਾਬੰਦੀਆਂ ਆਇਦ ਕਰ ਦਿੱਤੀਆਂ ਗਈਆਂ। ਲੋਕਾਂ ਨੂੰ ਕੱਚੇ ਰਸਤਿਆਂ ’ਤੇ ਚੱਲਣ ਤੋਂ ਵੀ ਮਨ੍ਹਾਂ ਕਰ ਦਿੱਤਾ ਗਿਆ। ਡਾਕ-ਤਾਰ ਤੇ ਦੂਰ ਸੰਚਾਰ ਸੇਵਾਵਾਂ ਪੂਰਨ ਤੌਰ ’ਤੇ ਫੌਜ ਦੇ ਕੰਟਰੋਲ ਵਿਚ ਦੇ ਦਿੱਤੀਆਂ ਗਈਆਂ।

ਪੰਜਾਬ ਨੂੰ ਬਾਕੀ ਦੇਸ਼ ਨਾਲੋਂ, ਅੰਮ੍ਰਿਤਸਰ ਨੂੰ ਬਾਕੀ ਪੰਜਾਬ ਨਾਲੋਂ ਤੇ ਦਰਬਾਰ ਸਾਹਿਬ ਨੂੰ ਬਾਕੀ ਸ਼ਹਿਰ ਨਾਲੋਂ, ਪੂਰੀ ਤਰ੍ਹਾਂ ਨਿਖੇੜ ਕੇ ਸੀਲ ਕਰ ਦਿੱਤਾ ਗਿਆ। ਸਭਨਾਂ ਬਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ ਗਿਆ। ਪੰਜਾਬ ਉਤੇ ਦੋ ਮਹੀਨਿਆਂ ਲਈ ਕਰੜਾ ਸੈਂਸਰ ਲਾਗੂ ਕਰ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਸਾਰੇ ਪ੍ਰਮੁੱਖ ਅਖ਼ਬਾਰਾਂ ਨੇ ਕੁਝ ਦਿਨਾਂ ਲਈ ਆਪਣੀ ਪ੍ਰਕਾਸ਼ਨਾ ਠੱਪ ਕਰ ਦਿੱਤੀ। ਅਜਿਹੀਆਂ ਸਾਹ-ਘੁਟਵੀਆਂ ਪਾਬੰਦੀਆਂ ਪੰਜਾਬ ਦੇ ਲੋਕਾਂ ਨੇ ਇਤਿਹਾਸ ਅੰਦਰ ਨਾ ਪਹਿਲਾਂ ਕਦੇ ਦੇਖੀਆਂ ਸਨ ਨਾ ਸੁਣੀਆਂ ਸਨ।

ਕੇਂਦਰ ਸਰਕਾਰ ਦੇ ਨੀਮ-ਫੌਜੀ ਹਥਿਆਰਬੰਦ ਬਲਾਂ (ਬੀ.ਐਸ.ਐਫ., ਸੀ.ਆਰ.ਪੀ., ਆਈ.ਟੀ.ਬੀ.ਪੀ.ਆਦਿ) ਨੇ ਕੁਝ ਦਿਨ ਪਹਿਲਾਂ ਹੀ ਦਰਬਾਰ ਸਾਹਿਬ ਦੇ ਇਰਦ-ਗਿਰਦ ਇਮਾਰਤਾਂ ਉਤੇ ਆਪਣੇ ਪੱਕੇ ਮੋਰਚੇ ਬਨਾਉਣੇ ਸ਼ੁਰੂ ਕਰ ਦਿੱਤੇ ਹੋਏ ਸਨ। ਪਹਿਲੀ ਜੂਨ ਨੂੰ ਉਨ੍ਹਾਂ ਆਪਣੇ ਇਨ੍ਹਾਂ ਮੋਰਚਿਆਂ ’ਚੋਂ ਦਰਬਾਰ ਸਾਹਿਬ ਸਮੂਹ ਉਤੇ ਅੱਠ ਘੰਟੇ ਲਗਾਤਾਰ ਅੰਧਾਧੁੰਦ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਦਾ ਇਕ ਉਦੇਸ਼ ਜੁਝਾਰੂ ਸਿੱਘਾਂ ਨੂੰ ਭੈਭੀਤ ਕਰਨਾ ਸੀ। ਦੂਜਾ, ਉਨ੍ਹਾਂ ਨੂੰ ਜੁਆਬੀ ਗੋਲੀਬਾਰੀ ਲਈ ਉਕਸਾ ਕੇ ਉਨ੍ਹਾਂ ਦੀ ਹਕੀਕੀ ਤਾਕਤ ਦਾ ਸਹੀ ਅੰਦਾਜ਼ਾ ਲਾਉਣਾ ਤੇ ਉਨ੍ਹਾਂ ਦੇ ਮੋਰਚਿਆਂ ਦੀ ਨਿਸ਼ਾਨਦੇਹੀ ਕਰਨਾ ਸੀ। ਪਰ ਜੁਝਾਰੂ ਸਿੰਘ ਫੌਜੀ ਵਿਦਿਆ ਤੋਂ ਏਨੇ ਕੋਰੇ ਨਹੀਂ ਸਨ ਕਿ ਦੁਸ਼ਮਣ ਦੀ ਇਸ ਚਾਲ ਵਿਚ ਫਸ ਜਾਂਦੇ।

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੜ੍ਹਾਏ ਤੇ ਜਨਰਲ ਸੁਬੇਗ਼ ਸਿੰਘ ਦੇ ਸਿਖਾਏ ਸਿੰਘਾਂ ਨੇ ਦੁਸ਼ਮਣ ਦੀ ਇਸ ਭੜਕਾਹਟ ਦੇ ਜੁਆਬ ਵਿਚ ਮੁਕੰਮਲ ਚੁਪ ਸਾਧੀ ਰੱਖੀ। ਨੀਮ ਫੌਜੀ ਬਲਾਂ ਦੀ ਇਸ ਅੰਧਾਧੁੰਦ ਗੋਲੀਬਾਰੀ ਨਾਲ ਦਰਬਾਰ ਸਾਹਿਬ ਸਮੂਹ ਅੰਦਰ ਇੱਕ ਮਾਸੂਮ ਬੱਚੇ ਤੇ ਬਿਰਧ ਔਰਤ ਸਮੇਤ ਅੱਧੀ ਦਰਜਨ ਤੋਂ ਵੱਧ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਹਰਿਮੰਦਰ ਸਾਹਿਬ ਉਤੇ 32 ਥਾਵਾਂ ’ਤੇ ਗੋਲੀਆਂ ਦੇ ਡੂੰਘੇ ਨਿਸ਼ਾਨ ਪੈ ਗਏ।

ਇਸ ਗੋਲੀਬਾਰੀ ਦੀ ਖ਼ਬਰ ਸੁਣਦਿਆਂ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੁਰੰਤ (ਦੋ ਜੂਨ) ਦਰਬਾਰ ਸਾਹਿਬ ਪਹੁੰਚ ਗਏ। ਪਰ ਹੋਰ ਕਿਸੇ ਵੀ ਵੱਡੇ ਅਕਾਲੀ ਆਗੂ ਨੇ, ਇਹ ਖ਼ਬਰਾਂ ਸੁਣ ਲੈਣ ਦੇ ਬਾਵਜੂਦ, ਹਾਲਤਾਂ ਦੇ ਤੇਵਰ ਵੱਲ ਦੇਖਦਿਆਂ ਹੋਇਆਂ ਦਰਬਾਰ ਸਾਹਿਬ ਪਹੁੰਚਣਾ ਜ਼ਰੂਰੀ ਜਾਂ ਸਿਆਣਪ ਭਰਿਆ ਨਾ ਸਮਝਿਆ।

3 ਜੂਨ ਨੂੰ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ। ਪੰਜਾਬ ਤੇ ਨਾਲ ਲਗਵੇਂ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਦਰਸ਼ਨ ਇਸ਼ਨਾਨ ਕਰਨ ਲਈ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਸਨ। 500 ਤੋਂ ਵੱਧ ਅਕਾਲੀ ਵਰਕਰ ਮੋਰਚੇ ’ਚ ਗ੍ਰਿਫਤਾਰੀਆਂ ਦੇਣ ਲਈ ਪੁੱਜੇ ਹੋਏ ਸਨ।

ਸੈਂਕੜਿਆਂ ਦੀ ਗਿਣਤੀ ’ਚ ਬੰਗਲਾਦੇਸ਼ੀ ਮੁਸਲਮਾਨ ਤੇ ਅਜਿਹੇ ਹੋਰ ਬੇਸਹਾਰਾ ਲੋਕ ਸਨ, ਜਿਨ੍ਹਾਂ ਨੇ ਗੁਰੂ ਦੇ ਘਰ ਅੰਦਰ ਸ਼ਰਨ ਲੈ ਰੱਖੀ ਹੋਈ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਂਕੜੇ ਕਰਮਚਾਰੀ ਤੇ ਸੇਵਾਦਾਰ ਸਨ ਜਿਨ੍ਹਾਂ ’ਚੋਂ ਬਹੁਤੇ ਆਪਣੇ ਪਰਿਵਾਰਾਂ ਸਮੇਤ ਦਰਬਾਰ ਸਾਹਿਬ ਦੇ ਅਹਾਤੇ ਅੰਦਰ ਆਪਣੇ ਪੱਕੇ ਰਿਹਾਇਸ਼ੀ ਟਿਕਾਣਿਆਂ ਵਿਚ ਰਹਿ ਰਹੇ ਸਨ। ਹੋਰ ਕਿੰਨੇ ਹੀ ਯਾਤਰੂ ਸਨ ਜੋ ਰਾਤ ਕੱਟਣ ਲਈ ਸਰਾਂ ਅੰਦਰ ਠਹਿਰੇ ਹੋਏ ਸਨ। ਇਸ ਗੱਲ ਦਾ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਭਾਰਤ ਸਰਕਾਰ ਨੇ ਦਰਬਾਰ ਸਾਹਿਬ ਉਤੇ ਹਮਲਾ ਕਰਨ ਦੀ ਇਕ ਭਿਆਨਕ ਤੇ ਖ਼ੂਨੀ ਤਿਆਰੀ ਕਰ ਰੱਖੀ ਹੋਈ ਸੀ ਅਤੇ ਇਸ ਘਿਨਾਉਣੇ ਕਰਮ ਲਈ ਉਨ੍ਹਾਂ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਦਾ ਪਵਿੱਤਰ ਦਿਹਾੜਾ ਚੁਣ ਰੱਖਿਆ ਹੋਇਆਂ ਸੀ।

ਜੂਨ ਦੀ ਸ਼ਾਮ ਨੂੰ ਜਦ ਫੌਜ ਨੇ ਦਰਬਾਰ ਸਾਹਿਬ ਦੁਆਲੇ ਮੌਤ ਵਰਗਾ ਕਸਵਾਂ ਘੇਰਾ ਘੱਤ ਲਿਆ ਅਤੇ ਸਾਰੇ ਪੰਜਾਬ ਅੰਦਰ 36 ਘੰਟਿਆਂ ਲਈ ¦ਮਾ ਤੇ ਸਖ਼ਤ ਕਰਫਿਊ ਲਾ ਦਿੱਤਾ ਅਤੇ ਲੋਕਾਂ ਦੇ ਘਰੋਂ ਬਾਹਰ ਨਿਕਲਣ ਉਤੇ ਕਰੜੀਆਂ ਬੰਦਸ਼ਾਂ ਲਾ ਦਿੱਤੀਆਂ ਗਈਆਂ ਤਾਂ ਉਸ ਵੇਲੇ ਤੱਕ ਵੀ ਦਰਬਾਰ ਸਾਹਿਬ ਅੰਦਰ ਘਿਰੇ ਸਿੱਖ ਸ਼ਰਧਾਲੂਆਂ, ਅਕਾਲੀ ਵਰਕਰਾਂ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ/ਸੇਵਾਦਾਰਾਂ ਨੂੰ ਇਹ ਯਕੀਨ ਨਹੀਂ ਸੀ ਆ ਰਿਹਾ ਕਿ ਉਹ ਮੌਤ ਦੇ ਪੰਜੇ ’ਚ ਫਸ ਗਏ ਹਨ ਅਤੇ ਇਸ ’ਚੋਂ ਬਚ ਕੇ ਨਿਕਲ ਸਕਣਾ ਉਨ੍ਹਾਂ ਲਈ ਅਸਾਨ ਨਹੀਂ ਸੀ ਰਹਿ ਗਿਆ।

3 ਜੂਨ ਦੀ ਰਾਤ ਪੈਂਦਿਆਂ ਹੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਉਤੇ ਨੀਮ-ਫੌਜੀ ਦਸਤਿਆਂ ਦੁਆਰਾ ਕਾਇਮ ਕੀਤੇ ਗਏ ਸਾਰੇ ਮੋਰਚਿਆਂ ਅੰਦਰ ਬਿਹਾਰ ਰਜਮੈਂਟ ਦੀ ਬਾਰ੍ਹਵੀਂ ਬਟਾਲੀਅਨ ਦੇ ਜਵਾਨਾਂ ਨੇ ਪੋਜ਼ੀਸ਼ਨਾਂ ਮੱਲ ਲਈਆਂ।

ਚਾਰ ਜੂਨ ਨੂੰ ਅੰਮ੍ਰਿਤ ਵੇਲੇ ਜਦ ਦਰਬਾਰ ਸਾਹਿਬ ਅੰਦਰ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤਾਂ ਚਾਰ ਵਜੇ ਦੇ ਕਰੀਬ ਫੌਜੀ ਮਸ਼ੀਨਗੰਨਾਂ ਨੇ ਅਚਾਨਕ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਰਾਤ ਦੇ ਹਨ੍ਹੇਰੇ ਵਿਚ ਅੱਗੇ-ਅੱਗੇ ਰੋਸ਼ਨੀ ਦੀ ਲੀਕ ਪਾਉਂਦੇ ਚਾਨਣੀ ਗੋਲੇ (ਟਰੇਸਰ ਬੁਲਿਟਸ) ਤੇ ਪਿਛੇ-ਪਿਛੇ ਆਰ.ਸੀ.ਐਲ. ਦੇ ਗੋਲਿਆਂ ਨੇ ਅਸਮਾਨ ਅੰਦਰ ਲਾਂਬੂ ਲਾ ਦਿੱਤੇ ਸਨ। ਚਾਰ ਜੂਨ ਦੀ ਸਾਰੀ ਦਿਹਾੜੀ ਗੋਲਿਆਂ ਤੇ ਗੋਲੀਆਂ ਦੀ ਅੱਗ ਵਰ੍ਹਦੀ ਰਹੀ।

ਦੁਪਹਿਰ ਸਾਢੇ ਬਾਰਾਂ ਵਜੇ ਦੇ ਕਰੀਬ ਸਰਾਂ ਵਾਲੇ ਬੰਨੇ ਪਾਣੀ ਵਾਲੀ ਵੱਡੀ ਟੈਂਕੀ ਅੰਦਰ ਤੋਪ ਦੇ ਗੋਲੇ ਨਾਲ ਵੱਡਾ ਮਘੋਰਾ ਖੁਲ੍ਹ ਗਿਆ ਜਿਸ ਨਾਲ ਦਰਬਾਰ ਸਾਹਿਬ ਦੇ ਅਹਾਤੇ ਅੰਦਰ ਪਾਣੀ ਦੀ ਸਪਲਾਈ ਠੱਪ ਹੋ ਗਈ। ਨਾਲ ਹੀ, ਦਰਬਾਰ ਸਾਹਿਬ ਨੂੰ ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦਾ ਜਨਨੇਟਰ ਵੀ ਗੋਲਾਬਾਰੀ ਨਾਲ ਨਕਾਰਾ ਹੋ ਗਿਆ ਸੀ।

ਅਗਲੀ ਰਾਤ ਤੇ ਉਸ ਤੋਂ ਅਗਲਾ (5 ਜੂਨ) ਸਾਰਾ ਦਿਨ ਲਗਾਤਾਰ ਦਰਬਾਰ ਸਾਹਿਬ ਉਤੇ ਗੋਲੀਆਂ ਦਾ ਮੀਂਹ ਵਰ੍ਹਦਾ ਰਿਹਾ। ਉਸ ਵੇਲੇ ਤੱਕ ਫੌਜ ਦਾ ਮੁੱਖ ਜ਼ੋਰ ਜੁਝਾਰੂ ਸਿੰਘਾਂ ਦੇ ਛੱਤਾਂ ਉਪਰਲੇ ਨੰਗੇ ਮੋਰਚਿਆਂ ਨੂੰ ਨਸ਼ਟ ਕਰਨ ਉਤੇ ਲੱਗਾ ਰਿਹਾ। ਪੰਜ ਜੂਨ ਦੀ ਸ਼ਾਮ ਤੱਕ ਫੌਜ ਨੇ ਟੈਂਪਲ ਵਿਊ ਹੋਟਲ, ਬ੍ਰਹਮ ਬੂਟਾ ਅਖਾੜਾ ਤੇ ਪਰਕਰਮਾ ਦੀ ਘੰਟਾ ਘਰ ਵਾਲੀ ਬਾਹੀ ਉੱਪਰ ਛੱਤਾਂ ’ਤੇ ਬਣਾਏ ਲਗਭਗ ਸਾਰੇ ਮੋਰਚੇ ਨਸ਼ਟ ਕਰ ਦਿੱਤੇ ਸਨ। ਅਠਾਰ੍ਹਵੀਂ ਸਦੀ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਉਸਾਰੇ ਗਏ ਇਤਿਹਾਸਿਕ ਬੁੰਗਿਆਂ ਦੀਆਂ ਟੀਸੀਆਂ ਤੋਪਾਂ ਦੇ ਗੋਲਿਆਂ ਨਾਲ ਠੀਕਰੀ-ਠੀਕਰੀ ਹੋ ਗਈਆਂ ਸਨ।

ਸਿੱਖ ਜੁਝਾਰੂਆਂ ਦੇ ਨੰਗੇ ਟਿਕਾਣਿਆਂ ਨੂੰ ਨਸ਼ਟ ਕਰ ਦੇਣ ਤੋਂ ਬਾਅਦ ਫੌਜ ਨੇ 5 ਜੂਨ ਦੀ ਰਾਤ ਨੂੰ ਦਰਬਾਰ ਸਾਹਿਬ ਅੰਦਰ ਦਾਖਲ ਹੋ ਕੇ ਅਕਾਲ ਤਖ਼ਤ ਉਤੇ ਕਬਜ਼ਾ ਜਮਾਉਣ ਦੀ ਆਪਣੀ ਪੂਰਵ-ਉਲੀਕੀ ਯੋਜਨਾ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ। ਫੌਜ ਦੇ ਉਚ-ਕੋਟੀ ਦੇ ਜਰਨੈਲਾਂ ਤੇ ਮਾਹਰਾਂ ਦੁਆਰਾ ਡੂੰਘੀ ਸੋਚ-ਵਿਚਾਰ ਤੋਂ ਬਾਅਦ ਤਿਆਰ ਕੀਤੀ ਗਈ ਇਸ ਯੋਜਨਾ ਅਨੁਸਾਰ ਫੌਜ ਨੇ ਆਪਣੇ ਅੱਵਲ ਦਰਜੇ ਦੇ ਕਮਾਂਡੋਆਂ, ਜਿਨ੍ਹਾਂ ਨੂੰ ਇਸ ਮਕਸਦ ਲਈ ਚਕਰਾਤਾ ਤੇ ਸਸਰਾਵਾਂ ਵਿਖੇ ਉਚੇਚੀ ਸਿਖਲਾਈ ਦਿੱਤੀ ਗਈ ਸੀ, ਦੀ ਮੱਦਦ ਨਾਲ ਦਰਬਾਰ ਸਾਹਿਬ ਦੀ ਪਰਕਰਮਾਂ ਅੰਦਰ ਇਕੋ ਮੌਕੇ ਦੋ ਪਾਸਿਆਂ ਤੋਂ ਦਾਖਲ ਹੋਣਾ ਸੀ।

ਸਭ ਤੋਂ ਉੱਤਮ ਗਿਣੇ ਜਾਂਦੇ ‘‘10 ਗਾਰਡਜ਼’’ (ਦਸਵੀਂ ਬਟਾਲੀਅਨ) ਦੇ ਕਮਾਂਡੋਆਂ ਨੇ ਘੰਟਾ ਘਰ ਵਾਲੇ ਪਾਸੇ ਤੋਂ ਮੁੱਖ ਦੁਆਰ ਰਾਹੀਂ ਪਰਿਕਰਮਾ ਅੰਦਰ ਦਾਖਲ ਹੋ ਕੇ ਅਕਾਲ ਤਖ਼ਤ ਤੱਕ ਪਹੁੰਚਣ ਲਈ ਰਾਹ ਸਾਫ਼ ਕਰਨਾ ਸੀ। ਜੁਝਾਰੂ ਸਿੰਘਾਂ ਦਾ ਧਿਆਨ ਦੋ ਥਾਈਂ ਵੰਡਣ ਦੀ ਰਣਨੀਤੀ ਤਹਿਤ ਮਦਰਾਸ ਰਜਮੈਂਟ ਦੀ 26ਵੀਂ ਬਟਾਲੀਅਨ ਦੇ ਦਸਤਿਆਂ ਨੂੰ ਮੰਜੀ ਸਾਹਿਬ ਵਾਲੇ ਪਾਸੇ ਤੋਂ ਪਰਕਰਮਾ ਅੰਦਰ ਦਾਖਲ ਹੋ ਕੇ ਅਕਾਲ ਤਖ਼ਤ ਤੱਕ ਪਹੁੰਚਣ ਦਾ ਰਾਹ ਪੱਧਰਾ ਕਰਨ ਦੀ ਜ਼ੁੰਮੇਵਾਰੀ ਸੌਂਪੀ ਗਈ ਸੀ।

ਗੜ੍ਹਵਾਲ ਰਜਮੈਂਟ ਦੀ ਨੌਂਵੀ ਬਟਾਲੀਅਨ ਨੂੰ ਦੱਖਣ ਵਾਲੇ ਪਾਸੇ ਤੋਂ ਸ਼ਹੀਦਾਂ ਵਾਲੇ ਗੇਟ ਰਾਹੀਂ ਪਰਕਰਮਾ ਅੰਦਰ ਦਾਖਲ ਹੋਣ ਲਈ ਤੈਨਾਤ ਕੀਤਾ ਗਿਆ ਸੀ। ਕੁਮਾਉਂ ਰਜਮੈਂਟ ਦੀ ਨੌਵੀਂ ਬਟਾਲੀਅਨ ਨੇ ਸਰਾਂ ਵਾਲੇ ਸਮੁੱਚੇ ਖੇਤਰ ਨੂੰ ਕਬਜ਼ੇ ਵਿਚ ਲੈਣਾ ਸੀ। ਅਕਾਲ ਤਖ਼ਤ ਉਤੇ ਫੌਜ ਦਾ ਕਬਜ਼ਾ ਹੋ ਜਾਣ ਦੀ ਸੂਰਤ ਵਿਚ ਸਪੈਸ਼ਲ ਫਰੰਟੀਅਰ ਫੋਰਸ ਨੂੰ ਅਕਾਲ ਤਖ਼ਤ ਅੰਦਰੋਂ ਅਸਲਾ ਤੇ ਹਥਿਆਰ ਬਰਾਮਦ ਕਰਨ ਲਈ ਤਿਆਰ ਰੱਖਿਆ ਗਿਆ ਸੀ।

ਨਵੰਬਰ 16 ਰਸਾਲੇ ਦੇ ਦਰਜਨ ਤੋਂ ਵੱਧ ਵਿਜੇਤਾ ਟੈਂਕ 7.62 ਮਿ.ਮੀ. ਮਸ਼ੀਨਗੰਨਾਂ ਦੇ ਗੋਲੇ ਦਾਗ਼ਣ ਲਈ ਦਰਬਾਰ ਸਾਹਿਬ ਦੇ ਆਲੇ-ਦੁਆਲੇ ਯੁਧਨੀਤਕ ਟਿਕਾਣਿਆਂ ਉਤੇ ਤੈਨਾਤ ਕੀਤੇ ਗਏ ਸਨ। ਦੋ ਚੇਤਕ ਹਵਾਈ ਜਹਾਜ਼ਾਂ ਨੂੰ ਦਰਬਾਰ ਸਾਹਿਬ ਉਤੇ ਨੀਵੀਂਆਂ ਉਡਾਰੀਆਂ ਭਰ ਕੇ ਮੋਰਚਿਆਂ ਵਿਚਲੇ ਫੌਜੀ ਜਵਾਨਾਂ ਨੂੰ ਕੰਟਰੋਲ ਰੂਮ ਦੇ ਜ਼ਰੀਏ ਸਿੰਘਾਂ ਦੇ ਮੋਰਚਿਆਂ ਦੀ ਠੀਕ-ਠੀਕ ਜਾਣਕਾਰੀ ਦੇਣ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਠੀਕ ਨਿਸ਼ਾਨਿਆਂ ਉਤੇ ਚੋਟ ਕਰਨ ਵਿਚ ਮੱਦਦ ਕਰਨ ਲਈ ਤਿਆਰ ਰੱਖਿਆ ਹੋਇਆਂ ਸੀ।

ਕਾਗਜ਼ਾਂ ਉਤੇ ਤਿਆਰ ਕੀਤੀ ਯੋਜਨਾ ਦੇ ਅਨੁਸਾਰ ਅਕਾਲ ਤਖ਼ਤ ਸਾਹਿਬ ਉਤੇ ਚੌਤਰਫ਼ਾ ਹੱਲਾ ਬੋਲਣ ਦੀ ਇਹ ਫੌਜੀ ਕਾਰਵਾਈ ਰਾਤ ਦੇ ਦਸ ਵਜੇ ਸ਼ੁਰੂ ਕੀਤੀ ਜਾਣੀ ਸੀ ਅਤੇ ਰਾਤ ਦੇ ਇਕ ਵਜੇ ਤੱਕ ਉਪਰੇਸ਼ਨ ਦਾ ਪਹਿਲਾ ਪੜਾਅ (ਜੁਝਾਰੂ ਸਿੰਘਾਂ ਦੀ ਲੜਾਕੂ ਸ਼ਕਤੀ ਨੂੰ ਮੁਕੰਮਲ ਤੌਰ ’ਤੇ ਨਕਾਰਾ ਕਰ ਦੇਣ) ਪੂਰਾ ਕਰ ਲੈਣ ਦਾ ਨਿਸ਼ਾਨਾ ਮਿਥਿਆ ਗਿਆ ਸੀ।

ਉਸ ਤੋਂ ਬਾਅਦ ਰਾਤ ਦੇ ਹਨ੍ਹੇਰੇ ਵਿਚ ਹੀ ਮੁਰਦਾ ਲਾਸ਼ਾਂ ਨੂੰ ਸੰਭਾਲਣ, ਜਿਉਂਦੇ ਜੀਆਂ ਨੂੰ ਗ੍ਰਿਫਤਾਰ ਕਰਨ ਅਤੇ ਸਾਰੇ ਅਹਾਤੇ ਦੀ ਭਰਵੀਂ ਤਲਾਸ਼ੀ ਲੈਣ ਦਾ ਅਮਲ ਸ਼ੁਰੂ ਹੋਣਾ ਸੀ। 6 ਜੂਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਸਾਰਾ ਉਪਰੇਸ਼ਨ ਮੁਕੰਮਲ ਕਰਕੇ ਭਾਰਤੀ ਫੌਜ ਦੀ ‘ਜਿੱਤ’ ਦੇ ਜ਼ਸ਼ਨ ਮਨਾਏ ਜਾਣੇ ਸਨ।

ਫੌਜੀ ਦ੍ਰਿਸ਼ਟੀ ਤੋਂ ਦੇਖਿਆਂ ਇਹ ਟੱਕਰ ਸਰਾਸਰ ਬੇਮੇਚੀ ਸੀ। ਨਫ਼ਰੀ ਦੇ ਹਿਸਾਬ ਨਾਲ ਅਤੇ ਅਸਲੇ ਤੇ ਹਥਿਆਰਾਂ ਦੀ ਕੁਆਲਟੀ ਪੱਖੋਂ ਕੋਈ ਮੁਕਾਬਲਾ ਨਹੀਂ ਸੀ। ਇਕ ਪਾਸੇ ਦੁਨੀਆਂ ਦੀਆਂ ਸ਼ਕਤੀਸ਼ਾਲੀ ਫੌਜਾਂ ’ਚੋਂ ਗਿਣੀ ਜਾਂਦੀ ਭਾਰਤੀ ਫੌਜ ਸੀ, ਜਿਸ ਕੋਲ ਟੈਂਕ, ਬਖਤਰਬੰਦ ਗੱਡੀਆਂ, ਹਵਾਈ ਜਹਾਜ਼, ਹੈਲੀਕਾਪਟਰ ਅਤੇ ਭਾਰੀ ਤੋਪਖਾਨਾ ਸੀ। ਭਾਰਤੀ ਫੌਜ ਦੀਆਂ ਕੁਲ ਮਿਲਾ ਕੇ ਸੱਤ ਡਿਵੀਜ਼ਨਾਂ ਨੂੰ ਲੜਾਈ ਲਈ ਲਾਮਬੰਦ ਕੀਤਾ ਗਿਆ ਸੀ। ਇਕੱਲੇ ਦਰਬਾਰ ਸਾਹਿਬ ਉਤੇ ਹਮਲੇ ਦੀ ਕਾਰਵਾਈ ਵਿਚ ਹੀ ਘੱਟੋ-ਘੱਟ 15 ਹਜ਼ਾਰ ਫੌਜੀ ਜਵਾਨ ਸਿੱਧਾ ਹਿੱਸਾ ਲੈ ਰਹੇ ਸਨ। ਜ਼ਮੀਨੀ ਲਸ਼ਕਰ ਦੀ ਮੱਦਦ ਲਈ ਸਮੁੰਦਰੀ ਤੇ ਹਵਾਈ ਫੌਜ ਦੇ ਵੀ ਕੁਝ ਅੰਗ ਹਰਕਤ ਵਿਚ ਲਿਆਂਦੇ ਗਏ ਸਨ। ਭਾਰਤੀ ਫੌਜ ਕੋਲ ਉੱਤਮ ਅਸਲੇ ਤੇ ਹਥਿਆਰਾਂ ਤੋਂ ਇਲਾਵਾ ਆਹਲਾ ਦਰਜੇ ਦੇ ਸਾਧੇ ਹੋਏ ਜਰਨੈਲ ਸਨ। ਵਾਧੇ ਦੀ ਗੱਲ ਇਹ ਕਿ ਸਮੁੱਚੀ ਸਰਕਾਰੀ ਮਸ਼ੀਨਰੀ ਫੌਜ ਦੀ ਸੇਵਾ ਵਿਚ ਹਾਜ਼ਰ ਸੀ। ਦੂਜੇ ਪਾਸੇ ਗਿਣਤੀ ਦੇ ਜੁਝਾਰੂ ਸਿੰਘ ਸਨ (ਜਿਨ੍ਹਾਂ ਦੀ ਨਫ਼ਰੀ ਕਿਸੇ ਵੀ ਤਰ੍ਹਾਂ ਡੇਢ ਸੈਂਕੜੇ ਤੋਂ ਵੱਧ ਨਹੀਂ ਸੀ) ਅਤੇ ਉਨ੍ਹਾਂ ਕੋਲ ਉਂਗਲਾਂ ਤੇ ਗਿਣਨ ਜੋਗੀਆਂ ਹਲਕੀਆਂ ਮਸ਼ੀਨਗੰਨਾਂ ਸਨ। ਦਰਮਿਆਨੀ ਜਾਂ ਭਾਰੀ ਮਸ਼ੀਨਗੰਨ ਇਕ ਵੀ ਨਹੀਂ ਸੀ। ਨਾਂਮਾਤਰ ਰਾਕਟ ਲਾਂਚਰ ਸਨ। ਬਾਕੀ ਸਧਾਰਨ ਕਿਸਮ ਦੀਆਂ ਰਾਈਫਲਾਂ ਤੇ ਹੱਥ ਗੋਲਿਆਂ (ਗਰਨੇਡ) ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਹਥਿਆਰ ਨਹੀਂ ਸਨ।

ਪਰ ਇਸ ਫੌਜੀ ਪੱਖ ਦੀ ਕਮਜ਼ੋਰੀ ਦੀ ਤੁਲਨਾ ਵਿਚ ਜੁਝਾਰੂ ਸਿੰਘਾਂ ਦੇ ਨੈਤਿਕ ਪੱਖ ਵਾਲਾ ਪਲੜਾ ਕਿਤੇ ਵੱਧ ਵਜ਼ਨਦਾਰ ਸੀ। ਭਾਰਤੀ ਫੌਜ ਕਹਿਣ ਨੂੰ ਭਾਵੇਂ ਦੇਸ ਦੇ ਹਿਤਾ ਦੀ ਰੱਖਿਆ ਦੀ ਲੜਾਈ ਲੜ ਰਹੀ ਸੀ ਪਰ ਅਸਲੀਅਤ ਵਿਚ ਉਹ ਦੇਸ ਦੇ ਨਹੀਂ, ਦੇਸ ਦੇ ਧਿੰਗਾਣੇ ਹਾਕਮਾਂ ਦੇ ਪੱਖ ਦੀ ਲੜਾਈ ਲੜ ਰਹੀ ਸੀ। ਇਹ ਪੱਖ ਪੁੱਜ ਕੇ ਝੂਠਾ ਤੇ ਬੇਨਿਆਈਂ ਸੀ। ਇਸ ਦੀ ਤੁਲਨਾ ਵਿਚ ਸਿੱਖ ਜੁਝਾਰੂ ਜਿਸ ਕਾਜ਼ ਲਈ ਲੜ ਰਹੇ ਸਨ ਉਹ ਸੱਚਾ ਤੇ ਨਿਆਈਂ ਸੀ। ਉਹ ਆਪਣੇ ਧਰਮ ਤੇ ਸਭਿਆਚਾਰ ਦੀ ਰਾਖੀ ਲਈ ਲੜ ਰਹੇ ਸਨ, ਕਿਸੇ ਦੇ ਧਰਮ ਤੇ ਸਭਿਆਚਾਰ ਨੂੰ ਉਜਾੜਨ ਲਈ ਨਹੀਂ। ਉਹ ਆਪਣੇ ਹੱਕਾਂ ਦੀ ਰਾਖੀ ਲਈ ਲੜ ਰਹੇ ਸਨ, ਕਿਸੇ ਦੇ ਹੱਕਾਂ ਨੂੰ ਲਿਤਾੜਨ ਲਈ ਨਹੀਂ। ਉਨ੍ਹਾਂ ਅੰਦਰ ਲੜਨ ਦਾ ਨਿਸ਼ਕਾਮ ਜਜ਼ਬਾ ਸੀ, ਜੂਝ ਮਰਨ ਦਾ ਦ੍ਰਿੜ੍ਹ ਨਿਸ਼ਚਾ ਸੀ ਅਤੇ ਆਪਣੇ ਗੁਰੂ ਦੇ ਚਰਨਾਂ ਵਿਚ ਸ਼ਹੀਦ ਹੋ ਜਾਣ ਦਾ ਨਿਰਮਲ ਚਾਉ ਸੀ। ਇਸ ਕਰਕੇ ਸਿੰਘਾਂ ਨੇ ਆਪਣੀ ਮੂਲੋਂ ਹੀ ਥੋੜ੍ਹੀ ਨਫ਼ਰੀ ਤੇ ਮਾੜੇ ਹਥਿਆਰਾਂ ਦੇ ਬਾਵਜੂਦ ਭਾਰਤੀ ਫੌਜ ਦੇ ਹੱਲੇ ਨੂੰ ਬੁਰੀ ਤਰ੍ਹਾਂ ਪਛਾੜ ਕੇ ਰੱਖ ਦਿੱਤਾ।

ਫੌਜੀ ਜਰਨੈਲ ਜਿਸ ਲੜਾਈ ਨੂੰ ਦੋ ਜਾਂ ਹੱਦ ਤਿੰਨ ਘੰਟਿਆਂ ਦੇ ਅੰਦਰ ਸਮੇਟ ਦੇਣ ਦੀ ਖੁਸ਼ਫਹਿਮੀ ਪਾਲੀ ਬੈਠੇ ਸਨ, ਉਹ ਉਮੀਦ ਨਾਲੋਂ ਕਿਤੇ ਵੱਧ ਲਮਕਵੀਂ ਤੇ ਜ਼ੋਖ਼ਮ ਭਰੀ ਸਾਬਤ ਹੋਈ। ਜਨਰਲ ਕੁਲਦੀਪ ਸਿੰਘ ਬਰਾੜ ਨੇ ਸਿੰਘਾਂ ਦੇ ਹੌਂਸਲੇ ਤੋੜਨ ਤੇ ਮੋਰਚੇ ਨਸ਼ਟ ਕਰਨ ਲਈ ਕਈ ਬਦਲਵੀਂਆਂ ਪੈਂਤੜਾ ਚਾਲਾਂ ਚੱਲੀਆਂ। ਪਰ ਜੁਝਾਰੂ ਸਿੰਘਾਂ ਦੀ ਕਹਿਰ ਵਰਸਾਉਂਦੀ ਜੁਆਬੀ ਗੋਲਾਬਾਰੀ ਉਤੇ ਕਾਬੂ ਪਾਉਣ ਦੀ ਪੂਰਵ-ਉਲੀਕੀ ਜਾਂ ਬਦਲਵੀਂ ਕੋਈ ਵੀ ਚਾਲ ਅਸਰਦਾਰ ਸਾਬਤ ਨਾ ਹੋਈ।

ਫੌਜੀ ਕਮਾਂਡੋਆਂ ਦੀਆਂ ਚਕਰਾਤਾ ਵਿਖੇ ਮਹੀਨਿਆਂ ਬੱਧੀ ਕੀਤੀਆਂ ਮਸ਼ਕਾਂ ਉਕਾ ਹੀ ਬੇਫਾਇਦਾ ਬਣ ਕੇ ਰਹਿ ਗਈਆਂ। ਦੋ ਘੰਟਿਆਂ ਦੇ ਅੰਦਰ-ਅੰਦਰ ਅਕਾਲ ਤਖ਼ਤ ਉਤੇ ਕਬਜ਼ਾ ਕਰ ਲੈਣ ਦਾ ਟੀਚਾ ਤਾਂ ਦੂਰ ਰਿਹਾ, ਦੋ ਘੰਟਿਆਂ ਤੱਕ ਫੰਨੇ ਖਾਂ ਕਹੇ ਜਾਂਦੇ ‘10 ਗਾਰਡਜ਼’ ਦੇ ਕਮਾਂਡੋ ਪਰਕਰਮਾ ਦੇ ਅੰਦਰ ਕਦਮ ਧਰਨ ਵਿਚ ਵੀ ਸਫ਼ਲ ਨਾ ਹੋ ਸਕੇ। ਮੁੱਖ ਦੁਆਰ ਦੀਆਂ ਪੌੜੀਆਂ ਹੀ ਉਨ੍ਹਾਂ ਲਈ ਮੌਤ ਦਾ ਖੂਹ ਬਣ ਕੇ ਰਹਿ ਗਈਆਂ। ਹਲਕੀਆਂ/ਭਾਰੀਆਂ ਸਭ ਮਸ਼ੀਨਗੰਨਾਂ ਤੇ ਤੋਪਾਂ ਗੋਲੇ ਵਰਸਾ-ਵਰਸਾ ਕੇ ਹੰਭ ਗਈਆਂ।

ਦਰਬਾਰ ਸਾਹਿਬ ਉਤੇ ਨੀਵੀਂਆਂ ਉਡਾਰੀਆਂ ਭਰ ਕੇ ਫੌਜੀ ਜਵਾਨਾਂ ਨੂੰ ਸਿੰਘਾਂ ਦੇ ਮੋਰਚਿਆਂ ਦੀਆਂ ਸੂਹਾਂ ਦੇ ਰਹੇ ਚੇਤਕ ਹਵਾਈ ਜਹਾਜ਼ ਵੀ ਛਿਥੇ ਪੈ ਗਏ। ਪਰ ਫੌਜੀ ਟੁਕੜੀਆਂ ਦੀ ਅਕਾਲ ਤਖ਼ਤ ਵੱਲ ਵਧਣ ਦੀ ਕੋਈ ਕੋਸ਼ਿਸ਼ ਸਫ਼ਲ ਨਾ ਹੋ ਸਕੀ।

ਜਨਰਲ ਬਰਾੜ ਦਾ ਵਿਚਾਰ ਸੀ ਕਿ ਉਹ ਜ਼ਮੀਨ ਤੇ ਅਸਮਾਨ ਨੂੰ ਕਾਂਬਾ ਛੇੜ ਦੇਣ ਵਾਲੇ ‘ਸਟੱਨ ਗਰਨੇਡਾਂ’ ਨਾਲ ਜੁਝਾਰੂ ਸਿੰਘਾਂ ਦੇ ਦਿਲਾਂ ਅੰਦਰ ਹੌਲ ਪਾ ਦੇਵੇਗਾ। ਪਰ ਸਿੰਘਾਂ ਨੇ ਇਨ੍ਹਾਂ ‘ਸਟੱਨ ਗਰਨੇਡਾਂ’ ਨੂੰ ਦੀਵਾਲੀ ਦੇ ਪਟਾਕਿਆਂ ਤੋਂ ਵੱਧ ਨਹੀਂ ਜਾਣਿਆਂ।

ਛੇਆਂ ਘੰਟਿਆਂ ਦੀਆਂ ਜੀਅ-ਤੋੜ ਕੋਸ਼ਿਸ਼ਾਂ ਦੇ ਬਾਵਜੂਦ ਅਤੇ ਕਲਪਨਾ ਨਾਲੋਂ ਕਿਤੇ ਵੱਧ ਜਾਨੀ ਨੁਕਸਾਨ ਕਰਾ ਬੈਠਣ ਤੋਂ ਬਾਅਦ ਵੀ ਫੌਜ ਦਾ ਅਕਾਲ ਤਖ਼ਤ ਵੱਲ ਵਧਣਾ ਮੁਹਾਲ ਬਣਿਆ ਰਿਹਾ। ਕੋਈ ਛੇ ਘੰਟੇ ਬੀਤ ਜਾਣ ਤੋਂ ਬਾਅਦ ਜਦ ਫੌਜੀ ਜਰਨੈਲਾਂ ਨੂੰ ਪਹੁ ਫਟ ਜਾਣ ਦਾ ਅਤੇ ਦਿਨ ਦੇ ਚਿੱਟੇ ਚਾਨਣ ਵਿਚ ਆਪਣੀ ਨਾਕਾਮੀ ਦੇ ਜੱਗ-ਜ਼ਾਹਰ ਹੋ ਜਾਣ ਦਾ ਡਰਾਉਣਾ ਖਿਆਲ ਸਤਾਉਣ ਲੱਗਾ ਤਾਂ ਉਨ੍ਹਾਂ 6 ਜੂਨ ਦੀ ਲੋਅ ਪਾਟਣ ਤੋਂ ਪਹਿਲਾਂ ਸਵੇਰ ਦੇ ਚਾਰ ਵਜੇ ਮੰਜੀ ਸਾਹਿਬ ਵਾਲੇ ਪਾਸਿਓਂ ਇਕ ਬਖ਼ਤਰਬੰਦ ਗੱਡੀ (ਸ਼ਖੌਠ ੌਠ64) ਪਰਕਰਮਾ ਅੰਦਰ ਉਤਾਰੀ।

ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਸਿੰਘ ਇਸ ਗੱਡੀ ਨੂੰ ਦੇਖਦਿਆਂ ਹੀ ਭੈਅ ਭੀਤ ਹੋ ਉਠਣਗੇ ਅਤੇ ਇਸ ਬਖ਼ਤਰਬੰਦ ਗੱਡੀ ਦਾ ਉਹ ਵਾਲ ਵੀ ਵਿੰਗਾ ਨਹੀਂ ਕਰ ਸਕਣਗੇ। ਪਰ ਬਖ਼ਤਰਬੰਦ ਗੱਡੀ ਅਜੇ ਪਰਕਰਮਾ ਦੇ ਅੱਧ ਵਿਚ ਸ਼ਹੀਦਾਂ ਵਾਲੇ ਗੇਟ ਦੇ ਸਾਹਮਣੇ ਹੀ ਪਹੁੰਚੀ ਸੀ ਕਿ ਸਿੰਘਾਂ ਵੱਲੋਂ ਨਿਸ਼ਾਨਾ ਸੇਧ ਕੇ ਦਾਗ਼ੇ ਗਏ ਰਾਕਟ ਲਾਂਚਰ ਨੇ ਇਸ ਨੂੰ ਥਾਏਂ ਨਕਾਰਾ ਕਰ ਦਿੱਤਾ। ਫੌਜੀ ਜਰਨੈਲਾਂ ਨੇ ਅਜਿਹੀ ਪਛਾੜ ਤਾਂ ਸੁਪਨੇ ਵਿਚ ਵੀ ਨਹੀਂ ਚਿਤਵੀ ਸੀ। ਇਸ ਕਰਕੇ ਇਸ ਨਾਲ ਉਨ੍ਹਾਂ ਅੰਦਰ ਇਕਦਮ ਘਬਰਾਹਟ ਫੈਲ ਗਈ। ਪੂਰਵ ਉਲੀਕੀਆਂ ਸਾਰੀਆਂ ਯੋਜਨਾਵਾਂ ਨੂੰ ਥਾਏਂ ਛੱਡਦਿਆਂ ਹੋਇਆਂ ਉਨ੍ਹਾਂ, ਭਾਰੀ ਕਾਹਲੀ ਤੇ ਘਬਰਾਹਟ ਵਿਚ, ਉਤਲੀ ਪੱਧਰ ’ਤੇ ਫੁਰਤੀ ਨਾਲ ਸਲਾਹ ਮਸ਼ਵਰੇ ਕਰਕੇ, ਅਕਾਲ ਤਖ਼ਤ ਉਤੇ ਸਿੱਧਾ ਟੈਂਕਾਂ ਨਾਲ ਹੱਲਾ ਬੋਲਣ ਦਾ ਨਿਰਣਾ ਕਰ ਲਿਆ।

ਮਿੰਟਾਂ ਦੇ ਅੰਦਰ ਹੀ ਛੇ ਵਿਜੇਤਾ ਟੈਂਕ ਸਰਾਂ ਵਾਲੇ ਪਾਸੇ ਦੀ ਵਿਚਕਾਰਲੀ ਸੜਕ ਉਤੇ ਆ ਪਰਗਟ ਹੋਏ। ਪਹਿਲਾਂ ਇਕ ਟੈਂਕ ਨੂੰ ਪਰਕਰਮਾ ਅੰਦਰ ਉਤਾਰਿਆ ਗਿਆ। ਪਰ ਰੱਬ-ਸਬੱਬੀਂ ਇਹ ਟੈਂਕ ਬਾਬਾ ਦੀਪ ਸਿੰਘ ਦੀ ਸਮਾਧ ਕੋਲ ਜਾ ਕੇ ਜ਼ਮੀਨ ਅੰਦਰ ਧਸ ਗਿਆ। ਫਿਰ ਇਕ ਹੋਰ ਟੈਂਕ ਲਿਆਂਦਾ ਗਿਆ। ਤਿਖੀ ਲਿਸ਼ਕੋਰ ਨਾਲ ਸਿੰਘਾਂ ਦੀਆਂ ਅੱਖਾਂ ਨੂੰ ਨਕਾਰਾ ਕਰ ਦੇਣ ਦੀ ਸੋਚ ਨਾਲ ਅਕਾਲ ਤਖ਼ਤ ਉਤੇ ਟੈਂਕਾਂ ਦੀਆਂ ਅਤੀ ਤੇਜ਼ ਰੋਸ਼ਨੀਆਂ (ਸਰਚ ਲਾਈਟਾਂ) ਮਾਰੀਆਂ ਗਈਆਂ। ਜਦ ਇਸ ਨਾਲ ਵੀ ਅਕਾਲ ਤਖ਼ਤ ਵਿਚੋਂ ਆਉਂਦੀ ਗੋਲੀਆਂ ਦੀ ਬੁਛਾੜ ਨਾ ਥੰਮੀ ਤਾਂ ਅਕਾਲ ਤਖ਼ਤ ਉਤੇ ਅੱਥਰੂ ਗੈਸ ਦੇ ਬੇਥਾਹ ਗੋਲੇ ਸੁਟੇ ਗਏ। ਪਰ ਅੱਥਰੂ ਗੈਸ ਵੀ ਆਪਣਾ ਕੋਈ ਅਸਰ ਨਾ ਦਿਖਾ ਸਕੀ।

ਇਸ ਤੋਂ ਬਾਅਦ ਛਿੱਥੇ ਪਏ ਜਨਰਲ ਬਰਾੜ ਨੇ ਅਕਾਲ ਤਖ਼ਤ ਅੰਦਰ ਸੀ.ਐਸ. ਨਾਂ ਦੀ ਜ਼ਹਿਰੀਲੀ ਗੈਸ, ਕੌਮਾਂਤਰੀ ਕਾਨੂੰਨਾਂ ਅਨੁਸਾਰ ਜਿਸ ਦੀ ਜੰਗ ਅੰਦਰ ਵਰਤੋਂ ਵਰਜਿਤ ਕਰਾਰ ਦਿੱਤੀ ਗਈ ਹੈ, ਦੇ ਕਨਿਸਤਰ ਸੁੱਟਣ ਦੀ ਚਾਲ ਅਜ਼ਮਾਉਣ ਦਾ ਨਿਰਣਾ ਕਰ ਲਿਆ। ਪਰ ਸਿੰਘਾਂ ਨੇ ਦੁਸ਼ਮਣ ਦੀ ਹਰ ਚਾਲ ਨੂੰ ਪਛਾੜਦਿਆਂ ਹੋਇਆਂ ਫੌਜ ਨੂੰ ਅਕਾਲ ਤਖ਼ਤ ਵੱਲ ਵਧਣ ਤੋਂ ਲਗਾਤਾਰ ਡੱਕਾ ਲਾਈ ਰੱਖਿਆ।

ਅਖੀਰ ਵਿਚ ਟੈਂਕਾਂ ਨੇ ਹੋਰ ਨੇੜੇ ਹੋ ਕੇ ਅਕਾਲ ਤਖ਼ਤ ਤੇ ਦਰਸ਼ਨੀ ਡਿਉਢੀ ਉਤੇ ਸਿਧੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਅਜ਼ਮਾਇਸ਼ ਦੇ ਤੌਰ ’ਤੇ ਟੈਂਕ ਦੀ ਮਸ਼ੀਨ ਗੰਨ ਦੇ ਗੋਲੇ ਦਾਗੇ ਗਏ। ਫਿਰ ਟੈਂਕ ਦੀ ਮੁੱਖ ਤੋਪ (105 ਐਮ.ਐਮ.) ’ਚੋਂ ‘ਹੈੱਸ਼’ (85ਸ਼8) ਦੇ ਨਾਂ ਨਾਲ ਜਾਣੇ ਜਾਂਦੇ ਅਤੀ ਸ਼ਕਤੀਸ਼ਾਲੀ ਗੋਲਿਆਂ ਨੇ ਕਹਿਰ ਵਰਸਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਗੋਲਿਆਂ ਨੇ ਅਕਾਲ ਤਖ਼ਤ ਤੇ ਦਰਸ਼ਨੀ ਡਿਉਢੀ ਦੇ ਡਾਢੇ-ਤਕੜੇ ਢਾਂਚਿਆਂ ਅੰਦਰ ਵੱਡੇ ਮਘੋਰੇ ਖੋਲ੍ਹ ਦਿੱਤੇ।

ਥੋੜ੍ਹੇ ਹੀ ਚਿਰ ਵਿਚ ਇਹ ਇਤਿਹਾਸਕ ਇਮਾਰਤਾਂ ਬੁਰੀ ਤਰ੍ਹਾਂ ਨਸ਼ਟ ਹੋ ਗਈਆਂ। ਪਰ ਇਸ ਦੇ ਬਾਵਜੂਦ ਅਕਾਲ ਤਖ਼ਤ ਅੰਦਰ ਡਟੇ ਗਿਣਤੀ ਦੇ ਸਿੰਘ ਭਾਰਤੀ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਰਹੇ। ਕਮਾਂਡੋਆਂ ਨੇ ਪਰਕਰਮਾ ਦੀਆਂ ਉੱਤਰੀ ਤੇ ਦੱਖਣੀ, ਦੋਨੋਂ ਬਾਹੀਆਂ ਤੋਂ ਅਕਾਲ ਤਖ਼ਤ ਵੱਲ ਵਧਣ ਦੀਆਂ ਕਈ ਜਾਂਬਾਜ਼ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰ ਅਕਾਲ ਤਖ਼ਤ ਦੇ ਸਾਹਮਣੇ ਵਾਲਾ ਵਿਹੜਾ ਉਨ੍ਹਾਂ ਲਈ ਮੌਤ ਦਾ ਖੇਤਰ ਬਣਦਾ ਰਿਹਾ। ਬਾਅਦ ’ਚ ਜਨਰਲ ਬਰਾੜ ਨੇ ਇਹ ਗੱਲ ਨਿਝੱਕ ਮੰਨੀ ਕਿ ਇਹ ਥਾਂ ਉਨ੍ਹਾਂ ਲਈ ‘ਮੁੱਖ ਕਤਲਗਾਹ’ ਸਾਬਤ ਹੋਈ।

ਜਨਰਲ ਦਿਆਲ ਨੂੰ ਵੀ ਸਿੰਘਾਂ ਦੇ ਲੜਾਕੂ ਜਜ਼ਬੇ ਤੇ ਬਹਾਦਰੀ ਦਾ ਇਹ ਕਹਿੰਦਿਆਂ ਹੋਇਆਂ ਲੋਹਾ ਮੰਨਣਾ ਪਿਆ ਕਿ ‘ਮੈਂ ਆਪਣੇ ਫੌਜੀ ਜੀਵਨ ਦੇ ਤੀਹ ਵਰ੍ਹਿਆਂ ਅੰਦਰ ਇਸ ਤਰ੍ਹਾਂ ਦੀ ਫਾਇਰ ਪਾਵਰ ਨਹੀਂ ਦੇਖੀ, ਪਾਕਿਸਤਾਨ ਨਾਲ ਜੰਗ ਦੇ ਦੌਰਾਨ ਵੀ ਨਹੀਂ।’

ਉਦੋਂ ਵੀ, ਜਦੋਂ ਅਕਾਲ ਤਖ਼ਤ ਦੇ ਢਾਂਚੇ ਵਿਚ ਖੁਲ੍ਹੇ ਵੱਡੇ ਮਘੋਰਿਆਂ ਰਾਹੀਂ ਭਾਰਤੀ ਫੌਜ ਮਣਾਂ-ਮੂੰਹੀ ਬਾਰੂਦ ਅੰਦਰ ਸੁੱਟ ਰਹੀ ਸੀ ਤੇ ਅਕਾਲ ਤਖ਼ਤ ਦੀਆਂ ਉਪਰਲੀਆਂ ਮੰਜ਼ਲਾਂ ਅੱਗ ਤੇ ਧੂੰਏਂ ਦੀ ਲਪੇਟ ਵਿਚ ਆਈਆਂ ਹੋਈਆਂ ਸਨ, ਅਕਾਲ ਤਖ਼ਤ ਦੀ ਹੇਠਲੀ ਮੰਜ਼ਿਲ ਵਿਚ ਡਟੇ ਜੁਝਾਰੂ ਸਿੰਘਾਂ ਨੇ ਲਗਾਤਾਰ ਜਚਵੀਂ ਟੱਕਰ ਦੇਣੀ ਜਾਰੀ ਰੱਖੀ।

6 ਜੂਨ ਨੂੰ ਵੱਡਾ ਦਿਨ ਚੜ੍ਹ ਪੈਣ ਤੱਕ ਟੈਂਕਾਂ ਦੀਆਂ ਤੋਪਾਂ ਅਕਾਲ ਤਖ਼ਤ ਸਾਹਿਬ ਉਤੇ ਬਿਨ੍ਹਾਂ ਸਾਹ ਲਏ ਗੋਲੇ ਸੁਟਦੀਆਂ ਰਹੀਆਂ। ਪ੍ਰੰਤੂ ਲਗਭਗ ਥੇਹ ਬਣ ਚੁਕੇ ਅਕਾਲ ਤਖ਼ਤ ਦੇ ਅੰਦਰ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਗਿਣਤੀ ਦੇ ਲੜਾਕੂ ਸਿੰਘ ਸਿੱਖੀ ਦੇ ਗੌਰਵਸ਼ਾਲੀ ਵਿਰਸੇ ਤੇ ਰਵਾਇਤਾਂ ਦੀ ਲਾਜ ਪਾਲਦੇ ਹੋਏ ਸਿਦਕਦਿਲੀ ਨਾਲ ਮੁਕਾਬਲੇ ’ਤੇ ਡਟੇ ਰਹੇ।

ਜਨਰਲ ਬਰਾੜ ਦੀ ਸੰਤ ਭਿੰਡਰਾਂਵਾਲੇ ਕੋਲੋਂ ਦੋ ਘੰਟਿਆਂ ਦੇ ਅੰਦਰ-ਅੰਦਰ ਆਤਮ-ਸਮਰਪਣ ਕਰਵਾ ਲੈਣ ਦੀ ਹੋਛੀ ਫੜ੍ਹ ਉਸ ਲਈ ਅੰਤਾਂ ਦੀ ਨਮੋਸ਼ੀ ਤੇ ਸ਼ਰਮਿੰਦਗੀ ਦਾ ਕਾਰਨ ਬਣ ਰਹੀ ਸੀ। ਉਂਗਲਾਂ ’ਤੇ ਗਿਣਨ ਜੋਗੇ ਸਿੰਘਾਂ ਨੂੰ ਫੌਜ ਦੇ ਭਾਰੀ ਲਸ਼ਕਰ ਨਾਲ ਮੁਕਾਬਲਾ ਕਰਦਿਆਂ 50 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਸੀ। ਟੈਂਕਾਂ ਦੇ ਗੋਲਿਆਂ ਨੇ ਅਕਾਲ ਤਖ਼ਤ ਨੂੰ ਹਾਲੋਂ ਬੇਹਾਲ ਕਰਕੇ ਰੱਖ ਦਿੱਤਾ ਹੋਇਆਂ ਸੀ।

ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦੇ ਬਹੁਤੇ ਸਿੰਘ ਸ਼ਹੀਦ ਹੋ ਚੁੱਕੇ ਸਨ। 6 ਜੂਨ ਦੀ ਸਵੇਰ ਨੂੰ ਸੰਤ ਜਰਨੈਲ ਸਿੰਘ ਨੇ ਆਪਣੇ ਗਿਣਤੀ ਦੇ ਬਚੇ ਹੋਏ ਯੋਧਿਆਂ ਨੂੰ ਅਕਾਲ ਤਖ਼ਤ ਸਹਿਬ ਦੇ ਭੋਰੇ ਅੰਦਰ ਇਕੱਠਿਆਂ ਕਰਕੇ ਸਾਰੇ ਹਾਲਾਤ, ਜੋ ਸਾਰਿਆਂ ਨੂੰ ਹੀ ਸਪਸ਼ਟ ਸਨ, ਤੋਂ ਜਾਣੂੰ ਕਰਵਾਇਆ ਅਤੇ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੀ ਸੂਰਤ ਵਿਚ ਭਾਰਤੀ ਫੌਜ ਨੂੰ ਲੋਹੇ ਦੇ ਚਨੇ ਚਬਾਉਣ ਦੇ ਆਪਣੇ ਪ੍ਰਣ ਉਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਹੋਇਆਂ ਗੁਰੂ ਦੇ ਚਰਨਾਂ ਵਿਚ ਸ਼ਹਾਦਤ ਦਾ ਜਾਮ ਪੀਣ ਦੀ ਸੁਲੱਖਣੀ ਘੜੀ ਦੇ ਆ ਪਹੁੰਚਣ ਦਾ ਐਲਾਨ ਕੀਤਾ।

ਕੁਝ ਸਿੰਘਾਂ ਨੇ ਸੰਤਾਂ ਨੂੰ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸੁਯੋਗ ਅਗਵਾਈ ਦੇਣ ਲਈ ਦੁਸ਼ਮਣ ਦੇ ਘੇਰੇ ’ਚੋਂ ਬਚ ਕੇ ਨਿਕਲ ਜਾਣ ਦੀ ਬੇਨਤੀ ਕੀਤੀ। ਘੇਰੇ ’ਚੋਂ ਬਚ ਕੇ ਨਿਕਲ ਜਾਣ ਦੇ ਰਾਹ ਭਾਵੇਂ ਅਜੇ ਵੀ ਖੁਲ੍ਹੇ ਸਨ (ਕਿਹਾ ਜਾਂਦਾ ਹੈ ਕਿ ਕੁਝ ਸਿੰਘ ਸਾਂਝੀ ਰਜ਼ਾ ਨਾਲ ਘੇਰੇ ’ਚੋਂ ਨਿਕਲ ਵੀ ਗਏ ਸਨ) ਪ੍ਰੰਤੂ ਸੰਤ ਜਰਨੈਲ ਸਿੰਘ ਨੇ ਸਿੰਘਾਂ ਦੀ ਇਸ ਬੇਨਤੀ ਨੂੰ ਪਿਆਰ ਤੇ ਦ੍ਰਿੜ੍ਹਤਾ ਨਾਲ ਠੁਕਰਾਅ ਦਿੱਤਾ ਅਤੇ ਗੁਰੂ ਦੇ ਚਰਨਾਂ ਵਿਚ ਸੀਸ ਵਾਰਨ ਦੀ ਆਪਣੀ ਅਡੋਲ ਇੱਛਾ ਨੂੰ ਉਨ੍ਹਾਂ ਦੇ ਅੰਤਮ ਫੈਸਲੇ ਵਜੋਂ ਪਰਵਾਨ ਕਰਨ ਲਈ ਕਿਹਾ।

ਇਸ ਤੋਂ ਬਾਅਦ ਸਿੰਘਾਂ ਨੇ ਇਹੋ ਬੇਨਤੀ ਭਾਈ ਅਮਰੀਕ ਸਿੰਘ ਅੱਗੇ ਦੁਹਰਾਈ ਪਰ ਭਾਈ ਸਾਹਿਬ ਹੁਰਾਂ ਸਚਖੰਡ ਤੱਕ ਸੰਤਾਂ ਦਾ ਸਾਥ ਨਿਭਾਉਣ ਦੀ ਆਪਣੀ ਤੀਬਰ ਇੱਛਾ ਤੇ ਪ੍ਰਣ ਤੋਂ ਕਿਸੇ ਵੀ ਸੂਰਤ ਪਿਛਾਂਹ ਨਾ ਹਟਣ ਦਾ ਦ੍ਰਿੜ੍ਹ ਫੈਸਲਾ ਸੁਣਾਉਂਦਿਆਂ ਹੋਇਆਂ ਸ਼ਹੀਦੀ ਕਮਰਕੱਸੇ ਕਰਨੇ ਸ਼ੁਰੂ ਕਰ ਦਿੱਤੇ।

ਸੰਤ ਜਰਨੈਲ ਸਿੰਘ ਸਮੇਤ ਅਕਾਲ ਤਖ਼ਤ ਦੇ ਭੋਰੇ ਅੰਦਰ ਮੌਜੂਦ ਦੋ ਦਰਜਨ ਦੇ ਕਰੀਬ ਧਰਮੀ ਯੋਧਿਆਂ ਦੇ ਹੱਥ ਅਰਦਾਸ ਲਈ ਜੁੜੇ। ਅਰਦਾਸ ਹੋਈ ਅਤੇ ਜੈਕਾਰਾ ਛੱਡਣ ਤੋਂ ਬਾਅਦ ਉਹੀ ਹੱਥ ਮੁੜ ਆਪੋ ਆਪਣੇ ਹਥਿਆਰਾਂ ਦੇ ਮੁੱਠਿਆਂ ਨੂੰ ਜਾ ਜੁੜੇ।

ਅੱਗੇ-ਅੱਗੇ ਸੰਤ ਤੇ ਪਿੱਛੇ ਉਨ੍ਹਾਂ ਦੇ ਸਿਦਕੀ ਸਿੰਘ ਜੈਕਾਰੇ ਗੁੰਜਾਉਂਦੇ ਸਾਹਮਣੇ ਵਿਹੜੇ ਵਿਚ ਨਿਕਲ ਆਏ। ਇਸ ‘ਕੌਤਕ’ ਨੂੰ ਦੇਖ ਕੇ ਇਕ ਵਾਰ ਤਾਂ ਦੁਸ਼ਮਣ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਕੁਝ ਹੀ ਪਲਾਂ ਬਾਅਦ ਚੁਫੇਰਿਓਂ ਗੋਲੀਆਂ ਤੇ ਗਰਨੇਡਾਂ ਦੀ ਜ਼ੋਰਦਾਰ ਬੁਛਾੜ ਆਈ ਅਤੇ ਮਰਦ ਅਗੰਮੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਵਿਰਸੇ ਦੀ ਲਾਜ ਪਾਲਦੇ ਤੇ ਆਪਣਾ ਕਿਹਾ ਹੋਇਆਂ ਵਚਨ ਨਿਭਾਉਂਦੇ ਹੋਏ ਨਿਸ਼ਾਨ ਸਾਹਿਬਾਨ ਤੋਂ ਕੁਝ ਹੀ ਫੁੱਟ ਦੀ ਦੂਰੀ ਉਤੇ ਸ਼ਹੀਦ ਹੋ ਗਏ। ਮਗਰੇ ਹੀ ਭਾਈ ਅਮਰੀਕ ਸਿੰਘ ਤੇ ਹੋਰ ਸਿੰਘ ਵੀ ਗੁਰੂ ਘਰ ਦੀ ਰੱਖਿਆ ਕਰਦੇ ਹੋਏ ਗੁਰੂ ਨੂੰ ਪਿਆਰੇ ਹੋ ਗਏ।

ਜਨਰਲ ਸੁਬੇਗ਼ ਸਿੰਘ ਦੀ ਮ੍ਰਿਤਕ ਦੇਹ ਅਕਾਲ ਤਖ਼ਤ ਸਾਹਿਬ ਦੇ ਭੋਰੇ ’ਚੋਂ ਬਰਾਮਦ ਹੋਈ ਦੱਸੀ ਗਈ। ਕੁਝ ਪੱਤਰਕਾਰਾਂ ਦੀਆਂ ਰਿਪੋਰਟਾਂ ਮੁਤਾਬਕ ਜਨਰਲ ਸੁਬੇਗ਼ ਸਿੰਘ ਦੇ ਗੁੱਟਾਂ ਉਤੇ ਰੱਸੇ ਦੇ ਨਿਸ਼ਾਨ ਸਨ। ਸਮਝਿਆ ਜਾਂਦਾ ਹੈ ਕਿ ਫੌਜ ਦੇ ਅਣਚਿਤਵੇ ਭਾਰੀ ਜਾਨੀ ਨੁਕਸਾਨ ਸਦਕਾ ਕਰੋਧ ਵਿਚ ਆਏ ਫੌਜੀ ਜਰਨੈਲਾਂ ਨੇ ਆਪਣੀ ਵਿਹੁ ਲਾਹੁਣ ਲਈ ਜਨਰਲ ਸੁਬੇਗ਼ ਸਿੰਘ ਨੂੰ ਸਖ਼ਤ ਜ਼ਖ਼ਮੀ ਹਾਲਤ ਵਿਚ ਗੁੱਟਾਂ ਤੋਂ ਰੱਸੀਆਂ ਨਾਲ ਬੰਨ੍ਹ ਕੇ ਘੜੀਸਿਆ ਅਤੇ ਫਿਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।

ਅਗਲੇ ਦਿਨ 7 ਜੂਨ ਦੀ ਸ਼ਾਮ ਨੂੰ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਦੇ ਮ੍ਰਿਤਕ ਸਰੀਰਾਂ ਦਾ ਫੌਜ ਦੀ ਕਰੜੀ ਨਿਗਰਾਨੀ ਹੇਠ ਨਗਰਪਾਲਿਕਾ ਦੇ ਚਾਟੀਵਿੰਡ ਸਮਸ਼ਾਨਘਾਟ ਵਿਖੇ ਦਾਹ ਸੰਸਕਾਰ ਕਰ ਦਿੱਤਾ ਗਿਆ।ਇਸ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇਸ ਸ਼ਹਾਦਤ ਨਾਲ ਸਿੱਖ ਸੰਘਰਸ਼ ਦੇ ਇਕ ਦੌਰ ਦੀ ਸਮਾਪਤੀ ਹੋ ਗਈ। ਪਰ ਇਸ ਦੇ ਨਾਲ ਹੀ ਇਕ ਨਵਾਂ ਹੋਣੀ ਭਰਪੂਰ ਦੌਰ ਆਰੰਭ ਹੋ ਗਿਆ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: