ਕੌਮਾਂਤਰੀ ਖਬਰਾਂ

ਮੋਦੀ ਨੇ ਚੀਨੀ ਰਾਸ਼ਟਰਪਤੀ ਕੋਲ ਘੁਸਪੈਠ ਦਾ ਮਾਮਲਾ ਉਠਾਇਆ

September 18, 2014 | By

ਨਵੀਂ ਦਿੱਲੀ (18 ਸਤੰਬਰ, 2014): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਆਪਣੀ ਮੁਲਾਕਾਤ ‘ਚ ਭਾਰਤ ਦੇ ਕਬਜ਼ੇ ਵਾਲੇ ਇਲਾਕੇ ਵਿਚ ਚੀਨੀ ਫੌਜ ਦੀ ਕਥਿਤ ਘੁਸਪੈਠ ਦਾ ਮੁੱਦਾ ਚੁੱਕਿਆ। ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਅੱਜ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਮੋਦੀ ਅਤੇ ਸ਼ੀ ਦੇ ਵਿਚਕਾਰ ਜਦੋਂ ਬੈਠਕ ਹੋਵੇਗੀ ਤਾਂ ਇਸ ਮੁੱਦੇ ਨੂੰ ਫਿਰ ਚੁੱਕਿਆ ਜਾਵੇਗਾ।

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ

ਜ਼ਿਕਰਯੋਗ ਹੈ ਕਿ ਚੁਮੁਰ ਇਲਾਕੇ ਵਿਚ 100 ਭਾਰਤੀ ਸੈਨਿਕਾਂ ਨੂੰ 300 ਚੀਨੀ ਸੈਨਿਕਾਂ ਨੇ ਘੇਰ ਲਿਆ ਸੀ। ਦੋਵਾਂ ਹੀ ਪਾਸਿਆਂ ਤੋਂ ਸੈਨਿਕਾਂ ਦੀ ਤਾਦਾਦ ਵਧੀ ਹੈ। ਇਸ ਦੇ ਨਾਲ ਹੀ ਡੇਮਚੌਕ ਵਿਚ ਵੀ ਦੋਵਾਂ ਵਿਚਕਾਰ ਤਣਾਅ ਜਾਰੀ ਹੈ। 11 ਸਤੰਬਰ ਨੂੰ ਸਰਹੱਦ ‘ਤੇ ਤਣਾਅ ਵਧਾਉਂਦਿਆਂ ਚੀਨੀ ਸੈਨਾ 500 ਮੀਟਰ ਅੰਦਰ ਭਾਰਤੀ ਸਰਹੱਦ ਵਿਚ ਆ ਵੜੀ ਸੀ। ਐਤਵਾਰ ਨੂੰ ਆਈ ਇਕ ਰਿਪੋਰਟ ਅਨੁਸਾਰ ਚੀਨੀ ਸੈਨਿਕਾਂ ਨੇ ਭਾਰਤੀ ਖੇਤਰ ਵਿਚ ਤੰਬੂ ਵੀ ਗੱਡ ਦਿੱਤੇ। ਕਰੀਬ 30 ਚੀਨੀ ਸੈਨਿਕ ਲੱਦਾਖ ਦੇ ਡੇਮਚੌਕ ਖੇਤਰ ਵਿਚ ਆ ਵੜੇ। ਹਾਲਾਂਕਿ ਇਸ ਨਾਲ ਨਜਿੱਠਣ ਲਈ ਖੇਤਰ ਵਿਚ ਇੰਡੋ-ਤਿੱਬਤ ਬਾਰਡਰ ਪੁਲਿਸ ਦੇ 70 ਜਵਾਨਾਂ ਨੂੰ ਵੀ ਉਥੇ ਤਾਇਨਾਤ ਕੀਤਾ ਗਿਆ ਸੀ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੌਰੇ ‘ਤੇ ਆਉਣ ਤੋਂ ਪਹਿਲਾਂ ਚੀਨ ਦੇ ਲੋਕ ਸਰਕਾਰੀ ਵਾਹਨਾਂ ‘ਚ ਲੱਦਾਖ ਦੇ ਡੇਮਚੌਕ ‘ਚ ਦਾਖਲ ਹੋ ਗਏ ਤੇ ਉਥੇ ਸਥਾਨਕ ਲੋਕਾਂ ਨੂੰ ਸਿੰਚਾਈ ਪ੍ਰਾਜੈਕਟ ‘ਤੇ ਕੰਮ ਕਰਨ ਤੋਂ ਰੋਕ ਰਹੇ ਹਨ।

ਭਾਰਤ ਸਰਕਾਰ ਨੇ ਇਨ੍ਹਾਂ ਰਿਪੋਰਟਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਸੀ ਅਤੇ ਕਿਹਾ ਕਿ ਸਰਹੱਦੀ ਵਿਵਾਦ ਬਾਰੇ ਚੀਨ ਨਾਲ ਗੱਲਬਾਤ ਕੀਤੀ ਜਾਵੇਗੀ।
ਲੇਹ ਦੇ ਡਿਪਟੀ ਕਮਿਸ਼ਨਰ ਸਿਮਰਨਦੀਪ ਸਿੰਘ ਨੇ ਕਿਹਾ ਕਿ ਇਹ ਸੱਚ ਹੈ ਕਿ ਚੀਨ ਪਿਛਲੇ ਇਕ ਹਫ਼ਤੇ ਤੋਂ ਭਾਰਤ-ਚੀਨ ਸਰਹੱਦ ਨਾਲ ਅਸਲ ਕੰਟਰੋਲ ਰੇਖਾ ਨੇੜੇ ਪਿੰਡ ਡੇਮਚੌਕ ‘ਚ ਸਿੰਚਾਈ ਪ੍ਰਾਜੈਕਟ ਨੂੰ ਰੋਕ ਰਿਹਾ ਹੈ ਤੇ ਵਿਰੋਧ ਕਰ ਰਿਹਾ ਹੈ। ਉਨ੍ਹਾਂ ਨੇ ਇਹ ਟਿੱਪਣੀ ਉਨ੍ਹਾਂ ਰਿਪੋਰਟਾਂ ‘ਤੇ ਕੀਤੀ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਚੀਨੀ ਸੈਨਾ ਨੇ ਭਾਰਤੀ ਖੇਤਰ ‘ਚ ਦਾਖਲ ਹੋ ਕੇ ਸਥਾਨਕ ਲੋਕਾਂ ਨੂੰ ਮਨਰੇਗਾ ਸਕੀਮ ਤਹਿਤ ਸਿੰਚਾਈ ਪ੍ਰਾਜੈਕਟ ‘ਤੇ ਕੰਮ ਕਰਨ ਤੋਂ ਰੋਕਿਆ।

ਉਨ੍ਹਾਂ ਅੱਗੇ ਦੱਸਿਆ ਸੀ ਕਿ ਸਥਾਨਕ ਲੋਕਾਂ ਨੂੰ ਇਸ ਪ੍ਰਾਜੈਕਟ ‘ਤੇ ਕੰਮ ਕਰਨ ਤੋਂ ਰੋਕਣ ਲਈ ਅਸਲ ਕੰਟਰੋਲ ਰੇਖਾ ਪਾਰ ਇਕ ਪਿੰਡ ਤੋਸ਼ੀਗਾਂਗ ਤੋਂ ਵੱਡੀ ਗਿਣਤੀ ‘ਚ ਲੋਕਾਂ ਨੂੰ ਸਰਕਾਰੀ ਵਾਹਨਾਂ ‘ਚ ਇਥੇ ਲਿਆਂਦਾ ਗਿਆ। ਹਾਲਾਂਕਿ ਫ਼ੌਜ ਨੇ ਪਿੰਡ ਵਾਸੀਆਂ ਸਬੰਧੀ ਆਈਆਂ ਰਿਪੋਰਟਾਂ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: