ਲੇਖ » ਸਿੱਖ ਖਬਰਾਂ

ਖਾਲਸਾ ਜੀ! ਬੁੱਤ ‘ਕੱਲੇ ਪੱਥਰਾਂ ਦੇ ਨਹੀਂ ਹੁੰਦੇ (“ਚਾਰ ਸਾਹਿਬਜ਼ਾਦੇ” ਅਤੇ “ਨਾਨਕ ਸ਼ਾਹ ਫਕੀਰ” ਨਾਮੀ ਫਿਲਮਾਂ ਦੇ ਖ਼ਾਸ ਸੰਧਰਭ ਵਿੱਚ)

April 3, 2015 | By

ਪ੍ਰਭਜੋਤ ਸਿੰਘ

ਲੇਖਕ: ਪ੍ਰਭਜੋਤ ਸਿੰਘ

ਜੋਕੇ ਦੌਰ ਵਿਚ ਐਨੀਮੇਸ਼ਨ ਫਿਲਮਾਂ ਦਾ ਪ੍ਰਚਲਨ ਪੂਰੇ ਜ਼ੋਰਾਂ ’ਤੇ ਹੈ। ਫਿਲਮ ਦੀ ਇਸ ਵਿਧਾ ਦਾ ਇਸਤੇਮਾਲ ਧਾਰਮਿਕ ਫਿਲਮਾਂ ਬਣਾਉਣ ਹਿੱਤ ਵੀ ਕੀਤਾ ਜਾ ਰਿਹਾ ਹੈ। ਸਿੱਖ ਧਰਮ ਅੰਦਰ ਵੀ ਕੁੱਝ ਲੋਕਾਂ ਵਲੋਂ ਇਸ ਵਿਧਾ ਦੀ ਵਰਤੋਂ ਸਿੱ-ਖ ਇਤਿਹਾਸ ਨਾਲ ਸੰਬੰਧਿਤ ਫਿਲਮਾਂ ਬਣਾਉਣ ਲਈ ਕੀਤੀ ਗਈ ਹੈ। ਇਹਨਾਂ ਐਨੀਮੇਸ਼ਨ ਫਿਲਮਾਂ ਦੇ ਜ਼ਰੀਏ ਛੋਟੇ ਸਾਹਿਬਜ਼ਾਦਿਆਂ, ਵੱਡੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੋਰ ਜੀ ਦੇ ਕਿਰਦਾਰਾਂ ਨੂੰ ਦਿਖਾਉਣ ਦਾ ਧਾਰਮਿਕ ਗੁਨਾਹ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਹੁਣ ਇਸ ਲੜੀ ਵਿਚ ਇੱਕ ਨਵੀਂ ਫਿਲਮ ‘ਨਾਨਕ ਸ਼ਾਹ ਫਕੀਰ’ ਵੀ ਜੁੜਨ ਜਾ ਰਹੀ ਹੈ। ਵੈਸੇ ਇਹ ਫਿਲਮ ਫੀਚਰ ਫਿਲਮ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿਰਦਾਰ ਨੂੰ ਕੰਪਿਊਟਰ ਗ੍ਰਾਫਿਕ1 ਦੇ ਜ਼ਰਿਏ ਪੇਸ਼ ਕੀਤਾ ਗਿਆ ਹੈ। ਇਹ ਫਿਲਮ ਧਰਮ-ਪ੍ਰਚਾਰ ਦਾ ਤਰਕ ਲੈਕੇ ਸਿੱਖ ਧਰਾਤਲ ਉੱਤੇ ਉਤਰ ਰਹੀ ਹੈ। ਉਂਜ ਇਸ ਤੋਂ ਪਹਿਲਾਂ ਦੀਆਂ ਫਿਲਮਾਂ (ਸਹਿਬਜ਼ਾਦਿਆਂ ਨਾਲ ਸਬੰਧਿਤ) ਵੀ ਧਰਮ-ਪ੍ਰਚਾਰ ਦੇ ਤਰਕ ਨਾਲ ਹੀ ਸੰਗਤਾਂ ਦੇ ਸਨਮੁਖ ਪੇਸ਼ ਕੀਤੀਆਂ ਗਈਆਂ ਹਨ। ਧਰਮ-ਪ੍ਰਚਾਰ ਦਾ ਕਾਰਜ ਹਰ ਧਰਮ ਵੱਲੋਂ ਕੀਤਾ ਜਾਂਦਾ ਹੈ। ਜਿਸ ਦਾ ਮਨੋਰਥ ਆਪਣੇ ਧਰਮ ਦਾ ਉਸਾਰ ਕਰਨਾ ਹੁੰਦਾ ਹੈ। ਪਰ ਧਰਮ ਪ੍ਰਚਾਰ ਦਾ ਇਸ ਕਾਰਜ ਤੋਂ ਵੀ ਅਹਿਮ ਕਾਰਜ ਆਪਣੀ ਕੌਮ ਵਿੱਚੋਂ, ਧਰਮ ਤੋਂ ਦੂਰ ਹੋਏ ਲੋਕਾਂ ਅੰਦਰ, ਕੌਮੀ ਵਿਲੱਖਣਤਾ ਦੇ ਅਹਿਸਾਸ ਨੂੰ ਜਗਾਉਣਾ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਕੁੱਲ ਆਲਮ ਦੇ ਲੋਕਾਂ ਨੁੰ ਆਪਣੇ ਧਰਮ ਦੇ ਨਿਆਰੇਪਨ ਤੋਂ ਜਾਣੂ ਕਰਵਾਉਣਾ ਹੁੰਦਾ ਹੈ। ਇਸ ਸਾਰੀ ਕਵਾਇਤ ਦੇ ਪਿੱਛੇ ਅਸਲ ਮਨਸ਼ਾ, ਆਪਣੇ ਧਰਮ ਦੀਆਂ ਸਿਧਾਂਤਕ ਬੁਨਿਆਦਾਂ ਨੂੰ ਮਜ਼ਬੂਤ ਕਰਨ ਦੀ ਹੁੰਦੀ ਹੈ। ਸੁਭਾਵਿਕ ਹੈ ਕਿ ਜਿਹੜਾ ਪ੍ਰ੍ਰਚਾਰ ਇਹ ਸਭ ਕਾਰਜ ਕਰਨ ਦੀ ਕਾਬਲੀਅਤ ਨਹੀਂ ਰੱਖਦਾ, ਉਸ ਪ੍ਰਚਾਰ ਨੂੰ ਧਰਮ-ਪ੍ਰਚਾਰ ਦਾ ਦਰਜਾ ਵੀ ਨਹੀਂ ਦਿੱਤਾ ਜਾ ਸਕਦਾ। ਇਹਨਾਂ ਸਭ ਵਿਚਾਰਾਂ ਦੀ ਰੌਸ਼ਨੀ ਅਧੀਨ ਜੇ ‘ਨਾਨਕ ਸ਼ਾਹ ਫਕੀਰ’ ਫਿਲਮ ਨੂੰ ਦੇਖਿਆ ਜਾਵੇ ਤਾਂ ਇਹ ਫਿਲਮ ਸਿੱਖ ਧਰਮ ਦੇ ਪ੍ਰਚਾਰ ਹਿੱਤ ਕਿਸੇ ਵੀ ਰੂਪ ’ਚ ਸਹਾਈ ਨਹੀਂ ਹੋਵੇਗੀ ਬਲਕਿ ਇਸ ਦੇ ਬਿਲਕੁਲ ਉਲਟ ਇਹ ਫਿਲਮ ਸਿੱਖ ਪੰਥ ਦੇ ਮੂਲ ਧਾਰਮਿਕ ਸਿਧਾਂਤਾਂ ਉੱਤੇ ਡਾਢੀ ਸੱਟ ਮਾਰਨ ਦਾ ਕੰਮ ਕਰੇਗੀ। ਇਸ ਗੱਲ ਦੀ ਪੁਸ਼ਟੀ ਫਿਲਮ ਦੇ ਪ੍ਰੋਮੋ ਨੂੰ ਵੀ ਵੇਖਕੇ ਹੀ ਹੋ ਜਾਂਦੀ ਹੈ। ਉਂਜ ਤਾਂ ਫਿਲਮ ਨਿਰਮਾਤਾ ਦਾ ਦਾਅਵਾ ਹੈ ਕਿ ਫਿਲਮ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਕੰਪਿਊਟਰ ਗ੍ਰਾਫਿਕ ਦੇ ਜ਼ਰੀਏ ਫਿਲਮਾਇਆ ਗਿਆ ਹੈ। ਪਰ ਇੱਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਫਿਲਮ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਕਿਰਦਾਰ ਇੱਕ ਹੱਥ-ਮਾਸ ਦੇ ਇਨਸਾਨ ਵੱਲੋਂ ਕੀਤਾ ਗਿਆ ਹੈ। ਪਰ ਤਕਨੀਕ ਦਾ ਇਸਤੇਮਾਲ ਕਰਕੇ ਪ੍ਰਭਾਵ ( ਅਸਲ ’ਚ ਭੁਲੇਖਾ) ਇਹ ਦਿੱਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਦੀ ਦੇਹ ਕੰਪਿਊਟਰੀ ਰੇਖਾ-ਚਿੱਤਰ ਦੇ ਜ਼ਰੀਏ ਹੀ ਬਣਾਈ ਗਈ ਹੈ। ਪਰ ਇਸ ਨਾਲ ਅਸੂਲੀ ਤੌਰ ’ਤੇ ਕੀ ਫ਼ਰਕ ਪੈਂਦਾ ਹੈ? ਫਿਲਮ ’ਚ ਗੁਰੂ ਸਾਹਿਬ ਦਾ ਰੋਲ ਚਾਹੇ ਜਿਉਂਦੇ ਬੰਦੇ ਨੇ ਕੀਤਾ ਹੋਵੇ ਤੇ ਭਾਵਂੇ ਉਹਨਾਂ ਦੇ ਸਰੀਰ ਨੂੰ ਕੰਪਿਊਟਰੀ ਰੇਖਾ-ਚਿੱਤਰ ਦੇ ਨਾਲ ਤਿਆਰ ਕੀਤਾ ਗਿਆ ਹੋਵੇ। ਫਿਲਮਸਾਜ਼ੀ ਦੇ ਇਹ ਦੋਵੇਂ ਢੰਗ ਸਿੱਖ ਕੌਮ ਲਈ ਇੱਕੋਂ ਜਿੰਨੇ ਹੀ ਘਾਤਕ ਹਨ। ਦੋਵੇਂ ਤਰ੍ਹਾਂ ਦੀ ਫਿਲਮਸਾਜ਼ੀ ਪੰਥ ਅੰਦਰ ਬੁੱਤ ਪੂਜਾ ਦਾ ਹੀ ਪ੍ਰਸਾਰ ਕਰਦੀ ਹੈ ਅਤੇ ਇਸ ਦੇ ਨਾਲ ਵੀ ਕੌਮ ਅੰਦਰ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਰੂਪ ਵਿਚ ਚੱਲ ਰਹੀ ਬੁੱਤਪ੍ਰਸਤੀ ਨੂੰ ਵੀ, ਇਸ ਤਰ੍ਹਾਂ ਦੀ ਫਿਲਮਸਾਜ਼ੀ ਸਿਧਾਂਤਕ ਤੌਰ ’ਤੇ ਆਧਾਰ ਮੁਹੱਈਆ ਕਰਵਾਉਣ ਦਾ ਕੰਮ ਕਰਦੀ ਹੈ। ਪਰ ਕੌਮ ਦਾ ਵੱਡਾ ਹਿੱਸਾ ਇਸ ਦੋ ਕਿਸਮ ਦੀ ਫਿਲਮਸਾਜ਼ੀ ਨੂੰ ਅਲਹਿਦਾ-ਅਲਹਿਦਾ ਨਿਗਾਹ ਨਾਲ ਵੇਖਦਾ ਹੈ। ਜਦੋਂ ਤੋਂ ਕਿਸੇ ਜਿਉਂਦੇ ਵਿਅਕਤੀ ਵੱਲੋਂ ‘ਨਾਨਕ ਸ਼ਾਹ ਫਕੀਰ’ ਫਿਲਮ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਰੋਲ ਅਦਾ ਕਰਨ ਦੀ ਗੱਲ ਸੰਗਤਾਂ ਸਾਹਮਣੇ ਆਈ ਹੈ, ਉਦੋਂ ਤੋਂ ਕੌਮ ਦੇ ਕਈ ਵਰਗਾਂ ਅੰਦਰੋਂ ਅਥਾਹ ਪੀੜਾ ਦਾ ਨਿਕਾਸ ਹੋਣਾ ਸ਼ੁਰੂ ਹੋ ਚੁੱਕਾ ਹੈ। ਸਿੱਖ ਕੌਮ ਅੰਦਰੋਂ ਇਸ ਕੌਮੀ ਪੀੜਾਂ ਦਾ ਨਿਕਾਸ ਹੋਣਾ ਬੜਾ ਕੁਦਰਤੀ ਅਤੇ ਲਾਜ਼ਮੀ ਹੈ, ਕੋਈ ਵੀ ਗੁਰੂ ਕਾ ਸਿੱਖ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਇਨਸਾਨ ਗੁਰੂ ਸਾਹਿਬ ਦੀ ਬਰਾਬਰੀ ਕਰਦਾ ਹੋਇਆ, ਫਿਲਮ ਅੰਦਰ ਉਹਨਾਂ ਦਾ ਰੋਲ ਨਿਭਾਵੇ। ਇਹ ਪੀੜਾ ਸਿੱਖਾਂ ਅੰਦਰ ਗੁਰੂ-ਪਿਆਰ ਦੀ ਪਈ ਹੋਈ ਤਾਜ਼ਗੀ ਦਾ ਹੀ ਪ੍ਰਤੱਖ ਸਬੂਤ ਹੈ। ਪਰ ਸਿੱਖਾਂ ਦੇ ਸਾਹਮਣੇ ਜਦੋਂ ਇਹ ਗੱਲ ਹਾਜ਼ਰ ਕਰ ਦਿੱਤੀ ਜਾਂਦੀ ਹੈ ਕਿ ਇਸ ਫਿਲਮ ਵਿਚ ਗੁਰੂ ਨਾਨਕ ਪਾਤਸ਼ਾਹ ਨੂੰ ਕੰਪਿਊਟਰ ਗ੍ਰਾਫਿਕਸ ਦੇ ਜ਼ਰੀਏ ਫਿਲਮਾਇਆ ਗਿਆ ਹੈ ਤਾਂ ਸਿੱਖਾਂ ਦੇ ਵੱਡੇ ਹਿੱਸੇ ਵਿਚੋਂ ਦਰਦ ਨਦਾਰਦ ਵਿਖਾਈ ਦਿੰਦਾ ਹੈ। ਯਾਨੀਕਿ ਇਸ ਦੂਜੀ ਵੰਨਗੀ ਦੀ ਫਿਲਮ ਅੰਦਰ ਗੁਰੂ ਸਾਹਿਬ ਦੀ ਇਸ ਤਰ੍ਹਾਂ ਦੀ ਕੀਤੀ ਗਈ ਦੇਹ-ਬਣਤਰ, ਕੌਮ ਦੇ ਵੱਡੇ ਹਿੱਸੇ ਅੰਦਰ ਕੋਈ ਰੋਹ ਪੈਦਾ ਨਹੀਂ ਕਰਦੀ ਹੈ ਜਾਂ ਇਹ ਕਹਿ ਲਵੋ ਕਿ ਕੌਮੀ ਰੋਹ ਦਾ ਘੇਰਾ ਇਸ ਮਸਲੇ ’ਚ ਕੁਝ ਵਰਗਾਂ ਤੱਕ ਹੀ ਮਹਿਦੂਦ ਹੋ ਕੇ ਰਹਿ ਜਾਂਦਾ ਹੈ। ਕੌਮ ਇਸ ਵੰਨਗੀ ਦੀਆਂ ਫਿਲਮਾਂ ਨੂੰ ਧਰਮ-ਪ੍ਰਚਾਰ ਦਾ ਵੱਡਾ ਮਾਧਿਅਮ ਸਮਝੀ ਬੈਠੀ ਹੈ। ਸਿੱਖ ਇਹਨਾਂ ਫਿਲਮਾਂ ਨੂੰ ਧਰਮ-ਪ੍ਰਚਾਰ ਦਾ ਇਕ ਤਾਕਤਵਰ ਸਾਧਨ ਮੰਨ ਕੇ ਬੱਜਰ ਗਲਤੀ ਕਰ ਰਹੇ ਹਨ। ਸਿੱਖ ਪੰਥ ਅੰਦਰ ਸਥਾਈ ਤੌਰ ’ਤੇ ਡੇਰੇ ਲਾਈ ਬੈਠੀ ਇਹ ਸੋਚ, ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖਾਂ ਅੰਦਰਲੀ ਗੁਰੂ-ਪਿਆਰ ਦੀ ਤਾਜ਼ਗੀ ਨੂੰ ਬਿਪਰ-ਸੰਸਕਾਰ ਵੱਡੀ ਪੱਧਰ ’ਤੇ ਜਰਬ ਮਾਰ ਚੁੱਕਿਆ ਹੈ। ਜਿਸ ਕਾਰਨ ਉੁਹ ਕੰਪਿਊਟਰ ਗ੍ਰਾਫਿਕਸ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਕੀਤੀ ਗਈ ਦੇਹ-ਬਣਤਰ ਦੇ ਸੰਦਰਭ ’ਚ, ਉਹ ਸਹੀ-ਗਲਤ ਦਾ ਫੈਸਲਾ ਕਰਨ ਤੋਂ ਅਸਮਰਥ ਹੋਏ ਪਏ ਹਨ। ਉਹ ਇਹ ਸਮਝ ਨਹੀਂ ਪਾ ਰਹੇ ਕਿ ਦੋਨੋਂ ਵੰਨਗੀ ਦੀਆਂ ਫਿਲਮਾਂ (ਚਾਹੇ ਫਿਲਮਕਾਰ ਨੇ ਸਿੱਖਾਂ ਨੂੰ ਧੋਖੇ ਵਿਚ ਰੱਖ ਕੇ, ਕਿਸੇ ਹੱਡ-ਮਾਸ ਦੇ ਬੰਦੇ ਕੋਲੋਂ ਗੁਰੂ ਨਾਨਕ ਦੇਵ ਜੀ ਦਾ ਰੋਲ ਕਰਵਾਇਆ ਹੋਵੇ ਜਾਂ ਕੰਪਿਊਟਰ ਗ੍ਰਾਫਿਕਸ ਦੀ ਵਰਤੋਂ ਕਰਕੇ ਗੁਰੂ ਸਾਹਿਬ ਦੇ ਜਿਸਮ ਦੀ ਹੋਂਦ ਤਿਆਰ ਕੀਤੀ ਗਈ ਹੋਵੇ) ਪੰਥ ਦੀਆਂ ਪਵਿੱਤਰ ਪਰੰਪਰਾਵਾਂ ’ਤੇ ਡੂੰਘਾ ਵਾਰ ਕਰਨ ਦਾ ਹੀ ਕੰਮ ਕਰਨਗੀਆਂ। ਯਾਨੀਕਿ ਫਿਲਮ ਆਪਣੇ ਹਰੇਕ ਰੂਪ ਵਿਚ ਧਰਮ-ਪ੍ਰਚਾਰ ਦੀ ਜਗ੍ਹਾ, ਧਰਮ ਦੀ ਨੀਂਹ ਨੂੰ ਤਕੜਾ ਨੁਕਸਾਨ ਪਹੁੰਚਾਉਣ ਦਾ ਕੁਕਰਮ ਹੀ ਕਰੇਗੀ।

Nanak Shah Fakir and Chaar Sahibzaadeਇਹ ਫਿਲਮ ਗੁਰੂ ਨਾਨਕ ਦੇਵ ਜੀ ਦੇ ਬੁੱਤ ਨੂੰ ਘੜਨ ਦਾ ਮਹਾਂ-ਗੁਨਾਹ ਕਰ ਰਹੀ ਹੈ। ਸਿੱਖ ਆਮ ਤੌਰ ਤੇ ਬੁੱਤਾਂ ਦੀ ਸਿਰਫ਼ ਇੱਕ ਕਿਸਮ ਦੇ ਹੀ ਵਾਕਫ਼ਕਾਰ ਹਨ। ਇਹ ਕਿਸਮ ਹੈ ਪੱਥਰਾਂ ਦੇ ਬੁੱਤਾਂ ਦੀ।ਪਰ ਬੁੱਤ ’ਕੱਲੇ ਪੱਥਰਾਂ ਦੇ ਨਹੀਂ ਹੁੰਦੇ।ਬੁੱਤ ਕਾਗਜ਼ ਉ-ੱਤੇ ਰੰਗਾਂ ਦੀ ਵਰਤੋਂ ਕਰਕੇ ਵੀ ਘੜੇ ਜਾਂਦੇ ਹਨ।ਸਿੱਖ ਗੁਰੂ-ਸਾਹਿਬਾਨ ਦੇ ਬੁੱਤ ਇਸ ਤਰੀਕੇ ਦਾ ਇਸਤੇਮਾਲ ਕਰਕੇ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ।ਪਰ ਆਧੁਨਿਕ ਸਮੇਂ ਵਿੱਚ ਐਨੀਮੇਸ਼ਨ ਤਕਨੀਕ ਦੇ ਨਾਲ ਵੀ ਗੁਰੂ-ਸਾਹਿਬਾਨ ਦੀ ਬੁੱਤ ਘਾੜਤ ਸ਼ੁਰੂ ਹੋ ਗਈ ਹੈ।ਫਿਲਮਾਂ ਵੱਲੋਂ ਸ਼ੁਰੂ ਕੀਤਾ ਇਹ ਵਰਤਾਰਾ, ਅੱਤ ਖਤਰਨਾਕ ਵਰਤਾਰਾ ਹੈ।ਸਿੱਖ ਕੌਮ ਦਾ ਵੱਡਾ ਹਿੱਸਾ ਇਨ੍ਹਾਂ ਫਿਲਮਾਂ ਤੋਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਤੋਂ ਅਨਜਾਣ ਹੈ।ਉਸਦੀ ਬੁੱਧੀ ਨੂੰ ਇਹਨਾਂ ਫਿਲਮਾਂ (ਸਮੇਤ ਐਨੀਮੇਸ਼ਨ ਫਿਲਮਾਂ) ਦੇ ਤਲਿੱਸਮ ਨੇ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ।ਉਹਨਾਂ ਨੂੰ ਇਹ ਫਿਲਮਾਂ, ਧਰਮ-ਪ੍ਰਚਾਰ ਦਾ ਬੜਾ ਜ਼ਬਰਦਸਤ ਸਾਧਨ ਪ੍ਰਤੀਤ ਹੋ ਰਹੀਆਂ ਹਨ। ਉਹ ਮਹਿਸੂਸ ਕਰਦੇ ਹਨ ਕਿ ਇਹਨਾਂ ਫਿਲਮਾਂ ਸਦਕਾ ਉਨ੍ਹਾਂ ਦੇ ਬੱਚੇ ਧਰਮ ਨਾਲ ਗੂੜ੍ਹੀ ਸਾਂਝ ਪਾ ਲੈਣਗੇ। ਪਰ ਹਕੀਕੀ ਤੌਰ ’ਤੇ ਉਹਨਾਂ ਦੇ ਬੱਚੇ ਧਰਮ ਨਾਲ ਕੋਈ ਗੂੜ੍ਹੀ ਸਾਂਝ ਨਹੀਂ ਪਾ ਰਹੇ ਹਨ ਬਲਕਿ ਉਹ ਤਾਂ ਧਰਮ ਨਾਲੋਂ ਅਸੂਲੀ ਤੌਰ ’ਤੇ ਟੁੱਟ ਰਹੇ ਹਨ। ਇਹਨਾਂ ਫਿਲਮਾਂ ਦੇ ਪ੍ਰਭਾਵ ਹੇਠ ਸਿੱਖ ਧਰਮ ਨੂੰ ਅਪਨਾਉਣ ਵਾਲੇ ਬੱਚੇ ਭਵਿੱਖ ਵਿੱਚ ਸਿੱਖ ਧਰਮ ਦੇ ਵਿਰੁੱਧ ਹੀ ਖੜਨਗੇ। ਪਰ ਇਸ ਸਭ ਲਈ ਬੱਚੇ ਜ਼ਿੰਮੇਵਾਰ ਨਹੀਂ ਹੋਣਗੇ। ਸਗੋਂ ਉਨ੍ਹਾਂ ਦੇ ਮਾਪੇ ਜ਼ਿੰਮੇਵਾਰ ਹੋਣਗੇ ਅਤੇ ਇਸ ਦੇ ਨਾਲ ਹੀ ਇਹ ਫਿਲਮਕਾਰ ਵੀ ਬਰਾਬਰ ਦੇ ਕਸੂਰਵਾਰ ਹੋਣਗੇ। ਇਹ ਵਿਚਾਰ ਪੜ੍ਹਨ-ਸੁਣਨ ਨੂੰ ਬੜੇ ਕੌੜੇ ਲੱਗਣਗੇ। ਪਰ ਸੱਚਾਈ ਤੋਂ ਮੂੰਹ ਫੇਰਨ ਨਾਲ ਅਸਲੀਅਤ ਤਬਦੀਲ ਨਹੀਂ ਹੋ ਜਾਂਦੀ। ਇਹ ਫਿਲਮਾਂ ਬੱਚਿਆਂ ਦੇ ਅਵਚੇਤਨ ਵਿੱਚ ਇਹ ਵਿਚਾਰ ਸਥਾਪਿਤ ਕਰ ਰਹੀਆਂ ਹਨ ਕਿ ਸਿੱਖ ਗੁਰੂ-ਸਾਹਿਬਾਨ ਦੀ ਦੇਹ ਨੂੰ ਫਿਲਮ ਵਿੱਚ ਫਿਲਮਾਇਆ ਵੀ ਜਾ ਸਕਦਾ ਹੈ। ਇਹ ਬੱਚੇ ਜਦੋਂ ਭਰ ਜਵਾਨੀ ਵਿੱਚ ਆਉਣਗੇ ਤਾਂ ਉਦੋਂ ਇਹ ਗੁਰੂ-ਸਾਹਿਬਾਨ ਨੂੰ ਫੀਚਰ ਫਿਲਮ ਵਿੱਚ ਫਿਲਮਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਹਨਾਂ ਵਿੱਚੋਂ ਹੀ ਕੋਈ ਬੱਚਾ ਵੱਡਾ ਹੋ ਕੇ ਗੁਰੂ-ਸਾਹਿਬਾਨ ਦਾ ਰੋਲ ਕਰਨ ਦਾ ਨਾਮੁਆਫੀਯੋਗ ਅਪਰਾਧ ਵੀ ਕਰ ਬੈਠੇਗਾ। ਅਕਾਲ ਪੁਰਖ ਕ੍ਰਿਪਾ ਕਰੇ, ਪੰਥ ਨੂੰ ਇਹ ਮਨਹੂਸ ਦਿਨ ਨਾ ਦੇਖਣਾ ਪਵੇ। ਕੌਮ ਦਾ ਚੇਤਨ ਵਰਗ ਤਾਂ ਹਰ ਘੜੀ ਅਕਾਲ ਪੁਰਖ ਇਹੀ ਅਰਦਾਸ ਕਰ ਰਿਹਾ ਹੈ।

ਸਿੱਖ ਕੌਮ ਦੀ ਵਿਲੱਖਣ ਹਸਤੀ ਨੂੰ ਨੇਸਤੋ-ਨਾਬੂਤ ਕਰਨ ਲਈ ਭਾਰਤੀ ਰਾਜ ਵੱਲੋਂ ਬਾਕਾਇਦਾ ਇੱਕ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।ਇਸ ਪ੍ਰੋਜੈਕਟ ਅਧੀਨ ਬੜੇ ਮਹੀਨ ਹਮਲੇ ਸਿੱਖ ਕੌਮ ਉ-ੱਤੇ ਕੀਤੇ ਜਾ ਰਹੇ ਹਨ। ਭਾਰਤੀ ਰਾਜ ਬੜੇ ਚਿਰ ਤੋਂ ਇਹ ਨਾਪਾਕ ਚਾਹਤ ਰੱਖਦਾ ਆ ਰਿਹਾ ਹੈ ਕਿ ਸਿੱਖ ਕੌਮ ਦਾ ਸ਼ਬਦ-ਗੁਰੂ ਨਾਲੋਂ ਰਿਸ਼ਤਾ ਟੁੱਟ ਜਾਵੇ ਅਤੇ ਪੰਥ ਅੰਦਰ ਦੇਹ ਨੂੰ ਪੂਜਣ ਦੀ (ਗੈਰ-ਸਿਧਾਂਤਕ) ਪਰੰਪਰਾ ਦਾ ਅਰੰਭ ਹੋ ਜਾਵੇ।ਇੱਕ ਵਾਰੀ ਸ਼ਬਦ-ਗੁਰੂ ਨਾਲੋਂ ਅਲੱਗ ਹੋਇਆ ਸਿੱਖ ਅਨੰਦ ਦੀ ਪ੍ਰਾਪਤੀ ਲਈ ਥਾਂ-ਥਾਂ ਪੁਰ ਗੁਰੂ ਬਣਕੇ ਬੈਠੇ ਦੇਹਧਾਰੀ ਪਖੰਡੀਆਂ ਦੇ ਦਰ ਤੇ ਠੋਕਰਾਂ ਖਾਂਦਾ ਫਿਰੇਗਾ।ਫਿਰ ਉਹ ਕਿਸੇ ਨਾਮਧਾਰੀ, ਰਾਧਾ-ਸੁਆਮੀ, ਨਿੰਰਕਾਰੀ ਜਾ ਸਿਰਸੇ ਵਾਲੇ ਨੂੰ ਵੀ ਆਪਣਾ ਗੁਰੂ ਬਣਾਉਣ ਤੋਂ ਵੀ ਪਰਹੇਜ਼ ਨਹੀਂ ਕਰੇਗਾ।ਇਸ ਸਥਿਤੀ ਵਿੱਚ ਉਹ ਧੁਰ ਕੀ ਬਾਣੀ ਤੋਂ, ਰੂਹਾਨੀ ਤਾਕਤ ਹਾਸਿਲ ਕਰਕੇ ਆਪਣੇ ਹਰ ਕਰਮ ਨੂੰ ਅੰਜ਼ਾਮ ਨਹੀਂ ਦੇਵੇਗਾ ਬਲਕਿ ਦੰਭੀ ਦੇਹਧਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਚੱਲਕੇ, ਸਿੱਖ ਵਿਰੋਧੀ ਕਾਰਵਾਈਆਂ ਕਰਨ ਵਿੱਚ ਮੋਹਰੀ ਰੋਲ ਅਦਾ ਕਰੇਗਾ। ਵੇੈਸੇ ਸਿੱਖ ਕੌਮ ਦਾ ਜਿਹੜਾ ਹਿੱਸਾ ਗੁਰ-ਸਿਧਾਂਤ ਤੋਂ ਉਲਟ ਜਾ ਕਿ ਦੇਹਧਾਰੀ ਪਖੰਡੀਆਂ ਦੇ ਗੋਡੇ ਫੜਕੇ ਬੈਠਾ ਹੈ, ਉਹ ਪਹਿਲਾਂ ਹੀ ਖਾਲਸਾ ਪੰਥ ਦੇ ਖਿਲਾਫ ਦੁਸ਼ਮਣ ਦਾ ਇੱਕ ਸੰਦ ਬਣਕੇ ਵਿਚਰ ਰਿਹਾ ਹੈ।ਬਿਪਰਵਾਦੀ ਤਾਕਤਾਂ ਦੀ ਤਾਂ ਚਿਰਾ ਤੋਂ ਇਹ ਸ਼ੈਤਾਨੀ ਇੱਛਾ ਪਾਲੀ ਬੈਠੀਆਂ ਹਨ ਕਿ ਸਿੱਖਾਂ ਅੰਦਰੋ ਸਿੱਖੀ ਰੂਹ ਮਨਫ਼ੀ ਹੋ ਜਾਵੇ ਅਤੇ ਜੇ ਕੁਝ ਬਚੇ ਤਾਂ ਉਹ ਸਿਰਫ ਸਿੱਖ ਕਲਬੂਤ ਹੀ ਬਾਕੀ ਬਚੇ। ਯਾਨੀਕਿ ਬੜੀ ਹੱਦ, ਸਿੱਖ ਸਿਰਫ ਬਾਹਰੀ ਦਿੱਖ ਤੋਂ ਹੀ ਸਿੱਖ ਦਿਸੇ, ਪਰ ਸਿੱਖ-ਮਨ ਤੇ ਤਾਂ ਸਿਰਫ ਉਹਨਾਂ ਦਾ ਹੀ ਰਾਜ ਚੱਲੇ। ਇਸੇ ਕਰਕੇ ਕਈ ਦੇਹਧਾਰੀ ਦੰਭੀਆਂ ਨੂੰ ਪੰਜਾਬ ਦੀ ਧਰਤੀ ’ਤੇ ਪੂਰੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਭਾਰਤੀ ਸਟੇਟ ਦੀ ਮਸ਼ੀਨਰੀ ਸਿੱਖਾਂ ਦੇ ਖਿਲਾਫ, ਇਹਨਾਂ ਪਖੰਡੀਆਂ ਦੀ ਸੇਵਾ ਵਿੱਚ ਹਰ ਪਲ ਹਾਜ਼ਰ ਰਹਿੰਦੀ ਹੈ। ਸਿੱਖ ਕੌਮ ਨੂੰ ਹਿੰਦੂ ਕੌਮ ਜਾਂ ਭਾਰਤੀ ਕੌਮ ਵਿੱਚ ਤਬਦੀਲ ਕਰਨ ਲਈ, ਦੁਸ਼ਮਣਾਂ ਦਾ ਸਿੱਖ ਕੌਮ ਦੇ ਅਵਚੇਤਨ ’ਤੇ ਕਬਜ਼ਾ ਕਰਨ ਬੜਾ ਜ਼ਰੂਰੀ ਹੈ। ਅਵਚੇਤਨ ’ਤੇ ਕਬਜ਼ਾ ਕਰਨ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਪੰਥ ਦੇ ਅਵਚੇਤਨ ਵਿੱਚ ਵਿਗਾੜ ਪੈਦਾ ਕੀਤਾ ਜਾਵੇ। ਗੁਰੂ ਸਾਹਿਬ ਅਤੇ ਗੁਰੂ-ਪਰਿਵਾਰ ’ਤੇ ਬਣ ਰਹੀਆਂ ਇਹ ਫਿਲਮਾਂ ਸਿੱਖ ਅਵਚੇਤਨ ਵਿੱਚ ਵਿਗਾੜ ਪੈਦਾ ਕਰਨ ਦਾ ਹੀ ਕੰਮ ਕਰ ਰਹੀਆਂ ਹਨ। ਚਾਹੇ ਇਹਨਾਂ ਫਿਲਮਾਂ ਨੂੰ ਬਣਾਉਣ ਵਾਲੇ ਨਿਰੋਲ ਧਾਰਮਿਕ ਸ਼ਰਧਾ ’ਚੋਂ ਹੀ ਫਿਲਮਾਂ ਬਣਾ ਰਹੇ ਹੋਣ, ਉਹਨਾਂ ਦਾ ਭਾਰਤੀ ਹਕੂਮਤ ਦੀ ਸਿੱਖੀ ਵਿਰੋਧੀ ਯੋਜਨਾ ਨਾਲ, ਭਾਵੇਂ ਕੋਈ ਵਾਹ-ਵਾਸਤਾ ਵੀ ਨਾ ਹੋਵੇ, ਤਦ ਵੀ ਇਹ ਫਿਲਮਾਂ ਅਚੇਤ ਰੂਪ ’ਚ ਭਾਰਤੀ ਹਕੂਮਤ ਦੀ ਸਿੱਖ ਪਛਾਣ ਨੂੰ ਖਤਮ ਕਰਨ ਦੀ ਯੋਜਨਾ ਨੂੰ ਹੀ, ਅੱਗੇ ਵਧਾਉਣ ਦਾ ਕਾਰਜ ਕਰ ਰਹੀਆਂ ਹਨ।ਇਹ ਫਿਲਮਾਂ ਸਿੱਖ ਬੱਚਿਆਂ ਦੇ ਕੋਮਲ ਮਨ ਵਿੱਚ ਇਹ ਗੱਲ ਬਿਠਾ ਰਹੀਆਂ ਹਨ ਕਿ ਗੁਰੂ ਸਾਹਿਬ ਦੀ ਮੂਰਤੀ ਵੀ ਬਣਾਈ ਜਾ ਸਕਦੀ ਹੈ ਅਤੇ ਕੰਪਿਊਟਰ ਗ੍ਰਾਫਿਕਸ ਦੇ ਜ਼ਰੀਏ ਇੱਕ ਜਿਊਂਦੇ-ਜਾਗਦੇ ਇਨਸਾਨ ਦੀ ਤਰ੍ਹਾਂ, ਗੁਰੂ ਸਾਹਿਬ ਦੇ ਜਿਸਮ ਦੀ ਘਾੜਤ ਵੀ ਘੜੀ ਜਾ ਸਕਦੀ ਹੈ। ਬੱਚਿਆਂ ਦੇ ਕੋਮਲ ਮਨ ਵਿੱਚ ਇੱਕ ਵਾਰੀ ਬੈਠੀ ਇਹ ਗੱਲ ਪੀੜ੍ਹੀਆਂ ਤੱਕ ਆਪਣਾ ਭਿਆਨਕ ਪ੍ਰਭਾਵ ਦਿਖਾਵੇਗੀ। ਇਸ ਤਰ੍ਹਾਂ ਦੇ ਵਿਗੜੇ ਹੋਏ ਅਵਚੇਤਨ ਨੂੰ, ਸਿਰਸੇ ਵਾਲੇ ਪਖੰਡੀ ਸਾਧ ਵੱਲੋਂ, ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰਨ ਦੀ ਕੀਤੀ ਗਈ ਕੋਸ਼ਿਸ਼, ਜੇ ਹੋਰ ਵੀ ਸਪੱਸ਼ਟ ਲਫ਼ਜ਼ਾਂ ਵਿੱਚ ਕਹਿਣਾ ਹੋਵੇ ਤਾਂ ਗੁਰੂ ਸਾਹਿਬ ਦੀ ਬਰਾਬਰੀ ਕਰਨ ਦਾ ਕੀਤਾ ਗਿਆ ਗੁਨਾਹ, ਕਿਸੇ ਤਰ੍ਹਾਂ ਵੀ ਗਲਤ ਨਹੀਂ ਜਾਪੇਗਾ, ਵਿਗੜੇ ਹੋਏ ਅਵਚੇਤਨ ਨੂੰ, ਲੈਕੇ ਜਵਾਨ ਹੋਏ ਸਿੱਖ ਬੱਚਿਆਂ ਨੂੰ ਨਕਲੀ ਨਿਰੰਕਾਰੀਆਂ ਦਾ ਵਿਰੋਧ ਕਰਦੇ ਹੋਏ ਸ਼ਹੀਦ ਸਿੰਘਾਂ ਦਾ ਪਵਿੱਤਰ ਕਰਮ ਵੀ ਗੈਰ-ਵਾਜਿਬ ਜਾਪੇਗਾ ਕਿਉਂਕਿ ਹਕੀਕੀ ਤੌਰ ’ਤੇ ਇਹਨਾਂ ਦਾ (ਬੱਚਿਆਂ ਦਾ) ਸਿੱਖ ਅਵਚੇਤਨ, ਹਿੰਦੂ ਅਵਚੇਤਨ ਵਿੱਚ ਤਬਦੀਲ ਹੋ ਚੁੱਕਿਆ ਹੋਵੇਗਾ। ਹਿੰਦੂ ਅਵਚੇਤਨ, ਹਿੰਦੂ ਅਵਤਾਰਾਂ ਦੇ ਆਮ ਬੰਦਿਆਂ ਵੱਲੋਂ ਕਿਰਦਾਰ ਨਿਭਾਉਣ ਤੇ ਭੋਰਾ ਭਰ ਵੀ ਤਕਲੀਫ ਮਹਿਸੂਸ ਨਹੀਂ ਕਰਦਾ (ਕੰਪਿਊਟਰ ਗ੍ਰਾਫਿਕਸ ਦੀ ਵਰਤੋਂ ਕਰਕੇ ਹਿੰਦੂ ਅਵਤਾਰਾਂ ਨੂੰ ਘੜਨ ਦੀ ਗੱਲ ਤਾਂ ਇੱਕ ਪਾਸੇ ਰਹੀ) ਬਲਕਿ ਹਿੰਦੂ ਧਰਮ ਵਿੱਚ ਤਾਂ ਹਿੰਦੂ ਅਵਤਾਰਾਂ ਦੇ ਕਰੈਕਟਰ, ਕਸਬੇ-ਸ਼ਹਿਰਾਂ ਤੋਂ ਲੈ ਕਿ ਫਿਲਮਾਂ ਤੱਕ ਬੜੇ ਸ਼ੌਕ ਨਾਲ ਕੀਤੇ ਅਤੇ ਕਰਵਾਏ ਜਾਂਦੇ ਹਨ। ਅੱਜ ਜਦ ਸਿੱਖ ਕੌਮ ਸਿਰਸੇ ਵਾਲੇ ਗੁਰੂ-ਦੋਖੀ ਸਾਧ ਦੇ ਸਿੱਖੀ ਵਿਰੋਧੀ ਕਾਰੇ ਦੇ ਖਿਲਾਫ ਆਪ-ਮੁਹਾਰੇ ਉ-ੱਠ ਪੈਂਦੀ ਹੈ ਤਾਂ ਇਸ ਦੇ ਪਿੱਛੇ ਗੁਰ-ਸਿਧਾਂਤ ਤੋਂ ਆਕਾਰ ਹਾਸਿਲ ਕਰਨ ਵਾਲਾ ਸਿੱਖ ਅਵਚੇਤਨ ਖੜਾ ਹੁੰਦਾ ਹੈ। ਇਹ ਅਵਚੇਤਨ ਗੁਰ-ਪਿਆਰ ਨਾਲ ਲਬਰੇਜ਼ ਅਵਚੇਤਨ ਹੁੰਦਾ ਹੈ।ਪਰ ਇਹ ਫਿਲਮਾਂ ਜਾਣੇ-ਅਨਜਾਣੇ ਵਿੱਚ ਸਿੱਖਾਂ ਦੇ ਇਸ ਅਵਚੇਤਨ ਨੂੰ ਤਬਾਹ ਕਰਨ ਦਾ ਕਾਰਜ ਕਰਨ ਲੱਗੀਆਂ ਹੋਈਆਂ ਹਨ। ਪਰ ਸਿੱਖ ਕੌਮ ਦੀ ਇਹ ਤਰਾਸਦੀ ਹੈ ਕਿ ਇਸ ਕੌਮ ਦਾ ਵੱਡਾ ਹਿੱਸਾ, ਇਹਨਾਂ ਫਿਲਮਾਂ ਨੂੰ ਖਿੜੇ-ਮੱਥੇ ਪ੍ਰਵਾਨਗੀ ਦੇਣ ਲੱਗਾ ਹੋਇਆ ਹੈ। ਆਪਣੀ ਅਗਲੀ ਪੀੜ੍ਹੀ ਨੂੰ ਖੁਦ, ਮਿੱਠੇ ਵਿੱਚ ਘੋਲ ਕੇ ਦਿੱਤੇ ਜਾ ਰਹੇ ਬਿਖ ਨੂੰ ਬੜੇ ਸ਼ੌਕ ਨਾਲ ਪਿਲਾਉਣ ਲੱਗਾ ਹੋਇਆ ਹੈ।

ਸਿੱਖ ਕੌਮ ਨੂੰ ਇਹਨਾਂ ਫਿਲਮਾਂ ਦੇ ਹੱਕ ਵਿੱਚ ਯਕਦਮ ਟਿੱਪਣੀਆਂ ਦੇਣ ਦੀ ਜਗ੍ਹਾ ਬਾਰੀਕਬੀਨੀ ਨਾਲ ਸੋਚਣਾ ਚਾਹੀਦਾ ਹੈ। ਆਪਣਾ ਮੁੱਖ ਗੁਰੂ-ਸਿਧਾਂਤ ਅਤੇ ਗੁਰ-ਇਤਿਹਾਸ ਵੱਲ ਕਰਨਾ ਚਾਹੀਦਾ ਹੈ। ਮੀਰੀ-ਪੀਰੀ ਦੇ ਮਾਲਕ ਛੇਵੇਂ ਗੁਰੂ ਨਾਨਕ, ਗੁਰੂ ਹਰਗੋਬਿੰਦ ਸਾਹਿਬ ਵੇਲੇ ਸੰਗਤਾਂ ਵਲੋਂ ਗੁਰੂ ਸਾਹਿਬ ਦੇ ਸਨਮੁਖ ਇਹ ਵਿਚਾਰ ਰੱਖਿਆ ਗਿਆ ਸੀ ਕਿ ਆਪ ਪੰਥ ਦੇ ਰੂਹਾਨੀ ਮੁੱਖੀ ਹੋਣ ਦੇ ਨਾਲ-ਨਾਲ, ਪੰਥ ਦੇ ਸੰਸਾਰਕ ਮੁੱਖੀ ਵੀ ਹੋ। ਇਸ ਲਈ ਆਪ ਦੇ ਸਰੂਪ ਨੂੰ ਹੂਬਹੂ ਬਿਆਨ ਕਰਦਾ ਹੋਇਆ ਚਿੱਤਰ ਤਿਆਰ ਹੋਣਾ ਚਾਹੀਦਾ ਹੈ। ਪਰ ਗੁਰੂ ਸਾਹਿਬ ਨੇ ਇਸ ਵਿਚਾਰ ਨੂੰ ਆਪਣੀ ਪਾਵਨ ਰਸਨਾ ਨਾਲ ਰੱਦ ਕਰ ਦਿੱਤਾ ਸੀ ਅਤੇ ਸੰਗਤਾਂ nUM ਇੱਕ ਵਾਰ ਫਿਰ ਦ੍ਰਿੜ ਕਰਵਾਇਆ ਸੀ ਕਿ ਸ਼ਬਦ ਹੀ ਗੁਰੂ ਹੈ।2

ਗੁਰ ਮੂਰਤਿ ਗੁਰ ਸਬਦੁ ਹੈ 3

(ਵਾਰਾਂ ਭਾਈ ਗੁਰਦਾਸ)

ਸਿੱਖ ਪੰਥ ਨੂੰ ਇਸ ਸਾਖੀ ਵਿੱਚਲੀ ਦੇੈਵੀ ਸਿੱਖਿਆ ਨੂੰ ਸਮਝਣਾ ਅਤੇ ਅਪਣਾਉਣਾ ਚਾਹੀਦਾ ਹੈ। ਗੁਰੂ ਸਾਹਿਬ ਨਿਰਾ ਨੂਰ ਸਨ, ਜਾਣੀ-ਜਾਣ ਸਨ। ਇਸ ਲਈ ਮਨੁੱਖ ਦੀ ਫਿ਼ਤਰਤ ਅੰਦਰਲੇ ਨਾਂਹਪੱਖੀ ਵਰਤਾਰੇ ਉਹਨਾਂ ਤੋਂ ਲੁਕੇ ਹੋਏ ਨਹੀਂ ਸਨ। ਦਿਲਾਂ ਦੀਆਂ ਜਾਣਨ ਵਾਲੇ, ਅੰਤਰਯਾਮੀ ਗੁਰੂ-ਪ੍ਰੀਤਮ ਸੰਗਤ ਨੂੰ ਸਦਾ ਲਈ ਦੇਹ ਨਾਲੋਂ ਤੋੜ ਕੇ ਸ਼ਬਦ-ਗੁਰੂ ਨਾਲ ਜੋੜਨਾ ਚਾਹੁੰਦੇ ਸਨ। ਅਸਲ ’ਚ ਮਨੁੱਖ ਅਕਾਲ ਦੇ ਰਾਹ ਦਾ ਪਾਧੀ ਹੁੰਦਾ ਹੋਇਆ ਵੀ, ਦੇਹ ਵੱਲ ਪਰਤਣ ਦੀ ਪ੍ਰਵਿਰਤੀ ਰੱਖਦਾ ਹੈ। ਇਸ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਤਸਵੀਰ ਬਣਾਉਣ ਦੇ ਆਏ ਪ੍ਰਸਤਾਵ ਨੂੰ ਮੁੱਢੋਂ-ਸੁੱਢੋਂ ਹੀ ਨਾਮੰਨਜ਼ੂਰ ਕਰ ਦਿੱਤਾ ਸੀ ਅਤੇ ਪੰਥ ਨੂੰ ਗੁਰੂ-ਸ਼ਬਦ ਰਾਹੀਂ ਦੈਵੀ ਸੱਚ ਨਾਲ ਜੁੜਨ ਦਾ ਇਲਾਹੀ ਫੁਰਮਾਨ ਸੁਣਾਇਆ ਸੀ।

ਜੇ ਤਸਵੀਰਾਂ ਰਾਹੀਂ ਹੀ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨਾ ਹੁੰਦਾ ਤਾਂ ਇਹ ਗੁਰੂ-ਸਾਹਿਬ ਦੇ ਵੇਲੇ ਤੋਂ ਹੀ ਸ਼ੁਰੂ ਹੋ ਜਾਣਾ ਸੀ ਅਤੇ ਹਰ ਗੁਰੂ ਜੀ ਦਾ ਚਿੱਤਰ, ਗੁਰੂ ਸਾਹਿਬ ਦੇ ਵਕਤ ਹੀ ਤਿਆਰ ਹੋ ਜਾਣਾ ਸੀ। ਪਰ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਹਰ ਗੁਰੂ-ਪ੍ਰੀਤਮ ਨੇ ਪੰਥ ਦੇ ਅੰਦਰ ਸ਼ਬਦ-ਗੁਰੂ ਦਾ ਹੀ ਪ੍ਰਕਾਸ਼ ਕੀਤਾ।

ਪਰ ਇੱਥੇ ਤਾਂ ਆਧੁਨਿਕ ਤਕਨੀਕ ਨਾਲ ਧਰਮ-ਪ੍ਰਚਾਰ ਦਾ ਦਾਅਵਾ ਕਰਨ ਵਾਲੇ ਤਸਵੀਰਾਂ ਤੋਂ ਵੀ ਅੱਗੇ ਨਿਕਲਕੇ, ਕੰਪਿਊਟਰ ਗ੍ਰਾਫਿਕਸ ਨਾਲ ਗੁਰੂ ਸਾਹਿਬ ਦਾ ਚਲਦਾ ਫਿਰਦਾ ਜਿਸਮ ਘੜਨ ਤੱਕ ਚਲੇ ਗਏ ਹਨ। ਕੀ ਗੁਰੂ ਸਾਹਿਬ ਦੇ ਹੁਕਮ ਤੋਂ ਉੱਲਟ ਚੱਲ ਕੇ ਬਣਾਈ ਗਈ ਕੋਈ ਫਿ਼ਲਮ ਧਰਮ-ਪ੍ਰਚਾਰ ਦਾ ਕਾਰਜ ਕਰ ਸਕਦੀ ਹੈ? ਇਸ ਗੱਲ ਦਾ ਫੈਸਲਾ ਗੁਰੂ ਕੀ ਸੰਗਤ ਬੜੇ ਸਹਿਜ ਨਾਲ ਹੀ ਕਰ ਸਕਦੀ ਹੈ।

‘ਨਾਨਕ ਸ਼ਾਹ ਫਕੀਰ’ ਫਿਲਮ ਰਾਹੀਂ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨ ਦਾ ਭਰਮ ਪੈਦਾ ਕਰਨ ਵਾਲਿਆਂ ਦੀ ਸਿਧਾਂਤਕ ਗੁਰਬਤ ਦਾ ਇੱਕ ਹੋਰ ਪਹਿਲੂ ਵੀ ਅਸੀਂ ਸੰਗਤਾਂ ਦੀ ਨਜ਼ਰ ਕਰਨਾ ਚਾਹੁੰਦੇ ਹਾਂ। ਫਿਲਮ ਦੇ ਕਰਤੇ-ਧਰਤਿਆਂ ’ਚੋਂ ਇਕ ਇਨਸਾਨ ਫਿਲਮ ਦੇ ਟਰੇਲਰ ਰਿਲੀਜ਼ ਕਰਨ ਮੌਕੇ ਪ੍ਰਵਚਨ ਦੇ ਰਿਹਾ ਹੈ ਕਿ ਧਰਮ ਲੋਕਾਂ ਦਾ ਨਿੱਜੀ ਮਸਲਾ ਹੀ ਹੋਣਾ ਚਾਹੀਦਾ ਹੈ। ਯਾਨੀਕਿ ਧਰਮ ਅਤੇ ਸਿਆਸਤ ਦਾ ਆਪਸ ਵਿੱਚ ਹਮੇਸ਼ ਲਈ ਤਲਾਕ ਹੋ ਜਾਣਾ ਚਾਹੀਦਾ ਹੈ। ਉਸ ਵਿਅਕਤੀ ਅਨੁਸਾਰ ਧਰਮ ਅਤੇ ਸਿਆਸਤ ਦੇ ਵੱਖ ਹੋਣ ’ਚ ਹੀ, ਕੁੱਲ ਆਲਮ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਪਿਆ ਹੈ।4 ਮੀਰੀ-ਪੀਰੀ ਦਾ ਸਿਧਾਂਤ, ਪੰਥ ਦਾ ਬੁਨਿਆਦੀ ਸਿਧਾਂਤ ਹੈ, ਇਹ ਸਿਧਾਂਤ ਪੰਥ ਨੂੰ, ਕਿਸੇ ਇਨਸਾਨ ਜਾਂ ਇਨਸਾਨਾਂ ਦੇ ਸਮੂਹ ਤੋਂ ਪ੍ਰਾਪਤ ਨਹੀਂ ਹੋਇਆ। ਇਸ ਸਿਧਾਂਤ ਦੀ ਪੰਥ ਨੂੰ ਬਖਸ਼ਿਸ਼, ਗੁਰੂ-ਪ੍ਰਮੇਸ਼ਰ ਨੇ ਖੁਦ ਕੀਤੀ ਹੈ। ਫਿਲਮ ਦੇ ਟਰੇਲਰ ਰਿਲੀਜ਼ ’ਤੇ ਧਰਮ ਅਤੇ ਸਿਆਸਤ ਦੇ ਸੁਮੇਲ ਦੇ ਖਿਲਾਫ਼ ਬੋਲਣਾ, ਗੁਰੂ-ਸਿਧਾਂਤ ਦੀ ਸਿੱਧਮ-ਸਿੱਧੀ ਤੌਹੀਨ ਕਰਨਾ ਹੈ। ਅਸੀਂ ਪਿੱਛੇ ਧਰਮ ਅਤੇ ਸਿਆਸਤ ਦੇ ਪਵਿੱਤਰ ਸੁਮੇਲ ਦੇ ਵਿਰੋਧ ਵਿੱਚ ਬੋਲਣ ਕਾਰਨ ਫਿਲਮ ਦੇ ਕਰਤੇ-ਧਰਤਿਆਂ ਨੂੰ ਸਿਧਾਂਤਕ ਗੁਰਬਤ ਦਾ ਸ਼ਿਕਾਰ ਕਿਹਾ ਹੈ। ਪਰ ਸੱਚ ਪੁੱਛੋ ਤਾਂ ਇਹ ਗੱਲ ਸਿਧਾਂਤਕ ਗੁਰਬਤ ਤੋਂ ਵੀ ਅਗਾਂਹ ਦੀ ਹੈ। ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੇ ਨਾਮ ਤੇ ਲਿਆਂਦੀ ਜਾ ਰਹੀ ਫਿਲਮ ਦੇ ਟਰੇਲਰ ਜਾਰੀ ਕਰਨ ਮੌਕੇ, ਗੁਰੂ-ਸਿਧਾਂਤ ਦੇ ਖਿਲਾਫ਼ ਬੋਲਣ ਨੂੰ, ਕੋਈ ਸਧਾਰਨ ਜਹੀ ਗੱਲ ਨਹੀਂ ਸਮਝਣਾ ਚਾਹੀਦਾ। ਮੀਰੀ-ਪੀਰੀ ਦੇ ਰੂਹਾਨੀ ਸੰਕਲਪ ਦੇ ਬਰਖਿਲਾਫ਼ ਬੋਲਣਾ, ਅਸਲ ਵਿੱਚ ਭਾਰਤੀ ਹਕੂਮਤ ਦੇ ਸਿੱਖੀ ਵਿਰੋਧੀ ਏਜੰਡੇ ਨੂੰ ਤਾਕਤ ਦੇਣਾ ਹੀ ਹੈ। ਚਾਹੇ ਇਹ ਸਭ ਕੁੱਝ ਮਿੱਥੇ ਰੂਪ ਵਿੱਚ ਹੋ ਰਿਹਾ ਹੈ ਜਾਂ ਅਣਮਿੱਥੇ ਰੂਪ ਵਿੱਚ ਹੋ ਰਿਹਾ ਹੈ। ਪਰ ਇਸ ਸਭ ਦਾ ਸਿੱਧਾ ਲਾਭ ਪੰਥ ਵਿਰੋਧੀ ਸ਼ਕਤੀਆਂ ਨੂੰ ਹੀ ਮਿਲ ਰਿਹਾ ਹੈ। ਮੀਰੀ-ਪੀਰੀ ਦੇ ਸਿਧਾਂਤ ਦੇ ਖਿਲਾਫ਼ ਬੋਲਣ ਵਾਲੇ ਇਹ ਲੋਕ ਪੰਥ ਦੇ ਕਿੰਨੇ ਕੁ ਸਕੇ ਹੋ ਸਕਦੇ ਹਨ? ਜਾਂ ਪੰਥ ਦਾ ਕਿੰਨਾ ਕੁ ਭਲਾ ਸੋਚ ਕਰਦੇ ਹਨ? ਜਾਂ ਕਰ ਸਕਦੇ ਹਨ? ਇਸ ਗੱਲ ਦਾ ਅੰਦਾਜ਼ਾ ਵੀ ਪੰਥ ਅਸਾਨੀ ਨਾਲ ਹੀ ਲਾ ਸਕਦਾ ਹੈ।

ਹੁਣ ਜੇ ਅਸੀਂ ਕੌਮ ਦੀ ਮੌਜੂਦਾ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਹਾਲਤ ਵੱਲ ਝਾਤ ਪਾਈਏ ਤਾਂ ਸਾਨੂੰ ਕੌਮ ਦੀ ਨਿਘਾਰਭਰੀ ਅਵਸਥਾ ਬਿਨਾਂ ਕੋਈ ਤਰੱਦਦ ਕੀਤੇ ਹੀ ਦਿੱਸ ਪੈਂਦੀ ਹੈ। ਇਸ ਗੱਲ ਦੀ ਚਿੰਤਾ ਕੌਮ ਦੇ ਹਰਕੇ ਚਿੰਤਨਸ਼ੀਲ ਅੰਗ ਵਿੱਚ ਪਈ ਹੋਈ ਹੈ। ਪਰ ‘ਨਾਨਕ ਸ਼ਾਹ ਫਕੀਰ’ ਵਰਗੀਆਂ ਫਿਲਮਾਂ ਪੰਥ ਨੂੰ ਇਸ ਮੰਝਧਾਰ ਵਿੱਚੋਂ ਕੱਢਣ ਲਈ ਸਹਾਈ ਨਹੀਂ ਹੋ ਸਕਦੀਆਂ। ਤਲਖ ਹਕੀਕਤ ਇਹ ਹੈ ਕਿ ਪੰਥ ਦੇ ਵੱਡੇ ਹਿੱਸੇ ਦੀਆਂ ਜਾਂ ਤਾਂ ਆਪਣੇ ਆਤਮਿਕ ਸੋਮੇ ਨਾਲ ਪਿਆਰ ਦੀਆਂ ਤੰਦਾਂ ਬਹੁਤ ਕਮਜ਼ੋਰ ਪੈ ਚੁੱਕੀਆਂ ਹਨ ਤੇ ਜਾਂ ਉਹ ਆਪਣੇ ਆਤਮਿਕ ਸੋਮੇ ਨਾਲੋਂ ਕਰੀਬ-ਕਰੀਬ ਤੋੜ-ਵਿਛੋੜਾ ਹੀ ਕਰ ਚੁੱਕੇ ਹਨ। ਪੰਥ ਅੰਦਰ ਇੱਕ ਅਜਿਹਾ ਵਰਗ ਵੀ ਮੌਜੂਦ ਹੈ, ਜੋ ਆਪਣੇ ਧਾਰਮਿਕ ਸਿਧਾਂਤਾਂ ਨਾਲੋਂ ਬਿਲਕੁਲ ਹੀ ਨਿੱਖੜ ਚੁੱਕਿਆ ਹੈ। ਇਸ ਸਭ-ਕਾਸੇ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ। ਭਾਵ ਇਸ ਸਾਰੇ ਵਰਤਾਰੇ ਨੂੰ ਆਮ ਤਰਕ-ਵਿਤਰਕ ਦੇ ਮਾਹੌਲ ਵਿੱਚੋਂ ਬਾਹਰ ਨਿਕਲਕੇ ਕਿਸੇ ਉੱਚੇ ਤਰਕ ਦੇ ਜ਼ਰੀਏ ਦੇਖਣ ਅਤੇ ਪਰਖਣ ਦੀ ਜ਼ਰੂਰਤ ਹੈ। ਇਹ ਇੱਕ ਅਕੱਟ ਹਕੀਕਤ ਹੈ ਕਿ ਪੱਛਮ ਦਾ ਗਿਆਨਵਾਦੀ ( Enlightenment) ਫਲਸਫਾ, ਪੰਥ ੳੱਤੇ ਪੂਰੀ ਤਰ੍ਹਾਂ ਹਾਵੀ ਹੋਇਆ, ਹੋਇਆ ਹੈ। ਪੱਛਮਵਾਦੀ ਚਿੰਤਨ ਪਰੰਪਰਾ ਵਿੱਚ ਗਿਆਨ ਇੰਦਰੀਆਂ ਤੋਂ ਪ੍ਰਾਪਤ ਅਨੁਭਵ ਨੂੰ ‘ਸੰਵੇਦਨਾ’ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ। ਆਧੁਨਿਕ ਮਨੋਵਿਗਿਆਨ ਨੇ ਅੱਖ, ਨੱਕ, ਕੰਨ, ਜੀਭ ਅਤੇ ਚਮੜੀ ਨੂੰ ਪੰਜ ਗਿਆਨ ਇੰਦਰੀਆਂ ਵਜੋਂ ਪਰਿਭਾਸ਼ਤ ਕੀਤਾ ਹੈ, ਜਿਹਨਾਂ ਰਾਹੀਂ ਸਮੁੱਚੀ ਸੰਵੇਦਨਾ ਗ੍ਰਹਿਣ ਕੀਤੀ ਜਾਂਦੀ ਹੈ। ਇਹ ਸੋਚ ਵਿਹਾਰਵਾਦ ਨਾਲ ਸੰਬੰਧਿਤ ਚਿੰਤਨ ਦਾ ਹਿੱਸਾ ਹੈ, ਜੋ ਪੱਛਮਵਾਦੀ ਗਿਆਨਕਰਨ ਪ੍ਰੋਜੈਕਟ ਵਿੱਚੋਂ ਪਣਪਿਆ ਹੈ। ਇਸ ਸੋਚ ਅਨੁਸਾਰ ਸਮੁੱਚਾ ਗਿਆਨ ਸਿਰਫ਼ ਗਿਆਨ ਇੰਦਰੀਆਂ ਰਾਹੀਂ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ। ਗਿਆਨ ਇੰਦਰੀਆਂ ਤੋਂ ਵਗੈਰ ਗਿਆਨ ਹਾਸਿਲ ਕਰਨ ਦਾ ਕੋਈ ਹੋਰ ਤਰੀਕਾ ਸੰਭਵ ਨਹੀਂ। ਇਸ ਸਮੁੱਚੇ ਚਿੰਤਨ ਦਾ ਮੁੱਖ ਨੁਕਤਾ ਇਹ ਸੀ ਕਿ ਮਨੁੱਖੀ ਜੀਵਨ ਅਤੇ ਗਿਆਨ ਕਿਸੇ ਸੰਸਾਰ ਬਾਹਰੀ ਸ਼ਕਤੀ ਨਾਲ ਸੰਬੰਧਿਤ ਨਹੀਂ, ਸਗੋਂ ਸੱਚ ਜਾਂ ਯਥਾਰਥ ਵਿਵਸਥਿਤ ਨੇਮਾਂ ਵਿੱਚ ਬੱਝਿਆ ਹੈ, ਜਿਸ ਨੂੰ ਤਰਕ ਰਾਹੀਂ ਸੀ ਸਮਝਿਆ ਜਾ ਸਕਦਾ ਹੈ। ਪੱਛਮਵਾਦੀ ਚਿੰਤਨ ਨੇ ਸੱਚ ਨੂੰ ਜਾਨਣ ਲਈ ਤਰਕ ਨੂੰ ਇੱਕੋ-ਇੱਕ ਸਹੀ ਪ੍ਰਣਾਲੀ ਮੰਨਿਆ ਹੈ ਅਤੇ ਹਰ ਵਸਤ/ਵਰਤਾਰੇ ਨੂੰ ਤਰਕ ਰਾਹੀਂ ਸਮਝਣ ’ਤੇ ਜ਼ੋਰ ਦਿੱਤਾ ਹੈ।5

ਕਿਸੇ ਸਿੱਖ ਨੇ ਭਾਵੇਂ ਪੱਛਮੀ ਗਿਆਨਵਾਦੀ ਫਲਸਫੇ ਨੂੰ ਚਾਹੇ ਪੜ੍ਹਿਆ ਵੀ ਨਾ ਹੋਵੇ। ਇੱਥੋਂ ਤੱਕ ਕਿ ਉਹ ਇਸ ਫਲਸਫੇ ਦੇ ਭਾਵੇਂ ਨਾਮ ਤੱਕ ਨੂੰ ਨਾ ਜਾਣਦਾ ਹੋਵੇ। ਫਿਰ ਵੀ ਪੰਥ ਦਾ ਵੱਡਾ ਹਿੱਸਾ ਇਸ ਫਲਸਫੇ ਦੀ ਜ਼ੱਦ ਅੰਦਰ ਹੀ ਵਿਚਰਨ ਲੱਗਾ ਹੋਇਆ ਹੈ। ਇਸ ਫਲਸਫੇ ਕਾਰਨ ਪੰਥ ਨੇ ਖੁਸ਼ਕ ਤਰਕ ਨੂੰ ਅਪਣਾ ਲਿਆ ਹੈ। ਸਿੱਖ ਕੌਮ ਵਿਗਿਆਨਿਕ ਤਰਕ ਦੇ ਭੈਅ ਹੇਠ ਆਈ ਹੋਈ ਹੈ। ਜਿਸ ਦੇ ਚਲਦੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਵਿਗਿਆਨਿਕ ਵਿਆਖਿਆ ਕੌਮ ਅੰਦਰ ਕਾਫ਼ੀ ਮਕਬੂਲ ਹੋ ਗਈ ਹੈ। ਇਸ ਵਿਆਖਿਆ ਕਾਰਨ ਸਿੱਖ-ਮਨ ਅੰਦਰ ਗੁਰਬਾਣੀ ਇਕ ਫਲਸਫੇ ਦਾ ਰੂਪ ਧਾਰਨ ਕਰ ਗਈ ਹੈ। ਗੁਰੂ ਸਾਹਿਬ ਦਾ ਅਪਕੜ ਰੂਹਾਨੀ ਰੁਤਬਾ ( ਜਿਸ ਨੂੰ ਬੁੱਧੀ ਦੇ ਜ਼ੋਰ ਨਾਲ ਕਦੇ ਵੀ ਪੂਰੀ ਤਰ੍ਹਾਂ ਸ਼ਬਦਾਂ ਵਿਚ ਨਹੀਂ ਉਤਾਰਿਆ ਜਾ ਸਕਦਾ) ਇੱਕ ਮਹਾਂਪੁਰਸ਼ ( ਇੱਕ ਇਨਸਾਨੀ ਪੱਦਵੀ) ਦੇ ਰੂਪ ’ਚ, ਸਿੱਖ-ਮਨ ਦੇ ਅੰਦਰ ਘਰ ਪਾ ਕੇ ਬੈਠ ਗਿਆ ਹੈ। ਗੁਰੂ ਕੀਆਂ ਸਾਖੀਆਂ ਨੂੰ ਜਾਂ ਤਾਂ ਵਿਗਿਆਨ ਯੁਗ ਦੇ ਅਨੁਸਾਰੀ ਨਾ ਹੋਣ ਕਾਰਨ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਜਾਂ ਫਿਰ ਇਹਨਾਂ ਨੂੰ ਵਿਗਿਆਨਿਕ ਦਲੀਲ ਦੇ ਕਾਂਟੇ ਹੇਠ ਲਿਆ ਕੇ ਕੌਮ ਦੇ ਅੱਗੇ ਪੇਸ਼ ਕੀਤਾ ਗਿਆ। ਇਸ ਕਾਰਨ ਕੌਮ ਦੇ ਅੰਦਰਲੇ, ਰੂਹਾਨੀ ਆਧਾਰ ਅੱਤ ਕਮਜ਼ੋਰ ਅਵਸਥਾ ਵਿੱਚ ਪਹੁੰਚ ਚੁੱਕੇ ਹਨ।

ਸਿੱਖ ਕੌਮ ਇਸ ਭਿਆਨਕ ਸਥਿਤੀ ’ਚੋ ਤਦ ਹੀ ਬਾਹਰ ਨਿਕਲ ਸਕਦੀ ਹੈ, ਜੇ ਕੌਮ ਵਿਗਿਆਨਕ ਤਰਕ ਦਾ ਰਾਹ ਛੱਡ ਕੇ ਮੁੜਕੇ ਆਪਣੇ-ਆਪ ਨੂੰ ਅਧਿਆਤਮਿਕ ਤਰਕ ਉੱਤੇ ਅਧਾਰਿਤ ਕਰ ਲਵੇ। ਅਧਿਆਤਮਿਕ ਤਰਕ ਦਾ ਅਨੁਸਰਨ ਕਰਨ ਨਾਲ ਹੀ, ਪੰਥ ਨੂੰ ਇਸ ਗੱਲ ਦਾ ਗਿਆਨ ਹੋ ਸਕਦਾ ਹੈ ਕਿ ਗੁਰਬਾਣੀ ਕੋਈ ਫਲਸਫਾ ਨਹੀਂ ਹੈ ਬਲਕਿ ਫਲਸਫੇ ਤਾਂ ਗੁਰਬਾਣੀ ਦੇ ਅਧੀਨ ਚੱਲਦੇ ਹਨ। ਗੁਰਬਾਣੀ ਇਲਹਾਮ ਹੈ। ਜਿਸ ਦਾ ਪ੍ਰਕਾਸ਼ ਗੁਰ-ਸਾਹਿਬਾਨ ਦੇ ਜ਼ਰੀਏ ਇਸ ਧਰਤੀ ’ਤੇ ਹੋਇਆ ਹੈ। ਫਲਸਫੇ ਤਾਂ ਇੰਦਰੀਆਂ ਰਾਹੀਂ ਜਾਣਕਾਰੀ ਹਾਸਿਲ ਕਰਕੇ, ਦਿਮਾਗੀ ਚਿੰਤਨ ਦੇ ਸਦਕਾ ਆਪਣੀ ਹੋਂਦ ਬਣਾਉਂਦੇ ਹਨ। ਪਰ ਗੁਰਬਾਣੀ ਕੋਈ ਦਿਮਾਗੀ ਚਿੰਤਨ ਰਾਹੀਂ ਹਾਸਿਲ ਹੋਇਆ ਗਿਆਨ ਨਹੀਂ ਹੈ। ਇਹ ਤਾਂ ਅਕਾਲ ਪੁਰਖ ਦੀ ਦਰਗਾਹ ’ਚੋਂ ਸ਼ਬਦਾ ਦੇ ਰੂਪ ਵਿੱਚ ਇਸ ਧਰਤੀ ’ਤੇ ਪ੍ਰਗਟ ਹੋਇਆ ਅਕਾਲੀ ਸੱਚ ਹੈ। ਗੁਰਬਾਣੀ ਜੁਗੋ-ਜੁਗ ਅਟੱਲ ਹੈ।ਕੌਮ ਨੂੰ ਵਿਗਿਆਨ ਤੋਂ ਕੋਈ ਡਰਨ ਦੀ ਲੋੜ ਨਹੀਂ ਹੈ। ਵਿਗਿਆਨ ਤਾਂ ਨਾਨਕ-ਸੱਚ ਦੇ ਹੇਠਾਂ ਵਿਚਰਨ ਵਾਲੀ ਇੱਕ ਛੋਟੀ ਜਿਹੀ ਸ਼ੈਅ ਹੀ ਹੈ। ਸਿੱਖ ਗੁਰੂ-ਸਾਹਿਬਾਨ ਨੂੰ ਮਹਾਂਪੁਰਸ਼ ਕਹਿਣਾ ਉਹਨਾਂ ਦਾ ਚਾਹੇ-ਅਣਚਾਹੇ ਰੂਪ ’ਚ ਅਪਮਾਨ ਕਰਨਾ ਹੀ ਹੈ। ਗੁਰੂ-ਸਹਿਬਾਨ ਗੁਰ-ਪ੍ਰਮੇਸ਼ਰ ਹਨ। ਜਿਹਨਾਂ ਦਾ ਰੂਹਾਨੀ ਰੁਤਬਾ ਪਰੇ ਤੋਂ ਵੀ ਪਰੇ ਹੈ। ਗੁਰ-ਇਤਿਹਾਸ ਵਿਚ ਵਾਪਰੀਆਂ ਕਰਾਮਾਤਾਂ ਨੂੰ ਇਸ ਕਰਕੇ ਰੱਦ ਕਰ ਦੇਣਾ ਕਿ ਅਸੀਂ ਸਾਇੰਸ ਦੇ ਯੁੱਗ ਵਿੱਚ ਕਿਤੇ, ਸੰਸਾਰ ਦੇ ਸਾਹਮਣੇ ਝੂਠੇ ਨਾ ਪੈ ਜਾਈਏ ਅਤੇ ਸਾਡੀ ਅਗਲੀ ਪੀੜ੍ਹੀ ਕਿਤੇ ਸਾਡੇ ਇਤਿਹਾਸ ਨੂੰ ਮਿਥਿਹਾਸ ਸਮਝ ਕੇ ਸਿੱਖੀ ਤੋਂ ਦੂਰ ਨਾ ਹੋ ਜਾਵੇ। ਸਾਡੀ ਇਹ ਸੋਚ ਸਿਧਾਂਤਕ ਕਚਿਆਈ ਦੀ ਦੇਣ ਹੈ। ਭਾਵ ਅਸੀਂ ਨਾਨਕ-ਸੱਚ ਰਾਹੀਂ ਪ੍ਰਗਟ ਹੋ ਰਹੀ ਵੱਡੀ ਇਲਾਹੀ ਖੇਡ ਨੂੰ ਅਗਿਆਨਤਾ ਵੱਸ ਸਮਝਣ ਤੋਂ ਅਸਮਰਥ ਹੋਏ ਪਏ ਹਾਂ। ਇਸੇ ਕਾਰਨ ਕੌਮ ਰੂਹਾਨੀ ਤਾਕਤ ਤੋਂ ਵਿਰਵੀ ਹੋਈ ਪਈ ਹੈ। ਖਾਲਸਾ ਜੀ! ਇਹ ਕਰਾਮਾਤਾਂ ਫਜ਼ੂਲ ਹਊਮੇੈਵਾਦੀ ਦਬਦਬਾ ਨਹੀਂ ਰੱਖਦੀਆਂ, ਨਾਂਹ ਇਹਨਾਂ ਦਾ ਜੋੜ ਨਫ਼ਸੀ ਖੁਸ਼ੀ ਅਤੇ ਨਾਂਹ ਨਿੱਕੇ ਦਾਇਰੇ ਦੀ ਖੁਦੀ ਨਾਲ ਇਹਨਾਂ ਦਾ ਕੋਈ ਰਿਸ਼ਤਾ ਹੈ। ਇਹ ਕਰਾਮਾਤਾਂ ( ਤਾਂ ) ਅਸਲ ਵਿੱਚ ਇਲਾਹੀ ਦੌਰ ਦੇ ਹੁਸਨ ਦੀਆਂ ਕਹਾਣੀਆ ਹਨ।6

ਪੱਛਮ ਦਾ ਗਿਆਨਵਾਦੀ ਫਲਸਫਾ ਹਕੀਕੀ ਤੌਰ ਤੇ ਬ੍ਰਾਹਮਣਵਾਦ ਦਾ ਹੀ ਇੱਕ ਰੂਪ ਹੈ। ਇਸ ਲਈ ਉਦਾਰ ਕਹਾਉਣ ਵਾਲੀ ਭਾਰਤੀ ਸਟੇਟ ਇਸ ਫਲਸਫੇ ਨੂੰ ਆਪਣੀ ਹਿੱਕ ਨਾਲ ਲਾਈ ਫਿਰਦੀ ਹੈ। ਭਾਰਤੀ ਯੂਨੀਵਰਸਿਟੀਆਂ ਵਿੱਚ ਇਸ ਦਰਸ਼ਨ ਦੇ ਅਧੀਨ ਹੀ ( ਕਲਾਸਿਕ ਬ੍ਰਾਹਮਣਵਾਦੀ ਦਰਸ਼ਨ ਸਮੇਤ) ਸਿੱਖੀ ਦੀ ਵਿਆਖਿਆ ਕੀਤੀ ਜਾਂਦੀ ਹੈ। ਇਹ ਸਾਰਾ ਕੁਝ ਸਿੱਖ ਕੌਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦੀ ਕਵਾਇਦ ਦਾ ਹੀ ਹਿੱਸਾ ਹੈ। ਸਿੱਖ ਪੰਥ ਨੂੰ ਕਲਾਸਿਕ ਬ੍ਰਾਹਮਣਵਾਦੀ ਸੋਚ ਦੇ ਨਾਲ ਹੀ, ਪੱਛਮ ਦੇ ਗਿਆਨਵਾਦੀ ਬ੍ਰਾਹਮਣਵਾਦ ਨਾਲੋਂ ਵੀ, ਹਮੇਸ਼ਾ ਲਈ ਤੋੜ-ਵਿਛੋੜਾ ਕਰਨਾ ਪਵੇਗਾ, ਸਿੱਖ ਰੂਹ ਨੂੰ ਨਾਮ ਦੇ ਰੰਗ ਵਿੱਚ ਰੰਗਣਾ ਪਵੇਗਾ। ਸਿਮਰਨ ਦੇ ਜ਼ੋਰ ’ਤੇ ਪਰਾ-ਮੰਡਲ ਨਾਲ ਆਪਣੀ ਸਾਂਝ ਪਾਉਣੀ ਪਵੇਗੀ। ਪਰ ਇਸ ਸਾਰੇ ਅਮਲ ’ਚੋਂ ਲੰਘਦੇ ਹੋਏ, ਸਮਾਜ ਅਤੇ ਰਾਜਨੀਤੀ ਨਾਲ ਵੀ ਬਰਾਬਰ ਦੀ ਸਾਂਝ ਪਾ ਕੇ ਰੱਖਣੀ ਪਵੇਗੀ। ਇਸ ਪਾਕ ਪ੍ਰਕਿਰਿਆ ’ਚੋਂ ਨਿੱਕਲਦੇ ਹੋਏ ਹੀ, ਕੌਮ ਗੁਰਮੱਖ ਦੀ ਪਦਵੀ ਪ੍ਰਾਪਤ ਕਰ ਸਕਦੀ ਹੈ। ਸੁਰਤ ਦੇ ਉੱਚੇ ਮੰਡਲ ਵਿੱਚ ਪਹੁੰਚ ਸਕਦੀ ਹੈ। ਕੌਮ ਜਦੋਂ ਨਾਨਕ-ਸੱਚ ਦੀ ਇਸ ਅਲੌਕਿਕ ਪਗਡੰਡੀ ਦੀ ਪਾਂਧੀ ਬਣ ਜਾਵੇਗੀ ਤਾਂ ਕੌਮੀ ਪ੍ਰਚਾਰ ਦੇ ਪੁਰਾਤਨ ਸਾਧਨ ਹੀ ਇਲਾਹੀ ਬਰਕਤਾਂ ਨਾਲ ਸਰਸ਼ਾਰ ਹੋ ਜਾਣਗੇ।

ਪਰ ਕੌਮ ਗੁਰੂ-ਸਾਹਿਬਾਨ ਅਤੇ ਗੁਰੂ-ਪਰਿਵਾਰ ਨੂੰ ਫਿਲਮਾਂ ਵਿੱਚ ਦਿਖਾਉਣ ਦੀ ਹਿਮਾਕਤ ਕਰਕੇ ਕਦੇ ਵੀ ਚੜ੍ਹਤਲ ਦੀ ਅਵਸਥਾ ਵਿੱਚ ਨਹੀਂ ਪਹੁੰਚ ਸਕਦੀ। ਸਗੋਂ ਇਸ ਗੁਨਾਹਭਰੀ ਗੁਸਤਾਖੀ ਨਾਲ ਪੰਥ ਹੋਰ ਰਸਾਤਲ ਵੱਲ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ‘ਚਾਰ ਸਾਹਿਬਜ਼ਾਦੇ’ ਫਿ਼ਲਮ ਨੂੰ ਪਹਿਲਾ ਹੱਲਾਸ਼ੇਰੀ ਦੇ ਕੇ ਅਤੇ ਹੁਣ ਸਿੱਖੀ ਦੇ ਪ੍ਰਚਾਰ ਦੇ ਨਾਮ ’ਤੇ ਇਸ ਫਿ਼ਲਮ ਦੇ ਸਾਰੇ ਹੱਕ ਖਰੀਦਕੇ7, ਅਜਿਹੀਆਂ ਫਿਲਮਾਂ ਨੂੰ ਵਾਜਬੀਅਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਭ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੈ। ਸ਼੍ਰੋਮਣੀ ਕਮੇਟੀ ਤਾਂ ‘ਉਲਟੀ ਵਾੜ ਖੇਤ ਨੂੰ ਖਾਏ’ ਵਾਲੇ ਅਖਾਣ ਨੂੰ ਹੀ ਸੱਚ ਸਾਬਿਤ ਕਰਨ ਤੇ ਅਮਾਦਾ ਹੋਈ ਪਈ ਹੈ। ਸ਼੍ਰੋਮਣੀ ਕਮੇਟੀ ਨੂੰ ਤੁਰੰਤ ਆਪਣੀ ਬੱਜਰ ਗਲਤੀ ਸੁਧਾਰਨੀ ਚਾਹੀਦੀ ਹੈ ਅਤੇ ਆਪਣੇ ਇਸ ਫੈਸਲੇ ਨੂੰ ਇਕਦਮ ਰੱਦ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ‘ਨਾਨਕ ਸ਼ਾਹ ਫਕੀਰ’ ਫਿਲਮ ਦੀ ਰਿਲੀਜ਼ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।

ਸਿੱਖੀ ਦੇ ਪ੍ਰਚਾਰ ਹਿੱਤ ਫਿ਼ਲਮਾ ਜਾਂ ਹੋਰ ਨਵੇਂ ਸਾਧਨਾਂ ਦਾ ਇਸਤੇਮਾਲ ਪੰਥਕ ਮਰਿਯਾਦਾ ਦੇ ਦਾਇਰੇ ਅੰਦਰ ਰਹਿੰਦੇ ਹੋਏ ਹੀ ਹੋਣਾ ਚਾਹੀਦਾ ਹੈ। ਪਰ ਫਿਲਮਾਂ ਅੰਦਰ ਸਿੱਖ ਗੁਰੂ-ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰਾਂ ਦੇ ਕਿਰਦਾਰ ਦੀ ਪੇਸ਼ਕਾਰੀ ਨੂੰ, ਕਤਹੀ ਵੀ ਸਹਿਣ ਨਹੀਂ ਕੀਤਾ ਜਾਣਾ ਚਾਹੀਦਾ, ਜਿੱਥੋਂ ਤੱਕ ‘ਨਾਨਕ ਸ਼ਾਹ ਫਕੀਰ’ ਫਿਲਮ ਦਾ ਸਵਾਲ ਹੈ ਇਸ ਸੰਬੰਧੀ ਅਕਾਲ ਤਖਤ ਸਾਹਿਬ ਵੱਲੋਂ ਫਿਲਮ ਦੇ ਨਿਰਮਾਤਾ (ਹਰਿੰਦਰ ਸਿੰਘ ਸਿੱਕਾ) ਨੂੰ, ਇਸ ਫਿਲਮ ਨੂੰ ਯਕਦਮ ਵਾਪਿਸ ਲੈਣ ਦੇ ਹੁਕਮ ਜਾਰੀ ਕਰ ਦੇਣੇ ਚਾਹੀਦੇ ਹਨ। ਪਰ ਮਸਲਾ ਸਿਰਫ਼ ‘ਨਾਨਕ ਸ਼ਾਹ ਫਕੀਰ’ ਫਿਲਮ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਬਲਕਿ ਅਜਿਹੀਆਂ ਸਿੱਖੀ ਵਿਰੋਧੀ ਫਿਲਮਾਂ ਦੀ ਪੈ ਚੁੱਕੀ ਪਿਰਤ ਨੂੰ ਰੋਕਣ ਲਈ ਕਰੜਾ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਫੌਰਨ ਜਾਰੀ ਹੋਣ ਚਾਹੀਦਾ ਹੈ।

ਹਵਾਲੇ
1. ਅਜੀਤ, ਜਲੰਧਰ, 21 ਮਾਰਚ 2015, ਸਫ਼ਾ. 5
2. KAPUR SINGH (EDITORS: PIAR SINGH AND MADANJIT KAUR), PARASARAPRASNA, GURU NANAK DEV UNIVERSITY, AMRITSAR, 2001, P.170
3. ਗਿਆਨੀ ਮਹਿੰਦਰ ਸਿੰਘ ‘ਰਤਨ’ (ਸੰਪਾਦਕ), 41 ਵਾਰਾਂ ਭਾਈ ਗੁਰਦਾਸ ਜੀ, ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ, 2009, ਸਫ਼ਾ. 220
4. youtube.com/watch?v=Y3w8qGRBniw
5. ਯਾਦਵਿੰਦਰ ਸਿੰਘ (ਡਾ.), ਪੂਰਬਵਾਦ ਸਿਧਾਂਤ ਅਤੇ ਵਿਹਾਰ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2010, ਸਫ਼ਾ. 60
6. ਹਰਿੰਦਰ ਸਿੰਘ ਮਹਿਬੂਬ, ਸਹਿਜੇ ਰਚਿਓ ਖ਼ਾਲਸਾ, ਸਿੰਘ ਬ੍ਰਦਰਜ਼, ਅੰਮ੍ਰਿਤਸਰ, 2000, ਸਫ਼ਾ. 2016
7. ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ, 31 ਮਾਰਚ 2015, ਸਫ਼ਾ. 1


ਲੇਖਕ, ਪ੍ਰਭਜੋਤ ਸਿੰਘ, ਨਾਲ 094655-89440 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: