ਲੇਖ » ਸਿੱਖ ਖਬਰਾਂ

ਕੀ ਗੁਰੂ ਨਾਨਕ ਸਾਹਿਬ ਦੀ ਸ਼ਖਸ਼ੀਅਤ ਦਾ ਫਿਲਮੀਕਰਣ ਹੋ ਸਕਦਾ ਹੈ?

May 29, 2015 | By

ਲੇਖਕ: ਗੁਰਮੀਤ ਸਿੰਘ, ਡਾ.

ਲੇਖਕ: ਗੁਰਮੀਤ ਸਿੰਘ ਸਿੱਧੂ, ਡਾ.

‘ਨਾਨਕ ਸ਼ਾਹ ਫਕੀਰ’ ਫਿਲਮ ਸਿੱਖ ਭਾਈਚਾਰੇ ਦੇ ਵਿਰੋਧ ਦੇ ਬਾਵਜੂਦ ਵੀ ਪੰਜਾਬ ਨੂੰ ਛੱਡ ਕੇ ਮੁਲਕ ਭਰ ਵਿਚ ਰਲੀਜ਼ ਹੋਈ। ਇਸ ਫਿਲਮ ’ਤੇ ਪਾਬੰਦੀ ਲਾਉਣ ਜਾਂ ਨਾ ਲਗਾਉਂਣ ਬਾਰੇ ਪੱਖੀ ਅਤੇ ਵਿਰੋਧੀ ਦੋਵੇਂ ਧਿਰਾਂ ਵਲੋਂ ਮਨੁੱਖੀ ਅਜ਼ਾਦੀ ਨਾਲ ਜੋੜ ਕੇ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਫਿਲਮਕਾਰਾਂ ਦੀ ਦਲੀਲ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਕਿਸੇ ਇਨਸਾਨੀ ਰੂਪ ਵਿਚ ਪ੍ਰਸਤੁਤ ਕਰਨ ਦੀ ਬਜਾਇ ਕੰਪਿਉਟਰ ਚਿਤਰ ਤਕਨੀਕ ਦਾ ਸਹਾਰਾ ਲਿਆ ਗਿਆ ਹੈ ਅਤੇ ਅਜਿਹਾ ਕਰਨ ਲਈ ਸਿੱਖ ਮਰਿਆਦਾ ਦਾ ਖਿਆਲ ਰੱਖਿਆ ਗਿਆ ਹੈ। ਦੂਸਰੇ ਪਾਸੇ ਫਿਲਮ ਦੇ ਵਿਰੋਧੀਆਂ ਦੀ ਦਲੀਲ ਹੈ ਕਿ ਗੁਰੂ ਨਾਨਕ ਸਾਹਿਬ ਦੀ ਕੋਈ ਇਨਸਾਨੀ ਆਕ੍ਰਿਤੀ ਬਣਾਉਣਾ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ। ਗੁਰੂ ਨਾਨਕ ਸਾਹਿਬ ਦੀ ਸਖਸ਼ੀਅਤ ਦੇ ਫਿਲਮੀਕਰਨ ਦੇ ਪੱਖ ਵਿਚ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਸਿੱਖੀ ਦੇ ਪ੍ਰਚਾਰ ਲਈ ਜ਼ਰੂਰੀ ਹੈ। ਤਕਰੀਬਨ ਇਹ ਦਲੀਲ ਚਿਤਰਕਾਰ ਸੋਭਾ ਸਿੰਘ ਜੀ ਨੇ ਵੀ ਦਿੱਤੀ ਸੀ। ਉਹਨਾਂ ਨੂੰ ਇਹ ਪ੍ਰਸ਼ਨ ਕੀਤਾ ਗਿਆ ਸੀ ਕਿ ਉਹ ਗੁਰੂ ਸਾਹਿਬਾਨ ਦੀ ਪੇਟਿੰਗ ਕਿਉਂ ਬਣਾਉਂਦੇ ਹਨ ? ਤਾਂ ਉਹਨਾਂ ਕਿਹਾ ਸੀ ਕਿ ਉਹ ਹਰ ਸਿੱਖ ਦੇ ਹਿਰਦੇ ਵਿਚ ਗੁਰੂ ਨਾਨਕ ਸਾਹਿਬ ਅਤੇ ਗੁਰੂ ਗਬਿੰਦ ਸਿੰਘ ਸਾਹਿਬ ਦੀ ਤਸਵੀਰ ਵਸਾਉਣ ਦੀ ਇਛਾ ਨਾਲ ਉਹਨਾਂ ਨੇ ਗੁਰੂ ਸਾਹਿਬਾਨ ਦੇ ਚਿਤਰ ਬਣਾਏ ਹਨ। ਗੁਰੂ ਸਾਹਿਬਾਨ ਦੇ ਚਿਤਰਾਂ ਦਾ ਸਹਾਰਾ ਲੈ ਕੇ ਹੁਣ ਗੁਰੂ ਨਾਨਕ ਸਾਹਿਬ ਦੇ ਅਕਸ ਦੇ ਗ੍ਰਾਫਿਕਸ ਨੂੰ ਸਹੀ ਸਾਬਤ ਕਰਨ ਲਈ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਬੇਸ਼ੱਕ ਦੋਵੇਂ ਧਿਰਾਂ ਆਪੋ ਆਪਣੇ ਪੱਧਰ ’ਤੇ ਸਹੀ ਜਾਪਦੀਆਂ ਹਨ ਪਰੰਤੂ ਇਹ ਮਸਲਾ ਕੇਵਲ ਇਕ ਫਿਲਮ ਤਕ ਹੀ ਸੀਮਤ ਨਹੀਂ ਹੈ। ਸਿੱਖ ਭਾਈਚਾਰੇ ਨੂੰ ਸਿੱਖ ਸਿਧਾਂਤਾਂ ਦੀ ਰੋਸ਼ਣੀ ਵਿਚ ਅਜਿਹੇ ਮਸਲਿਆਂ ਬਾਰੇ ਸਪਸ਼ਟ ਨੀਤੀ ਤਿਆਰ ਕਰਨ ਦੀ ਜ਼ਰੂਰਤ ਹੈ।

ਚਾਰ ਸਾਹਿਬਜਾਦੇ ਫਿਲਮ ਦੀ ਸਫਲਤਾ ਨੇ ਗ੍ਰਾਫਿਕ ਫਿਲਮਾਂ ਦਾ ਰਾਹ ਖੋਲ੍ਹ ਦਿੱਤਾ ਹੈ। ਇਸ ਫਿਲਮ ਦੀ ਪ੍ਰਸੰਸਾ ਅਤੇ ਇਸ ਵਲੋਂ ਕੀਤੀ ‘ਕਮਾਈ’ ਨੇ ਸਿੱਖ ਇਤਿਹਾਸ ਬਾਰੇ ਨਵੀਆਂ ਫਿਲਮਾਂ ਬਣਨ ਦੀਆਂ ਸੰਭਵਾਨਵਾਂ ਤਿਆਰ ਕਰ ਦਿੱਤੀਆਂ ਸਨ। ਸਿੱਖ ਪਰੰਪਰਾ ਮੁਤਾਬਕ ਨਾਟਕਾਂ ਵਿਚ ਗੁਰੂ ਸਾਹਿਬਾਨ ਅਤੇ ਸਾਹਿਬਜਾਦਿਆਂ ਨੂੰ ਇਨਸਾਨੀ ਪਾਤਰਾਂ ਵਿਚ ਕਦੇ ਕਿਸੇ ਨੇ ਪੇਸ਼ ਨਹੀਂ ਕੀਤਾ ਸੀ। ਚਾਰ ਸਾਹਿਬਜਾਦੇ ਫਿਲਮ ਵਿਚ ਸਾਹਿਜਾਦਿਆਂ ਦੇ ਐਨੀਮੇਟਿਡ ਚਿਤਰਾਂ ਦੀ ਪੇਸ਼ਕਾਰੀ ਤੋਂ ਪਿਛੋਂ ‘ਨਾਨਕ ਸ਼ਾਹ ਫਕੀਰ’ ਦੀ ਪ੍ਰਡਕਸ਼ਨ ਕੰਪਨੀ ਨੂੰ ਆਪਣੀ ਫਿਲਮ ਨੂੰ ਪਾਸ ਕਰਵਾਉਣ ਵਿਚ ਸਹਾਇਤਾ ਮਿਲ ਗਈ। ਚਾਰ ਸਾਹਿਬਜਾਦੇ ਫਿਲਮ ਦੇ ਪ੍ਰਸੰਸਕ ਹੁਣ ‘ਨਾਨਕ ਸ਼ਾਹ ਫਕੀਰ’ ਫਿਲਮ ’ਤੇ ਪਾਬੰਦੀ ਲਗਾਉਂਣ ਦੀ ਮੰਗ ਕਰ ਰਹੇ ਹਨ। ਇਸ ਲਈ ਇਹ ਦਲੀਲ ਦਿੱਤੀ ਜਾ ਰਹੀ ਕਿ ਸਾਹਿਬਜਾਦੇ ਫਿਲਮ ਵਿਚ ਗੁਰੂ ਪਰਿਵਾਰ ਨੂੰ ਐਨੀਮੇਸ਼ਨ ਰਾਹੀਂ ਪ੍ਰਸਤੁਤ ਕੀਤਾ ਗਿਆ ਸੀ ਪਰੰਤੂ ਨਾਨਕ ਸ਼ਾਹ ਫਕੀਰ ਫਿਲਮ ਵਿਚ ਗੁਰੂ ਨਾਨਕ ਸਾਹਿਬ ਦਾ ਐਨੀਮੇਸ਼ਨ ਵੇਖਣ ਨੂੰ ਇਨਸਾਨੀ ਜਾਪਦਾ ਹੈ। ਇਸ ਪ੍ਰਸੰਗ ਵਿਚ ਦੋਵਾਂ ਧਿਰਾਂ ਦੀ ਦਲੀਲਾਂ ਵਿਚੋਂ ਕੋਈ ਸਪਸ਼ਟ ਰਾਇ ਸਾਹਮਣੇ ਨਹੀਂ ਆ ਰਹੀ ਕਿ ਆਖਰ ਸਹੀ ਨਿਰਣਾ ਕੀ ਹੈ?

ਗੁਰੂ ਸਾਹਿਬਾਨ ਦੇ ਅਕਾਰ ਜਾਂ ਚਿਤਰ ਬਣਾਉਣ ਜਾਂ ਨਾ ਬਣਾਉਣ ਬਾਰੇ ਕੋਈ ਨਿਰਣਾ ਲੈਣ ਤੋਂ ਪਹਿਲਾਂ ਇਹ ਵਿਚਾਰ ਲੈਣਾ ਜ਼ਰੂਰੀ ਹੈ ਕਿ ਸਿੱਖ ਪਰੰਪਰਾ ਵਿਚ ਗੁਰੂ ਦਾ ਸਰੂਪ ਕੀ ਹੈ? ਗੁਰੂ ਇਤਿਹਾਸ ਅਤੇ ਗੁਰੂ ਸਿਧਾਂਤਾਂ ਮੁਤਾਬਕ ਨਿਰਣਾ ਸਪਸ਼ਟ ਹੈ ਕਿ ਗੁਰੂ ਦੇਹ ਭਾਵ ਕੋਈ ਅਕਾਰ ਨਹੀਂ ਸਗੋਂ ਗੁਰੂ ਸ਼ਬਦ ਹੈ ਜੋ ਆਪ ਨਿਰਕਾਰ ਹੈ ਪਰੰਤੂ ਉਹ ਸਭ ਅਕਾਰਾਂ ਦਾ ਸਿਰਜਕ ਹੈ। ਸੁਭਾਵਿਕ ਹੀ ਸਿਰਜਕ ਦੀ ਸਿਰਜਨਾ ਇਸਦਾ ਅਕਾਰ ਨਹੀਂ ਬਣਾ ਸਕਦੀ ਕਿਉਂਕਿ ਸਿਰਜਕ ਆਪਣੀ ਸਿਰਜਨਾ ਤੋਂ ਪਾਰ ਹੈ।

ਸਿੱਖੀ ਸਿਧਾਂਤ ਮੁਤਾਬਕ ਗੁਰੂ ਦਾ ਅਕਾਰ ਬਣਾਉਣਾ ਮਨਮਤਿ ਹੈ ਜੋ ਗੁਰਮਤਿ ਦੇ ਉਲਟ ਹੈ ਪਰੰਤੂ ਸਿੱਖ ਭਾਈਚਾਰੇ ਵਿਚ ਗੁਰੂ ਸਾਹਿਬਾਨ ਦੀਆਂ ਮੂਰਤਾਂ/ਚਿਤਰ ਪ੍ਰਚਲਤ ਹੋ ਗਏ ਹਨ। ਗੁਰੂ ਨਾਨਕ ਸਾਹਿਬ ਦੇ ਅਕਸ ਦਾ ਫਿਲਮੀਕਰਨ ਇਸ ਪਰਵਿਰਤੀ ਦੀ ਉਪਜ ਕਿਹਾ ਜਾ ਸਕਦਾ ਹੈ। ਦਰਅਸਲ ਸਿੱਖ ਪਰੰਪਰਾ ਵਿਚ ਗੁਰੂ ਨਾਨਕ ਸਾਹਿਬ ਦੀ ਸ਼ਖਸ਼ੀਅਤ ਦੇ ਦੋ ਪ੍ਰਮੁੱਖ ਪੱਖ ਸਾਹਮਣੇ ਆਏ ਹਨ। ਪਹਿਲਾ ਇਤਿਹਾਸਕ ਹੈ ਅਤੇ ਦੂਸਰਾ ਅਧਿਆਤਮਿਕ। ਗੁਰੂ ਨਾਨਕ ਸਾਹਿਬ ਦੀ ਇਤਿਹਾਸਕ ਸ਼ਖਸ਼ੀਅਤ ਬਾਰੇ ਇਤਿਹਾਸਕ ਲਿਖਤਾਂ ਵਿਚ ਬਹੁਤ ਕੁਝ ਲਿਖਿਆ ਗਿਆ ਹੈ ਜਦੋਂ ਕਿ ਅਧਿਆਤਮਿਕ (ਗੁਰੂ) ਨਾਨਕ ਨੂੰ ਸਮਝਣ ਲਈ ਦਾਰਸ਼ਨਿਕ ਮੁਕਾਬਲਤ ਘੱਟ ਕੋਸ਼ਿਸ਼ਾਂ ਹੋਈਆਂ ਹਨ। ਇਤਿਹਾਸਕ ਨਾਨਕ ਦੀ ਉਸਾਰੀ ਦਾ ਅਧਾਰ ਵਿਭਿੰਨ ਪ੍ਰਵਚਨਾਂ, ਬਿਰਤਾਂਤਾਂ ਨੂੰ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਇਤਿਹਾਸਕਾਰਾਂ ਨੇ ਆਪੋ-ਆਪਣੇ ਗਿਆਨ ਨਾਲ ਪੇਸ਼ ਕੀਤਾ ਹੈ। ਵੱਖ-ਵੱਖ ਇਤਿਹਾਸਕਾਰਾਂ ਨੇ ਜਿਥੇ ਗੁਰੂ ਨਾਨਕ ਦੇ ਇਤਿਹਾਸਕ ਚ੍ਰਿਤਰ ਦੀ ਉਸਾਰੀ ਦਾ ਅਧਿਐਨ ਕੀਤਾ ਹੈ ਉਥੇ ਉਨ੍ਹਾਂ ਨੇ ਵੱਖ-ਵੱਖ ਇਤਿਹਾਸਕ ਸ੍ਰੋਤਾਂ ਦੀ ਪ੍ਰਮਾਣਿਕਤਾ ਦਾ ਵੀ ਵਿਸ਼ਲੇਸ਼ਣ ਕੀਤਾ ਹੈ। ਇਸ ਸਦੰਰਭ ਵਿਚ ਗੁਰਬਾਣੀ ਨੂੰ ਮੁੱਢਲਾ ਇਤਿਹਾਸਕ ਸ੍ਰੋਤ ਮੰਨ ਕੇ ਇਸ ਵਿਚੋਂ ਗੁਰੂ ਨਾਨਕ ਸਾਹਿਬ ਦੀ ਸ਼ਖਸ਼ੀਅਤ ਉਸਾਰਨ ਦੇ ਵੀ ਯਤਨ ਹੋਏ ਹਨ ਪਰ ਇਹ ਯਤਨ ਮੁੱਖ ਤੌਰ ‘ਤੇ ਇਤਿਹਾਸਕ ਨਾਨਕ ਦੀ ਖੋਜ ਤੱਕ ਹੀ ਸੀਮਤ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਦੁਨਿਆਵੀ ਪੱਖਾਂ ਨੂੰ ਸਮਝਣ ਲਈ ਇਤਿਹਾਸਕ ਸ੍ਰੋਤ ਮੱਦਦਗਾਰ ਹੋ ਸਕਦੇ ਹਨ ਅਤੇ ਇਸ ਲਈ ਇਤਿਹਾਸਕ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਪ੍ਰੰਤੂ ਉਨ੍ਹਾਂ ਦੀ ਰੱਬੀ ਸ਼ਖਸ਼ੀਅਤ ਨੂੰ ਅਸੀਂ ਕੇਵਲ ਇਸ ਵਿਧੀ ਨਾਲ ਨਹੀਂ ਸਮਝ ਸਕਦੇ। ਉਨ੍ਹਾਂ ਦੀ ਰੱਬੀ ਸ਼ਖਸ਼ੀਅਤ ਨੂੰ ਗੁਰਬਾਣੀ ਬਾਣੀ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪੰ੍ਰਤੂ ਇਸ ਖੇਤਰ ਵਿਚ ਬਹੁਤ ਘੱਟ ਕੰਮ ਸਾਹਮਣੇ ਆਇਆ ਹੈ।

ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਗੁਰਬਾਣੀ ਇਤਿਹਾਸਕ ਦਸਤਾਵੇਜ ਨਹੀਂ ਹੈ ਪਰ ਇਹ ਗੁਰੂ ਨਾਨਕ ਸਾਹਿਬ ਜੀ ਦੀ ਰੱਬੀ ਸ਼ਖਸ਼ੀਅਤ ਨੂੰ ਸਮਝਣ ਲਈ ਇਹ ਮੁੱਢਲਾ ਅਤੇ ਭਰੋਸੇਯੋਗ ਸ੍ਰੋਤ ਹੈ। ਗੁਰਬਾਣੀ ਰਾਹੀਂ ਗੁਰੂ ਨਾਨਕ ਸਾਹਿਬ ਨੂੰ ਸਮਝਣ ਦਾ ਕਾਰਜ ਕਠਿਨ, ਗੁੰਝਲਦਾਰ ਅਤੇ ਚੁਣੌਤੀ ਭਰਪੂਰ ਹੈ। ਇਸਦਾ ਪ੍ਰਮੱਖ ਕਾਰਣ ਇਹ ਹੈ ਕਿ ਗੁਰਬਾਣੀ ਆਮ ਤਰ੍ਹਾਂ ਦੀਆਂ ਸਾਹਿਤਕ ਰਚਨਾਵਾਂ ਤੋਂ ਵਿਲੱਖਣ ਇਕ ਰੱਬੀ ਰਚਨਾ ਹੈ। ਰੱਬੀ ਲਿਖਤਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਵਿਆਖਿਆ ਕਰਨ ਲਈ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਧਾਰਮਕ ਗੰ੍ਰਥਾਂ ਦੇ ਅਧਿਆਤਮਿਕ ਸੰਦੇਸ਼ ਨੂੰ ਸਮਝਣ ਲਈ ਉਨਾਂ ਦੀ ਰੂਹ ਦੇ ਅਸਲੀ ਤੱਤ ਤੱਕ ਪਹੁੰਚ ਕਰਨੀ ਪੈਂਦੀ ਹੈ। ਰੱਬੀ ਲਿਖਤਾਂ ਦੇ ਗੁੱਝੇ ਰਹੱਸ ਨੂੰ ਸਮਝਣ ਲਈ ਜਗਿਆਸੂ, ਇਨ੍ਹਾਂ ਦੇ ਅੰਤਰੀਵ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਇਸ ਕਰਕੇ ਗੁਰਬਾਣੀ ਨੂੰ ਸਮਝਣ ਲਈ ਇਸਦੇ ਪਵਿੱਤਰ ਸੰਸਾਰ ਵਿਚ ਦਾਖਲ ਹੋਣਾ ਪੈਂਦਾ ਹੈ। ਗੁਰਬਾਣੀ ਵਿਚ ਦੱਸਿਆ ਗਿਆ ਹੈ ਕਿ ਸਿਰਜਨਾ ਵਿਚ ਸਿਰਜਕ ਵਿਦਮਾਨ ਹੈ ਪ੍ਰੰਤੂ ਉਹ ਸਿਰਜਨਹਾਰ, ਸਿਰਜਨਾ ਤੋਂ ਪਹਿਲਾਂ ਵੀ ਸੀ। ਅਸੀਂ ਉਸਦੀ ਸਿਰਜਨਾ ਵਿਚੋਂ ਉਸਦੇ ਨਕਸ਼ ਲੱਭ ਸਕਦੇ ਹਾਂ। ਗੁਰੂ ਨਾਨਕ ਬਾਣੀ ਵਿਚ ਵਿਦਮਾਨ ਉਨ੍ਹਾਂ ਦੀ ਰੱਬੀ ਸ਼ਖਸ਼ੀਅਤ ਜੋ ਬਾਣੀ ਰਚਨਾ ਤੋਂ ਪਹਿਲਾਂ ਸੀ ਉਸਨੂੰ ਬਾਣੀ ਵਿਚੋਂ ਕਿਵੇਂ ਸਮਝਿਆ ਜਾਵੇ? ਇਹ ਸਾਡੀ ਮੁੱਖ ਸਮੱਸਿਆ ਹੈ।

ਗੁਰੂ ਨਾਨਕ ਸਾਹਿਬ ਆਮ ਵਿਅਕਤੀਆਂ ਤੋਂ ਵਿਲੱਖਣ ਇਕ ਰੂਹਾਨੀ ਸ਼ਖਸ਼ੀਅਤ ਸਨ ਇਸ ਕਰਕੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨੂੰ ਅਸੀਂ ਆਮ ਜੀਵਨੀ ਸਾਹਿਤ ਦੀ ਤਰ੍ਹਾਂ ਨਹੀਂ ਬਲਕਿ ਉਨ੍ਹਾਂ ਦੀ ਰੂਹਾਨੀਅਤ ਦੇ ਪ੍ਰਸੰਗ ਵਿਚ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡਾ ਭਾਵ ਇਹ ਹੈ ਕਿ ਗੁਰੂ ਜੀ ਇਕ ਇਤਿਹਾਸਕ ਬਿੰਬ ਨਹੀਂ ਬਲਕਿ ਉਹ ਰੂਹਾਨੀਅਤ ਦੀ ਇਕ ਜੀਵਤ ਅਤੇ ਜਾਗਦੀ ਜੋਤ ਹਨ। ਉਨ੍ਹਾਂ ਦਾ ਰੱਬੀ ਰੂਪ ਸਧਾਰਨ ਜੀਵਨ, ਘਟਨਾਵਾਂ ਦੀ ਤਰਤੀਬ ਨਹੀਂ ਬਲਕਿ ਇਕ ਉੱਚੇ ਅਤੇ ਸੁੱਚੇ ਰੂਹਾਨੀ ਅਮਲ ਦਾ ਸਿਖਰ ਹੈ ਜਿਸਨੂੰ ਜਾਨਣ ਲਈ ਅਧਿਆਤਮਿਕ ਉਚਾਈ ਤੱਕ ਪਹੁੰਚ ਕਰਨੀ ਪੈਂਦੀ ਹੈ। ਇਤਿਹਾਸਕ ਤੱਥਾਂ/ਸ੍ਰੋਤਾਂ ਰਾਹੀਂ ਇਤਿਹਾਸਕ ਨਾਨਕ ਨੂੰ ਤਾਂ ਸਮਝਿਆ ਜਾ ਸਕਦਾ ਹੈ ਜਿਸਦੇ ਕੁਝ ਪੱਖ ‘ਨਾਨਕ ਸ਼ਾਹ ਫਕੀਰ’ ਫਿਲਮ ਵਿਚ ਪ੍ਰਸਤੁਤ ਕਰਨ ਦੇ ਯਤਨ ਕੀਤੇ ਗਏ ਹਨ ਪ੍ਰੰਤੂ ਰੱਬੀ ਨਾਨਕ ਨੂੰ ਸਮਝਣ ਲਈ ਉਹਨਾਂ ਦੀ ਰੱਬੀ ਬਾਣੀ ਦਾ ਸਹਾਰਾ ਲੈਣਾ ਲਾਜ਼ਮੀ ਹੋ ਜਾਂਦਾ ਹੈ। ਇਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਗੁਰਬਾਣੀ ਵਿਚੋਂ ਰੱਬੀ ਨਾਨਕ ਦੇ ਦਰਸ਼ਨ ਹੁੰਦੇ ਹਨ।

ਗੁਰਬਾਣੀ ਵਿਚ ਜਿਸ ਗੁਰੂ ਦੇ ਦਰਸ਼ਨ ਹੁੰਦੇ ਹਨ ਉਹ ਇਤਿਹਾਸਕ ਗੁਰੂ ਨਹੀਂ ਬਲਕਿ ਅਧਿਆਤਮਕ ਹੈ, ਸਿੱਖਮਤ ਵਿਚ ਗੁਰੂ ਸਰੀਰ ਜਾਂ ਕੋਈ ਦੇਹ ਨਹੀਂ ਹੈ ਸਗੋਂ ਸ਼ਬਦ ਦੇ ਰੂਪ ਵਿਚ ਗੁਰੂ ਜੋਤ ਹੈ। ਦੇਹ ਜਾਂ ਸਰੀਰ, ਰੂਪ ਨਾਨਕ ਨੂੰ ਅਸੀਂ ਇਤਿਹਾਸਕ ਨਾਨਕ ਕਹਿ ਸਕਦੇ ਹਾਂ ਜਦੋਂ ਕਿ ਰੱਬੀ ਨਾਨਕ, ਸ਼ਬਦ ਹੈ ਜੋ ਗੁਰਬਾਣੀ ਰਾਹੀਂ ਨਿਰੰਤਰ ਪ੍ਰਕਾਸ਼ ਦੀਆਂ ਕਿਰਨਾਂ ਵੰਡ ਰਿਹਾ ਹੈ। ਸਿਧ ਗੋਸ਼ਿਟਿ ਵਿਚ ਗੁਰੂ ਜੀ ਨੂੰ ਪ੍ਰਸ਼ਨ ਕੀਤਾ ਗਿਆ ਸੀ ਕਿ ਤੇਰਾ ਗੁਰੂ ਕੌਣ ਹੈ ? ਤਾਂ ਗੁਰੂ ਜੀ ਸਿੱਧਾਂ ਅਤੇ ਜੋਗੀਆਂ ਨੂੰ ਸਪਸ਼ਟ ਕਰਦੇ ਹਨ ਸ਼ਬਦ ਉਨ੍ਹਾਂ ਦਾ ਗੁਰੂ ਹੈ;

ਸਬਦੁ ਗੁਰੂ ਸੁਰਤਿ ਧੁਨਿ ਚੇਲਾ, (ਸ੍ਰੀ ਗੁਰੂ ਗ੍ਰੰਥ ਸਾਹਿਬ, 942-43)

ਗੁਰੂ ਨਾਨਕ ਆਪਣੇ ਧਾਰਮਕ ਅਨੁਭਵ ਨੂੰ ਬਿਆਨ ਕਰਦੇ ਦੱਸਦੇ ਹਨ ਕਿ ਸਤਿਗੁਰ ਨਾਲ ਮੇਲ ਸ਼ਬਦ ਦੇ ਗੁੱਝੇ ਭੇਦ ਵਿਚ ਹੈ ਜਿਸ ਤੋਂ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ ਅਤੇ ਇਸਨੂੰ ਪ੍ਰਾਪਤ ਕਰਨ ਵਾਲੇ ਵਿਰਲੇ ਹੁੰਦੇ ਹਨ। “ਅੰਮ੍ਰਿਤ ਕਾ ਰਸ ਵਿਰਲੀ ਪਾਇਆ ਸਤਿਗੁਰ ਮੇਲ ਮਿਲਾਏ। ਜਬ ਲਗ ਸਬਦ ਭੇਦ ਨਹੀ ਆਇਆ ਤਬੁ ਲਗੁ ਕਾਲ ਸਤਾਏ॥ (ਸ੍ਰੀ ਗੁਰੂ ਗ੍ਰੰਥ ਸਾਹਿਬ, 1126) ਜਿਸ ਅੰਮ੍ਰਿਤ ਰਸ ਨਾਲ ਸਤਿਗੁਰ ਮਿਲਦਾ ਹੈ ਉਹ ਗੁਰਬਾਣੀ ਹੈ।

“ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥
ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖਿ ਗੁਰੂ ਨਿਸਤਾਰੈ॥” (ਸ੍ਰੀ ਗੁਰੂ ਗ੍ਰੰਥ ਸਾਹਿਬ, 982)

ਗੁਰਮਤਿ ਸਿਧਾਂਤਾਂ ਦੇ ਅਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਰੂਪ ਨਾਨਕ, ਗੁਰਬਾਣੀ ਰਾਹੀਂ ਮਿਲ ਸਕਦਾ ਹੈ ਅਤੇ ਰੱਬੀ ਅਨੁਭਵ ਤੋਂ ਗੁਰੂ ਨਾਨਕ ਦੇ ਰੂਹਾਨੀ ਜੀਵਨ ਦਾ ਆਰੰਭ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਰੱਬੀ ਅਨੁਭਵ ਨੂੰ ਗੁਰਬਾਣੀ ਰਾਹੀਂ ਬਿਆਨ ਕਰਦਿਆਂ ਇਹ ਦੱਸਿਆ ਹੈ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਨਾਮ ਅੰਮ੍ਰਿਤ ਦਿੱਤਾ ਹੈ। ਇਸ ਅਨੁਭਵ ਦੇ ਗਵਾਹ ਉਨ੍ਹਾਂ ਦੇ ਸਵੈ ਕਥਨ ਹਨ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਉਨ੍ਹਾਂ ਦੇ ਰੱਬੀ ਮਿਲਾਪ ਤੋਂ ਪਿਛੋਂ ਉਨ੍ਹਾਂ ਦੀ ਕਾਇਆ ਰੂਹਾਨੀਅਤ ਨਾਲ ਇਕਮਿਕ ਹੋਈ ਹੈ। ਗੁਰੂ ਨਾਨਕ ਦੇ ਇਸ ਰੂਹਾਨੀ ਸਫਰ ਦੀ ਸ਼ੁਰੂਆਤ ਇਤਿਹਾਸਕ ਨਾਨਕ ਦੇ ਵੇਈਂ ਨਦੀ ਵਿਚ ਪ੍ਰਵੇਸ਼ ਤੋਂ ਮੰਨੀ ਜਾਂਦੀ ਹੈ। ‘ਵੇਈਂ ਵਿਚ ਪ੍ਰਵੇਸ਼’ ਦੇ ਦੌਰਾਨ ਨਾਨਕ ਸਾਹਿਬ ਨਾਲ ਹੋਏ ਰੱਬੀ ਮੇਲ ਨੂੰ ਜਨਮ ਸਾਖੀ ਵਿਚ ਇਉਂ ਬਿਆਨ ਕੀਤਾ ਗਿਆ ਹੈ;

“ਆਗਿਆ ਪਰਮੇਸ਼ਰ ਕੀ ਹੋਈ, ਜੋ ਨਾਨਕ ਭਗਤੁ ਹਾਜ਼ਰੁ ਹੋਆ, ਤਾ ਅੰਮ੍ਰਿਤ ਦਾ ਕਟੋਰਾ ਭਰਿ ਕਰਿ ਆਗਿਆ ਨਾਲਿ ਮਿਲਿਆ। ਹੁਕਮੁ ਹੋਆ: ‘ਨਾਨਕ! ਇਹ ਅੰਮ੍ਰਿਤ ਮੇਰੇ ਨਾਮਿ ਕਾ ਪਿਆਲਾ ਹੈ, ਤੂੰ ਪੀਉ’। ਤਬ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ, ਸਾਹਿਬ ਮਿਹਰਵਾਨ ਹੋਆ: ‘ਨਾਨਕੁ ਮੈਂ ਤੇਰੇ ਨਾਲ ਹਾਂ। ਮੈ ਤੇਰੇ ਤਾਈਂ ਨਿਹਾਲੁ ਕਿਆ ਹੈ, ਅਰ ਜੋ ਤੇਰਾ ਨਾਉ ਲਵੇਗਾ ਸੋ ਸਭ ਮੈ ਨਿਹਾਲੁ ਕੀਤੇ ਹੈਨਿ। ਤੂੰ ਜਾਇ ਕਰਿ ਮੇਰਾ ਨਾਮੁ ਜਪਿ, ਅਰ ਲੋਕਾਂ ਥੀਂ ਭੀ ਜਪਾਇ। ਅਰੁ ਸੰਸਾਰ ਥੀਂ ਨਿਰਲੇਪ ਰਹੁ। ਨਾਮੁ, ਦਾਨੁ, ਇਸ਼ਨਾਨ, ਸੇਵਾ ਸਿਮਰਨ ਵਿਚਿ ਰਹੁ। ਮੈ ਤੇਰੇ ਤਾਈਂ ਆਪਣਾ ਨਾਮੁ ਦੀਆ ਹੈ। ਤੂ ਏਹਾ ਕਿਰਤਿ ਕਰਿ’। (ਪੁਰਾਤਨ ਜਨਮ ਸਾਖੀ)”

ਗੁਰੂ ਨਾਨਕ ਸਾਹਿਬ ਦਾ ਸਤਿਗੁਰ ਨਾਲ ਮਿਲਾਪ ਕਿਵੇਂ ਹੋਇਆ ਅਤੇ ਉਹ ਇਸਦਾ ਰੂਪ ਕਿਵੇ ਬਣੇ ਇਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ;

ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋਦੇ ਫਿਰਿ ਘਾਲਿ ਕਮਾਈ।
ਰੇਤ ਅੱਕੁ ਆਹਾਰੁ ਕਰਿ ਰੋੜਾ ਕੀ ਗੁਰ ਕੀਅ ਵਿਛਾਈ।
ਭਾਰੀ ਕਰੀ ਤਪਸਿਆ ਵਡੇ ਭਾਗਿ ਹਰਿ ਸਿਉ ਬਣਿ ਆਈ।
ਬਾਬਾ ਪੈਧਾ ਸਚਿ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ। (ਵਾਰ,1, ਪਉੜੀ,24)

ਗੁਰੂ ਨਾਨਕ ਜੀ ਨੇ ਅਧਿਅਤਮਕ ਉਚਤਾ ਦੀ ਅਵਸਥਾ ਸਚਖੰਡਿ ਦੱਸੀ ਹੈ ਜਿਥੇ ਨਿਰੰਕਾਰ ਦਾ ਵਾਸਾ ਹੈ ਅਤੇ ਉਸ ਨਿਰੰਕਾਰ ਨਾਲ ਮੇਲ ਸ਼ਬਦ ਰਾਹੀਂ ਹੁੰਦਾ ਹੈ ਜੋ ਹੁਕਮ ਵਿਚ ਹੈ। ਹੁਕਮ ਦੀ ਤਰ੍ਹਾਂ ਗੁਰੂ ਨਾਨਕ ਸ਼ਖਸ਼ੀਅਤ ਦੇ ਗੁਣਾਂ ਦੀ ਸਿਫਤ ਵੀ ਕਥਨ ਤੋਂ ਬਾਹਰ ਅਤੇ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਤੋਂ ਉੱਪਰ ਹੈ। ਪਰਮੇਸ਼ਰ ਦੇ ਗਿਆਨ (ਸ਼ਬਦ) ਨਾਲ ਮੇਲ, ਵਿਚੋਂ ਰੱਬੀ ਨਾਨਕ ਦੀ ਸ਼ਖਸ਼ੀਅਤ ਵਿਕਸਿਤ ਹੋਈ ਹੈ। ਗੁਰੂ ਜੀ ਆਪਣੀ ਬਾਣੀ ਰਾਹੀਂ ਸ਼ਬਦ ਘਾੜਤ ਦੀ ਵਿਉਂਤ ਅਤੇ ਇਸਨੂੰ ਘੜਨ ਵਾਲੀ ਟਕਸਾਲ ਦੇ ਗੁਣਾਂ ਦੀ ਜਾਣਕਾਰੀ ਦਿੰਦੇ ਹਨ। ਜਿਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਜਤ (ਇੰਦਰੀਆਂ ਨੂੰ ਕਾਬੂ ਵਿਚ ਕਰਨਾ), ਧੀਰਜ (ਚਿਤ ਦਾ ਟਿਕਾੳ)ੁ, ਮਤਿ (ਬੁਧੀ) ਭਉ- ਅਕਾਲ ਪੁਰਖ ਦਾ ਭਉ ਅਤੇ ਉਸਦਾ ਹੀ ਭਾਉ ਭਾਂਡਾ ਹੈ ਜਿਸ ਵਿਚ ਗੁਰੂ ਸੰਦੇਸ਼ ਅੰਮ੍ਰਿਤ ਹੈ ਜੋ ਰੱਬੀ ਮੇਲ ਦੀ ਤਪਸ਼ (ਸੇਕ) ਵਿਚ ਪ੍ਰੇਮ ਵਾਲੇ ਹਿਰਦੇ ਦੀ ਕੁਠਾਲੀ ਵਿਚ ਢਲਦਾ ਹੈ। ਗੁਰੂ ਵਲੋਂ ਬਿਆਨ ਕੀਤੀ ਸਚੀ ਟਕਸਾਲ ਦੇ ਉਪਰੋਕਤ ਗੁਣ ਦਰਅਸਲ ਗੁਰੂ ਦੀ ਰੱਬੀ ਸ਼ਖਸ਼ੀਅਤ ਹੈ ਜਿਸ ਵਿਚੋਂ ਗੁਰਬਾਣੀ ਅੰਮ੍ਰਿਤ ਦੀ ਧਾਰਾ ਵਰਸ ਰਹੀ ਹੈ।

ਸਿੱਖ ਅਧਿਆਤਮਕਤਾ ਦਾ ਮਨੋਰਥ ਸੱਚ ਨੂੰ ਪਾਉਣਾ ਹੈ। ਗੁਰਬਾਣੀ ਵਿਚ ਦੱਸਿਆ ਗਿਆ ਹੈ ਕਿ ਗੁਰੂ ਸ਼ਬਦ ਰਾਹੀਂ ਸਚ ਪਾਇਆ ਜਾ ਸਕਦਾ ਹੈ।

ਗੁਰੂ ਨਾਨਕ ਸਾਹਿਬ ਨੇ ਆਪਣੇ ਸੱਚੇ ਹਿਰਦੇ ਨਾਲ ਸੱਚ ਨੂੰ ਪਾਇਆ ਸੀ ਅਤੇ ਉਹ ਖੁਦ ਸੱਚ ਦਾ ਰੂਪ ਹੋ ਗਏ ਸਨ। ਸੱਚ ਮਨੁੱਖੀ ਸਿਰਜਨਾ ਤੋਂ ਉਪਰ ਹੈ ਕਿਉਂਕਿ ਉਹ ਸਿਰਜਕ ਹੈ। ਇਸ ਕਸਵੱਟੀ ਦੇ ਅਧਾਰ ’ਤੇ ਅਸੀਂ ਇਤਿਹਾਸਕ ਨਾਨਕ ਅਤੇ ਰੱਬੀ ਨਾਨਕ ਵਿਚ ਅੰਤਰ ਨੂੰ ਸਮਝ ਸਕਦੇ ਹਾਂ। ਇਤਿਹਾਸਕ ਨਾਨਕ, ਸਿਰਜਨਾ ਹੈ ਜਦੋਂ ਕਿ ਰੱਬੀ ਨਾਨਕ, ਸਿਰਜਕ ਹੈ।

ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਕੂੰਜੀ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਉਹ ਅਜਿਹੇ ਵਿਦਵਾਨ ਹਨ ਜੋ ਗੁਰੂ ਅਮਲ ਨਾਲ ਲੰਬਾ ਸਮਾਂ ਜੁੜੇ ਰਹੇ ਹਨ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਇਤਿਹਾਸਕ ਨਾਨਕ ਦੀ ਬਜਾਇ ਗੁਰੂ ਨਾਨਕ ਸਾਹਿਬ ਦੀ ਸ਼ਖਸ਼ੀਅਤ ਦੇ ਰੱਬੀ ਗੁਣਾਂ ਦੀ ਪਛਾਣ ਕੀਤੀ ਹੈ। ਗੁਰੂ ਨਾਨਕ ਸਾਹਿਬ ਦੀ ਉਸਤਤ ਵਿਚ ਉਹ ਲਿਖਦੇ ਹਨ;

ਅਬਿਗਤਿ ਅਲਖ ਅਭੇਵ, ਅਗਮ ਅਪਾਰ ਅਨੰਤ ਗੁਰ॥
ਸਤਿਗੁਰ ਨਾਨਕ ਦੇਵ, ਪਾਰਬ੍ਰਹਮ ਪੂਰਨ-ਬ੍ਰਹਮ॥
ਅਗਮ ਅਪਾਰ ਅਨੰਤ ਗੁਰ, ਅਬਿਗਤਿ ਅਲਖ ਅਭੇਵ॥
ਪਾਰਬ੍ਰਹਮ ਪੂਰਨ ਬ੍ਰਹਮ, ਸਤਿਗੁਰ ਨਾਨਕ ਦੇਵ॥ (ਕਬਿੱਤ ਅਤੇ ਸਵੀਏ)

ਭਾਵ ਅਬਿਨਾਸੀ, ਅਲਖ, ਅਭੇਵ, ਅਪਹੁੰਚ, ਅਪਾਰ ਬੇਅੰਤ ਅਤੇ ਅਗਿਆਨ-ਅੰਧੇਰੇ ਨੂੰ ਦੂਰ ਕਰਨ ਵਾਲਾ ਵਾਹਿਗੁਰੂ, ਜੋ ਨਿਰਗੁਣ ਸਰੂਪ ਹੈ, ਉਹ ਸਰਗੁਣ ਸਰੂਪ ਵਿਚ ਸਤਿਗੁਰ ਨਾਨਕ ਦੇਵ ਹੈ। ਸਤਿਗੁਰ ਨਾਨਕ ਸਰਗੁਣ ਸਰੂਪ ਵਿਚ ਹੁੰਦਿਆਂ ਨਿਰਗੁਣ ਸਰੂਪ ਅਕਾਲ ਪੁਰਖ ਦਾ ਰੂਪ ਹਨ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਸ਼ਖਸ਼ੀਅਤ ਦੇ ਜਿਹੜੇ ਗੁਣ ਬਿਆਨ ਕੀਤੇ ਹਨ ਉਹ ਦਰਅਸਲ ਰੱਬ ਦੇ ਗੁਣ ਹਨ। ਗੁਰੂ ਨਾਨਕ ਦੇਵ ਜੀ ’ਤੇ ਪ੍ਰਭੁ ਨਿਰੰਕਾਰ ਵਿਚ ਅੰਤਰ ਨਹੀਂ ਕੀਤਾ ਜਾ ਸਕਦਾ।

ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਰਾਹੀਂ ਦੁਨਿਆਵੀ ਚਿੰਤਨ ਨੂੰ ਨਵੀ ਅਧਿਆਤਮਕ ਸੇਧ ਦਿੰਦਿਆਂ ਸ਼ਬਦ ਗੁਰੂ ਦਾ ਸਿਧਾਂਤ ਦਿੱਤਾ ਹੈ ਜੋ ਮਨੁੱਖ ਨੂੰ ਉਸਦੀ ਹੋਂਦ ਦੇ ਸਰਵ-ਵਿਆਪੀ ਸੱਚ ਨਾਲ ਜੋੜਦਾ ਹੈ। ਸੱਚ ਦੀ ਸਦੀਵੀ ਅਗਵਾਈ ਦਾ ਗੁਰੂ ਸਿਧਾਂਤ ਸਮਾਜਕ ਜੀਵਾਂ ਵਿਚ ਆਪਸੀ ਪ੍ਰੇਮ ਅਤੇ ਸਦਭਾਵਨਾ ਦਾ ਮਾਡਲ ਹੈ। ਸ਼ਬਦ ਗੁਰੂ ਦਾ ਸੰਸਥਾਈ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜੋ ਸਮੁੱਚੀ ਮਨੁੱਖਤਾ ਦੀ ਰਹਿਨੁਮਾਈ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁਢੱਲਾ ਸੰਕਲਪ ਰੱਬੀ ਸੰਕਲਪ ੴ ਹੈ ਜੋ ਸਭ ਵਿਸ਼ਵਾਸ਼ਾਂ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਇਸ ਦਾ ਮਤਲਵ ਇਹ ਹੈ ਕਿ ਸੱਚ ਇਕ ਹੈ ਪਰ ਉਹ ਬਹੁ-ਪੱਖੀ ਹੈ। ਗੁਰੂ ਨਾਨਕ ਵਲੋਂ ਪੇਸ਼ ਕੀਤਾ ਇਕ ਰੱਬ ਦਾ ਸੰਕਲਪ ਦੂਸਰੇ ਧਰਮਾਂ ਦੇ ਇਕ-ਰੱਬੀ ਸੰਕਲਪ ਨਾਲੋਂ ਵਿਲੱਖਣ ਹੈ। ਇਸਨੂੰ ਅਸੀਂ ਸਾਮੀ ਧਰਮਾਂ ਖਾਸ ਕਰਕੇ-ਯਹੂਦੀ, ਇਸਾਈ ਅਤੇ ਇਸਲਾਮ ਦੇ ਇਕ-ਰੱਬੀ ਸੰਕਲਪ ਵਿਚ ਫਿਟ ਨਹੀਂ ਕਰ ਸਕਦੇ ਅਤੇ ਇਹ ਨਾ ਹੀ ਵੇਦਾਂਤ ਵਿਚ ਪੇਸ਼ ਹੋਏ ਬ੍ਰਹਮ ਦੇ ਇਕਹਿਰੇ ਰੱਬ ਵਰਗਾ ਸੰਕਲਪ ਹੈ। ਗੁਰੂ ਨਾਨਕ ਸਾਹਿਬ ਦਾ ਵਿਸ਼ਵਾਸ਼ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਾਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਹੈ। ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਦੇ ਗੁਣਾਂ ਬਾਰੇ ਦੱਸਦੇ ਹਨ;

ਅਨਿਕ ਰੰਗ ਨਿਰਗੁਨ ਇਕ ਰੰਗਾ॥ ਆਪੈ ਜਲੁ ਆਪ ਹੀ ਤਰੰਗਾ॥
ਆਪ ਹੀ ਮੰਦਰੁ ਆਪਹਿ ਸੇਵਾ॥ ਆਪ ਹੀ ਪੂਜਾਰੀ ਆਪ ਹੀ ਦੇਵਾ॥
ਅਪਹਿ ਜੋਗ ਆਪ ਹੀ ਜੁਗਤਾ॥ ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, 803)

ਸੱਚੇ ਰੱਬ ਦੇ ਗੁਣਾਂ ਨੂੰ ਬਿਆਨ ਕਰਕੇ ਉਨ੍ਹਾਂ ਨੇ ਦੱਸਿਆ ਹੈ ਕਿ ਇਕ ਰੱਬ ਅਨੇਕਾਂ ਗੁਣਾਂ ਦਾ ਮਾਲਕ ਕਿਵੇਂ ਹੈ। ਇਸ ਸੱਚੇ ਗਿਆਨ ਦੇ ਅਧਾਰ ‘ਤੇ ਉਨ੍ਹਾਂ ਨੇ ੴ ਦਾ ਰੱਬੀ ਸੰਕਲਪ ਦਿੱਤਾ ਹੈ ਜੋ ਅਨੇਕ ਗੁਣਾਂ ਦਾ ਮਾਲਕ ਹੈ। ੴ ਦਾ ਸੁਭਾਅ ਬਹੁ-ਗੁਣੀ ਹੋਣ ਕਰਕੇ ਇਸਦੀਆਂ ਬਹੁ-ਪੱਖੀ ਸੰਭਾਵਨਾਵਾਂ ਹਨ ਜੋ ਮਨੁੱਖਤਾ ਨੂੰ ਇਕ ਸੱਚ ਦੀ ਵਿਚੱਤਰਤਾ ਅਤੇ ਵਿਭੰਨਤਾ ਦੇ ਵੀ ਦਰਸ਼ਨ ਕਰਵਾਉਂਦਾ ਹੈ ਕਿਉਂਕਿ ਰੱਬੀ ਮੇਲ ਵਿਸਮਾਦੀ ਹੈ। ਰੱਬ ਦੇ ਬਹੁਵਾਦੀ ਸੰਕਲਪ ਦੀ ਤਰਾਂ ਗੁਰੂ ਨਾਨਕ ਦੀ ਰੱਬੀ ਸ਼ਖਸ਼ੀਅਤ ਵੀ ਬਹੁ-ਗੁਣੀ ਹੈ ਜਿਸਨੂੰ ਅਸੀਂ ਵਿਭਿੰਨ ਪੱਖਾਂ ਤੋਂ ਸਮਝ ਸਕਦੇ ਹਾਂ। ਗੁਰੂ ਜੀ ਦੀ ਸ਼ਖਸ਼ੀਅਤ ਇਨਾਸਨੀ ਵੰਡੀਆਂ ਤੋਂ ਉੱਪਰ ਸਭ ਗੁਣਾਂ ਨਾਲ ਭਰਪੂਰ ਹੈ। ਉਹ ਸਭਨਾ ਜੀਆ ਕਾ ਏਕ ਦਾਤਾ ਦੀ ਤਰ੍ਹਾਂ ਇਕ ਹੋ ਕੇ ਵੀ ਸਭ ਦਾ ਸਾਂਝਾ ਗੁਰੂ ਨਾਨਕ ਹੈ। ਜਿਸਦੇ ਗੁਣਾਂ ਦਾ ਸਭ ਦੇਵੀ ਦੇਵਤੇ ਗਾਇਨ ਕਰ ਰਹੇ ਹਨ। ਭਾਈ ਗੁਰਦਾਸ ਜੀ ਲਿਖਦੇ ਹਨਕਿ ਸਤਿਗੁਰ ਨਾਨਕ ਦੇਵ ਜੀ ਨੂੰ ਦੇਵਤੇ ਅਤੇ ਦੇਵੀਆਂ ਸਭ ਧਿਆਉਂਦੇ ਹਨ। ਉਹ ਸਭ ਰਾਗ ਅਤੇ ਰਾਗਣੀਆਂ ਸਮੇਤ, ਵਾਜਿਆਂ ਦੀਆਂ ਵਿਸਮਾਦ ਧੁੰਨੀਆਂ ਦੁਆਰਾ (ਉਸ ਦੇ) ਗੁਣ ਗਾਉਂਦੇ ਹਨ। ਨਾਨਕ ਦੀ ਸੰਗਤ ਵਿਚ ਸਾਧੂ (ਧਾਰਮਿਕ ਸ਼ਖਸ਼ੀਅਤਾਂ) ਇਕ ਰਸ, ਅਤਿ ਡੂੰਘੀ ਸਮਾਧੀ ਵਿਚ, ਅਬਨਾਸੀ, ਅਲੱਖ, ਅਭੇਵ, ਅਗੰਮ ਤੋਂ ਅਗੰਮ ਅਤੇ ਪਰੇ ਤੋਂ ਪਰੇ ਬੇ-ਹਦ ਵਾਹਿਗੁਰੂ ਵਿਚ ਲੀਨ ਹੁੰਦੇ ਹਨ। ਰੱਬ ਦੇ ਨਿਰਗੁਣ ਸਰਗੁਣ ਰੂਪ ਦੀ ਤਰਾਂ ਗੁਰੂ ਨਾਨਕ ਦੀ ਸ਼ਖਸ਼ੀਅਤ ਰੱਬੀ ਰੂਹ ਹੈ। ਇਸ ਗਿਆਨ ਦੀ ਪ੍ਰਾਪਤੀ ਨਾਲ ਗੁਰੂ ਨਾਨਕ ਨੇ ਆਪਣੀ ਦੁਨਿਆਵੀ/ਇਤਿਹਾਸਕ ਹਸਤੀ ਨੂੰ ਮਾਰ ਕੇ ਉਸ ਸਚ ਦਾ ਹਿਸਾ ਬਣਾ ਲਿਆ ਸੀ।

ਸਦੀਆਂ ਤੋਂ ਅਗਿਅਨਤਾ ਦੇ ਅੰਧੇਰੇ ਵਿਚ ਜੀਵਨ ਬਤੀਤ ਕਰ ਰਹੇ ਲੋਕਾਂ ਨੂੰ ਗੁਰੂ ਨੇ ਸਹਿਜੇ ਹੀ ਦੈਵੀ ਗਿਆਨ ਨਾਲ ਭਰਪੂਰ ਕਰਕੇ ਸਭ ਲਈ ਸਾਂਝਾ ਮੁਕਤੀ ਦਾ ਮਾਰਗ ਦੱਸਿਆ ਹੈ। ਇਸ ਦੈਵੀ ਮਾਰਗ ਨੂੰ ਰੌਸ਼ਣ ਕਰਨ ਵਾਲਾ ਸਤਿਗੁਰ ਆਪਿ ਹੈ ਜਿਸ ਨਾਲ ਗੁਰੂ ਨਾਨਕ ਜੀ ਦੀ ਲਿਵ ਜੁੜੀ ਹੋਈ ਸੀ ਜਿਸ ਵਿਚ ਇਕ ਸੁਰ ਹੋ ਕੇ ਉਨ੍ਹਾਂ ਦੁਨਿਆਵੀ ਮਨੁੱਖ ਤੋਂ ਰੱਬੀ ਮਨੁੱਖ ਬਣਨ ਤੱਕ ਦਾ ਸਫਰ ਤਹਿ ਕੀਤਾ। ਉਹ ਆਪਣੇ ਇਸ ਅਨੁਭਵ ਬਾਰੇ ਦੱਸਦੇ ਹਨ ਕਿ ਉਨ੍ਹਾਂ ਆਪਣਾ ਮਨ ਮਾਰ ਅਤੇ ਵਿਚਾਰ ਕੇ ਵੇਖਿਆ ਹੈ ਕਿ ਹਰਿ (ਸਤਿਗੁਰੂ) ਵਰਗਾ ਹੋਰ ਕੋਈ ਨਹੀਂ ਹੈ। ਪ੍ਰਮਾਤਮਾ ਨਾਲ ਹੋਏ ਰੱਬੀ ਮੇਲ ਨੂੰ ਉਹ ਇਉਂ ਬਿਆਨ ਕਰਦੇ ਹਨ;

ਦੀਵਾ ਮੇਰਾ ਏਕੁ ਨਾਮ ਦੁਖੁ ਵਿਚਿ ਪਾਇਆ ਤੇਲ॥ ਉਨਿ ਚਾਨਣਿ ਓਹ ਸੋਖਿਆ ਚੂਕਾ ਜਮ ਸਿਉ ਮੇਲੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, 358)

ਹਰਿ ਸਾ ਮੀਤੁ ਨਾਹੀ ਮੈ ਕੋਈ॥ ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ॥ ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, 1027)

ਗੁਰੂ ਨਾਨਕ ਸਾਹਿਬ ਨੇ ਸਰਬ ਸਾਂਝੇ ਪ੍ਰਤਿਪਾਲਕ ਸੱਚ ਨਾਲ ਮਿਲ ਕੇ ਉਸਦਾ ਹੀ ਰੂਪ ਹੋ ਗਏ ਸਨ। ਗੁਰੂ ਜੀ ਦੇ ਨਿਰੰਕਾਰੀ ਜੀਵਨ ਨੂੰ ਉਨ੍ਹਾਂ ਦੀ ਰਚਨਾ ਰਾਹੀਂ ਸਮਝਣ ਲਈ ਪਾਠਕ ਨੂੰ ਗੁਰਬਾਣੀ ਨਾਲ ਜੁੜ ਕੇ ਉਸ ਅਧਿਆਤਮਕ ਉਚਤਾ ਤੱਕ ਪਹੁੰਚ ਕਰਨੀ ਪਵੇਗੀ ਜਿਥੇ ਗੁਰੂ ਜੀ ਨੇ ਆਪ ਪਹੁੰਚ ਕੀਤੀ ਸੀ। ਗੁਰੂ ਦੀ ਰੱਬੀ ਸ਼ਖਸ਼ੀਅਤ ਦੇ ਦਰਸ਼ਨ ਕਰਨ ਲਈ ਪਾਠਕ ਨੂੰ ਗੁਰਬਾਣੀ ਦੇ ਉੱਚੇ ਅਮਲ ਤੱਕ ਪਹੁੰਚ ਕਰਨੀ ਪੈਂਦੀ ਹੈ।

ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸ਼ੀਅਤ ਪ੍ਰਮਾਤਮਾ ਦੀ ਤਰ੍ਹਾਂ ਅਸੀਮਤ ਹੈ। ਜਿਸਨੂੰ ਸਮਝਣ ਲਈ ਕੀਤੀ ਜਾਂਦੇ ਇਨਸਾਨੀ ਯਤਨ ਕਾਫੀ ਨਹੀਂ ਕਿਉੁਂਕਿ ਗੁਰੂ ਸ਼ਖਸ਼ੀਅਤ ਦੇ ਬੇਅੰਤ ਗੁਣਾਂ ਨੂੰ ਅਸੀਂ ਇਨਸਾਨੀ ਜਾਂ ਸਮਾਜਕ ਵਿਗਿਆਨਾਂ ਅਤੇ ਫਿਲਮਾਂ ਆਦਿ ਰਾਹੀਂ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। ਗੁਰੂ ਦੀ ਸ਼ਬਦ ਰੂਪੀ ਸ਼ਖਸ਼ੀਅਤ ਨੂੰ ਸ਼ਬਦ ਰਾਹੀਂ ਸਮਝਿਆ ਜਾ ਸਕਦਾ ਹੈ। ਗੁਰਬਾਣੀ ਸ਼ਬਦ ਗਿਆਨ ਦਾ ਵਿਸ਼ਾਲ ਸਮੁੰਦਰ ਹੈ ਜਿਸਦਾ ਪੂਰਾ ਭੇਦ ਜਾਨਣ ਦਾ ਕੋਈ ਵਿਅਕਤੀ ਵਿਸ਼ੇਸ਼ ਦਾਅਵਾ ਨਹੀਂ ਕਰ ਸਕਦਾ ਪਰ ਉਸ ਨਾਲ ਮਿਲ ਕੇ ਉਸਦਾ ਰੂਪ ਹੋ ਸਕਦਾ ਹੈ। ਗੁਰੂ ਜੀ ਦਾ ਜੀਵਨ ਅਤੇ ਉਨ੍ਹਾਂ ਦੀ ਬਾਣੀ ਵਿਚ ਮਨੁੱਖ ਨੂੰ ਉਸ ਸੱਚ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ ਹੈ। ਗੁਰੂ ਦੇ ਪਵਿੱਤਰ ਸੰਦੇਸ਼ ਨਾਲ ਜੁੜ ਕੇ ਅਸੀਂ ਉਸ ਸੱਚੀ ਸ਼ਖਸ਼ੀਅਤ ਦੀ ਗੋਦ ਦਾ ਅਨੰਦ ਲੈ ਸਕਦੇ ਹਾਂ। ਗੁਰੂ ਜੀ ਦੀ ਰੱਬੀ ਜੋਤ ਵਿਚ ਸਭ ਇਨਾਸਨੀ ਗੁਣ ਸਨ ਪ੍ਰੰਤੂ ਇਹ ਕੇਵਲ ਇਨਸਾਨੀ ਹੀ ਨਹੀਂ ਸਨ। ਗੁਰੂ ਜੀ ਇਨਸਾਨੀਅਤ ਦਾ ਪ੍ਰੇਰਕ ਸੱਚਾ ਗਿਆਨ ਸੀ ਜਿਸ ਨਾਲ ਮਿਲ ਹਰ ਕੋਈ ਉਸਦਾ ਰੂਪ ਹੋ ਸਕਦਾ ਹੈ।

ਗੁਰਬਾਣੀ ਦੀ ਦ੍ਰਿਸ਼ਟੀ ਵਿਚ ਗੁਰੂ ਨੂੰ ਅਸੀਂ ਇਨਸਾਨੀ ਅਕਾਰਾਂ ਵਿਚ ਸੀਮਤ ਨਹੀਂ ਕਰ ਸਕਦੇ ਕਿਉਂਕਿ ਗੁਰੂ ਹਰ ਪ੍ਰਕਾਰ ਦੇ ਬੰਧਨਾਂ ਤੋਂ ਮੁਕਤ ਹੈ ਅਤੇ ਮਨੁੱਖ ਦੀ ਮੁਕਤੀ ਦਾ ਮਾਰਗ ਦਰਸ਼ਨ ਕਰਦਾ ਹੈ। ਉਸ ਨਿਕੰਕਾਰੀ ਜੋਤ ਨੂੰ ਨਾਨਕ ਸ਼ਾਹ ਫਕੀਰ ਜਾਂ ਅਜਿਹੀਆਂ ਹੀ ਹੋਰ ਫਿਲਮਾਂ ਸੰਪੂਰਨ ਰੂਪ ਵਿਚ ਪੇਸ਼ ਨਹੀਂ ਕਰ ਸਕਦੀਆਂ ਅਤੇ ਨਾ ਹੀ ਅਜਿਹੀਆਂ ਫਿਲਮਾਂ ਰਾਹੀਂ ਸਿੱਖੀ ਦਾ ਪ੍ਰਚਾਰ ਹੋ ਸਕਦਾ ਹੈ। ਸਿੱਖੀ ਪ੍ਰਚਾਰ ਦੇ ਛਲਾਵੇ ਹੇਠ ਬਣ ਰਹੀਆਂ ਫਿਲਮਾਂ ਦਾ ਮੁੱਖ ਮਨੋਰਥ ਮੁਨਾਫਾ ਕਮਾਉਣਾ ਹੈ। ਸਿੱਖ ਸਿਧਾਂਤ ਤੋਂ ਸੱਖਣਾ ਪ੍ਰਚਾਰ ਬੇਅਰਥ ਹੈ। ਫੋਕਾ ਦ੍ਰਿਸ਼ ਅਤੇ ਕੰਨ ਰਸ ਸਿੱਖੀ ਦਾ ਪ੍ਰਚਾਰ ਨਹੀਂ ਸਗੋਂ ਅਜਿਹੀਆਂ ਵਿਧੀਆਂ/ਤਕਨੀਕਾਂ ਦਾ ਪ੍ਰਭਾਵ ਥੋੜ੍ਹ ਚਿਰਾ ਹੁੰਦਾ ਹੈ। ਨਾਨਕ ਸ਼ਾਹ ਫਕੀਰ ਫਿਲਮ ਨੂੰ ਲੈ ਸਿੱਖ ਭਾਈਚਾਰੇ ਨੂੰ ਉਤੇਜਿਤ ਜਾਂ ਭਾਵਕ ਹੋਣ ਦੀ ਬਜਾਇ ਆਪਣੇ ਸਿਧਾਂਤਾਂ ਨੂੰ ਸ਼ੁਧ ਰੂਪ ਵਿਚ ਸਮਝ ਕੇ ਇਹਨਾਂ ਨੂੰ ਜੀਵਨ ਵਿਚ ਧਾਰਨ ਕਰਨ ਚਾਹੀਦਾ ਹੈ।


ਲੇਖਕ: ਗੁਰਮੀਤ ਸਿੰਘ, ਡਾ.

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,